ਮੁੱਖ ਮੰਤਰੀ ਬਾਦਲ ਦੇ ਦਰਸ਼ਨਾਂ ਲਈ ਨਹੀਂ ਪਹੁੰਚ ਰਹੀ ਸੰਗਤ

ਚੰਡੀਗੜ੍ਹ: ਜਿਵੇਂ-ਜਿਵੇਂ ਸਰਕਾਰ ਦਾ ਸਮਾਂ ਪੂਰਾ ਹੋਣ ਜਾ ਰਿਹਾ ਹੈ, ਤਿਵੇਂ ਤਿਵੇਂ ਲੋਕ ਸਰਕਾਰ ਖਿਲਾਫ ਖੁੱਲ੍ਹ ਕੇ ਸਾਹਮਣੇ ਆਉਣ ਲੱਗੇ ਹਨ। ਇਕ ਪਾਸੇ ਵੱਖ-ਵੱਖ ਯੂਨੀਅਨਾਂ ਸਰਕਾਰ ਨੂੰ ਘੇਰ ਰਹੀਆਂ ਹਨ ਤੇ ਦੂਜੇ ਪਾਸੇ ਆਮ ਲੋਕ ਵੀ ਸਰਕਾਰ ਖਿਲਾਫ ਖੁੱਲ੍ਹ ਕੇ ਬੋਲਣ ਲੱਗੇ ਹਨ।

ਦਰਅਸਲ, ਬਾਦਲ ਅੱਜਕਲ੍ਹ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਬੇੜਾ ਕਰਨ ਵਿਚ ਲੱਗੇ ਹੋਏ ਹਨ, ਜਿਥੇ ਇਕ ਪਾਸੇ ਮੁੱਖ ਮੰਤਰੀ ਬਾਦਲ ਦੇ ਸੰਗਤ ਦਰਸ਼ਨ ਵਿਚ ਖਾਲੀ ਕੁਰਸੀਆਂ ਨਜ਼ਰ ਆਈਆਂ, ਉਥੇ ਹੀ ਅਰਨੀਵਾਲਾ ਵਜੀਰਾ ਤੋਂ ਮੁੱਖ ਮੰਤਰੀ ਨੂੰ ਮਿਲਣ ਲਈ ਆਈਆਂ ਔਰਤਾਂ ਨੂੰ ਮੁੱਖ ਮੰਤਰੀ ਨਾਲ ਮਿਲਣ ਹੀ ਨਹੀਂ ਦਿੱਤਾ ਗਿਆ। ਮਹਿਲਾਵਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਬਾਦਲ ਨੂੰ ਮਿਲਣ ਲਈ ਆਈਆਂ ਸਨ ਪਰ ਇਥੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਮੁੱਖ ਮੰਤਰੀ ਦੇ ਸੰਗਤ ਦਰਸ਼ਨ ਦੌਰਾਨ ਮੌਜੂਦ ਪੁਲਿਸ ਕਰਮੀਆਂ ਨੇ ਉਨ੍ਹਾਂ ਨੂੰ ਅੱਗੇ ਹੀ ਨਹੀਂ ਜਾਣ ਦਿੱਤਾ। ਇਸ ਕਾਰਨ ਸਾਰੀਆਂ ਔਰਤਾਂ ਨਾਰਾਜ਼ ਸਨ।
ਲੰਬੀ ਦੇ ਪਿੰਡ ਤਪਾ ਖੇੜਾ ਦੇ ਦਲਿਤ ਪਰਿਵਾਰਾਂ ਨੇ ਸੰਗਤ ਦਰਸ਼ਨ ਦਾ ਬਾਈਕਾਟ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਉਹ ਦਲਿਤ ਹਨ, ਇਸ ਲਈ ਪਿੰਡ ਦੇ ਕਿਸਾਨ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣਦੇ। ਕਾਬਲੇਗੌਰ ਹੈ ਕਿ ਇਹ ਪਿੰਡ ਬਾਦਲ ਦੇ ਹਲਕੇ ਵਿਚ ਪੈਂਦਾ ਹੈ, ਪਰ ਵਿਕਾਸ ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਦੇ ਹਲਕੇ ਵਿਚ ਵਿਤਕਰੇ ਹੋਣ ਦੀ ਗੱਲ ਸਾਹਮਣੇ ਆਈ ਹੈ। ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਨੇ ਆਪਣੇ ਹਲਕੇ ਵਿਚ ਸਭ ਤੋਂ ਵੱਧ ਸੰਗਤ ਦਰਸ਼ਨ ਕੀਤੇ ਹਨ ਤੇ ਸਭ ਤੋਂ ਵੱਧ ਗ੍ਰਾਂਟਾਂ ਵੰਡੀਆਂ ਹਨ।
____________________
ਨਵੰਬਰ ‘ਚ ਚੋਣ ਜ਼ਾਬਤਾ, ਸਰਕਾਰ ਕੋਲ ਸਿਰਫ ਢਾਈ ਮਹੀਨੇ
ਚੰਡੀਗੜ੍ਹ: ਪੰਜਾਬ ਵਿਚ ਨਵੰਬਰ ਤੋਂ ਚੋਣ ਜ਼ਾਬਤਾ ਲੱਗ ਸਕਦਾ ਹੈ। ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਜਨਵਰੀ ਵਿਚ ਹੀ ਕਰਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਜੇਕਰ ਵੋਟਿੰਗ ਲਿਸਟਾਂ ਸਮੇਂ ਸਿਰ ਤਿਆਰ ਹੋ ਜਾਂਦੀਆਂ ਹਨ ਤਾਂ ਜਨਵਰੀ ਦੇ ਤੀਜੇ ਹਫਤੇ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਇਸ ਹਿਸਾਬ ਨਾਲ ਪੰਜਾਬ ਸਰਕਾਰ ਕੋਲ ਢਾਈ ਮਹੀਨਿਆਂ ਦਾ ਹੀ ਸਮਾਂ ਰਹਿ ਗਿਆ ਹੈ। ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ 22 ਤੇ 23 ਅਗਸਤ ਨੂੰ ਚੰਡੀਗੜ੍ਹ ਦਾ ਦੌਰਾ ਕਰ ਕੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਚੋਣ ਕਮਿਸ਼ਨ ਦੀ ਯੋਜਨਾ ਹੈ ਕਿ ਉਤਰ ਪ੍ਰਦੇਸ਼ ਦੀਆਂ ਚੋਣਾਂ ਦੇ ਪਹਿਲੇ ਗੇੜ ਨਾਲ ਹੀ ਪੰਜਾਬ ਦਾ ਕੰਮ ਨਿਬੇੜ ਦਿੱਤਾ ਜਾਏ। ਉਤਰ ਪ੍ਰਦੇਸ਼ ਵਿਚ ਕਈ ਗੇੜਾਂ ਵਿਚ ਵੋਟਾਂ ਪੈਣਗੀਆਂ, ਪਰ ਪੰਜਾਬ ਵਿਚ 117 ਸੀਟਾਂ ਲਈ ਇਕ ਵਾਰ ਹੀ ਵੋਟਿੰਗ ਹੋਏਗੀ। ਦਰਅਸਲ, ਮਾਰਚ ਵਿਚ ਬੱਚਿਆਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਜਾਣੀਆਂ ਹਨ। ਸੀæਬੀæਐਸ਼ਸੀæ ਬੋਰਡ ਨੇ ਵੀ ਚੋਣ ਕਮਿਸ਼ਨ ਨੂੰ ਜਨਵਰੀ ਵਿਚ ਹੀ ਚੋਣਾਂ ਦਾ ਕੰਮ ਨਿਬੇੜਨ ਦੀ ਅਪੀਲ ਕੀਤੀ ਹੈ। ਚੋਣ ਕਮਿਸ਼ਨ ਦੇ ਸੂਤਰਾਂ ਨੇ ਕਿਹਾ ਹੈ ਕਿ ਜਨਵਰੀ ਵਿਚ ਹੀ ਚੋਣ ਹੋਏਗੀ, ਪਰ ਅਜੇ ਕੋਈ ਤਰੀਕ ਤੈਅ ਨਹੀਂ ਹੋਈ।