ਪੰਜਾਬ ਵਿਚ ਜਾਅਲੀ ਵੋਟਾਂ ਦੀ ਭਰਮਾਰ

ਬਠਿੰਡਾ: ਪੰਜਾਬ ਵਿਚ ਤਕਰੀਬਨ ਪੌਣੇ ਦੋ ਲੱਖ ਵੋਟਰ ਸ਼ੱਕੀ ਨਿਕਲੇ ਹਨ। ਸੂਬੇ ਦੇ ਮੁੱਖ ਚੋਣ ਅਫਸਰ ਦੇ ਹੁਕਮਾਂ ‘ਤੇ ਪਿਛਲੇ ਦਿਨੀਂ ਜਦੋਂ ਵੋਟਰਾਂ ਦੀ ਫੋਟੋ ਮੈਚਿੰਗ ਦੇ ਆਧਾਰ ‘ਤੇ ਪੜਤਾਲ ਕਰਾਈ ਗਈ ਤਾਂ ‘ਦਾਲ ਵਿਚ ਕੁਝ ਕਾਲਾ’ ਨਜ਼ਰ ਆਇਆ। ਪੜਤਾਲ ਵਿਚ ਪਤਾ ਲੱਗਾ ਕਿ ਇਨ੍ਹਾਂ ਵੋਟਰਾਂ ਦੀਆਂ ਦੋਹਰੀਆਂ ਵੋਟਾਂ ਹਨ। ‘ਸ਼ੱਕੀ’ ਵੋਟਰਾਂ ਦੀ ਵੱਡੀ ਗਿਣਤੀ ਦੇ ਸਾਹਮਣੇ ਆਉਣ ਨਾਲ ਅਗਾਮੀ ਚੋਣਾਂ ਦੀ ਨਿਰਪੱਖਤਾ ‘ਤੇ ਉਂਗਲ ਵੀ ਉਠਦੀ ਹੈ।

ਵੇਰਵਿਆਂ ਅਨੁਸਾਰ ਜਾਂਚ ਦੌਰਾਨ ਡਬਲ ਤੇ ਡੁਪਲੀਕੇਟ ਵੋਟਰ ਜ਼ਿਆਦਾ ਪਾਏ ਗਏ ਹਨ। ਹਰ ਜ਼ਿਲ੍ਹੇ ਵਿਚ ਅਜਿਹੇ ਵੋਟਰਾਂ ਦੀ ਗਿਣਤੀ ਘੱਟ-ਵੱਧ ਹੈ। ਸੂਬੇ ਵਿਚ ਕੁੱਲ 1æ92 ਕਰੋੜ ਵੋਟਰ ਹਨ, ਜਿਨ੍ਹਾਂ ਵਿਚ 1æ01 ਕਰੋੜ ਪੁਰਸ਼ ਤੇ 90æ52 ਲੱਖ ਮਹਿਲਾ ਵੋਟਰ ਹਨ। ਥਰਡ ਜੈਂਡਰ (ਕਿੰਨਰ) ਵੋਟਰਾਂ ਦੀ ਗਿਣਤੀ 273 ਹੈ। ਇੰਜ ਜਾਪਦਾ ਹੈ ਕਿ ਇਸ ਵਾਰ ਨੌਜਵਾਨ ਵੋਟਰਾਂ ਦੀ ਭੂਮਿਕਾ ਅਹਿਮ ਰਹੇਗੀ। ਆਮ ਆਦਮੀ ਪਾਰਟੀ ਦੇ ਚੋਣ ਮੈਦਾਨ ਵਿਚ ਕੁੱਦਣ ਮਗਰੋਂ ਪੰਜਾਬ ਦੇ ਨੌਜਵਾਨ ਵੋਟਰਾਂ ਦੀ ਪੁੱਛਗਿੱਛ ਵਧ ਗਈ ਹੈ। ਹਰ ਸਿਆਸੀ ਧਿਰ ਵੱਲੋਂ ਨੌਜਵਾਨਾਂ ਨੂੰ ਚੋਗਾ ਪਾਇਆ ਜਾ ਰਿਹਾ ਹੈ। ਅਜਿਹੇ ਮਾਹੌਲ ਵਿਚ ਨਵੇਂ ਵੋਟਰਾਂ ਦੀ ਗਿਣਤੀ ਵਧਣ ਦੀ ਵੀ ਸੰਭਾਵਨਾ ਹੈ।
ਐਤਕੀਂ ਜੋ ਨੌਜਵਾਨ ਪਹਿਲੀ ਜਨਵਰੀ 2017 ਨੂੰ 18 ਸਾਲ ਦੀ ਉਮਰ ਪੂਰੀ ਕਰ ਲੈਣਗੇ, ਉਨ੍ਹਾਂ ਨੂੰ ਤਿੰਨ ਮਹੀਨੇ ਪਹਿਲਾਂ ਹੀ ਵੋਟਾਂ ਬਣਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਵੋਟਾਂ ਦੀ ਸੁਧਾਈ ਦਾ ਕੰਮ 7 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ, ਜੋ 7 ਅਕਤੂਬਰ ਤੱਕ ਚੱਲੇਗਾ। ਵੋਟਰ ਸੂਚੀ ਦੀ ਆਖਰੀ ਪ੍ਰਕਾਸ਼ਨਾਂ 2 ਜਨਵਰੀ ਨੂੰ ਹੋਵੇਗੀ। ਉਸ ਤੋਂ ਪਹਿਲਾਂ ਨਵੀਆਂ ਵੋਟਾਂ ਬਣਾਉਣ, ਇਤਰਾਜ਼ ਸੁਣਨ ਤੇ ਵੋਟਾਂ ਕੱਟਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਣੀ ਹੈ। ਪੰਜਾਬ ਦੇ ਵਧੀਕ ਮੁੱਖ ਚੋਣ ਅਫਸਰ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਬੀæਐਲ਼ਓਜ਼æ ਨੂੰ ਸ਼ੱਕੀ ਵੋਟਰਾਂ ਦੀ ਸਰੀਰਕ ਜਾਂਚ ਕਰਨ ਵਾਸਤੇ ਆਖਿਆ ਹੈ। ਸੱਤ ਸਤੰਬਰ ਤੋਂ ਅਜਿਹੇ ਵੋਟਰਾਂ ਦੀ ਪੜਤਾਲ ਸ਼ੁਰੂ ਹੋਵੇਗੀ।