ਪੈਰ-ਪਰਿਕਰਮਾ

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਹ ਨੈਣਾਂ ਦੇ ਤੀਰ ਚਲਾ ਚੁਕੇ ਹਨ ਤੇ ਦਿਲ ਦੀਆਂ ਬਾਤਾਂ ਪਾ ਚੁਕੇ ਹਨ ਅਤੇ ਕੰਨਾਂ ‘ਚ ਪਾਈਆਂ ਨੱਤੀਆਂ, ਮੁਰਕੀਆਂ, ਬੁੰਦੇ, ਝੁਮਕੇ ਆਦਿ ਸ਼ਖਸੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਦੀ ਬਾਤ ਸੁਣਾ ਚੁਕੇ ਹਨ।

ਫਿਰ ਉਨ੍ਹਾਂ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਵਾਲਿਆਂ ਨੂੰ ਨਸੀਹਤ ਦਿੱਤੀ ਕਿ ਮੂੰਹ ਦੀਆਂ ਲੁਭਾਉਣੀਆਂ ਲੱਜਤਾਂ ਵਿਚ ਗੁਆਚਣ ਦੀ ਬਜਾਏ, ਇਸ ਦੀਆਂ ਨਿਆਮਤਾਂ ਨੂੰ ਅਪਨਾਉਣ ਅਤੇ ਤਰਕਸੰਗਤੀ ਰਾਹਾਂ ਨੂੰ ਮੰਜ਼ਿਲ-ਮਾਰਗ ਬਣਾਉਣ ਵੰਨੀਂ ਕਦਮ ਜਰੂਰ ਪੁੱਟਣ। ਡਾæ ਭੰਡਾਲ ਨੇ ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕਰਦਿਆਂ ਨਸੀਹਤ ਕੀਤੀ ਸੀ, ਜ਼ੁਬਾਨ ਵਿਚੋਂ ਨਿਕਲੇ ਕੌੜੇ ਬੋਲ, ਤੀਰ ਨਾਲੋਂ ਤਿੱਖੇ, ਤੋਪ ਦੇ ਗੋਲੇ ਨਾਲੋਂ ਜ਼ਿਆਦਾ ਵਿਨਾਸ਼ਕਾਰੀ, ਅੱਗਾਂ ਲਾਉਂਦੇ, ਘਰਾਂ ਦੇ ਘਰ ਉਜਾੜਦੇ ਅਤੇ ਵਿਨਾਸ਼ਤਾ ਦਾ ਰੂਪ ਧਾਰਦੇ। ਜੀਵਨ ਦੇ ਰਾਂਗਲੇ ਪਹਿਰ ਵਿਚ ਜੀਵਨ-ਸਾਥੀ ਦੀ ਛੋਹ, ਵਿਸਮਾਦੀ ਤਰੰਗ ਹੁੰਦੀ ਜਿਸ ਵਿਚੋਂ ਅਸੀਮ ਖੁਸ਼ੀਆਂ ਦਾ ਚਸ਼ਮਾ ਫੁੱਟਦਾ ਜੋ ਜੀਵਨ-ਮਾਰੂਥਲ ਨੂੰ ਸਿੰਜ, ਚਾਅ-ਬਗੀਚੇ ਦੀ ਬਹਾਰ ਬਣਦਾ। ਹੱਥਾਂ ਦੀ ਦਾਸਤਾਨ ਸੁਣਾਉਂਦਿਆਂ ਉਨ੍ਹਾਂ ਕਿਹਾ ਕਿ ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ। ਪਿਛਲੇ ਲੇਖ ਵਿਚ ਉਨ੍ਹਾਂ ਲੱਤਾਂ ਦੀ ਵਾਰਤਾ ਸੁਣਾਉਂਦਿਆਂ ਬਾਬਾ ਫਰੀਦ ਦੇ ਸਲੋਕ “ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ॥” ਨਾਲ ਬਚਪਨੇ ਵਿਚ ਨਿੱਕੀਆਂ ਜਿਹੀਆਂ ਕੋਮਲ ਲੱਤਾਂ ਦਾ ਸੁਡੌਲ ਤੇ ਮਜਬੂਤ ਹੋ ਕੇ ਜੀਵਨ-ਸਫਰ ਦੇ ਅਣਥੱਕ ਸੰਗੀ ਬਣਨ ਤੋਂ ਬਾਅਦ ਬੁਢਾਪੇ ਵਿਚ ਕਮਜੋਰ ਤੇ ਨਿਤਾਣੀਆਂ ਬਣਨ ਦੇ ਸਫਰ ਦੀ ਗੱਲ ਕੀਤੀ ਸੀ। ਹਥਲੇ ਲੇਖ ਵਿਚ ਉਨ੍ਹਾਂ ਬੰਦੇ ਦੇ ਪੈਰਾਂ ਦੀ ਵਾਰਤਾ ਸੁਣਾਉਂਦਿਆਂ ਕਿਹਾ ਹੈ ਕਿ ਜਦ ਇਹ ਪੈਰ ਰਕਾਬ ਵਿਚ ਹੁੰਦੇ ਤਾਂ ਸਰਸਾ ਵੀ ਠਹਿਰ ਜਾਂਦੀ, ਚਮਕੌਰ ਦੀ ਗੜ੍ਹੀ ਵਿਚ ਸੂਰਮਿਆਂ ਦੀ ਲਲਕਾਰ ਬਣਦੇ ਜਾਂ ਜਵਾਨ ਹੋ ਰਹੇ ਪੈਰ ਰਕਾਬ ਵਿਚ ਪੈਣ ਲਈ ਤਰਲੋਮੱਛੀ ਹੁੰਦੇ ਤਾਂ ਸਿੱਖ-ਸ਼ਹਾਦਤਾਂ ਦੇ ਅਰਥ ਅਮਰ ਹੋ ਜਾਂਦੇ। ਸੋਚ ਸਮਝ ਕੇ ਪੈਰ ਟਿਕਾਉਣ ਵਾਲੇ ਲੋਕ ਸਾਬਤ ਕਦਮੀਂ ਤੁਰਦੇ, ਮੁਸ਼ਕਲਾਂ ਨਾਲ ਬਰ ਮੇਚਦੇ, ਸਫਲਤਾ ਦਾ ਨਵਾਂ ਵਰਕਾ ਬਣਦੇ। ਅਜਿਹੇ ਲੋਕਾਂ ਦੇ ਪੈਰਾਂ ਵਿਚ ਥਿੜਕਣ ਦਾ ਨਾਮੋ-ਨਿਸ਼ਾਨ ਵੀ ਨਹੀਂ ਹੁੰਦਾ। -ਸੰਪਾਦਕ

ਡਾ ਗੁਰਬਖਸ਼ ਸਿੰਘ ਭੰਡਾਲ
ਪੈਰ, ਪੈੜ-ਸਿਰਜਕ, ਮੰਜ਼ਿਲ-ਤਸ਼ਬੀਹ, ਸਫਰ-ਸਿਰਨਾਵਾਂ ਅਤੇ ਸੁਪਨਿਆਂ ਦੀ ਸੰਪੂਰਨਤਾ ਦਾ ਸਬੱਬ। ਪੈਰਾਂ ਵਿਚ ਸਫਰ ਉਪਜੇ ਤਾਂ ਉਚੇਰੀਆਂ ਚੋਟੀਆਂ ਨੂੰ ਸਰ ਕਰਨ ਲਈ ਪਗਡੰਡੀਆਂ ਵਿੱਛ-ਵਿੱਛ ਜਾਂਦੀਆਂ ਅਤੇ ਨਵੀਆਂ ਪ੍ਰਾਪਤੀਆਂ ਮੱਥੇ ਦੀਆਂ ਰੇਖਾਵਾਂ ਬਣਦੀਆਂ।
ਪੈਰ ਤੁਰਦੇ ਤਾਂ ਰਾਹ ਬਣਦੇ, ਸ਼ਾਹ-ਅਸਵਾਰਾਂ ਨੂੰ ਜਨਮ ਦਿੰਦੇ ਜੋ ਸੁਪਨਿਆਂ ਦਾ ਸੱਚ ਹੁੰਦੇ। ਰਾਹਾਂ ‘ਤੇ ਤੁਰਨਾ ਖਾਸ ਨਹੀਂ ਹੁੰਦਾ ਪਰ ਰਾਹ ਸਿਰਜਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਨਰੋਏ ਨਕਸ਼ ਉਲੀਕਣੇ ਹੀ ਸੁੱਚੀ ਕਰਮਯੋਗਤਾ ਹੁੰਦੀ ਜਿਸ ਨੂੰ ਇਤਿਹਾਸ ਸਿਜਦਾ ਕਰਦਾ।
ਪੈਰਾਂ ਵਿਚ ਉਕਰੀਆਂ ਉਦਾਸੀਆਂ ਵਾਲੇ ਬਾਬਾ ਨਾਨਕ ਦੇ ਸਨ ਮਿੱਟੀ-ਘੱਟੇ ਨਾਲ ਅੱਟੇ ਪੈਰ। ਉਨ੍ਹਾਂ ਵਿਚ ਊਬੜ-ਖਾਬੜ ਰਾਹਾਂ ਨੂੰ ਆਪਣੀ ਪੈਰ-ਛੋਹ ਦੇਣ ਦਾ ਵਲਵਲਾ ਹੀ ਸੀ ਕਿ ਉਨ੍ਹਾਂ ਨੇ ਚਾਰ ਉਦਾਸੀਆਂ ਦੌਰਾਨ ਅਜਿਹੇ ਖੇਤਰਾਂ ਵਿਚ ਇਲਾਹੀ ਨੂਰ ਤਰੌਂਕਿਆ ਜਿਸ ਦੀ ਰੌਸ਼ਨੀ ਵਿਚ ਅੱਜ ਵੀ ਮਨੁੱਖਤਾ ਨਹਾ ਰਹੀ ਏ। ਕਰਤਾਰਪੁਰ ਦੇ ਖੇਤਾਂ ਵਿਚ ਹੱਲ ਵਾਹੁੰਦੇ, ਫਟੀਆਂ ਬਿਆਈਆਂ ਵਾਲੇ ਦਰਵੇਸ਼ ਨੂੰ ਦੇਖ ਕੇ ਖੇਤ ਦੇ ਹਰ ਸਿਆੜ ਵਿਚ ਖੁਸ਼ਹਾਲੀ ਉਗਦੀ ਅਤੇ ਕੁਦਰਤ ਸਰਸ਼ਾਰ ਹੁੰਦੀ ਹੋਵੇਗੀ।
ਮਨੁੱਖ, ਕੁਦਰਤ ਦੀ ਅਸੀਮਤਾ ਦਾ ਪਸਾਰ, ਕਾਰੀਗਰੀ ਦਾ ਕਮਾਲ ਅਤੇ ਇਸ ਵਿਚ ਵੱਸਦੀ ਏ ਸੂਖਮ ਸੰਵੇਦਨਾ। ਨੈਣ, ਦੁਨੀਆਂ ਦੇ ਰੰਗ-ਤਮਾਸ਼ਿਆਂ ਦੇ ਨਾਲ-ਨਾਲ ਪੀੜਾ ਨੂੰ ਦੇਖਦੇ। ਕੰਨ, ਹਾਸਿਆਂ ਦੀਆ ਕਿਲਕਾਰੀਆਂ ਦੇ ਨਾਲ ਨਾਲ ਹੂਕ ਭਰੀ ਵੇਦਨਾ ਵੀ ਸੁਣਦੇ। ਮਨੁੱਖੀ ਸੋਚ ਵਿਚ ਸਿੰਮਦੀ ਦਰਦ ਭਿੱਜੀ ਹੂਕ ਅਤੇ ਇਸ ਹੂਕ ਦਾ ਹੁੰਗਾਰਾ ਭਰਨ ਲਈ ਸਾਡੇ ਪੈਰ ਸਾਡੇ ਹਮਰਾਹ ਬਣ ਕੇ ਸਾਨੂੰ ਕਿਸੇ ਦੇ ਅੱਥਰੂ ਪੂੰਝਣ, ਜਖਮ ਸਹਿਲਾਉਣ ਜਾਂ ਕਿਸੇ ਅਬਲਾ-ਨਿਤਾਣੇ ਨੂੰ ਗਲ ਨਾਲ ਲਾਉਣ ਲਈ ਅਹੁਲਦੇ।
ਪੈਰ ਧਰਤੀ ‘ਤੇ ਰੱਖ ਅਤੇ ਅੱਖਾਂ ਰਾਹੀਂ ਅਸਮਾਨ ਨਿਹਾਰਨ ਵਾਲੇ ਲੋਕ ਹੀ ਉਨ੍ਹਾਂ ਪੈੜਾਂ ਦੇ ਜਨਮਦਾਤੇ ਹੁੰਦੇ ਜਿਨ੍ਹਾਂ ‘ਤੇ ਤੁਰਦਿਆਂ, ਮਨੁੱਖ ਸਫਲਤਾ ਦੇ ਸਿਖਰ ‘ਤੇ ਪਹੁੰਚ ਕੇ ਵੀ ਧਰਤੀ ਨਾਲ ਜੁੜਨ ਦਾ ਧਰਮ ਪਾਲਦਾ। ਪਰ ਅਜੋਕੇ ਸਮਿਆਂ ‘ਚ ਬਹੁਤ ਵਿਰਲੇ ਹੀ ਰਹਿ ਗਏ ਨੇ ਅਜਿਹੇ ਦਾਨਸ਼ਵਰ ਕਰਮੀ।
ਕਦੇ ਆਪਣੇ ਬਾਪ ਦੇ ਪੈਰਾਂ ਨੂੰ ਨਿਹਾਰਨਾ ਜਿਨ੍ਹਾਂ ਨੂੰ ਖਾਸ ਮੌਕਿਆਂ ‘ਤੇ ਹੀ ਧੌੜੀ ਦੀ ਜੁੱਤੀ ਨਸੀਬ ਹੁੰਦੀ ਸੀ। ਉਹ ਨੰਗੇ ਪੈਰੀਂ ਹੱਲ, ਖੂਹ ਤੇ ਖਰਾਸ ਵਾਹੁੰਦੇ, ਸਿਰ ‘ਤੇ ਪੱਠੇ ਢੋਂਦੇ, ਵੱਢੀਆਂ ਫਸਲਾਂ ਦੇ ਮੁੱਢ ਅਤੇ ਤਾਜਾ ਵਾਹੇ ਖੇਤ ਦੀਆਂ ਢੀਮਾਂ ਫੇਂਹਦੇ, ਸੱਪਾਂ ਦੀਆਂ ਸਿਰੀਆਂ ਮਿੱਧਦੇ, ਮਿੱਟੀ ਨਾਲ ਮਿੱਟੀ ਬਣੇ, ਧਰਤ ਦੀ ਮਮਤਾਈ ਛੋਹ ਨੂੰ ਮਾਣਦੇ, ਜਿੰਦਗੀ ਨੂੰ ਖੂਬਸੂਰਤੀ ਅਤੇ ਸਹਿ-ਸੀਰਤੀ ਨਾਲ ਭਰਦੇ, ਸਹਿਜ ਤੇ ਸਕੂਨ ਦਾ ਸੁੱਚਾ ਹਰਫ ਹੁੰਦੇ ਸਨ। ਸਾਨੂੰ ਤਾਂ ਨੰਗੇ ਪੈਰੀਂ ਤੁਰਨ ਦਾ ਚੇਤਾ ਹੀ ਭੁੱਲ ਗਿਆ ਏ ਅਤੇ ਸਾਡੇ ਬੱਚਿਆਂ ਨੂੰ ਨੰਗੇ ਪੈਰੀਂ ਤੁਰਦਿਆਂ, ਮਿੱਟੀ ਨਾਲ ਲਿਬੜਨ ਦਾ ਡਰ ਵੀ ਸਤਾਉਣ ਲੱਗ ਪੈਂਦਾ ਏ।
ਪੈਰ-ਪਰਵਾਜ਼, ਪੈਰ-ਪਹਿਲ, ਪੈਰ-ਪਰਿਕਰਮਾ, ਪੈਰ-ਪੁਲਾਂਘ ਅਤੇ ਪੈਰ-ਪਰਿਦਖਣਾ, ਅਕੀਦਤੀ ਕਾਰਜ। ਧਾਰਮਿਕ ਅਸਥਾਨਾਂ ‘ਤੇ ਨੰਗੇ ਪੈਰੀਂ ਨਤਮਸਤਕ ਹੋਣ ਸਮੇਂ, ਸਤਿਕਾਰ ਦੇ ਨਾਲ ਇਹ ਵੀ ਕਾਰਨ ਹੈ ਕਿ ਮਨੁੱਖ ਧਰਤੀ ਨਾਲ ਜੁੜਿਆ, ਮੂਲ ਨੂੰ ਯਾਦ ਰੱਖੇ ਅਤੇ ਇਸ ਤੋਂ ਟੁੱਟਣ ਦੀ ਕੁਤਾਹੀ ਨਾ ਕਰੇ।
ਪੈਰ ਹੀ ਕਿਸੇ ਨੂੰ ਉਡਣਾ ਸਿੱਖ ਬਣਾਉਂਦੇ, ਫੌਜਾ ਸਿੰਘ ਦਾ ਲਕਬ ਮਿਲਦਾ, ਨਵੇਂ ਕੀਰਤੀਮਾਨ ਸਥਾਪਤ ਹੁੰਦੇ। ਪੈਰਾਂ ਦਾ ਛੋਹਲਾਪਣ, ਸੋਚ-ਪਕਿਆਈ ਅਤੇ ਪੰਜਿਆਂ ਦੀ ਮਿੱਟੀ ਨਾਲ ਪਕੜ ਵਿਚੋਂ ਹੀ ਉਗਮਦੀ ਏ ਲਸਾਨੀ ਪ੍ਰਾਪਤੀ ਦੀ ਦਸਤਾਵੇਜ਼।
ਪੈਰਾਂ ‘ਚ ਪਈਆਂ ਬੇੜੀਆਂ, ਫਾਂਸੀ ਦੇ ਰੱਸੇ ਨੂੰ ਚੁੰਮਣ ਦਾ ਉਤਸ਼ਾਹ ਬਣਦੀਆਂ। ਇਨ੍ਹਾਂ ਨਾਲ ਮਨੁੱਖੀ ਮਨ ਦੀ ਉਡਾਣ ਅਤੇ ਸੰਵੇਦਨਾ ਨੂੰ ਕੈਦ ਨਹੀਂ ਕੀਤਾ ਜਾ ਸਕਦਾ। ਅੱਗ ਉਗਲਦੀ ਸੋਚ ਦੇ ਪੈਰਾਂ ਵਿਚ ਜਦ ਕਿੱਲ ਠੋਕੇ ਜਾਂਦੇ ਨੇ ਤਾਂ ਖਲਕਤ ਦੇ ਪੈਰੀਂ ਤੂਫਾਨ ਪੈਦਾ ਹੁੰਦਾ ਜਿਸ ਸਾਹਵੇਂ ਜੁਲਮ ਤੇ ਜਬਰ ਦੀ ਰੇਤਲੀ ਦੀਵਾਰ ਬਹੁਤ ਜਲਦੀ ਢਹਿ-ਢੇਰੀ ਹੋ ਜਾਂਦੀ।
ਕਈ ਵਾਰ ਇਕ ਜਾਂ ਦੋਹਾਂ ਪੈਰਾਂ ਤੋਂ ਵਿਹੂਣੇ ਲੋਕ ਜ਼ਜਬੇ ਅਤੇ ਸਮਰਪਣ ਨਾਲ ਅਜਿਹੇ ਕਾਰਨਾਮਿਆਂ ਨੂੰ ਨਵੀਂਆਂ ਤਸ਼ਬੀਹਾਂ ਦੇ ਜਾਂਦੇ ਕਿ ਮਨੁੱਖ ਉਨ੍ਹਾਂ ਦੀ ਅਜਿਹੀ ਪ੍ਰਾਪਤੀ ਨੂੰ ਨਮਸਕਾਰਨ ਜੋਗਾ ਰਹਿ ਜਾਂਦਾ।
ਪੈਰ ਸਿਰਫ ਤੁਰਨ ਦਾ ਹੀ ਜਰੀਆ ਨਹੀਂ ਹੁੰਦੇ। ਕਈ ਵਾਰ ਹੱਥ-ਵਿਹੂਣੇ ਲੋਕਾਂ ਲਈ ਕਲਮਕਾਰ ਬਣਦੇ, ਬੁਰਸ਼ ਨਾਲ ਕਲਾ-ਨਿਕਾਸ਼ੀ ਕਰਦੇ, ਨ੍ਰਿਤ ਕਰਦਿਆਂ ਨਵੇਂ ਕੀਰਤੀਮਾਨ ਸਥਾਪਤ ਕਰਦੇ ਅਤੇ ਰੋਜ਼ਾਨਾ ਜੀਵਨ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਬਾਖੂਬੀ ਨਿਭਾਉਂਦੇ।
ਜੇਠ ਮਹੀਨੇ ਵਿਚ ਜਦ ਨਿੱਕੇ ਨਿੱਕੇ ਪੈਰ ਤਪਦੀ ਧੁੱਦਲ ਵਿਚ ਸੜਦੇ ਤਾਂ ਬਾਪੂ ਦੇ ਪਰਨੇ ਦੀ ਛਾਂ ਠੰਢਕ ਪਹੁਚਾਉਂਦੀ, ਸੱਸੀ ਦੇ ਪੈਰ ਬਾਲੂ ਰੇਤ ਵਿਚ ਭੁੱਜਦੇ ਤਾਂ ਪੰਨੂ ਨੂੰ ਮਿਲਣ ਦੀ ਤਾਂਗ ਹੋਰ ਤਿਖੇਰੀ ਹੋ ਜਾਂਦੀ, ਚਿਰ-ਵਿਛੁੰਨੇ ਪਿਆਰੇ ਨੂੰ ਮਿਲਣ ਦੀ ਤੀਬਰਤਾ ਮਾਹੀ ਦੇ ਪੈਰਾਂ ਵਿਚ ਛੋਹਲਾਪਣ ਭਰਦੀ ਅਤੇ ਬਾਪ ਨੂੰ ਮਿਲਣਾ ਲੋਚਦੇ ਪਰਦੇਸੀ ਪੁੱਤ ਦੇ ਸੁਪਨਿਆਂ ਵਿਚ ਵੀ ਪੈਰ-ਸਫਰ ਅੰਗੜਾਈ ਭਰਦੇ।
ਪੈਰ, ਅਣਖ ਅਤੇ ਗੈਰਤ ਨੂੰ ਜਿਉਂਦੀ ਰੱਖਣ ਦਾ ਸਬੱਬ ਵੀ ਹੁੰਦੇ। ਸਰਹਿੰਦ ਦੇ ਨਵਾਬ ਨੂੰ ਠੁੱਠ ਦਿਖਾਉਣ ਲਈ ਦਰਬਾਰ ਵਿਚ ਜਾਣ ਸਮੇਂ ਸਾਹਿਬਜ਼ਾਦਿਆਂ ਵਲੋਂ ਪੈਰ ਪਹਿਲਾਂ ਰੱਖਣੇ, ਸਾਹਿਬਜ਼ਾਦਾ ਫਤਿਹ ਸਿੰਘ ਦਾ ਅੱਡੀਆਂ ਚੁੱਕ ਕੇ ਵੀਰੇ ਸੰਗ ਸ਼ਹੀਦ ਹੋਣ ਦਾ ਚਾਅ ਜਾਂ ਨਾਮਧਾਰੀ ਬੱਚੇ ਦਾ ਇੱਟਾਂ ‘ਤੇ ਖੜ ਕੇ ਤੋਪ ਦੇ ਗੋਲੇ ਦੇ ਬਰਾਬਰ ਹੋਣਾ, ਇਤਿਹਾਸ ਦੇ ਅਜਿਹੇ ਸੁਨਹਿਰੀ ਵਰਕੇ ਨੇ ਜਿਨ੍ਹਾਂ ਨੂੰ ਫਰਲੋਦਿਆਂ ਸਿੱਖ ਕੌਮ ਦਾ ਸਿਰ ਫਖਰ ਨਾਲ ਹੋਰ ਉਚਾ ਹੋ ਜਾਂਦਾ ਏ।
ਨਿੱਕਾ ਜਿਹਾ ਬੱਚਾ ਜਦ ਆਪਣੇ ਬਾਪ ਦੇ ਬੂਟਾਂ ਵਿਚ ਪੈਰ ਧਰਦਾ ਏ ਤਾਂ ਉਸ ਦੇ ਮਨ ਵਿਚ ਆਪਣੇ ਬਾਪ ਵਰਗਾ ਬਣਨਾ, ਉਸ ਦੇ ਰਾਹਾਂ ‘ਤੇ ਤੁਰਨ ਅਤੇ ਵਿਲੱਖਣ ਸੁਪਨਿਆਂ ਦੀ ਸਿਰਜਣਾ ਦੇ ਪ੍ਰਤੱਖ ਦੀਦਾਰੇ ਹੁੰਦੇ ਜਿਸ ਨੂੰ ਬਾਪ ਬੜੇ ਮਾਣ ਨਾਲ ਨਿਹਾਰਦਾ।
ਪੈਰ ਜਦ ਕਿਸੇ ਗਿਆਨ ਵਿਹੂਣੇ ਲਈ ਅੱਖਰ-ਗਿਆਨ ਦਾ ਸੰਧਾਰਾ ਲੈ ਕੇ ਜਾਂਦੇ, ਕਿਸੇ ਅਬਲਾ ਦੀ ਪੱਤ ਬਚਾਉਣ ਦਾ ਸਬੱਬ ਬਣਦੇ, ਕਿਸੇ ਨਿਰਦੋਸ਼ ਦੀ ਜਾਨ ਬਚਾਉਣ ਦਾ ਹੀਲਾ ਕਰਦੇ ਜਾਂ ਨਿਰਬਲ ਪੈਰਾਂ ਵਿਚ ਸਫਰ ਕਰਨ ਦਾ ਸਰੋਤ ਬਣਦੇ ਤਾਂ ਇਹ ਪੈਰ ਅਕੀਦਤਯੋਗ ਹੋ ਜਾਂਦੇ, ਜਿਵੇਂ ਇਹ ਪੈਰ ਕਿਸੇ ਰਹਿਬਰ, ਕਰਮਯੋਗੀ, ਸੂਰਬੀਰ, ਸਿਰਲੱਥ ਸੂਰਮੇ ਜਾਂ ਸ਼ਾਹ-ਅਸਵਾਰ ਦੇ ਹੋਣ।
ਜਦ ਇਹ ਪੈਰ ਰਕਾਬ ਵਿਚ ਹੁੰਦੇ ਤਾਂ ਸਰਸਾ ਵੀ ਠਹਿਰ ਜਾਂਦੀ, ਚਮਕੌਰ ਦੀ ਗੜ੍ਹੀ ਵਿਚ ਸੂਰਮਿਆਂ ਦੀ ਲਲਕਾਰ ਬਣਦੇ ਜਾਂ ਜਵਾਨ ਹੋ ਰਹੇ ਪੈਰ ਰਕਾਬ ਵਿਚ ਪੈਣ ਲਈ ਤਰਲੋਮੱਛੀ ਹੁੰਦੇ ਤਾਂ ਸਿੱਖ-ਸ਼ਹਾਦਤਾਂ ਦੇ ਅਰਥ ਅਮਰ ਹੋ ਜਾਂਦੇ।
ਪੈਰ ਜਦ ਧਰਤੀ ਤੋਂ ਰੁੱਸ ਜਾਂਦੇ, ਸਫਰ ਤੋਂ ਘਬਰਾਉਣ ਲੱਗ ਪੈਂਦੇ, ਪੁਲਾਂਘ ਪੁੱਟਣ ਤੋਂ ਡਰਦੇ ਤਾਂ ਨਵੇਂ ਦਿਸਹੱਦਿਆਂ ਦਾ ਝਉਲਾ ਨਾ ਪੈਂਦਾ। ਧਰਤੀ ਨੂੰ ਪੈਰ-ਛੋਹ ਤੋਂ ਵਿਹੂਣਾ ਕਰਕੇ ਅਸੀਂ ਕੀ ਖੱਟਿਆ? ਪੈਰਾਂ ਵਿਚ ਜਿੰਨਾ ਚਿਰ ਸਫਰ ਵੱਸਦਾ ਰਿਹਾ, ਮਨੁੱਖ ਜ਼ਿੰਦਾਦਿਲੀ ਨਾਲ ਜਿਉਂਦਾ ਅਤੇ ਹਰ ਰੰਗ ਵਿਚ ਵੱਸਦਾ ਰਿਹਾ। ਅਜੋਕਾ ਮਨੁੱਖ ਤਾਂ ਮਾਯੂਸੀ ਅਤੇ ਨਿਰਾਸ਼ਾ ਦਾ ਨਾਂ ਬਣ ਕੇ ਰਹਿ ਗਿਆ ਏ।
ਕਦਮ-ਦਰ-ਕਦਮ ਇਕਸਾਰ ਪੈਰ ਟਿਕਾਉਣ ਵਾਲੇ ਜ਼ਾਬਤੇ ਵਿਚ ਬੱਝੇ, ਉਨ੍ਹਾਂ ਦੇ ਜੀਵਨ ਵਿਚ ਇਕਸੁਰਤਾ ਅਤੇ ਇਕਸਾਰਤਾ ਦਾ ਰਾਗ ਅਤੇ ਉਨ੍ਹਾਂ ਦੇ ਮੱਥੇ ‘ਤੇ ਸੰਤੁਲਿਤ ਜੀਵਨ ਜਿਊਣ-ਭਾਗ। ਜੀਵਨ ਦੇ ਚੌਰਾਹੇ ਵਿਚ ਇਕਸਾਰਤਾ ਤੋਂ ਥਿੜਕਣ ਅਤੇ ਗਲਤ ਦਿਸ਼ਾ ਵੱਲ ਪਹਿਲਾ ਕਦਮ ਰੱਖਣ ਵਾਲੇ ਲੋਕਾਂ ਦੇ ਜੀਵਨ ਵਿਚ ਹਮੇਸ਼ਾ ਨੀਰਸਤਾ ਭਾਰੂ ਹੁੰਦੀ।
ਜ਼ਿੰਦਗੀ ਇਕੱਠਿਆਂ ਪੈਰ ਧਰਨ ਦਾ ਕਰਮ, ਸੋਚ ਵਿਚ ਸਾਂਝੇ ਸੁਪਨੇ ਸਜਾਉਣ ਦਾ ਧਰਮ। ਇਸੇ ਲਈ ਤਾਂ ਵਿਆਹ ਮੌਕੇ ਫੇਰਿਆਂ ਦੇ ਸਮੇਂ ਵਿਆਹੁੰਦੜ ਜੋੜੀ ਵਿਚਲਾ ਸਹਿਜ, ਸੰਗੀਤ ਅਤੇ ਸਮ-ਕਦਮੀਂ ਰਸਮਾਂ ਨਿਭਾਉਣਾ, ਸੰਦਲੀ ਰੁੱਤ ਦਾ ਸ਼ੁਭ ਅਰੰਭ ਹੁੰਦਾ ਏ ਜਿਸ ਨੂੰ ਆਪਣੇ ਵਡੇਰਿਆਂ ਦੀਆਂ ਅਸੀਸਾਂ ਅਤੇ ਰਹਿਬਰਾਂ ਦੀਆਂ ਦੁਆਵਾਂ ਮਿਲਦੀਆਂ ਨੇ।
ਫਟੀਆਂ ਬਿਆਈਆਂ, ਜੰਮੀਂ ਧੂੜ ਅਤੇ ਥਕਾਵਟ ਵਿਚ ਚੂਰ ਹੋਏ ਪੈਰ, ਜਦ ਕੋਸੇ ਕੋਸੇ ਲੂਣੇ ਪਾਣੀ ਵਿਚ ਸਹਿਲਾਏ ਜਾਂਦੇ ਤਾਂ ਇਨ੍ਹਾਂ ਵਿਚ ਤਾਜਗੀ ਅਤੇ ਉਦਮ ਦਾ ਨਵਾਂ ਜੋਸ਼ ਪੈਦਾ ਹੁੰਦਾ ਜਿਸ ਨਾਲ ਨਵੇਂ ਰਾਹਾਂ, ਸਿਆੜਾਂ ਅਤੇ ਪਗਡੰਡੀਆਂ ਨੂੰ ਮਾਨਵੀ ਛੋਹ ਦਾ ਸਰੂਰ ਹਾਸਲ ਹੁੰਦਾ।
ਕਿਸੇ ਦੇ ਪੈਰ ਪਕੜਨਾ, ਕੀਤੀਆਂ ਖੁਨਾਮੀਆਂ, ਕੁਤਾਹੀਆਂ ਤੇ ਗਲਤੀਆਂ ਦੀ ਮੁਆਫੀ-ਜਾਚਨਾ ਵੱਡਾ ਕਰਮ ਹੁੰਦਾ। ਪੈਰ ਪੈਰ ‘ਤੇ ਮੁੱਕਰਨਾ, ਬੇਇਤਬਾਰੀ ਦੀ ਸਾਖਸ਼ਾਤ ਗਵਾਹੀ। ਪੈਰ ਪੈਰ ‘ਤੇ ਝੂਠ ਬੋਲਣਾ, ਆਪਣੇ ਆਪ ਤੋਂ ਮੁੱਨਕਰੀ। ਪਿਛਾਂਹ ਪੈਰ ਧਰਨ ਵਾਲਿਆਂ ਤੋਂ ਕਿਤੇ ਪਹੁੰਚਣ ਦੀ ਕਾਹਦੀ ਆਸ। ਪੈਰੀਂ ਹੱਥ ਲਾਉਣਾ, ਬਜੁਰਗਾਂ ਦੀਆਂ ਅਸੀਸਾਂ ਤੇ ਦੁਆ-ਬੰਦਗੀ। ਪੈਰੀਂ ਪੈਣਾ, ਵਡੇਰਿਆਂ ਦੇ ਅਦਬ ਤੇ ਸਤਿਕਾਰ ਵਿਚੋਂ ਖੁਦ ਦੀ ਪੁਨਰ-ਸਿਰਜਣਾ ਅਤੇ ਦਾਨਾਈ-ਸੋਚ ਨੂੰ ਨਿਉਂਦਾ। ਕਿਸੇ ਦੇ ਚਰਨ ਧੋਣਾ, ਆਪਣੇ ਮਨ ਨੂੰ ਸਾਦਗੀ ਤੇ ਅਰਾਧਨਾ ਸੰਗ ਰਹਿਬਰ ਦੀ ਚਰਨ-ਬੰਦਨਾ, ਪੈਰ ਧੋ ਕੇ ਕਿਸੇ ਧਾਰਮਿਕ ਅਸਥਾਨ ਵਿਚ ਅਕੀਦਤ ਲਈ ਜਾਣਾ, ਆਪਣੀ ਬਾਹਰੀ ਮੈਲ ਨੂੰ ਉਤਾਰ ਕੇ ਅੰਤਰੀਵੀ ਗੰਦਗੀ ਨੂੰ ਧੋਣ ਦਾ ਉਪਰਾਲਾ ਅਤੇ ਚਰਨਾਮਿੱਤ ਪੀਣ ਵਾਲੀ ਸੋਚ, ਕਿਸੇ ਫੱਕਰ-ਪੈਰਾਂ ਦੀ ਮੈਲ ‘ਚੋਂ ਇਨਸਾਨੀਅਤ-ਮਾਰਗੀ ਬਣਨ ਦਾ ਸਬੱਬ।
ਪੈਰ, ਜਿਸਮ ਦਾ ਭਾਰ ਢੋਂਦੇ, ਹਮੇਸ਼ਾ ਸ਼ੁਕਰ-ਗੁਜਾਰੀ ਵਿਚ ਧਰਤੀ ਨੂੰ ਨਮਸਕਾਰਦੇ, ਆਪਣੀ ਤੋਰ ਵਿਚ ਮਸਰੂਫ ਰਹਿੰਦੇ। ਮੱਥੇ ‘ਤੇ ਊਦੈਮਾਨ ਹੋਏ ਸੂਰਜਾਂ ਦੀ ਕਹਾਣੀ ਦੇ ਰਚਨਹਾਰੇ ਤਾਂ ਪੈਰ ਹੀ ਹੁੰਦੇ ਜੋ ਸਾਨੂੰ ਮੰਜ਼ਿਲਾਂ ‘ਤੇ ਲੈ ਕੇ ਜਾਂਦੇ।
ਪੈਰਾਂ ਲਈ ਧਰਤੀ ਦਾ ਸਾਥ ਸਭ ਤੋਂ ਉਤਮ ਅਤੇ ਅਟੁੱਟ। ਇਸ ਤੋਂ ਦੂਰੀ ਅਸਹਿ। ਕਦੇ ਡੂੰਘੇ ਪਾਣੀਆਂ ‘ਚ ਗੋਤੇ ਖਾਂਦਿਆਂ, ਪੈਰਾਂ ਲਈ ਠੋਸ ਧਰਾਤਲ ਭਾਲਣਾ ਜਾਂ ਅੰਬਰੀਂ ਛਾਲ ਸਮੇਂ ਪੈਰ-ਠਾਹਰ ਲਈ ਕਿਆਸਣਾ, ਤੁਹਾਨੂੰ ਧਰਤ-ਛੋਹ ਦੀ ਅਹਿਮੀਅਤ ਦਾ ਕਿਆਸ ਹੋ ਜਾਵੇਗਾ?
ਪੈਰ ਪਰਿਕਰਮਾ ਕਰਦੇ ਤਾਂ ਅਸੀਂ ਨਤਮਸਤਕ ਹੁੰਦੇ, ਪੈਰਾਂ ਰਾਹੀਂ ਇਲਾਹੀ ਛੋਹ ਨੂੰ ਮਾਣਦੇ ਅਗੰਮੀ ਨੂਰ ਅਤੇ ਨਿਮਰਤਾ ਵਿਚ ਲਿਪਤ ਹੁੰਦੇ। ਪੈਰਾਂ ਦੇ ਬਲਿਹਾਰੇ ਜਾਂਦੇ ਅਤੇ ਕਿਸੇ ਵੀ ਸ਼ੁਭ ਕਾਰਜ ਤੋਂ ਪਹਿਲਾਂ ਇਨ੍ਹਾਂ ਦੀ ਪਾਕੀਜ਼ਗੀ ਦਾ ਖਾਸ ਖਿਆਲ ਰੱਖਦੇ।
ਕੁਝ ਲੋਕ ਪੈਰਾਂ ਨੂੰ ਜੁੱਤੀ ਨਸੀਬ ਨਾ ਹੋਣ ‘ਤੇ ਜਿੰਦਗੀ ਨੂੰ ਉਲਾਹਮਾ ਕਹਿੰਦੇ ਪਰ ਕੁਝ ਪੈਰ-ਵਿਹੂਣੇ ਲੋਕ ਸ਼ੁਕਰਗੁਜਾਰੀ ਵਿਚ ਜੀਵਨ ਦੇ ਹਰ ਪਲ ਨੂੰ ਯਾਦਗਾਰੀ ਪਲ ਦਾ ਦਰਜਾ ਦਿੰਦੇ।
ਸੋਚ ਸਮਝ ਕੇ ਪੈਰ ਟਿਕਾਉਣ ਵਾਲੇ ਲੋਕ ਸਾਬਤ ਕਦਮੀਂ ਤੁਰਦੇ, ਮੁਸ਼ਕਲਾਂ ਨਾਲ ਬਰ ਮੇਚਦੇ, ਸਫਲਤਾ ਦਾ ਨਵਾਂ ਵਰਕਾ ਬਣਦੇ। ਅਜਿਹੇ ਲੋਕਾਂ ਦੇ ਪੈਰਾਂ ਵਿਚ ਥਿੜਕਣ ਦਾ ਨਾਮੋ-ਨਿਸ਼ਾਨ ਵੀ ਨਹੀਂ ਹੁੰਦਾ।
ਕਦੇ ਕਦਾਈਂ ਬੱਚਿਆਂ ਨੂੰ ਨੰਗੇ ਪੈਰੀਂ ਫਿਰਨ ਦਿਓ, ਆਪ ਵੀ ਨੰਗੇ ਪੈਰੀਂ ਧਰਤ ਦੇ ਪਿੰਡੇ ਨੂੰ ਸਹਿਲਾਓ, ਹਰੇ ਕਚੂਰ ਘਾਹ ਨਾਲ ਖੁਦ ਨੂੰ ਲਰਜਾਓ ਅਤੇ ਮਨ ਦੀ ਬੀਹੀ ਰਾਹੀਂ ਕੁਦਰਤ ਨਾਲ ਸਾਂਝ ਪਾਓ। ਧਰਤ ਨੂੰ ਬਹੁਤ ਚੰਗਾ ਲੱਗਦਾ ਹੈ, ਉਸ ਦੇ ਜੀਵਾਂ ਦਾ ਉਸ ਨਾਲ ਮੋਹ ਜਿਤਾਉਣਾ। ਸਿਰਫ ਮਨੁੱਖ ਹੀ ਅਜਿਹਾ ਜੀਵ ਹੈ ਜੋ ਆਪਣੇ ਆਪ ਨੂੰ ਅਤਿ-ਅਧੁਨਿਕ ਸਮਝ ਕੇ ਧਰਤ-ਛੋਹ ਤੋਂ ਕੋਫਤ ਕਰਨ ਲੱਗ ਪਿਆ ਏ।
ਪੈਰਾਂ ‘ਚ ਮਟਕੀਲੀ ਤੋਰ, ਬੋਚ ਬੋਚ ਕੇ ਪੱਬ ਧਰਨ ਦੀ ਅਦਾ, ਪੈਰ ਟਿਕਾਉਣ ਵਿਚਲੀ ਨਜ਼ਾਕਤ, ਪੱਬਾਂ ਦੀ ਸ਼ਫਾਕਤ ਅਤੇ ਪੈਰਾਂ ਨਾਲ ਚੱਲ ਕੇ ਕੀਤੀ ਇਬਾਦਤ, ਜੀਵਨ ਦਾ ਸਭ ਤੋਂ ਵੱਡਾ ਸਰਮਾਇਆ।
ਗੁਰੂਆਂ, ਮਾਪਿਆਂ, ਬਜੁਰਗਾਂ ਦੇ ਚਰਨ ਧੋ ਕੇ ਪੀਣ ਵਾਲੇ ਲੋਕ ਮਾਨਵੀ-ਤਾਰੇ ਹੁੰਦੇ ਜਿਨ੍ਹਾਂ ਦੇ ਕੀਰਤੀਮਾਨਾਂ ‘ਤੇ ਅੰਬਰ ਨੂੰ ਵੀ ਮਾਣ ਹੁੰਦਾ।
ਪੈਰ ਮਨੁੱਖੀ ਸਰੀਰ ਦਾ ਸਭ ਤੋਂ ਨਿਮਾਣਾ ਅੰਗ। ਮਨੁੱਖੀ ਜਿਸਮ ਦਾ ਭਾਰ ਢੋਂਦਾ, ਇਸ ਦੀਆਂ ਤਰਕੀਬਾਂ ਤੇ ਤਦਬੀਰਾਂ ਨੂੰ ਪੈੜਚਾਲ ਦਿੰਦਾ ਅਤੇ ਧਰਤ ਦੀ ਸਾਂਝ ਵਿਚੋਂ ਸੁਖਨ ਦਾ ਸਬਕ ਪੜ੍ਹਦਾ ਰਹਿੰਦਾ।
ਪੈਰ ਨੂੰ ਪੈਰ ਹੀ ਨਾ ਸਮਝੋ, ਪੈਰਾਂ ਵਰਗਾ ਬਣਨਾ ਲੋਚੋ, ਪੈਰਾਂ ਦੀ ਅਕੀਦਤ ਰਾਹੀਂ ਜੀਣ-ਫਲਸਫਾ ਸੋਚੋ। ਪੈਰਾਂ ਦੇ ਵਿਚ ਉਗਦੇ ਪੈਂਡੇ ਤੇ ਰਾਹਾਂ ਦੇ ਸਿਰਨਾਵੇਂ, ਪੈਰ ਹੀ ਪੂਜਣਯੋਗ ਬਣਾਉਂਦੇ ਜੋ ਸਨ ਕਦੇ ਨਿਥਾਵੇਂ। ਪੈਰ-ਪਾਕੀਜ਼ਗੀ ਪਾਵਣ ਲੱਗਿਆਂ ਪੈਰਾਂ ਨੂੰ ਹੱਥ ਲਾਓ, ਮਨ-ਮੁਰਾਦਾਂ ਅਤੇ ਅਸੀਸਾਂ ਖਾਲੀ ਝੋਲੀ ਪਾਓ। ਪੈਰ-ਪਾਠ ਦੇ ਹਰ ਹਰਫ ਨੂੰ ਜਿਸ ਨੇ ਮਨੀਂ ਵਸਾਇਆ, ਉਸ ਨੇ ਜੀਵਨ-ਮਾਰਗ ‘ਤੇ ਤੁਰਦਿਆਂ ਮਨ ਚਾਹਿਆ ਫਲ ਪਾਇਆ।
ਕਦੇ ਆਪਣੇ ਬਜੁਰਗਾਂ, ਅਧਿਆਪਕਾਂ, ਰਹਿਬਰਾਂ ਦੇ ਪੈਰਾਂ ਵਰਗੇ ਬਣਨ ਦਾ ਮਨ ਵਿਚ ਧਰਨਾ, ਜੀਵਨ-ਰਾਹਾਂ ਤੁਹਾਡੀ ਆਰਤੀ ਉਤਰਨਗੀਆਂ ਜਿਸ ਦੇ ਦੂਧੀਆ ਚਾਨਣ ਵਿਚ ਮਹਿਨਾਜ਼-ਮੰਜ਼ਿਲਾਂ ਰੁਸ਼ਨਾਉਣਗੀਆਂ।
ਆਮੀਨ।