ਕਿਉਂ ਚੇਤੇ ਹੈ ਪੰਜਾਬੀਆਂ ਨੂੰ ਮਾਹਿਲਪੁਰ ਦਾ ਸ਼ੌਂਕੀ ਮੇਲਾ?

ਐਸ਼ ਅਸ਼ੋਕ ਭੌਰਾ
ਫੋਨ: 510-415-3315
ਕਈ ਕੰਮ ਇਤਿਹਾਸ ਇਸ ਕਰਕੇ ਬਣ ਜਾਂਦੇ ਹਨ ਕਿ ਬੰਦੇ ਦੀ ਉਮਰ ਕੁਝ ਹੋਰ ਕਹਿੰਦੀ ਹੁੰਦੀ ਹੈ ਪਰ ਕੰਮ ਉਹ ਹੋਰ ਕਰ ਜਾਂਦਾ ਹੈ ਜਿਨ੍ਹਾਂ ਪ੍ਰਤੀ ਸਮਾਜ ਦੋਵੇਂ ਬਾਹਾਂ ਖੜ੍ਹੀਆਂ ਕਰਕੇ ਪ੍ਰਸ਼ੰਸਾ ਦੇ ਜੈਕਾਰੇ ਛੱਡਣ ਲੱਗ ਪੈਂਦਾ ਹੈ। ਪਹਿਲੀ ਗੱਲ ਕਿ ਜਿਸ ਸ਼ੌਂਕੀ ਮੇਲੇ ਦਾ ਮੈਂ ਜ਼ਿਕਰ ਕਰਨ ਲੱਗਾ ਹਾਂ, ਇਹ ਉਹ ਇਤਿਹਾਸ ਹੈ ਜਦੋਂ ਮੈਂ ਸਿਰਫ 24-25 ਵਰ੍ਹਿਆਂ ਦਾ ਸਾਂ, ਅਣਵਿਆਹਿਆ ਜਾਂ ਉਹ ਉਮਰ ਜਿਸ ਨੂੰ ਸਿਆਣੇ ਕਈ ਵਾਰ ਕਹਿ ਜਾਂਦੇ ਨੇ ‘ਜਾਹ ਤੇਰਾ ਸਿਰ ਅਜੇ ਗਿੱਲਾ ਐ।’

ਸ਼ੌਂਕੀ ਮੇਲਾ ਮਾਹਿਲਪੁਰ ਲੱਗਦਾ ਰਿਹਾ, ਮਾਹਿਲਪੁਰ ਹੁਸ਼ਿਆਰਪੁਰ ਜ਼ਿਲ੍ਹੇ ਦਾ ਕਸਬੇ ਵਰਗਾ ਪਿੰਡ, ਫਗਵਾੜੇ ਤੋਂ 40-45, ਹੁਸ਼ਿਆਰਪੁਰ ਤੋਂ 20, ਜੇਜੋਂ ਤੋਂ 13, ਗੜ੍ਹਸ਼ੰਕਰ ਤੋਂ 22 ਤੇ ਨੰਗਰ ਤੋਂ 44 ਕਿਲੋਮੀਟਰ ਦੂਰ ਹੈ, ਜਿਸ ਨੂੰ ਅੰਬੀਆਂ ਦਾ ਦੇਸ ਕਰਕੇ ਵੀ ਜਾਣਿਆ ਜਾਂਦਾ ਹੈ ਕਿਉਂਕਿ ਕਿਸੇ ਵੇਲੇ ਮਾਹਿਲਪੁਰ ਦੇ ਦੇਸੀ ਅੰਬ ਅਬੋਹਰ ਦੀ ਮੰਡੀ ਵਿਚ ਬੜੇ ਮਹਿੰਗੇ ਵਿਕਦੇ ਰਹੇ ਹਨ।
ਸ਼ੌਂਕੀ ਮੇਲੇ ਦਾ ਮੇਰੀਆਂ ਲਿਖਤਾਂ ‘ਚ ਜ਼ਿਕਰ ਹੁੰਦਾ ਰਿਹਾ ਹੈ। ਪੰਜਾਬ ਦੇ ਸੱਭਿਆਚਾਰਕ ਮੇਲਿਆਂ ‘ਚ ਚਰਚਾ ਚੱਲਦੀ ਰਹੀ ਹੈ। ਕਈ ਵਾਰ ਇਸ ਮੇਲੇ ਨੇ ਪ੍ਰੋæ ਮੋਹਣ ਸਿੰਘ ਮੇਲੇ ਨੂੰ ਮਾਤ ਦਿੱਤੀ ਹੈ। ਜਗਰਾਵਾਂ ਦੇ ‘ਰੌਸ਼ਨੀ ਮੇਲੇ’ ਅਤੇ ਕਿਲਾ ਰਾਏਪੁਰ ਦੀਆਂ ਖੇਡਾਂ ਜਿਹਾ ‘ਕੱਠ ਕਰਕੇ ਵਿਖਾਇਆ ਹੈ। ਢਾਡੀ ਦਇਆ ਸਿੰਘ ਦਿਲਬਰ ਤੋਂ ਲੈ ਕੇ ਰਣਜੀਤ ਸਿੰਘ ਸਿੱਧਵਾਂ ਅਤੇ ਚਰਨ ਸਿੰਘ ਆਲਮਗੀਰ ਤੱਕ ਦਰਜਨਾਂ ਢਾਡੀ ਜਥੇ ਇਸ ਮੇਲੇ ‘ਚੋਂ ਮਾਣ ਖੱਟਦੇ ਰਹੇ ਨੇ। ਹੰਸ ਨੂੰ ਇਸ ਮੇਲੇ ਨੇ ਵੱਡੀ ਬ੍ਰੇਕ ਦਿੱਤੀ। ਕਮਲਜੀਤ ਨੀਲੋਂ ਨੂੰ ‘ਮਾਣੋ ਬਿੱਲੀ ਅੰਕਲ’ ਇਸ ਮੇਲੇ ਨੇ ਹੀ ਬਣਾਇਆ। ‘ਤੂਤਕ ਤੂਤੀਆਂ’ ਵਾਲਾ ਮਲਕੀਅਤ ਸਿੰਘ ਇਥੇ ਗਾਉਣ ਆਇਆ ਸੀ, ਦਿਲਸ਼ਾਦ ਅਖਤਰ ਤੇ ਹਾਕਮ ਸੂਫੀ ਵੀ, ਵਡਾਲੀ ਭਰਾ ਤੇ ਸਰਦੂਲ ਸਿਕੰਦਰ ਵੀ ਅਤੇ ਕੁਲਦੀਪ ਮਾਣਕ ਵੀ ਇਥੇ ਲਗਾਤਾਰ ਆਉਂਦਾ ਰਿਹਾ। ਬਿੰਦਰਖੀਏ ਨੇ ਪਹਿਲੀ ਵਾਰੀ ਬੋਲੀਆਂ ਸ਼ੌਂਕੀ ਮੇਲੇ ‘ਚ ਪਾਈਆਂ। ਸਦੀਕ ਨੇ ਬੜੀਆਂ ਝੰਡਾਂ ਕੀਤੀਆਂ। ਦੇਬੀ ਮਖਸੂਸਪੁਰੀ ਅਤੇ ਮਨਮੋਹਨ ਵਾਰਿਸ ਨੇ ਗਾਇਕੀ ‘ਚ ਪੇਸ਼ਕਾਰੀ ਦਾ ਸਫਰ ਇਥੋਂ ਹੀ ਸ਼ੁਰੂ ਕੀਤਾ।
ਸੰਗੀਤਕਾਰ ਚਰਨਜੀਤ ਆਹੂਜਾ ਇਥੇ ਆਇਆ, ਸੁਰਿੰਦਰ ਕੌਰ ਵੀ, ਗੁਰਮੀਤ ਬਾਵਾ ਵੀ, ਜਸਪਿੰਦਰ ਨਰੂਲਾ ਵੀ, ਅਮਰ ਨੂਰੀ ਤੇ ਕਮਲਜੀਤ ਨੀਰੂ ਵੀ, ਕੋਕੇ ਵਾਲੀ ਸਰਬਜੀਤ ਤੇ ਰਣਜੀਤ ਮਣੀ ਵੀ, ਮਾਝੇ ਤੋਂ ਮੋਹਣੀ ਰਸੀਲਾ ਤੇ ‘ਕੈਂਠੇ ਵਾਲਾ ਭਾਈ’ ਵਾਲੀ ਜੋੜੀ ਮਨਜੀਤ ਰਾਹੀ ਤੇ ਦਲਜੀਤ ਕੌਰ ਵੀ। ‘ਚਰਖੇ ਦੀ ਘੂਕ’ ਸੁਣਾਉਣ ਲਈ ਮੈਂ ਮਾਸਟਰ ਸਲੀਮ ਨੂੰ ਕੁੱਛੜ ਚੁੱਕਿਆ ਤੇ ‘ਘੁੰਮ ਨੀ ਭੰਬੀਰੀਏ’ ਲਈ ਯੁੱਧਵੀਰ ਨੂੰ ਚੁੱਕ ਕੇ ਗਵਾਇਆ। ਦੇਵ ਥਰੀਕਿਆਂ ਵਾਲਾ, ਬਾਬੂ ਸਿੰਘ ਮਾਨ, ਚਰਨ ਸਿੰਘ ਸਫਰੀ, ਸਾਧੂ ਸਿੰਘ ਆਂਚਲ, ਚੰਨ ਗੁਰਾਇਆ ਵਾਲਾ, ਸੰਜੀਵ ਅਨੰਦ, ਦਵਿੰਦਰ ਖੰਨੇ ਵਾਲੇ ਦਾ ਇਸ ਮੇਲੇ ‘ਚ ਸਨਮਾਨ ਹੁੰਦਾ ਰਿਹਾ ਹੈ। ਜੇ ਅਜਮੇਰ ਔਲਖ ਦਾ ਨਾਟਕ ‘ਬੇਗਾਨੇ ਬੋਹੜ ਦੀ ਛਾਂ’ ਖੇਡਿਆ ਜਾਂਦਾ ਰਿਹਾ ਹੈ ਤਾਂ ਭਾਜੀ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਨੂੰ ਵੀ ਪੂਰਾ ਮਾਣ ਮਿਲਦਾ ਰਿਹੈ ਅਤੇ ਇਸੇ ਮੇਲੇ ‘ਚ ਚੰਡੀਗੜ੍ਹ ਵਾਲੇ ਨਰਿੰਦਰ ਨਿੰਦੀ ਨੇ ‘ਮਿਰਜ਼ਾ ਸਾਹਿਬਾਂ’ ਬੈਲੇ ਖੇਡ ਕੇ ਸਿੱਧ ਕਰ ਦਿੱਤਾ ਸੀ ਕਿ ਜਗਰਾਵਾਂ ਦੀ ਰੌਸ਼ਨੀ ਵਾਂਗ ਹੁਣ ਸਿਰਫ ਬੋਲੀਆਂ ਹੀ ਪੈਣ ਤੋਂ ਰਹਿੰਦੀਆਂ ਨੇ। ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ ਤੋਂ ਬਿਨਾ ਹਰ ਵੱਡੇ ਕਾਮੇਡੀ ਕਲਾਕਾਰ ਨੇ ਹਾਜ਼ਰੀ ਲਵਾਈ। ਭਗਵੰਤ ਨੂੰ ‘ਝੰਡਾ ਅਮਲੀ’ ਅਤੇ ਗੁਰਦੇਵ ਢਿੱਲੋਂ ਨੂੰ ‘ਭਜਨਾ ਅਮਲੀ’ ਸ਼ੌਂਕੀ ਮੇਲੇ ਨੇ ਹੀ ਬਣਾਇਆ। ਦਲੇਰ ਮਹਿੰਦੀ ਲਗਾਤਾਰ 3 ਸਾਲ ਸਮਾਂ ਨਾ ਮਿਲਣ ਕਾਰਨ ਦਿੱਲੀ ਨੂੰ ਖਾਲੀ ਹੀ ਵਾਪਿਸ ਮੁੜਦਾ ਰਿਹਾ। ਨਿਰਮਲ ਸਿੱਧੂ ਇਕ ਸਾਲ ਸਮੇਂ ਦੀ ਘਾਟ ਤੋਂ ਤੰਗ ਆ ਕੇ ਔਖਾ ਬੜਾ ਹੋਇਆ। ਇਸ ਮੇਲੇ ‘ਤੇ ਨਚਾਰ, ਨਕਲੀਏ, ਭੰਡ, ਖੁਸਰੇ ਪੂਰੇ ਚਾਅ ਕਰਦੇ ਰਹੇ।
ਮੇਲਾ ਮੈਂ ਪ੍ਰਸ਼ਾਸਨ ਦੇ ਹੱਥਾਂ ‘ਚ ਰੱਖਿਆ। ਕਿਸੇ ਸਿਆਸੀ ਨੇਤਾ ਨੂੰ ਬੁਲਾਵਾ ਨਹੀਂ ਭੇਜਿਆ, ਸਿਰਫ 1994 ‘ਚ ਦਿਲਬਾਗ ਸਿੰਘ ਨਵਾਂਸ਼ਹਿਰ ਨੂੰ ਪੇਂਡੂ ਹੋਣ ਕਰਕੇ ਬੁਲਾਇਆ। ਅੱਜ ਦੇ ਕਈ ਵਜ਼ੀਰ ਉਸ ਵੇਲੇ ਕੁਰਸੀਆਂ ਲਈ ਪਾਸ ਲੈਣ ਵਾਸਤੇ ਮੇਰੇ ਕੋਲ ਸਿਫਾਰਿਸ਼ ਕਰਦੇ ਹੁੰਦੇ ਸੀ ਤੇ ਇਸ ਮੇਲੇ ‘ਚ ਜਦੋਂ ਗਵਰਨਰ ਦਾ ਸਲਾਹਾਕਾਰ ਟੀæਐਸ਼ ਬਰੋਕਾ ਆਇਆ ਤਾਂ ਡਿਪਟੀ ਕਮਿਸ਼ਨਰ ਆਰæਐਸ਼ ਸੰਧੂ ਮੈਨੂੰ ਉਖੜ ਕੇ ਇਸ ਕਰਕੇ ਪੈ ਗਿਆ ਸੀ ਕਿ ਉਪਰੋਂ ਚੋਣਾਂ ਆ ਗਈਆਂ ਨੇ ਤੇ ਤੂੰ ਗਵਰਨਰ ਨੂੰ ਬੁਲਾਇਆ, ‘ਤੂੰ ਹੈਂ ਕੀ?’ ਪਰ ਇਹ ਪਤਾ ਲੱਗਣ ‘ਤੇ ਕਿ ਮੇਰਾ ਕੋਈ ਰਾਜਸੀ ਅਤੇ ਆਰਥਿਕ ਪਿਛੋਕੜ ਨਹੀਂ ਹੈ ਤਾਂ ਉਹਦੇ ਕਹੇ ਸ਼ਬਦ ਮੈਨੂੰ ਹੁਣ ਤੱਕ ਯਾਦ ਨੇ ‘ਮੁੰਡਿਆ ਚੌਵੀ ਸਾਲਾਂ ਦੀ ਉਮਰ ‘ਚ ਧੰਨ ਧੰਨ ਕਰਵਾਈ ਜਾਨੈਂ।’ ਨਾਲ ਲੱਗਦੀ ਹੀ ਇਸ ਮੇਲੇ ਬਾਰੇ ਖਾਸ ਗੱਲ ਇਹ ਸੀ ਕਿ ਮਾਹਿਲਪੁਰ ‘ਚ ਲੱਖਾਂ ਦਾ ‘ਕੱਠ ਉਦੋਂ ਹੁੰਦਾ ਸੀ ਜਦੋਂ ਪੰਜਾਬ ਦੀਆਂ ਰਾਤਾਂ ਤਾਂ ਕੀ, ਦਿਨ ਵੀ ਦਹਿਸ਼ਤ ਨਾਲ ਕੰਬਦੇ ਸਨ। ਮਾਹਿਲਪੁਰ ਤੋਂ ਲੋਕਾਂ ਨੂੰ ਪਿੰਡਾਂ ‘ਚ ਪਹੁੰਚਾਉਣ ਲਈ ਰੋਡਵੇਜ਼ ਦੇ ਨਵਾਂਸ਼ਹਿਰ ਤੇ ਹੁਸ਼ਿਆਰਪੁਰ ਡਿਪੂ ਵਿਸ਼ੇਸ਼ ਬੱਸਾਂ ਚਲਾਉਂਦੇ। ਇਹ ਮੇਰੇ ਨਿਆਣਪੁਣੇ ਦੀ ਇਕ ਘਟਨਾ ਸੀ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਗੁਰਮੇਲ ਸਿੰਘ ਬੈਂਸ ਨੂੰ ਬਿਨਾ ਪੁੱਛਿਆ ਮੈਂ ਜ਼ਿਲ੍ਹੇ ਵਿਚ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਸੀ ਤੇ ਮੇਰੇ ਬੋਲ ਪੁਗਾਉਣ ਲਈ ਪ੍ਰਸ਼ਾਸ਼ਨ ਨੂੰ ਰਾਤੋ ਰਾਤ ਦਸਤੀ ਚਿੱਠੀਆਂ ਵਿਭਾਗਾਂ ਨੂੰ ਪੁਚਾਉਣੀਆਂ ਪਈਆਂ ਸਨ।
ਜਦੋਂ ਕਿਸੇ ਵੀ ਚੀਜ਼ ਦਾ ਮੁੱਲ ਵਧਦਾ ਹੈ, ਜਦੋਂ ਸੰਸਥਾਵਾਂ ਕੱਦ ਕੱਢਦੀਆਂ ਨੇ, ਤਦ ਵਿਰੋਧ ਵੀ ਨਾਲੋ ਨਾਲ ਹੀ ਉਠ ਖੜਦਾ ਹੈ। ਜਿੱਦਣ ਮੈਂ ਸ਼ੌਂਕੀ ਮੇਲੇ ਦਾ ਸ਼ਰਧਾਂਜਲੀ ਸਮਾਗਮ ਕੀਤਾ ਤਾਂ ਸਾਡੇ ਨਾਲ ਜੁੜੇ ਰਹੇ ਅਤੇ ਹੁਸ਼ਿਆਰਪੁਰ ਦੇ ਇਕ ਆਈæਏæਐਸ਼ ਅਧਿਕਾਰੀ ਦੀ ਟਿੱਪਣੀ ਮੈਨੂੰ ਯਾਦ ਹੈ, “ਅਸ਼ੋਕ, ਹਾਥੀ ਰਿਕਸ਼ੇ ‘ਤੇ ਬਿਠਾ ਕੇ ਨਹੀਂ ਖਿੱਚ ਹੋ ਸਕਦੇ।” ਉਦੋਂ ਤਾਂ ਮੈਂ ਉਸ ਗੱਲ ਨੂੰ ਬਹੁਤੀ ਗੰਭੀਰਤਾ ਨਾਲ ਨਾ ਲਿਆ ਪਰ ਦੋ ਕੁ ਸਾਲ ਇਹ ਮੇਲਾ ਨਿਕਾਲ ਦੇ ਪਾਣੀ ਵਾਂਗ ਚੱਲ ਤਾਂ ਗਿਆ ਪਰ ਜਦੋਂ ਫਿਰ ਪਜਾਮੇ ਦਾ ਕਛਹਿਰਾ ਬਣਿਆ ਤਾਂ ਮੇਲੇ ਦਾ ਸਬੰਧ ਮਾਹਿਲਪੁਰ ਨਾਲੋਂ ਵੀ ਟੁੱਟ ਗਿਆ ਤਾਂ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਮੈਂ ਹਾਰਿਆ ਨਹੀਂ, ਜਿੱਤ ਗਿਆਂ। ਇਸੇ ਕਰਕੇ ਜਦੋਂ ਵੀ ਪੰਜਾਬ ਦੇ ਮੇਲਿਆਂ ਦੀ ਗੱਲ ਚੱਲੇਗੀ ਤਾਂ ਸ਼ੌਂਕੀ ਮੇਲਾ ਮੇਰੇ ਨਾਂ ਨਾਲ ਜੁੜਿਆ ਰਹੇਗਾ।
ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਕਿ ਪੰਜਾਬ ਦੇ ਸੱਭਿਆਚਾਰਕ ਕੈਲੰਡਰ ਵਿਚ ਦੋ ਹੀ ਮੇਲੇ ਸਨ-ਪ੍ਰੋæ ਮੋਹਨ ਸਿੰਘ ਮੇਲਾ ਅਤੇ ਸ਼ੌਂਕੀ ਮੇਲਾ ਮਾਹਿਲਪੁਰ। ਭਾਸ਼ਾ ਵਿਭਾਗ, ਸੱਭਿਆਚਾਰਕ ਵਿਭਾਗ ਅਤੇ ਉਤਰੀ ਜ਼ੋਨ ਸੱਭਿਆਚਾਰਕ ਕੇਂਦਰ 28 ਤੇ 29 ਜਨਵਰੀ ਦੀਆਂ ਤਰੀਕਾਂ ਸ਼ੌਂਕੀ ਮੇਲੇ ਲਈ ਰਾਖਵੀਆਂ ਰੱਖਣ ਲੱਗ ਪਏ ਸਨ। ਸ਼ਾਇਦ ਇਹ ਵੀ ਉਹੀ ਮੇਲਾ ਸੀ ਜਿਹਦੇ ਵਿਚ ਪਰਵਾਸੀ ਕਿਲਾ ਰਾਏਪੁਰ ਦੀਆਂ ਖੇਡਾਂ ਵੇਖਣ, ਮੰਨਣਹਾਣੇ ਦਾ ਕੁਸ਼ਤੀ ਦੰਗਲ ਵੇਖਣ ਵਾਂਗ ਜਾਂ ਹਕੀਮਪੁਰ ਦੇ ਖੇਡ ਮੇਲੇ ਵਾਂਗ ਪੰਜਾਬ ਫੇਰੀ ਲਈ ਜਨਵਰੀ ਦਾ ਤੀਜਾ ਤੇ ਚੌਥਾ ਹਫਤਾ ਰਾਖਵਾਂ ਰੱਖਣ ਲੱਗ ਪਏ ਸਨ ਤੇ ਇਸ ਮੇਲੇ ‘ਤੇ ਆਉਣ ਵਾਲੇ ਪੰਜਾਬੀਆਂ ਲਈ ਖਾਸ ਗੱਲ ਇਹ ਵੀ ਹੁੰਦੀ ਸੀ ਕਿ ਉਨ੍ਹਾਂ ਨੂੰ ਨਾਲ ਹੀ ਹਰਭਜਨ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਵੇਖਣ ਦਾ ਮੌਕਾ ਵੀ ਮਿਲ ਜਾਂਦਾ।
ਇਹ ਵੀ ਇਕ ਅੰਕੜਾ ਰਹੇਗਾ ਕਿ ਆਲ ਇੰਡੀਆ ਰੇਡੀਓ, ਜਲੰਧਰ ਦੂਰਦਰਸ਼ਨ ਤੋਂ ਇਲਾਵਾ ਦਰਜਨਾਂ ਕੈਮਰੇ ਵਿਦੇਸ਼ਾਂ ਤੋਂ ਇਸ ਮੇਲੇ ਨੂੰ ਕਵਰ ਕਰਨ ਲਈ ਪਹੁੰਚਦੇ ਸਨ। ਉਦੋਂ ਪ੍ਰਾਈਵੇਟ ਟੀæਵੀæ ਚੈਨਲਾਂ ਦਾ ਯੁੱਗ ਅਜੇ ਸ਼ੁਰੂ ਨਹੀਂ ਸੀ ਹੋਇਆ। ਇਹ ਮੇਲਾ ਸਚਮੁੱਚ ਹੀ ਇਕ ਮੇਲਾ ਸੀ ਕਿਉਂਕਿ ਇਸ ‘ਚ ਬਹੁਤੇ ਵਿਛੜੇ ਮਿੱਤਰਾਂ-ਸੱਜਣਾਂ ਨੂੰ ਮਿਲਣ ਦਾ ਮੌਕਾ ਮਿਲ ਜਾਂਦਾ ਸੀ। ਇਸ ਮੇਲੇ ‘ਚ ਹਾਜ਼ਰੀ ਲਵਾਉਣ ਲਈ ਢਾਡੀ ਬੇਨਤੀਆਂ ਕਰਦੇ, ਕਵੀਸ਼ਰ ਸਿਫਾਰਿਸ਼ਾਂ ਕਰਵਾਉਂਦੇ, ਗਾਇਕ ਮੇਰੇ ਪਿੰਡ ‘ਚ ਗੇੜੇ ਮਾਰਦੇ, ਸਨਮਾਨ ਲੈਣ ਵਾਲਿਆਂ ਦੀ ਕਤਾਰ ਬੜੀ ਲੰਮੀ ਹੁੰਦੀ ਸੀ। ਕਦੇ ਜਸਵੰਤ ਖਟਕੜ ਦਾ ‘ਦੁਆਬਾ ਕਲਾ ਮੰਚ’ ਤਰਲੋ ਮੱਛੀ ਹੋ ਰਿਹਾ ਹੁੰਦਾ, ਕਦੇ ‘ਅੰਮ੍ਰਿਤਸਰ ਕਲਾ ਕੇਂਦਰ’ ਅਤੇ ਕਈ ਹੋਰ ਨਾਟਕ ਮੰਡਲੀਆਂ। ਪੱਤਰਕਾਰ ਤੇ ਕੁਝ ਸਿਆਸੀ ਕਿਸਮ ਦੇ ਲੋਕ ਮੇਲੇ ਦੀ ਸਟੇਜ ਤੋਂ ਸਿਰਫ ਆਪਣਾ ਨਾਂ ਬੁਲਾਉਣ ਲਈ ਮੇਰੇ ਨਾਲ ਨੇੜ ਰੱਖਦੇ ਰਹੇ ਅਤੇ ਕਈ ਥਾਂ ਰਿਸ਼ਤੇਦਾਰੀਆਂ ਵੀ ਕੱਢੀਆਂ ਜਾਂਦੀਆਂ ਰਹੀਆਂ। ਭਾਵੇਂ ਮੋਹਣ ਸਿੰਘ ਮੇਲਾ ਫਿੱਕਾ ਪੈ ਗਿਆ, ਪਰ ਸ਼ੌਂਕੀ ਮੇਲੇ ਦੀ ਚੜ੍ਹਤ ਬਣੀ ਰਹਿਣੀ ਸੀ ਕਿਉਂਕਿ ਇਹ ਮੇਲਾ ਅਮਰ ਸਿੰਘ ਸ਼ੌਂਕੀ ਕਰਕੇ ਨਹੀਂ ਪ੍ਰਮੁੱਖ ਰੂਪ ਵਿਚ ਮੇਰੇ ਸਬੰਧਾਂ ਦੀ ਵਿਆਖਿਆ ਸੀ। ਇਹ ਮੇਲਾ ਸ਼ੁਰੂ ਕਿਵੇਂ ਹੋਇਆ, ਇਸ ਦੇ ਥੋੜ੍ਹਾ ਵਿਸਥਾਰ ਵਿਚ ਮੈਂ ਜਾਣਾ ਚਾਹਾਂਗਾ।
ਗਾਇਕਾਂ ਬਾਰੇ ਲਿਖਦਿਆਂ ਮੇਰਾ ਮੋਹ ਢਾਡੀ ਦਇਆ ਸਿੰਘ ਦਿਲਬਰ ਨਾਲ ਪੈ ਗਿਆ। ਇਕ ਦੋ ਵਾਰ ਉਨ੍ਹਾਂ ਨੂੰ ਮਾਣ ਸਨਮਾਨ ਮਿਲੇ ਤਾਂ ਮੈਂ ਵਿਸ਼ੇਸ਼ ਤੌਰ ‘ਤੇ ਦਿਲਬਰ ਸਾਹਿਬ ਬਾਰੇ ਲਿਖਿਆ। ਫਿਰ ਉਨ੍ਹਾਂ ਨੇ ਮੇਰੇ ਕੰਨ ‘ਚ ਇਕ ਗੱਲ ਕਹੀ, “ਅਸ਼ੋਕ, ਢਾਡੀਆਂ ਵੱਲ ਵੀ ਧਿਆਨ ਦੇਹ, ਇਸ ਕਲਾ ਬਾਰੇ ਕੋਈ ਨਹੀਂ ਲਿਖ ਰਿਹਾ।” ਫਿਰ ਮੈਂ ਦੀਦਾਰ ਸਿੰਘ ਰਟੈਂਡਾ ਬਾਰੇ ਵੀ ਲਿਖਿਆ ਅਤੇ ਅਮਰ ਸਿੰਘ ਸ਼ੌਂਕੀ ਬਾਰੇ ਵੀ। ਦੀਦਾਰ ਸਿੰਘ ਉਦੋਂ ਹਾਲੇ ਜਿਉਂਦਾ ਸੀ ਪਰ ਮੈਂ ਸ਼ੌਂਕੀ ਬਾਰੇ ਉਹਦੀ ਸਾਲਾਨਾ ਬਰਸੀ ‘ਤੇ ਕਰੀਬ ਸਾਰੀਆਂ ਪ੍ਰਮੁੱਖ ਪੰਜਾਬੀ ਅਖਬਾਰਾਂ ਵਿਚ ਸੰਪਾਦਕੀ ਪੰਨੇ ‘ਤੇ ਵੱਡੇ ਲੇਖ ਲਿਖਦਾ ਰਿਹਾ। ਮੇਲਾ ਲਾਉਣ ਦੀ ਮੇਰੇ ਅੰਦਰ ਨਾ ਚਾਹਨਾ ਸੀ, ਨਾ ਤਮੰਨਾ ਸੀ ਪਰ ਮੈਂ ਮੋਹਣ ਸਿੰਘ ਮੇਲੇ ਨੂੰ ਵੇਖਣ ਦੀ ਉਤਸੁਕਤਾ ਬੜੀ ਰੱਖਦਾ ਰਿਹਾ। ਸ਼ਾਇਦ ਹੀ ਪਹਿਲੇ 20-25 ਮੇਲਿਆਂ ‘ਚੋਂ ਮੈਂ ਕੋਈ ਮੇਲਾ ਛੱਡਿਆ ਹੋਵੇ।
1993 ਵਿਚ ਜਦੋਂ ਕੁਲਦੀਪ ਮਾਣਕ ਦਾ ਉਹਦੇ ਪਿੰਡ ਜਲਾਲ ਵਿਖੇ ਪੁਲਿਸ ਮੁਖੀ ਕੇæਪੀæਐਸ਼ ਗਿੱਲ ਦੀ ਸਰਪ੍ਰਸਤੀ ਹੇਠ ਵੱਡਾ ਸਨਮਾਨ ਹੋਇਆ, ਜਿਸ ਵਿਚ ਇਕ ਲੱਖ ਤੋਂ ਵੱਧ ਲੋਕ ਸ਼ਾਮਿਲ ਸਨ, ਪੁਲਿਸ ਪ੍ਰਬੰਧਾਂ ਵਿਚ ਮੈਂ ਜੱਸੋਵਾਲ ਨਾਲ ਇਸ ਕਰਕੇ ਸਟੇਜ ਤੱਕ ਪਹੁੰਚਣ ਵਿਚ ਸਫਲ ਹੋ ਗਿਆ ਸਾਂ ਕਿਉਂਕਿ ਇਸ ਦਿਨ ਅਖਬਾਰ ‘ਰੋਜ਼ਾਨਾ ਅਜੀਤ’ ਵਿਚ ਕੁਲਦੀਪ ਮਾਣਕ ਬਾਰੇ ਸਭ ਤੋਂ ਵੱਡਾ ਲੇਖ ਮੈਂ ਲਿਖਿਆ ਸੀ ਅਤੇ ਉਂਜ ਵੀ ਮੇਰੀ ਅਤੇ ਮਾਣਕ ਦੀ ਯਾਰੀ ਸੀ। ਇਸ ਮੇਲੇ ਤੋਂ ਪਰਤਦਿਆਂ ਜੱਸੋਵਾਲ ਨੇ ਮੈਨੂੰ ਗਾਇਕਾਂ ਹੱਥੋਂ ਕਾਰ ਲੈ ਕੇ ਦੇਣ ਦਾ ਮੌਸਮ ਅਤੇ ਮਾਹੌਲ ਬਣਾ ਕੇ ਦਿੱਤਾ ਅਤੇ ਉਸ ਦਿਨ ਸ਼ੌਂਕੀ ਮੇਲੇ ਦੀ ਸਟੇਜ ਤੋਂ ਜੋ ਚਰਚਾ ਹੋਈ ਸੀ, ਉਹਨੇ ਮੇਰੇ ਅੰਦਰ ਸ਼ੌਂਕੀ ਮੇਲੇ ਪ੍ਰਤੀ ਗੰਭੀਰਤਾ ਹੋਰ ਪੈਦਾ ਕਰ ਦਿੱਤੀ। ਇਹੀ ਕਾਰਨ ਸੀ 1994 ਦਾ ਮੇਲਾ ਪੰਜਾਬ ਦੇ ਮੇਲਿਆਂ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਮੇਲਾ ਸੀ ਅਤੇ ਇਸ ਮੇਲੇ ਵਿਚ ਗੁਰਦਾਸ ਮਾਨ ਨੂੰ ਛੱਡ ਕੇ ਪੰਜਾਬੀ ਦਾ ਹਰ ਗਾਇਕ ਹਾਜ਼ਰ ਸੀ।
ਮੇਲਿਆਂ ਦਾ ਕਲਾਵਾ ਮੈਂ ਇਸ ਕਰਕੇ ਭਰ ਰਿਹਾ ਹਾਂ ਕਿ 1988 ਵਿਚ ਮੈਂ ਤੇ ਜੱਸੋਵਾਲ ਉਹਦੇ ਘਰ ਗੁਰਦੇਵ ਨਗਰ ਲੁਧਿਆਣੇ ਬੈਠੇ ਸਾਂ। ਉਹਨੇ ਇਕ ਮਸ਼ਵਰਾ ਦਿੱਤਾ, “ਮੈਂ ਤਾਂ ਸਿਰਫ ਮੋਹਣ ਸਿੰਘ ਮੇਲੇ ‘ਚ ਗਾਉਣ ਵਾਲਿਆਂ ਨੂੰ ਮੰਚ ਦੇ ਸਕਦਾ ਹਾਂ ਪਰ ਤੂੰ ਤਾਂ ਗਾਇਕਾਂ ਤੇ ਸੰਗੀਤ ਬਾਰੇ ਲਿਖ ਵੀ ਰਿਹੈਂ, ਤੂੰ ਪੈੜ੍ਹ ਪਾ ਦਏਂਗਾ ਅਤੇ ਇਹ ਗਾਇਕੀ ਦਾ ਯੁੱਗ ਸਾਰਾ ਤੇਰਾ ਹੋ ਜਾਵੇਗਾ, ਹਲਕੇ ‘ਚ ਕੋਈ ਮੇਲਾ ਲਾ।” ਪਰ ਇਕ ਨਸੀਹਤ ਵੀ ਦੇ ਦਿੱਤੀ, “ਮੇਲਾ ਆਪਣੇ ਪਿਓ ਦੇ ਨਾਂ ‘ਤੇ ਹੀ ਲਾ ਲੈ, ਕੀ ਫਰਕ ਪਊ, ਨਾਂ ਹੀ ਰੱਖਣੈ। ਸਾਡੇ ਮੇਲੇ ਵਿਚ ਪ੍ਰੋæ ਮੋਹਣ ਸਿੰਘ ਦਾ ਪਰਿਵਾਰ ਖਾਹਮਖਾਹ ਦਖਲਅੰਦਾਜ਼ੀ ਕਰਦਾ ਰਹਿੰਦਾ ਹੈ।”
ਜੱਸੋਵਾਲ ਨੇ ਤਾਂ ਇਹ ਇਕ ਸਧਾਰਨ ਪੂਣੀ ਹੀ ਕੱਤੀ ਸੀ ਪਰ ਮੈਂ ਚਰਖਾ ਚਲਾਉਣ ਲੱਗ ਪਿਆ। ਬੰਗਾ ਮੇਰਾ ਹਲਕਾ ਹੋਣ ਕਰਕੇ ਮੈਂ ਚਾਹੁੰਦਾ ਸੀ ਕਿ ਮੇਲਾ ਬੰਗਾ ਲੱਗੇ, ਦੀਦਾਰ ਸਿੰਘ ਰਟੈਂਡਾ ਨੂੰ ਸਮਰਪਿਤ ਕੀਤਾ ਜਾਵੇ। ਕਿਉਂਕਿ ਢਾਡੀ ਰਾਗ ਵਿਚ ਕਲੀਆਂ ਗਾਉਣ ਵਾਲਾ ਉਹਦੇ ਵਰਗਾ ਕੋਈ ਹੈ ਈ ਨਹੀਂ ਸੀ। ਮੈਂ ਗੁਣਾਚੌਰ ਜਾ ਕੇ ਉਹਦੇ ਪੁੱਤਰ ਨਿਰਮਲ ਸਿੰਘ ਨੂੰ ਰਜ਼ਾਮੰਦ ਵੀ ਕਰ ਲਿਆ। ਪਰ ਮੈਨੂੰ ਸਹਿਯੋਗ ਦੇਣ ਵਾਲਾ ਕੋਈ ਦਿਸ ਨਹੀਂ ਰਿਹਾ ਸੀ, ਜੋ ਪ੍ਰਬੰਧਾਂ ਨੂੰ ਸੰਭਾਲ ਸਕੇ। ਮਾਹਿਲਪੁਰ ਸਾਹਿਤ ਸਭਾ ਨਾਲ ਜੁੜਿਆ ਹੋਣ ਕਰਕੇ, ਮਾਹਿਲਪੁਰ ਅੰਬੀਆਂ ਦਾ ਦੇਸ ਚੰਗਾ ਲੱਗਦਾ ਹੋਣ ਕਰਕੇ, ਬਲਜਿੰਦਰ ਮਾਨ ਨਾਲ ਨੇੜਤਾ ਹੋਣ ਕਰਕੇ ਇਸ ਮੇਲੇ ਦੀ ਪੇਸ਼ਕਸ਼ ਮੈਂ ਮਾਹਿਲਪੁਰ ਵਾਲਿਆਂ ਕੋਲ ਕਰ ਬੈਠਾ। ਚਰਚਾ ਚੱਲੀ ਕਿ ਮੇਲੇ ਦਾ ਨਾਮ ਲੋਕ ਮੇਲਾ ਰੱਖਿਆ ਜਾਵੇ। ਮੈਂ ਕਿਹਾ ‘ਲੋਕ ਸੁਰਾਂ’ ਰੱਖ ਲੈਂਦੇ ਹਾਂ ਕਿਉਂਕਿ ਮੈਂ ਗਾਇਕਾਂ ਬਾਰੇ ਲਿਖਦਾ ਹਾਂ। ਪਰ ਬਲਜਿੰਦਰ ਮਾਨ ਦੇ ਇਕ ਸੰਗੀ ਕ੍ਰਿਸ਼ਨਜੀਤ ਕੈਂਡੋਵਾਲ ਨੇ ਮਸ਼ਵਰਾ ਦਿੱਤਾ ਕਿ ਸ਼ੌਂਕੀ ਬਾਰੇ ਤੁਸੀਂ ਕਈ ਸਾਲਾਂ ਤੋਂ ਲਿਖ ਰਹੇ ਹੋ, ਮੇਲਾ ਸ਼ੌਂਕੀ ਦੇ ਨਾਂ ‘ਤੇ ਰੱਖ ਲਓ। ਉਂਜ ਵੀ ਮਾਹਿਲਪੁਰ ਸ਼ੌਂਕੀ ਦਾ ਇਲਾਕਾ ਹੈ ਤੇ ਉਹਦਾ ਪਿੰਡ ਭੱਜਲਾਂ ਦਸ ਕੁ ਕਿਲੋਮੀਟਰ ਹੀ ਤਾਂ ਹੋਵੇਗਾ। ਮੈਂ ਇਹ ਦਲੀਲ ਪ੍ਰਵਾਨ ਕਰ ਲਈ ਤੇ ਢਾਡੀ ਅਮਰ ਸਿੰਘ ਸ਼ੌਂਕੀ ਯਾਦਗਾਰੀ ਟਰੱਸਟ ਬਣਾ ਕੇ ਸ਼ੌਂਕੀ ਮੇਲਾ ਸ਼ੁਰੂ ਕਰ ਲਿਆ। ਪਰ ਮੈਂ ਜੱਸੋਵਾਲ ਦਾ ਉਹ ਸੁਝਾਅ ਭੁੱਲ ਗਿਆ ਸਾਂ ਕਿ ‘ਮੇਲਾ ਆਪਣੇ ਪਿਓ ਦੇ ਨਾਮ ‘ਤੇ ਹੀ ਕਰ ਲਵੇਂ ਤਾਂ ਚੰਗਾ ਰਹੇਂਗਾ।’
ਇਹ ਗੱਲ ਮੈਂ ਇੱਥੇ ਦਾਅਵੇ ਨਾਲ ਕਹਾਂਗਾ ਕਿ ਮੈਂ ਮੇਲੇ ਦਾ ਨਾਮ ‘ਰਾਮ ਲਾਲ ਸ਼ਾਮ ਸਿੰਘ’ ਕੁਝ ਵੀ ਰੱਖ ਲੈਂਦਾ, ਉਹ ਸਫਲ ਹੋ ਜਾਣਾ ਸੀ ਕਿਉਂਕਿ ਮੇਲੇ ਵਿਚ ਹਾਜ਼ਰੀ ਚਾਹੇ ਗਾਇਕਾਂ ਦੀ, ਚਾਹੇ ਕਵੀਸ਼ਰਾਂ, ਚਾਹੇ ਨਾਟਕਕਾਰਾਂ, ਚਾਹੇ ਮਸਖਰਿਆਂ ਦੀ, ਉਹ ਮੇਰੇ ਨਿਜੀ ਸਬੰਧਾਂ ਕਰਕੇ ਸੀ। ਸਰਕਾਰੇ-ਦਰਬਾਰੇ ਅਤੇ ਅਫਸਰਸ਼ਾਹੀ ‘ਚ ਮੇਰੀ ਪੁੱਛ ਪ੍ਰਤੀਤ ਸੀ। ਫਿਰ 29 ਜਨਵਰੀ 1988 ਨੂੰ ਪਹਿਲਾ ਮੇਲਾ ਜਦੋਂ ਮਾਹਿਲਪੁਰ ਵਿਚ ਲੱਗਿਆ। ਸੁਰਿੰਦਰ ਕੌਰ ਦੇ ਆਉਣ ਦਾ ਐਲਾਨ ਕੀਤਾ ਤਾਂ ਪ੍ਰੋæ ਅਜੀਤ ਕਹਿ ਰਿਹਾ ਸੀ, “ਇਸ ਜੁਆਕੜੇ ਜਿਹੇ ਭੌਰੇ ਤੋਂ ਸੁਰਿੰਦਰ ਕੌਰ ਕਿੱਥੋਂ ਲਿਆ ਹੋਣੀ ਆ?” ਪਰ ਕਮਾਲ ਇਹ ਹੋਇਆ ਕਿ ਸੁਰਿੰਦਰ ਕੌਰ ਤਾਂ ਆਈ ਹੀ, ਸਰਦੂਲ ਸਿਕੰਦਰ ਵੀ ਆਇਆ, ਮੁਹੰਮਦ ਸਦੀਕ-ਰਣਜੀਤ ਕੌਰ ਵੀ ਆਏ, ਕਮਲਜੀਤ ਨੀਲੋਂ ਨੇ ਬੱਲੇ ਬੱਲੇ ਕਰਵਾਈ ਅਤੇ ਦਰਜਨਾਂ ਹੋਰ ਗਾਇਕਾਂ ਨੇ ਇਸ ਮੇਲੇ ਦੀ ਪਹਿਲੀ ਹਾਜ਼ਰੀ ਨੂੰ ਪੰਜਾਬ ਦੇ ਮੇਲਿਆਂ ਦੇ ਨਕਸ਼ੇ ‘ਤੇ ਗੂੜ੍ਹਾ ਕਰ ਦਿੱਤਾ ਸੀ।
(ਸ਼ੌਂਕੀ ਮੇਲੇ ਦੀ ਬਾਤ ਹਾਲੇ ਜਾਰੀ ਰੱਖਾਂਗਾ)
____________________
ਗੱਲ ਬਣੀ ਕਿ ਨਹੀਂ

ਇਹ ਕੌਣ ਦੁਹੱਥੜੀਂ ਪਿੱਟਦਾ ਏ?
ਕਿਸੇ ਸਿਆਣੇ ਨੂੰ ‘ਮਿਰਗੀ’ ਪੈਣ ਲੱਗ ਪਏ, ਉਹ ‘ਦੌਰੇ’ ਨੂੰ ਕਸਰਤ ਹੀ ਆਖਦਾ ਏ।
ਜੁੱਤੀਆਂ ਖਾ ਕੇ ਕਹੇ ਨਹੀਂ ਕੁਝ ਹੋਇਆ, ਰਹਿੰਦਾ ਤੀਵੀਆਂ ਵਲ ਜੋ ਝਾਕਦਾ ਏ।
ਜਿਹੜਾ ਵਕਤ ਪਛਾਣਦਾ ਨਹੀਂ ਬੰਦਾ, ਮੁਲਕ ਆਪਣੇ ‘ਚ ਨੇਤਾ ਨਹੀਂ ਬਣ ਸਕਦਾ।
ਜਿਹੜਾ ਭੱਥੇ ‘ਚੋਂ ਤੀਰਾਂ ਨੂੰ ਆਪ ਭੰਨੇ, ਦੱਸੋ ਜਿੱਤ ਉਹ ਕਿਹੜਾ ਫਿਰ ਰਣ ਸਕਦਾ।
ਕਈਆਂ ਮੁਲਕ ਛੱਡੇ, ਕਈਆਂ ਕੰਮ ਛੱਡੇ, ‘ਸੇਵਾ’ ਧੰਦੇ ‘ਚੋਂ ਸੋਚਦੇ ‘ਰਿੱਚ’ ਹੋਣਾ।
ਝੋਟੇ ਨਾਲ ਹੀ ਗਾਰੇ ਵਿਚ ਆਪ ਫਸ ਗਏ, ਭਲਿਓ! ਜਿੱਲ੍ਹ ‘ਚੋਂ ਗੱਡਾ ਨਹੀਂ ਖਿੱਚ ਹੋਣਾ।
ਪੀਂਘ ਚੜ੍ਹਨ ਤੋਂ ਪਹਿਲਾਂ ਜੇ ਟਾਹਣ ਟੁੱਟ ਜਾਏ, ਤੀਆਂ ਹੋਣ ਵਿਰਾਨ, ਸੁੰਨ੍ਹ ਸਾਨ ਮਿੱਤਰੋ।
ਕਿਤੇ ਮੁਕਲਾਵੇ ਨੂੰ ਛੱਤ ਜੇ ਚੋਣ ਲੱਗ ਪਏ, ਨਰਕ ਜਾਪਦਾ ਨਿਰਾ ਜਹਾਨ ਮਿੱਤਰੋ।
ਉਧਰ ਘੂਕਰ ਨੇ ਫੇਰ ਤੋਂ ਬੜ੍ਹਕ ਮਾਰੀ, ਭੇੜ ਸੱਚੀਂ ਹੁਣ ਪੱਥਰ ‘ਤੇ ਇੱਟ ਦਾ ਏ।
ਗੋਰਾ-ਜਰਵੀ ਬਲਬੀਰੋ ਨੂੰ ਧੂਹ ਲੈ ਗਏ, ਸੁੱਚਾ ਭਾਬੀ ‘ਤੇ ਅਣਖ ਨੂੰ ਪਿੱਟਦਾ ਏ।
ਚਿੱਟੇ ਕਬੂਤਰਾਂ ਨੇ ਚੋਗਾ ਬਹੁਤ ਚੁਗਿਆ, ਰੋਣ ਹਾਕੇ ਕਰ ਦਿੱਤਾ ਏ ਨੀਲਿਆਂ ਨੇ,
‘ਭੌਰੇ’ ਲੱਗਦਾ ਵਿਚਾਲੇ ਹੀ ਖਿਲਰ ਜਾਣਾ, ਵਿਚੇ ਝਾੜੂਆਂ ਨੇ ਵਿਚੇ ਤੀਲਿਆਂ ਨੇ।