ਸੰਘ ਪਰਿਵਾਰ ਦਾ ਇਕ ਹੋਰ ਰੁਝੇਵਾਂ

ਆਰæਐਸ਼ਐਸ਼ ਅਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ ਆਪਣਾ ਖਾਸ ਏਜੰਡਾ ਲਾਗੂ ਕਰਨ ਲਈ ਕਿਸ ਪ੍ਰਕਾਰ ਪੱਬਾਂ ਭਾਰ ਹੋਈਆਂ ਪਈਆਂ ਹਨ, ਇਸ ਦਾ ਖੁਲਾਸਾ ਮੀਡੀਆ ਵਿਚ ਆ ਰਹੀਆਂ ਖਬਰਾਂ ਵਿਚ ਲਗਾਤਾਰ ਹੋ ਰਿਹਾ ਹੈ। ਉਂਜ ਤਾਂ ਆਰæਐਸ਼ਐਸ਼ ਦਾ ਇਹ ਕਾਰਜ ਦਹਾਕਿਆਂ ਤੋਂ ਜਾਰੀ ਹੈ, ਪਰ ਮੋਦੀ ਸਰਕਾਰ ਦੀ ਕਾਇਮੀ ਤੋਂ ਬਾਅਦ ਇਸ ਵਿਚ ਤੇਜੀ ਆਈ ਹੈ।

ਅਜਿਹੇ ਮਾਮਲਿਆਂ ਵਿਚ ਸੱਤਾ ਦੇ ਦਖਲ ਦਾ ਪਤਾ ਇਸ ਤੱਥ ਤੋਂ ਵੀ ਲਗਦਾ ਹੈ ਕਿ ਅਜਿਹੀਆਂ ਰਿਪੋਰਟਾਂ ਛਾਪਣ ਦੇ ‘ਦੋਸ਼’ ਵਿਚ ‘ਆਊਟਲੁੱਕ’ ਵਰਗੇ ਵੱਕਾਰੀ ਅੰਗਰੇਜ਼ੀ ਹਫਤਾਵਾਰੀ ਪਰਚੇ ਦੇ ਸੰਪਾਦਕ ਨੂੰ ਹਟਾ ਦਿੱਤਾ ਗਿਆ। ਇਨ੍ਹਾਂ ਸਭ ਹਾਲਾਤ ਬਾਰੇ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਇਹ ਲੇਖ ਉਚੇਚਾ ਭੇਜਿਆ ਹੈ। -ਸੰਪਾਦਕ

ਬੂਟਾ ਸਿੰਘ
ਫੋਨ: +91-94634-74342
ਹਾਲ ਹੀ ਵਿਚ ਹਫ਼ਤਾਵਾਰ ਅੰਗਰੇਜ਼ੀ ਰਸਾਲੇ ḔਆਊਟਲੁੱਕḔ ਨੇ ਓਪਰੇਸ਼ਨ Ḕਬੇਟੀ ਉਠਾਓ’ ਰਾਹੀਂ ਕਬਾਇਲੀ ਬੱਚੀਆਂ ਦੀ ਤਸਕਰੀ ਦਾ ਖ਼ੁਲਾਸਾ ਕੀਤਾ ਹੈ ਜਿਸ ਵਿਚ ਸੰਘ ਪਰਿਵਾਰ ਦੀਆਂ ਜਥੇਬੰਦੀਆਂ ਵਸੀਹ ਪੈਮਾਨੇ ‘ਤੇ ਜੁਟੀਆਂ ਹੋਈਆਂ ਹਨ। ਸਟਿੰਗ ਵੈੱਬਸਾਈਟ Ḕਕੋਬਰਾ ਪੋਸਟḔ ਵਲੋਂ ਵੀ ਇਸ ਦੇ ਬਰਾਬਰ Ḕਓਪਰੇਸ਼ਨ ਸ਼ੁੱਧੀਕਰਨ’ ਨਾਂ ਦੀ ਸਟਿੰਗ ਜਾਂਚ ਕੀਤੀ ਗਈ ਜੋ ਆਊਟਲੁੱਕ ਵਲੋਂ ਸਾਹਮਣੇ ਲਿਆਂਦੀ ਡੂੰਘੀ ਸਾਜ਼ਿਸ਼ ਦੀ ਤਸਦੀਕ ਹੈ।
Ḕਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰੇ ਦੇ ਕੇ ਮੋਦੀ ਸਰਕਾਰ ਇਹ ਸਾਬਤ ਕਰਨ ਦਾ ਯਤਨ ਕਰ ਰਹੀ ਹੈ ਕਿ ਉਸ ਨੂੰ ਮੁਲਕ ਦੀਆਂ ਬੱਚੀਆਂ ਦੇ ਭਵਿੱਖ ਦਾ ਬਹੁਤ ਫ਼ਿਕਰ ਹੈ। ਜੁਮਲਾ ਸਰਕਾਰ ਦੀ ਧਿਆਨ ਭਟਕਾਊ ਪ੍ਰਚਾਰ ਮੁਹਿੰਮ ਦੇ ਪਰਦੇ ਓਹਲੇ ਸੰਘ ਪਰਿਵਾਰ ਦੀਆਂ ਹੋਰ ਸੰਸਥਾਵਾਂ ਆਰæਐਸ਼ਐਸ਼ ਦਾ ਸਾਜ਼ਿਸ਼ੀ ਏਜੰਡਾ ਹੋਰ ਵੀ ਜ਼ੋਰ-ਸ਼ੋਰ ਨਾਲ ਲਾਗੂ ਕਰਦੇ ਹੋਏ ਬੱਚੀਆਂ ਦੇ ਦਿਮਾਗਾਂ ਵਿਚ ਹਿੰਦੂਤਵੀ ਜ਼ਹਿਰ ਦੇ ਟੀਕੇ ਲਾ ਰਹੀਆਂ ਹਨ ਅਤੇ ਧੜਾਧੜ ਆਪਣੇ ਪ੍ਰਚਾਰਕ ਤਿਆਰ ਕਰ ਰਹੀਆਂ ਹਨ। ਆਪਣੀ ਆਦਤ ਅਨੁਸਾਰ ਸੰਘੀਆਂ ਨੇ ਪੱਤਰਕਾਰ ਵਲੋਂ ਡੂੰਘੀ ਖੋਜ ਕਰ ਕੇ ਜੁਟਾਏ ਤੱਥਾਂ ਨੂੰ ਰੱਦ ਨਹੀਂ ਕੀਤਾ, ਸਗੋਂ ਰਿਪੋਰਟ ਛਪਦੇ ਸਾਰ ਸੰਘ ਦਾ ਤਾਣਾ-ਬਾਣਾ ਫਾਸ਼ੀਵਾਦੀ ਹਮਲਿਆਂ ‘ਤੇ ਉਤਰ ਆਇਆ। ਇਸ ਦੇ ਕਾਨੂੰਨੀ ਮਾਹਿਰ, ਵਕੀਲ ਅਤੇ ਹੋਰ ਕਾਰਕੁਨ ਇਕਦਮ ਸਰਗਰਮ ਹੋ ਗਏ। ਇਕ ਪਾਸੇ ਰਸਾਲੇ ਦੇ ਖ਼ਿਲਾਫ਼ ਸੋਸ਼ਲ ਮੀਡੀਆ ਉਪਰ ਧੂੰਆਂਧਾਰ ਹਮਲੇ ਸ਼ੁਰੂ ਕਰ ਦਿੱਤੇ ਗਏ, ਦੂਜੇ ਪਾਸੇ ਰਸਾਲੇ ਦੀ ਮੈਨੇਜਮੈਂਟ ਉਪਰ ਦਬਾਓ ਪਾਉਣਾ ਸ਼ੁਰੂ ਕਰ ਦਿੱਤਾ ਗਿਆ। ਨਤੀਜਾ ਸਭ ਦੇ ਸਾਹਮਣੇ ਸੀ। 13 ਅਗਸਤ ਨੂੰ ḔਆਉਟਲੁੱਕḔ ਵਲੋਂ ਬਿਨਾ ਕੋਈ ਵਿਆਖਿਆ ਦਿੱਤੇ ਸੰਪਾਦਕ ਕ੍ਰਿਸ਼ਨਾ ਪ੍ਰਸਾਦ ਨੂੰ ਹਟਾ ਕੇ ਰਾਜੇਸ਼ ਰਾਮਾਚੰਦਰਨ ਨੂੰ ਮੁੱਖ ਸੰਪਾਦਕ ਬਣਾ ਦਿੱਤਾ ਗਿਆ। ਇਹ ਰੱਦੋਬਦਲ ਸੁਭਾਵਿਕ ਨਹੀਂ ਸੀ। ਭਾਜਪਾ ਵਰਕਰਾਂ ਨੇ ਸੰਘ ਦੇ ਇਸ਼ਾਰੇ ‘ਤੇ ਅਦਾਲਤਾਂ ਅਤੇ ਕਾਨੂੰਨੀ ਮਸ਼ੀਨਰੀ ਦੀ ਦੁਰਵਰਤੋਂ ਕਰਦੇ ਹੋਏ 4 ਅਗਸਤ ਨੂੰ ਗੁਹਾਟੀ ਵਿਚ ਪੱਤਰਕਾਰ ਨੇਹਾ ਦੀਕਸ਼ਿਤ, ਸੰਪਾਦਕ ਕ੍ਰਿਸ਼ਨਾ ਪ੍ਰਸਾਦ ਅਤੇ ḔਆਊਟਲੁੱਕḔ ਦੇ ਪ੍ਰਕਾਸ਼ਕ ਖ਼ਿਲਾਫ਼ ਐਫ਼ਆਈæਆਰæ ਦਰਜ ਕਰਵਾ ਦਿੱਤੀ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਨ ਦੀ ਥਾਂ ਇਸ ਤਸਕਰੀ ਨੂੰ ਬੇਨਕਾਬ ਕਰਨ ਵਾਲੀ ਪੱਤਰਕਾਰ ਅਤੇ ਰਸਾਲੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।
ਆਊਟਲੁੱਕ ਦਾ ਖ਼ੁਲਾਸਾ ਕੀ ਸੀ: ਤਿੰਨ ਮਹੀਨੇ ਦੀ ਡੂੰਘੀ ਖੋਜ ਤੋਂ ਬਾਅਦ ਇਨਾਮ-ਸਨਮਾਨ ਜੇਤੂ ਪੱਤਰਕਾਰ ਨੇਹਾ ਦੀਕਸ਼ਿਤ ਨੇ ਸਾਹਮਣੇ ਲਿਆਂਦਾ ਕਿ 9 ਜੂਨ 2015 ਨੂੰ ਰਾਸ਼ਟਰ ਸੇਵਿਕਾ ਸਮਿਤੀ ਅਤੇ ਸੇਵਾ ਭਾਰਤੀ ਨਾਂ ਦੀਆਂ ਦੋ ਸੰਸਥਾਵਾਂ ਦੀਆਂ ਦੋ ਔਰਤ ਕਾਰਕੁਨ ਕੋਰੋਬੀ ਬਸੂਮਾਤਾਰੀ ਅਤੇ ਸੰਧਿਆਬੇਨ ਟਿਕੜੇ ਵਲੋਂ ਅਸਾਮ ਦੇ ਪੰਜ ਸਰਹੱਦੀ ਜ਼ਿਲ੍ਹਿਆਂ- ਕੋਕਰਾਝਾਰ, ਗੋਲਪਾਰਾ, ਧੁਬਰੀ, ਚਿਰੰਗ ਤੇ ਬੋਂਗਾਈਗਾਓਂ, ਤੋਂ 3 ਸਾਲ ਤੋਂ ਲੈ ਕੇ ਤੇਰਾਂ ਸਾਲ ਦੀਆਂ 31 ਬੱਚੀਆਂ ਨੂੰ ਇਸ ਵਾਅਦੇ ਨਾਲ ਉਨ੍ਹਾਂ ਦੇ ਮਾਪਿਆਂ ਕੋਲੋਂ ਅਲੱਗ ਕੀਤਾ ਗਿਆ ਕਿ ਉਨ੍ਹਾਂ ਨੂੰ ਪੰਜਾਬ ਅਤੇ ਗੁਜਰਾਤ ਵਿਚ ਬਿਹਤਰ ਸਹੂਲਤਾਂ ਵਾਲੇ ਸਕੂਲਾਂ ਵਿਚ ਪੜ੍ਹਾਇਆ ਜਾਵੇਗਾ।
ਜਦੋਂ ਇਸ ਤਸਕਰੀ ਦੀ ਭਿਣਕ ਪਈ ਤਾਂ ਇਸ ਤੋਂ ਹਫ਼ਤੇ ਬਾਅਦ ਹੀ ਅਸਾਮ ਦੇ ਬੱਚਿਆਂ ਦੇ ਹੱਕਾਂ ਲਈ ਕਮਿਸ਼ਨ ਨੇ ਐਡੀਸ਼ਨਲ ਡੀæਜੀæਪੀæ, ਸੀæਆਈæਡੀæ, ਅਸਾਮ ਪੁਲਿਸ ਨੂੰ ਚਿੱਠੀ ਲਿਖੀ ਅਤੇ ਬਾਲ ਹੱਕਾਂ ਦੀ ਸੁਰੱਖਿਆ ਬਾਰੇ ਕੌਮੀ ਕਮਿਸ਼ਨ ਨੂੰ ਵੀ ਇਹ ਚਿੱਠੀ ਮਾਰਕ ਕਰ ਦਿੱਤੀ ਗਈ। ਕਮਿਸ਼ਨ ਨੇ ਸੰਘ ਪਰਿਵਾਰ ਦੀਆਂ ਇਨ੍ਹਾਂ ਸੰਸਥਾਵਾਂ ਦੀ ਇਸ ਮੁਹਿੰਮ ਨੂੰ Ḕਨਾਬਾਲਗ ਜਸਟਿਸ ਐਕਟ 2000 ਦੀ ਵਿਵਸਥਾ ਵਿਰੁੱਧ’ ਕਾਰਵਾਈ ਅਤੇ Ḕਬੱਚਿਆਂ ਦੀ ਤਸਕਰੀ ਦੇ ਤੁਲ’ ਕਰਾਰ ਦੇ ਕੇ ਪੁਲਿਸ ਨੂੰ ਮਾਮਲੇ ਦੀ ਤਫ਼ਤੀਸ਼ ਕਰਨ ਅਤੇ Ḕ31 ਬੱਚੀਆਂ ਨੂੰ ਵਾਪਸ ਅਸਾਮ ਲਿਆਉਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ’ ਲਈ ਕਿਹਾ। ਪੰਜਾਬ ਅਤੇ ਗੁਜਰਾਤ ਦੀਆਂ ਸੂਬਾ ਸਰਕਾਰਾਂ ਦੀ ਮਦਦ ਨਾਲ ਸੰਘ ਦੀਆਂ ਜਥੇਬੰਦੀਆਂ ਵਲੋਂ ਇਨ੍ਹਾਂ ਬੱਚੀਆਂ ਨੂੰ ਅਸਾਮ ਵਾਪਸ ਭੇਜਣ ਦੇ ਹੁਕਮਾਂ ਨੂੰ ਪੈਰਾਂ ਥੱਲੇ ਰੋਲ ਦਿੱਤਾ ਗਿਆ, ਕਿਉਂਕਿ ਇਨ੍ਹਾਂ ਦੋਹਾਂ ਸੂਬਿਆਂ ਅੰਦਰ ਭਾਜਪਾ ਸੱਤਾ ਵਿਚ ਹੈ। ਪੰਜ ਦਿਨ ਦੀ ਮੋਹਲਤ ਦੇਣ ਦੇ ਬਾਵਜੂਦ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਕਿਉਂਕਿ ਕੌਮੀ ਕਮਿਸ਼ਨ ਭਾਜਪਾ ਦੀ ਕੇਂਦਰ ਸਰਕਾਰ ਦੇ ਅਧੀਨ ਹੈ। ਸੇਵਾ ਭਾਰਤੀ, ਵਿਦਿਆ ਭਾਰਤੀ ਅਤੇ ਰਾਸ਼ਟਰ ਸੇਵਿਕਾ ਸਮਿਤੀ ਵਲੋਂ ਇਨ੍ਹਾਂ ਬੱਚੀਆਂ ਨੂੰ ਬਾਲ ਭਲਾਈ ਕਮਿਸ਼ਨ ਅੱਗੇ ਪੇਸ਼ ਨਹੀਂ ਕੀਤਾ ਗਿਆ, ਨਾ ਹੀ ਅਸਾਮ ਵਿਚੋਂ ਲੈ ਕੇ ਜਾਣ ਤੋਂ ਪਹਿਲਾਂ ਐਨæਓæਸੀæ ਲਿਆ ਗਿਆ ਸੀ ਜੋ ਲਾਜ਼ਮੀ ਹੈ।
ਜਦੋਂ ਮਾਮਲੇ ਤੋਂ ਪਰਦਾ ਉਠਦਾ ਨਜ਼ਰ ਆਇਆ ਤਾਂ ਸੰਘ ਦੀਆਂ ਇਨ੍ਹਾਂ ਸੰਸਥਾਵਾਂ ਨੇ ਨੋਟਰੀ ਪਬਲਿਕ ਅਤੇ ਜੁਡੀਸ਼ਲ ਮੈਜਿਸਟਰੇਟ ਅੱਗੇ ਸਾਰੇ ਬੱਚਿਆਂ ਦੇ ਮਾਪਿਆਂ ਤੋਂ ਗੁੰਮਰਾਹਕੁਨ ਹਲਫ਼ੀਆ ਬਿਆਨ ਇਹ ਸਾਬਤ ਕਰਨ ਲਈ ਲੈ ਲਏ ਕਿ ਸੰਸਥਾਵਾਂ ਵਲੋਂ ਲੋੜਵੰਦ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਬੱਚੀਆਂ ਨੂੰ ਲਿਜਾਇਆ ਗਿਆ ਹੈ। ਸਾਰੇ ਹਲਫ਼ੀਆ ਬਿਆਨਾਂ ਦੀ ਇਬਾਰਤ ਇਕ ਹੀ ਸੀ। ਇਸ ਵਿਚ ਕਿਹਾ ਗਿਆ ਸੀ ਕਿ Ḕਉਹ ਰਾਹਤ ਕੈਂਪਾਂ ਵਿਚ ਰਹਿ ਰਹੇ ਸ਼ਰਨਾਰਥੀ ਹਨ, ਦੰਗਾ ਪੀੜਤ ਹੋਣ ਕਰ ਕੇ ਆਮਦਨੀ ਦਾ ਕੋਈ ਵਸੀਲਾ ਨਾ ਹੋਣ ਕਾਰਨ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ; ਸੋ ਆਪਣੀ ਇੱਛਾ ਨਾਲ ਬਿਹਤਰ ਪੜ੍ਹਾਈ ਲਈ ਬੱਚੀ ਨੂੰ ਗੁਜਰਾਤ ਭੇਜ ਰਹੇ ਹਨ।’ ਕਮਿਸ਼ਨ ਵਲੋਂ ਜਾਂਚ ਕਰਨ ‘ਤੇ ਇਨ੍ਹਾਂ ਵਿਚੋਂ ਕੋਈ ਵੀ ਪਰਿਵਾਰ Ḕਦੰਗਾ ਪੀੜਤ’ ਨਹੀਂ ਮਿਲਿਆ। ਹਲਫ਼ੀਆ ਬਿਆਨ ਵਿਚ ਦਰਜ ਬੋਡੋ ਹਿੰਸਾ ਦਾ ਸਮਾਂ ਵੀ ਸਹੀ ਨਹੀਂ ਸੀ। ਜਦੋਂ ਜਾਂਚ ਨਾਲ ਇਨ੍ਹਾਂ ਦਾ ਝੂਠ ਬੇਨਕਾਬ ਹੋਣਾ ਸ਼ੁਰੂ ਹੋ ਗਿਆ ਤਾਂ ਸੰਘ ਦੇ ਉਸ ਵਰਕਰ ਵਲੋਂ ਜਾਂਚ ਅਫਸਰ ਨੂੰ ਧਮਕੀਆਂ ਦਿੱਤੀਆਂ ਗਈਆਂ ਜਿਸ ਦਾ ਕੁੜੀਆਂ ਨੂੰ ਭੇਜਣ ਵਿਚ ਹੱਥ ਸੀ। ਇਸ ਦੀ ਰਪਟ ਦਰਜ ਕਰਾਏ ਜਾਣ ਦੇ ਬਾਵਜੂਦ ਪੁਲਿਸ ਵਲੋਂ ਧਮਕੀਆਂ ਦੇਣ ਵਾਲੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਮਾਪਿਆਂ ਕੋਲ ਹੁਣ ਆਪਣੀਆਂ ਬੱਚੀਆਂ ਨੂੰ ਇਨ੍ਹਾਂ ਸੰਸਥਾਵਾਂ ਦੇ ਸਪੁਰਦ ਕੀਤੇ ਜਾਣ ਦਾ ਕੋਈ ਦਸਤਾਵੇਜ਼ੀ ਸਬੂਤ ਨਹੀਂ ਹੈ। ਜਾਂਚ ਸ਼ੁਰੂ ਹੋਣ ‘ਤੇ ਸੰਘ ਦੇ ਪ੍ਰਚਾਰਕਾਂ ਨੇ ਬੱਚਿਆਂ ਦੇ ਘਰਾਂ ਵਿਚ ਜਾ ਕੇ ਧੋਖੇ ਨਾਲ ਉਨ੍ਹਾਂ ਦੀਆਂ ਉਹ ਤਸਵੀਰਾਂ ਵੀ ਆਪਣੇ ਕਬਜ਼ੇ ਵਿਚ ਕਰ ਲਈਆਂ ਜੋ ਉਨ੍ਹਾਂ ਦੇ ਘਰਾਂ ਵਿਚ ਸਨ ਤਾਂ ਜੋ ਕੋਈ ਸਬੂਤ ਬਾਕੀ ਨਾ ਰਹੇ।
ਸੰਘ ਪਰਿਵਾਰ ਦੀਆਂ ਇਹ ਕਾਰਵਾਈਆਂ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਦੀ ਵੀ ਉਲੰਘਣਾ ਹਨ ਜਿਸ ਨੇ ਪਹਿਲੀ ਸਤੰਬਰ 2010 ਨੂੰ Ḕਸਟੇਟ ਆਫ ਤਾਮਿਲਨਾਡੂ ਬਨਾਮ ਯੂਨੀਅਨ ਆਫ ਇੰਡੀਆ ਐਂਡ ਅਦਰਜ਼’ ਮਾਮਲੇ ਵਿਚ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਬੱਚੇ ਵੱਡੇ ਪੈਮਾਨੇ ‘ਤੇ ਭੇਜੇ ਜਾਣ ਦੇ ਮੱਦੇਨਜ਼ਰ “ਮਨੀਪੁਰ ਅਤੇ ਅਸਾਮ ਰਾਜਾਂ ਨੂੰ ਇਹ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਸੀ ਕਿ ਅਗਲੇ ਹੁਕਮਾਂ ਤਕ 12 ਸਾਲ ਤੋਂ ਘੱਟ ਜਾਂ ਪ੍ਰਾਇਮਰੀ ਸਕੂਲ ਪੱਧਰ ਦੇ ਕਿਸੇ ਬੱਚੇ ਨੂੰ ਹੋਰ ਸੂਬਿਆਂ ਵਿਚ ਪੜ੍ਹਨ ਲਈ ਨਾ ਭੇਜਿਆ ਜਾਵੇ।” ਇਹ ਫ਼ੈਸਲਾ ਇਨ੍ਹਾਂ ਦੋਹਾਂ ਰਾਜਾਂ ਤੋਂ 76 ਬੱਚਿਆਂ ਦੀ ਤਸਕਰੀ ਦੇ ਮਾਮਲੇ ਦੀ ਜਾਂਚ ਪਿੱਛੋਂ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਤਾਮਿਲਨਾਡੂ ਵਿਚ ਈਸਾਈ ਮਿਸ਼ਨਰੀਆਂ ਵਲੋਂ ਚਲਾਏ ਜਾਂਦੇ Ḕਆਸ਼ਰਮਾਂ’ ਵਿਚ ਭੇਜਿਆ ਗਿਆ ਸੀ। ਇਸ ਆਦੇਸ਼ ਦੇ ਬਾਵਜੂਦ ਅਸਾਮ ਸੀæਆਈæਡੀæ ਦੀ ਰਿਪੋਰਟ ਅਨੁਸਾਰ 2012-2015 ਦਰਮਿਆਨ ਅਸਾਮ ਵਿਚੋਂ 5000 ਤੋਂ ਉਪਰ ਬੱਚੇ ਲਾਪਤਾ ਹੋਏ। 2015 ਵਿਚ ਇਸ ਤਰ੍ਹਾਂ ਦੇ ਘੱਟੋ-ਘੱਟ 800 ਬੱਚੇ ਲਾਪਤਾ ਹੋਏ। ਇਹ ਤਾਦਾਦ ਪੜ੍ਹਾਈ ਅਤੇ ਰੋਜ਼ਗਾਰ ਦੇ ਬਹਾਨੇ ਤਸਕਰੀ ਕੀਤੇ ਬੱਚਿਆਂ ਦੀ ਗਿਣਤੀ ਨਾਲ ਮੇਲ ਖਾਂਦੀ ਹੈ। ਇਸ ਤੋਂ ਪਤਾ ਲਗਦਾ ਹੈ ਕਿ ਬੱਚਿਆਂ ਦੇ ਲਾਪਤਾ ਹੋਣ ਪਿੱਛੇ ਸੰਘ ਪਰਿਵਾਰ ਦਾ ਬੱਚੀਆਂ ਨੂੰ ਧੋਖੇ ਨਾਲ ਦੂਜੇ ਸੂਬਿਆਂ ਅੰਦਰ ਆਪਣੇ ਅਖੌਤੀ ਸਕੂਲਾਂ ਵਿਚ ਭੇਜਣ ਲਈ ਸਰਗਰਮ ਤਾਣੇ-ਬਾਣੇ ਦਾ ਹੱਥ ਹੈ।
ਅਸਾਮ ਦੇ ਸਰਹੱਦੀ ਇਲਾਕਿਆਂ ਵਿਚ ਸੰਘ ਦੀਆਂ ਜਥੇਬੰਦੀਆਂ ਨੇ ਵਿਆਪਕ ਜਾਲ ਵਿਛਾਇਆ ਹੋਇਆ ਹੈ। ਸੇਵਾ ਭਾਰਤੀ ਨਾਂ ਦੀ ਸੰਸਥਾ ਮੈਡੀਕਲ ਕੈਂਪ, ਖੇਡ ਕੈਂਪ ਆਦਿ ਸਮਾਜ ਭਲਾਈ ਦੇ ਕੰਮ ਕਰਦੀ ਹੈ। ਵਿਦਿਆ ਭਾਰਤੀ ਅਤੇ ਏਕਲ ਵਿਦਿਆਲਿਆ ਬੱਚਿਆਂ ਨੂੰ ਹਿੰਦੂ ਰਾਸ਼ਟਰਵਾਦੀ ਪੜ੍ਹਾਈ ਕਰਾਉਂਦੇ ਹਨ। ਵਣਵਾਸੀ ਕਲਿਆਣ ਆਸ਼ਰਮ ਅਤੇ ਵਣਬੰਧੂ ਪ੍ਰੀਸ਼ਦ ਕਬਾਇਲੀਆਂ ਦੀ Ḕਭਲਾਈ’ ਦਾ ਕੰਮ ਦੇਖਦੀਆਂ ਹਨ। ਇਨ੍ਹਾਂ ਸੰਸਥਾਵਾਂ ਰਾਹੀਂ ਸੰਘ ਦੇ ਪ੍ਰਚਾਰਕ ਹਿੰਦੂਤਵੀ ਵਿਚਾਰਧਾਰਾ ਨੂੰ ਦੂਰ-ਦੁਰਾਡੇ ਇਲਾਕਿਆਂ ਵਿਚ ਫੈਲਾ ਰਹੇ ਹਨ। ਸੇਵਾ ਭਾਰਤੀ ਦੀ ਵੈੱਬਸਾਈਟ ਅਨੁਸਾਰ ਉਸ ਵਲੋਂ ਹਿੰਦੁਸਤਾਨ ਵਿਚ 1æ5 ਲੱਖ ਭਲਾਈ ਪ੍ਰੋਜੈਕਟ ਚਲਾਏ ਜਾ ਰਹੇ ਹਨ। ਉਹ ਨੌਜਵਾਨ ਕਬਾਇਲੀ ਕੁੜੀਆਂ ਅਤੇ ਮੁੰਡਿਆਂ ਲਈ ਹੋਸਟਲ ਅਤੇ ਗ਼ੈਰਰਸਮੀ ਸਿਖਿਆ ਕੇਂਦਰ ਵੀ ਚਲਾਉਂਦੇ ਹਨ।
ਸੇਵਾ ਭਾਰਤੀ 1978 ਵਿਚ ਆਰæਐਸ਼ਐਸ਼ ਦੇ ਤੀਜੇ ਸਰਸੰਘਚਾਲਕ ਬਾਲਾਸਾਹਿਬ ਦਿਓਰਸ ਵਲੋਂ ਸਮਾਜ ਦੇ ਹਾਸ਼ੀਆਗ੍ਰਸਤ ਹਿੱਸਿਆਂ ਉਪਰ ਧਿਆਨ ਕੇਂਦਰਤ ਕਰਨ ਲਈ ਬਣਾਈ ਗਈ ਸੀ। ਆਰæਐਸ਼ਐਸ਼ ਦਾ ਇਕ ਚੋਟੀ ਦਾ ਅਧਿਕਾਰੀ ਅਖਿਲ ਭਾਰਤੀਆ ਸਹਿਸੇਵਾ ਪ੍ਰਮੁੱਖ ਇਸ ਜਥੇਬੰਦੀ ਦਾ ਮਾਰਗ-ਦਰਸ਼ਨ ਕਰਦਾ ਹੈ। ਇਸ ਨੂੰ ਆਰæਐਸ਼ਐਸ਼ ਦੇ ਸਰਵਉਚ ਫ਼ੈਸਲੇ ਲੈਣ ਵਾਲੇ ਅਦਾਰੇ, ਅਖਿਲ ਭਾਰਤੀਆ ਪ੍ਰਤੀਨਿਧੀ ਸਭਾ, ਵਿਚ ਨੁਮਾਇੰਦਗੀ ਦਿੱਤੀ ਗਈ ਹੈ। ਇਸ ਤੋਂ ਪਤਾ ਲਗਦਾ ਹੈ ਕਿ ਸੇਵਾ ਭਾਰਤੀ ਦੀ ਸੰਘ ਦੀਆਂ ਜਥੇਬੰਦੀਆਂ ਅੰਦਰ ਕਿੰਨੀ ਬਾਰਸੂਖ਼ ਥਾਂ ਹੈ।
ਸੰਘ ਦੀ ਕਿਸੇ ਸਮਾਜ ਅੰਦਰ ਘੁਸਪੈਠ ਕਰਨ ਦੀ ਆਮ ਯੁੱਧਨੀਤੀ ਬਹੁਤ ਹੀ ਵਿਉਂਤਬਧ ਹੈ। ਪਹਿਲਾਂ, ਭਲਾਈ ਵਾਲੀ ਸੰਸਥਾ ਉਸ ਇਲਾਕੇ ਵਿਚ ਪੈਰ ਧਰਦੀ ਹੈ। ਉਹ ਜਨਤਕ ਆਧਾਰ ਤਿਆਰ ਕਰਦੇ ਹਨ, ਸੰਭਾਵੀ ਸਿਖਾਂਦਰੂਆਂ ਦੀ ਨਿਸ਼ਾਨਦੇਹੀ ਕਰਦੇ ਹਨ। ਇਉਂ ਉਹ ਦੂਰ-ਦੁਰਾਡੇ ਪਿੰਡਾਂ ਵਿਚ ਜਾ ਕੇ, ਲਾਕਟ, ਪੈਂਫਲੈਟ ਅਤੇ ਹਿੰਦੂ ਸਾਹਿਤ ਵੰਡ ਕੇ ਮੁਕੰਮਲ ਘੁਸਪੈਠ ਦਾ ਰਾਹ ਤਿਆਰ ਕਰਦੇ ਹਨ। ਫਿਰ ਸਥਾਨਕ ਰਾਸ਼ਟਰ ਸੇਵਾ ਸਮਿਤੀ ਅਤੇ ਆਰæਐਸ਼ਐਸ਼ ਦੇ ਕੁਲਵਕਤੀ ਉਥੇ ਆ ਪਹੁੰਚਦੇ ਹਨ। ਸੇਵਾ ਭਾਰਤੀ ਦਾ ਕੰਮ ਉਨ੍ਹਾਂ ਇਲਾਕਿਆਂ ਵਿਚ ਖ਼ਾਸ ਤੌਰ ‘ਤੇ ਪ੍ਰਭਾਵੀ ਹੈ ਜਿਥੇ ਹਿੰਦੁਸਤਾਨੀ ਸਟੇਟ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿਚ ਨਾਕਾਮ ਰਿਹਾ ਹੈ। ਸੇਵਾ ਭਾਰਤੀ ਇਨ੍ਹਾਂ ਸਰਗਰਮੀਆਂ ਲਈ ਮਹਿਫੂਜ਼ ਮੁਹਾਜ਼ ਦੇ ਤੌਰ ‘ਤੇ ਕੰਮ ਕਰਦੀ ਹੈ। ਜ਼ਿਆਦਾਤਰ ਪੇਂਡੂ ਅਤੇ ਬੱਚਿਆਂ ਦੇ ਮਾਪੇ ਇਹੀ ਸੋਚਦੇ ਹਨ ਕਿ ਬੱਚਿਆਂ ਨੂੰ ਲੋਕ ਭਲਾਈ ਦਾ ਕੰਮ ਕਰ ਰਹੀ ਸੰਸਥਾ ਸੇਵਾ ਭਾਰਤੀ ਵਲੋਂ ਪੜ੍ਹਾਈ ਕਰਾਉਣ ਲਈ ਲਿਜਾਇਆ ਗਿਆ ਹੈ। ਸੰਘ ਨਾਲ ਰਿਸ਼ਤੇ ਅਤੇ ਹਿੰਦੂਤਵੀ ਵਿਚਾਰਧਾਰਾ ਦਿਮਾਗ ‘ਚ ਭਰੇ ਜਾਣ ਦੀ ਸਾਜ਼ਿਸ਼ ਆਮ ਪੇਂਡੂ ਦੀ ਸਮਝ ਤੋਂ ਬਾਹਰ ਦੀ ਗੱਲ ਹੈ। ਅਸਾਮ ਵਰਗੇ ਬੋਡੋ-ਮੁਸਲਿਮ ਜਾਂ ਬੋਡੋ-ਆਦਿਵਾਸੀ ਨਸਲੀ-ਸਭਿਆਚਾਰ ਹਿੰਸਾ ਤੋਂ ਗ੍ਰਸਤ ਇਲਾਕਿਆਂ ਦੇ ਜੰਮ-ਪਲ ਲੋਕ ਆਪਣੀ ਪਛਾਣ ਬਾਰੇ ਬਹੁਤ ਸੰਵੇਦਨਸ਼ੀਲ ਹਨ ਅਤੇ ਆਪਣੀ ਪਛਾਣ ਨੂੰ ਬੁਰੀ ਤਰ੍ਹਾਂ ਚਿੰਬੜੇ ਰਹਿੰਦੇ ਹਨ। ਇਸ ਤਰ੍ਹਾਂ ਦੇ ਥਾਂਵਾਂ ਉਪਰ ਸਹੀ ਅਤੇ ਗ਼ਲਤ ਦਰਮਿਆਨ ਵਖਰੇਵਾਂ ਕਰਨ ਦੀ ਸੰਭਾਵਨਾ ਘਟ ਜਾਂਦੀ ਹੈ। ਜਨੂੰਨ ਭਾਰੂ ਰਹਿੰਦਾ ਹੈ ਜੋ ਹਿੰਦੂਤਵੀ ਪ੍ਰਚਾਰ ਲਈ ਰਾਹ ਪੱਧਰਾ ਕਰਦਾ ਹੈ।
ਅਸਾਮ ਵਿਚ ਕੰਮ ਕਰਦੀਆਂ ਸੰਘ ਪ੍ਰਚਾਰਕ ਔਰਤਾਂ ਨੇ ḔਆਊਟਲੁੱਕḔ ਦੀ ਪੱਤਰਕਾਰ ਨੂੰ ਦੱਸਿਆ ਕਿ ਸੇਵਾ ਭਾਰਤੀ ਵਲੋਂ ਜਥੇਬੰਦ ਕੀਤੇ ਜਾਂਦੇ ਕੈਂਪਾਂ ਵਿਚ Ḕਪ੍ਰਮੁੱਖ ਤੌਰ ‘ਤੇ ਨੌਜਵਾਨ ਕੁੜੀਆਂ ਨੂੰ ਸੰਸਕਾਰ ਸਿਖਾਏ ਜਾਂਦੇ ਹਨ।’ Ḕਕੁੜੀਆਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਸੰਸਕ੍ਰਿਤੀ ਭੁਲਾ ਦਿੱਤੀ ਹੈ, ਜਿਥੇ Ḕਨਮਸਕਾਰ’ ਦੀ ਜਗਾ੍ਹ Ḕਹੈਲੋ’ ਨੇ ਅਤੇ ਸਾਡੀ ਰਵਾਇਤੀ ਪੁਸ਼ਾਕ ਦੀ ਜਗਾ੍ਹ ਲੰਮੀ ਪੈਂਟ ਨੇ ਲੈ ਲਈ ਹੈ। ਇਹ ਸਭ ਕੁਝ ਈਸਾਈ ਜੀਵਨ-ਸ਼ੈਲੀ ਦੇ ਪ੍ਰਭਾਵ ਕਾਰਨ ਹੈ। ਉਨ੍ਹਾਂ ਨੂੰ ਆਪਣੀ ਸੰਸਕ੍ਰਿਤੀ ਵਿਚ ਵਾਪਸ ਪਰਤਣਾ ਚਾਹੀਦਾ ਹੈ ਅਤੇ ਰਾਸ਼ਟਰ ਦੀਆਂ ਚੰਗੀਆਂ ਸੁਆਣੀਆਂ ਬਣਨਾ ਚਾਹੀਦਾ ਹੈ।’
ਅਜਿਹੀ ਮਨੋਵਿਗਿਆਨਕ ਸਿਖਲਾਈ ਨਾਲ ਨੌਜਵਾਨ ਕੁੜੀਆਂ ਹਿੰਦੂ ਰਾਸ਼ਟਰ ਅੰਦਰ ਔਰਤਾਂ ਦੀ ਇੱਛਤ ਭੂਮਿਕਾ ਬਾਰੇ ਹਿੰਦੂਤਵੀ ਸੋਚ ਪ੍ਰਤੀ ਅੰਨ੍ਹੇ ਯਕੀਨ ਨਾਲ ਵੱਡੀਆਂ ਹੁੰਦੀਆਂ ਹਨ। ਕੈਂਪਾਂ ਵਿਚ ਲੋਕਧਾਰਾ, ਭਾਸ਼ਾ ਅਤੇ ਇਤਿਹਾਸ ਦੇ ਗੁਣਗਾਣ ਉਪਰ ਕੇਂਦਰਤ ਕਰਦੇ ਹੋਏ ਜੋ ਵਿਆਖਿਆ ਪੜ੍ਹਾਈ ਜਾਂਦੀ ਹੈ, ਉਹ ਮੁਸਲਿਮ ਤੇ ਈਸਾਈ ਵਿਰੋਧੀ ਹੈ। ਬੋਡੋ ਲੋਕ ਸੇਵਾ ਭਾਰਤੀ ਦੀਆਂ ਸਰਗਰਮੀਆਂ ਨੂੰ ਲੈ ਕੇ ਕੋਈ ਸ਼ੱਕ ਨਹੀਂ ਕਰਦੇ, ਕਿਉਂਕਿ ਉਥੇ ਜਿਹੜੀਆਂ ਪ੍ਰਚਾਰਕ ਔਰਤਾਂ ਤਿਆਰ ਕੀਤੀਆਂ ਗਈਆਂ ਹਨ, ਉਨ੍ਹਾਂ ਦੀ ਉਸੇ ਭਾਈਚਾਰੇ ਵਿਚੋਂ ਹੋਣ ਕਾਰਨ ਬਹੁਤ ਪੈਂਠ ਹੈ, ਉਨ੍ਹਾਂ ਦਾ ਅਕਸ ਬਲਵਾਨ ਔਰਤਾਂ ਦਾ ਹੈ। ਬੱਚੀਆਂ ਨੂੰ ਕੁਆਰੀਆਂ ਰਹਿਣ ਅਤੇ ਹਿੰਦੂ ਰਾਸ਼ਟਰ ਦੇ ਨਿਰਮਾਣ ਵਿਚ ਯੋਗਦਾਨ ਲਈ ਜ਼ਿੰਦਗੀਆਂ ਸਮਰਪਿਤ ਕਰਨ ਲਈ ਤਿਆਰ ਕੀਤਾ ਜਾਂਦਾ ਹੈ। ਬੱਚੀਆਂ ਨੂੰ ਬਲਵਾਨ ਬਣਾਉਣ ਦਾ ਇਹ ਦਾਅਪੇਚ ਨਿੱਕੀਆਂ ਬੱਚੀਆਂ ਦੇ ਉਨ੍ਹਾਂ ਮਾਪਿਆਂ ਨੂੰ ਬਹੁਤ ਟੁੰਬਦਾ ਹੈ ਜੋ ਸਾਧਨਹੀਣ ਅਭਿਲਾਸ਼ੀ ਹਨ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਵੱਡੇ ਸੁਪਨੇ ਪਾਲਦੇ ਹਨ। ਇਹ ਕੁੜੀ ਦੀ ਮਾਰਫ਼ਤ ਅੱਗੇ ਹੋਰ ਕੁੜੀ ਭਰਤੀ ਕਰਨ ਦੀ ਆਰæਐਸ਼ਐਸ਼ ਦੀ ਯੁੱਧਨੀਤੀ ਹੈ। ਕੋਰੋਬੀ ਅਤੇ ਕਾਂਚਾਈ ਬ੍ਰਹਮਾ ਵਰਗੀਆਂ ਜੋ ਬੋਡੋ ਔਰਤਾਂ ਹੁਣ ਉਥੇ ਬੱਚੀਆਂ ਦੀ ਤਸਕਰੀ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਉਨ੍ਹਾਂ ਨੂੰ ਇਸੇ ਵਿਧੀ ਦੁਆਰਾ ਤਿਆਰ ਕੀਤਾ ਗਿਆ ਸੀ।
ਕਾਂਚਾਈ ਨੂੰ ਤਿੰਨ ਹੋਰ ਕੁੜੀਆਂ ਸਮੇਤ ਉਤਰ ਪ੍ਰਦੇਸ਼ ਦੇ ਇਕ ਹੋਸਟਲ ਵਿਚ ਸਿਖਲਾਈ ਲਈ ਭੇਜਿਆ ਗਿਆ। ਜਿਥੇ ਇਕ ਸਾਲ ਦੀ ਸਿਖਲਾਈ ਤੋਂ ਬਾਅਦ ਉਹ ਆਪਣੇ ਜ਼ਿਲ੍ਹੇ ਵਿਚ ਵਾਪਸ ਆ ਗਈਆਂ। ਦੋ ਸਾਲ ਵਿਚ ਹੀ ਉਨ੍ਹਾਂ ਨੇ ਤਿੰਨ ਜ਼ਿਲ੍ਹਿਆਂ ਵਿਚ ਆਪਣੇ ਸੰਪਰਕ ਬਣਾ ਲਏ। ਉਹ 500 ਕਬਾਇਲੀ ਕੁੜੀਆਂ ਨੂੰ ਹੋਸਟਲ ਵਿਚ ਭੇਜਣ ਵਿਚ ਕਾਮਯਾਬ ਹੋ ਗਈਆਂ। ਉਨ੍ਹਾਂ ਵਿਚੋਂ ਜਿਨ੍ਹਾਂ ਨੇ ਵਾਪਸ ਆ ਕੇ ਵਿਆਹ ਕਰਵਾ ਲਏ, ਉਹ ਗ੍ਰਹਿਸਥੀ ਜੀਵਨ ਜਿਉਂਦੇ ਹੋਏ ਗ੍ਰਹਿਣੀ ਸੇਵਕਾ ਜਾਂ ਜੁਜ਼ਵਕਤੀ ਵਜੋਂ ਕੰਮ ਕਰ ਰਹੀਆਂ ਹਨ। ਏਕਲ ਵਿਦਿਆਲਿਆ (ਆਰæਐਸ਼ਐਸ਼ ਦੇ ਇਕ ਅਧਿਆਪਕ ਵਾਲੇ ਗ਼ੈਰਰਸਮੀ ਸਕੂਲ ਜਿਥੇ ਸੋਇਮਸੇਵਕ ਵਲੋਂ 40 ਵਿਦਿਆਰਥੀਆਂ ਦੀ ਰੋਜ਼ਾਨਾ ਤਿੰਨ ਘੰਟੇ ਜਮਾਤ ਲਗਾਈ ਜਾਂਦੀ ਹੈ) ਇਨ੍ਹਾਂ ਪ੍ਰਚਾਰਕ ਔਰਤਾਂ ਦੀ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਜਾਲ ਵਿਚ ਫਸਾਉਣ ਦੇ ਮਿਸ਼ਨ ਵਿਚ ਬਹੁਤ ਸਹਾਇਤਾ ਕਰਦਾ ਹੈ।
ਇਸ ਤਰੀਕੇ ਨਾਲ ਆਰæਐਸ਼ਐਸ਼ ਬਹੁਤ ਹੀ ਸੂਖ਼ਮ ਯੁੱਧਨੀਤੀ ਨਾਲ ਕਬਾਇਲੀ ਅਤੇ ਹੋਰ ਖੇਤਰਾਂ ਵਿਚ ਡੂੰਘੀ ਘੁਸਪੈਠ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਹਿੰਦੂਤਵੀ ਸੰਸਕ੍ਰਿਤੀ ਨਾਲ ਜੋੜ ਰਿਹਾ ਹੈ। ਇਹ ਮੁਹਿੰਮ ਮਹਿਜ਼ ਕਬਾਇਲੀ ਖੇਤਰਾਂ ਤਕ ਮਹਿਦੂਦ ਨਹੀਂ ਹੈ, ਹਰ ਥਾਂ ਹੀ ਵੱਖ-ਵੱਖ ਨਾਵਾਂ ਹੇਠ ਆਰæਐਸ਼ਐਸ਼ ਦਾ ਤਾਣਾ-ਬਾਣਾ ਬਹੁਤ ਸਰਗਰਮ ਹੈ। ḔਆਊਟਲੁੱਕḔ ਅਤੇ ḔਕੋਬਰਾਪੋਸਟḔ ਦੇ ਸਟਿੰਗ ਓਪਰੇਸ਼ਨ ਬੇਸ਼ਕ ਬੱਚੀਆਂ ਦੀ ਤਸਕਰੀ ਦੇ ਇਕ ਖ਼ਾਸ ਵਰਤਾਰੇ ਬਾਬਤ ਹਨ, ਪਰ ਇਹ ਵੱਡੇ ਖ਼ਤਰੇ ਵੱਲ ਇਸ਼ਾਰਾ ਕਰਦੇ ਹਨ। -0-