ਪ੍ਰਿੰæ ਸਰਵਣ ਸਿੰਘ
ਏਥਨਜ਼-1896 ਦੀਆਂ ਪਹਿਲੀਆਂ ਓਲੰਪਿਕ ਖੇਡਾਂ ਦੇ ਉਦਘਾਟਨ ਸਮੇਂ ਬੱਦਲੀਆਂ ਉਮਡ ਆਈਆਂ ਸਨ। ਰੀਓ-2016 ਦੀਆਂ 31ਵੀਆਂ ਓਲੰਪਿਕ ਖੇਡਾਂ ਦੇ ਸਮਾਪਤੀ ਸਮਾਰੋਹ ‘ਤੇ ਬੱਦਲਾਂ ਨੇ ਬਰਸ ਕੇ ਹਾਜ਼ਰੀ ਲਵਾਈ। 120 ਸਾਲ ਦੇ ਅਰਸੇ ਦੌਰਾਨ 1916, 40 ਤੇ 44 ਦੀਆਂ ਖੇਡਾਂ ਵਿਸ਼ਵ ਜੰਗਾਂ ਕਾਰਨ ਨਹੀਂ ਹੋ ਸਕੀਆਂ। 1980 ਤੇ 84 ਦੀਆਂ ਖੇਡਾਂ ਪਹਿਲਾਂ ਅਮਰੀਕੀ ਗੁੱਟ ਤੇ ਪਿੱਛੋਂ ਸੋਵੀਅਤ ਰੂਸੀ ਗੁੱਟ ਦੇ ਬਾਈਕਾਟ ਕਾਰਨ ਅਧੂਰੀਆਂ ਰਹੀਆਂ। ਮਿਊਨਿਖ-72 ਦੀਆਂ ਖੇਡਾਂ ‘ਚ ਫਸਲਤੀਨੀ ਗੁਰੀਲਿਆਂ ਨੇ ਕੁਝ ਇਸਰਾਈਲੀ ਖਿਡਾਰੀ ਮਾਰ ਦਿੱਤੇ। ਓਲੰਪਿਕ ਖੇਡਾਂ ਵਿਚ ਕਦੇ ਪਾਵੋ ਨੁਰਮੀ ਦੀ ਗੁੱਡੀ ਚੜ੍ਹੀ, ਕਦੇ ਜੈਸੀ ਓਵੇਂਸ, ਕਦੇ ਲਾਰੀਸਾ ਲਤੀਨੀਨਾ, ਕਦੇ ਮਾਰਕ ਸਪਿਟਜ਼, ਕਦੇ ਕਾਰਲ ਲਿਊਸ, ਕਦੇ ਮਾਈਕਲ ਫੈਲਪਸ ਅਤੇ ਕਦੇ ਓਸੈਨ ਬੋਲਟ ਦੀ।
ਆਧੁਨਿਕ ਓਲੰਪਿਕ ਖੇਡਾਂ 1896 ‘ਚ ਏਥਨਜ਼, 1900 ਪੈਰਿਸ, 04 ਸੇਂਟ ਲੂਈਸ, 08 ਲੰਡਨ, 12 ਸਟਾਕਹੋਮ, 20 ਐਂਟਵਰਪ, 24 ਪੈਰਿਸ, 28 ਐਮਸਟਰਡਮ, 32 ਲਾਸ ਏਂਜਲਸ ਤੇ 36 ਬਰਲਿਨ ‘ਚ ਹੋਈਆਂ। 48 ਲੰਡਨ, 52 ਹੈਲਸਿੰਕੀ, 56 ਮੈਲਬੌਰਨ, 60 ਰੋਮ, 64 ਵਿਚ ਪਹਿਲੀ ਵਾਰ ਏਸ਼ੀਆ ਦੇ ਸ਼ਹਿਰ ਟੋਕੀਓ, 68 ਮੈਕਸੀਕੋ, 72 ਮਿਊਨਿਖ, 76 ਮੌਂਟਰੀਅਲ, 80 ਮਾਸਕੋ, 84 ਲਾਸ ਏਂਜਲਸ, 88 ਸਿਓਲ, 92 ਬਾਰਸੀਲੋਨਾ, 1996 ਐਟਲਾਂਟਾ ਅਤੇ ਸੰਨ 2000 ਦੀਆਂ ਸਿਡਨੀ, 04 ਏਥਨਜ਼, 08 ਬੀਜਿੰਗ, 12 ਲੰਡਨ ਤੇ 2016 ਦੀਆਂ ਖੇਡਾਂ ਰੀਓ ਵਿਚ ਹੋਈਆਂ।
ਰੀਓ ਦੀਆਂ ਓਲੰਪਿਕ ਖੇਡਾਂ ਵਿਚ 207 ਦੇਸ਼ਾਂ ਦੇ 11303 ਖਿਡਾਰੀਆਂ ਨੇ ਭਾਗ ਲਿਆ। 28 ਸਪੋਰਟਸ ਦੇ 306 ਈਵੈਂਟਾਂ ਵਿਚ ਸਭ ਤੋਂ ਵੱਧ 47 ਗੋਲਡ ਮੈਡਲ ਅਥਲੈਟਿਕਸ ਦੇ, 34 ਤੈਰਾਕੀ ਦੇ, 18 ਕੁਸ਼ਤੀ ਦੇ, 15 ਸ਼ੂਟਿੰਗ ਦੇ, 15 ਵੇਟਲਿਫਟਿੰਗ ਦੇ, 14 ਜੂਡੋ ਦੇ ਤੇ 14 ਆਰਟਿਸਟਿਕ ਜਿਮਨਾਸਟਿਕਸ ਦੇ ਸਨ। ਕੈਨੋਇੰਗ ਦੇ 16, ਰੋਇੰਗ 14, ਬਾਕਸਿੰਗ 13 ਤੇ ਸੇਲਿੰਗ ਦੇ 10 ਮੈਡਲ ਸੈੱਟ ਸਨ। ਖੇਡ ਮੁਕਾਬਲੇ 37 ਸਟੇਡੀਅਮਾਂ ਤੇ ਖੇਡ ਭਵਨਾਂ ਵਿਚ ਹੋਏ। ਅਥਲੈਟਿਕਸ ਦੇ ਵਧੇਰੇ ਮੈਡਲ ਅਮਰੀਕਾ ਨੇ ਜਿੱਤੇ। ਤੈਰਾਕੀ ਵਿਚ ਵੀ ਅਮਰੀਕਾ ਦੀ ਝੰਡੀ ਰਹੀ। ਕੁਸ਼ਤੀਆਂ ਵਿਚ ਰੂਸੀ ਪਹਿਲਵਾਨ ਭਾਰੂ ਰਹੇ। ਤੀਰਅੰਦਾਜ਼ੀ ਦੇ ਚਾਰੇ ਤਮਗੇ ਕੋਰੀਆ ਨੇ ਜਿੱਤੇ। ਜਿਮਨਾਸਟਿਕਸ ਵਿਚ ਪਹਿਲੇ ਨੰਬਰ ‘ਤੇ ਅਮਰੀਕਾ ਰਿਹਾ, ਦੂਜੇ ਨੰਬਰ ‘ਤੇ ਬਰਤਾਨੀਆ। ਬੈਡਮਿੰਟਨ ਵਿਚ ਚੀਨ ਤੇ ਜਪਾਨ ਨੇ ਵੱਧ ਮੈਡਲ ਜਿੱਤੇ। ਜੂਡੋ ‘ਚ ਜਪਾਨ, ਬੌਕਸਿੰਗ ਵਿਚ ਉਜ਼ਬੇਕਿਸਤਾਨ ਤੇ ਕਿਊਬਾ, ਕਨੋਇੰਗ ਵਿਚ ਜਰਮਨੀ ਤੇ ਹੰਗਰੀ, ਸਾਈਕਲਿੰਗ ਵਿਚ ਬਰਤਾਨੀਆ ਤੇ ਨੀਦਰਲੈਂਡ, ਡਾਈਵਿੰਗ ਵਿਚ ਚੀਨ, ਘੋੜਸਵਾਰੀ ਵਿਚ ਫਰਾਂਸ ਤੇ ਜਰਮਨੀ, ਤੇਗਬਾਜ਼ੀ ‘ਚ ਰੂਸ ਤੇ ਹੰਗਰੀ, ਸ਼ੂਟਿੰਗ ਵਿਚ ਇਟਲੀ ਤੇ ਜਰਮਨੀ ਅਤੇ ਟੇਬਲ ਟੈਨਿਸ, ਵੇਟ-ਲਿਫਟਿੰਗ ਤੇ ਟੀਕਵੋਂਡੋ ‘ਚ ਚੀਨ ਨੇ ਵਧੇਰੇ ਤਮਗੇ ਜਿੱਤੇ। ਫੁੱਟਬਾਲ ਵਿਚ ਬ੍ਰਾਜ਼ੀਲ ਤੇ ਹਾਕੀ ਵਿਚ ਅਰਜਨਟੀਨਾ ਜੇਤੂ ਰਹੇ। ਕੁਲ 307 ਗੋਲਡ, 307 ਸਿਲਵਰ ਤੇ 360 ਬਰਾਂਜ਼ ਮੈਡਲ ਸਨ। ਹਰ ਮੈਡਲ ਦਾ ਵਜ਼ਨ 500 ਗਰਾਮ ਸੀ।
ਲੰਡਨ ਦੀਆਂ ਓਲੰਪਿਕ ਖੇਡਾਂ ਵਿਚ 204 ਮੁਲਕਾਂ ਦੇ 10,820 ਖਿਡਾਰੀਆਂ ਨੇ ਹਿੱਸਾ ਲਿਆ ਸੀ। ਮੁਕਾਬਲੇ ਲਈ 26 ਸਪੋਰਟਸ ਦੇ 39 ਡਿਸਿਪਲਿਨ ਤੇ 302 ਈਵੈਂਟ ਸਨ। 302 ਸੋਨੇ, 304 ਚਾਂਦੀ ਤੇ 356 ਤਾਂਬੇ ਦੇ ਤਮਗੇ ਜੇਤੂਆਂ ਦੇ ਗਲੀਂ ਪਏ। 962 ਤਮਗਿਆਂ ਵਿਚੋਂ 54 ਮੁਲਕ ਸੋਨੇ ਤੇ 85 ਮੁਲਕ ਚਾਂਦੀ ਜਾਂ ਤਾਂਬੇ ਦੇ ਤਮਗੇ ਹਾਸਲ ਕਰ ਸਕੇ। 119 ਮੁਲਕ ਖਾਲੀ ਹੱਥ ਰਹੇ। 2008 ਵਿਚ ਬੀਜਿੰਗ ਦੀਆਂ ਓਲੰਪਿਕ ਖੇਡਾਂ ਵਿਚੋਂ 86 ਮੁਲਕ ਇਕ ਜਾਂ ਵੱਧ ਮੈਡਲ ਜਿੱਤੇ ਸਨ ਜਦ ਕਿ 118 ਮੁਲਕ ਕੋਈ ਵੀ ਮੈਡਲ ਨਹੀਂ ਸੀ ਜਿੱਤ ਸਕੇ।
ਰੀਓ ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਭਾਰਤ ਦੇ ਦਾਅਵੇ ਬਹੁਤ ਵੱਡੇ ਸਨ ਪਰ ਨਤੀਜੇ ਨਮੋਸ਼ੀ ਭਰੇ ਨਿਕਲੇ। ਦੇਸ਼ ਦੀ ਆਬਾਦੀ ਹੈ ਸਵਾ ਸੌ ਕਰੋੜ ਤੇ ਓਲੰਪਿਕ ਮੈਡਲ ਜਿੱਤੇ ਹਨ ਕੇਵਲ ਦੋ! ਉਨ੍ਹਾਂ ਵਿਚ ਵੀ ਗੋਲਡ ਮੈਡਲ ਕੋਈ ਨਹੀਂ। ਉਂਜ ‘ਭਾਰਤ ਮਹਾਨ’ ਦੇ ਪਾਠਾਂ ਨਾਲ ਸਕੂਲਾਂ ਦੀਆਂ ਪਾਠ ਪੁਸਤਕਾਂ ਭਰੀਆਂ ਪਈਆਂ ਹਨ। 1896 ਤੋਂ ਹੁਣ ਤਕ 28 ਵਾਰ ਓਲੰਪਿਕ ਖੇਡਾਂ ਹੋਈਆਂ ਹਨ। ਅਮਰੀਕਾ ਦੇ ਇਕੋ ਤੈਰਾਕ ਮਾਈਕਲ ਫੈਲਪਸ ਨੇ 28 ਮੈਡਲ ਜਿੱਤ ਵਿਖਾਏ ਹਨ ਜਦ ਕਿ ਭਾਰਤ ਦੇ ਸਾਰੇ ਖਿਡਾਰੀ ਸਾਰੀਆਂ ਓਲੰਪਿਕ ਖੇਡਾਂ ‘ਚੋਂ ਮਸੀਂ 28 ਮੈਡਲ ਜਿੱਤ ਸਕੇ ਹਨ। ਸੁਆਲ ਹੈ, ਜੇ ਮਾਈਕਲ ਫੈਲਪਸ ਭਾਰਤ ਵਿਚ ਜੰਮਿਆ ਹੁੰਦਾ ਤਾਂ ਕੀ ਹੁੰਦਾ? ਜਵਾਬ ਹੈ ਭਾਰਤ ਦੇ 28+28=56 ਮੈਡਲ ਹੋ ਜਾਂਦੇ ਜਾਂ ਭਾਰਤੀ ਅਧਿਕਾਰੀ ਉਹਨੂੰ ਵੀ ਲੈ ਬਹਿੰਦੇ!
ਚੀਨ ਤੇ ਕੋਰੀਆ 1951 ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਸਮੇਂ ਭਾਰਤ ਤੋਂ ਪਿੱਛੇ ਸਨ ਜੋ ਹੁਣ ਕਿਤੇ ਅੱਗੇ ਨਿਕਲ ਗਏ ਹਨ। ਭਾਰਤ ਹੀ ਹੈ ਜੋ ਅੱਗੇ ਵਧਦਾ ਪਿੱਛੇ ਮੁੜਿਆ। ਭਾਰਤ ਨੇ ਬੀਜਿੰਗ ਤੋਂ 3 ਮੈਡਲ ਜਿੱਤੇ ਸਨ, ਲੰਡਨ ਤੋਂ 6 ਪਰ ਰੀਓ ਤੋਂ 2 ਹੀ ਜਿੱਤ ਸਕਿਆ ਹੈ। ਬ੍ਰਿਟਿਸ਼ ਇੰਡੀਆ ਤੇ ਆਜ਼ਾਦ ਭਾਰਤ ਨੇ ਓਲੰਪਿਕ ਖੇਡਾਂ ‘ਚੋਂ 9 ਗੋਲਡ, 7 ਸਿਲਵਰ ਤੇ 12 ਬਰਾਂਜ਼ ਮੈਡਲ ਜਿੱਤੇ ਹਨ। ਗੋਲਡ ਮੈਡਲਾਂ ਵਿਚ 8 ਹਾਕੀ ਦੇ ਹਨ ਤੇ ਇਕ ਸ਼ੂਟਿੰਗ ਦਾ। ਸਿਲਵਰ ਤੇ ਬਰਾਂਜ ਮੈਡਲ ਹਾਕੀ, ਸ਼ੂਟਿੰਗ, ਕੁਸ਼ਤੀ, ਮੁੱਕੇਬਾਜ਼ੀ, ਟੈਨਿਸ, ਵੇਟਲਿਫਟਿੰਗ ਤੇ ਬੈਡਮਿੰਟਨ ਦੇ ਹਨ।
ਚੀਨ ਨੇ ਬੜੀਆਂ ਘੱਟ ਓਲੰਪਿਕ ਖੇਡਾਂ ‘ਚ ਭਾਗ ਲਿਆ ਹੈ। ਫਿਰ ਵੀ ਉਸ ਦੇ ਓਲੰਪਿਕ ਤਮਗਿਆਂ ਦੀ ਗਿਣਤੀ 543 ਹੋ ਗਈ ਹੈ। ਜਪਾਨ 439 ਤਮਗਿਆਂ ਤਕ ਪੁੱਜ ਗਿਐ ਤੇ ਦੱਖਣੀ ਕੋਰੀਆ 264 ਤਕ। ਤਿੰਨ ਕਰੋੜ ਲੋਕਾਂ ਦੇ ਮੁਲਕ ਕੈਨੇਡਾ ਨੇ 301 ਮੈਡਲ ਜਿੱਤੇ ਹਨ। ਭਾਰਤੀ ਪਿਛੋਕੜ ਦੇ ਵੀਹ ਤੋਂ ਵੱਧ ਸਿਆਸਤਦਾਨ ਕੈਨੇਡਾ ਦੇ ਪਾਰਲੀਮੈਂਟ ਮੈਂਬਰ ਤੇ ਪ੍ਰੀਮੀਅਰ ਦੀਆਂ ਪਦਵੀਆਂ ਤਕ ਤਾਂ ਪੁੱਜ ਗਏ ਹਨ ਪਰ ਓਲੰਪਿਕ ਮੈਡਲਾਂ ਵੱਲ ਕੋਈ ਨਹੀਂ ਵਧਿਆ। ਭਾਰਤੀ ਪਰਵਾਸੀਆਂ ਨੇ ਬਰਤਾਨੀਆ, ਅਮਰੀਕਾ, ਆਸਟ੍ਰੇਲੀਆ ਜਾਂ ਕਿਸੇ ਵੀ ਹੋਰ ਦੇਸ਼ ਵੱਲੋਂ ਕਦੇ ਕੋਈ ਓਲੰਪਿਕ ਤਮਗਾ ਨਹੀਂ ਜਿੱਤਿਆ। ਬਰਤਾਨੀਆ ਦੇ ਓਲੰਪਿਕ ਮੈਡਲਾਂ ਦੀ ਗਿਣਤੀ 847 ਹੋ ਗਈ ਹੈ। ਅਮਰੀਕਾ ਨੇ 2520, ਰੂਸ 1584, ਜਰਮਨੀ 1362, ਫਰਾਂਸ 713 ਤੇ ਇਟਲੀ ਨੇ 577 ਮੈਡਲ ਜਿੱਤੇ ਹਨ। 27 ਲੱਖ ਦੀ ਆਬਾਦੀ ਵਾਲੇ ਜਮਾਇਕਾ ਨੇ 14 ਓਲੰਪਿਕ ਚੈਂਪੀਅਨ ਪੈਦਾ ਕੀਤੇ ਹਨ ਜਿਨ੍ਹਾਂ ਵਿਚ 9 ਸੋਨ ਤਮਗੇ ਜਿੱਤਣ ਵਾਲਾ ਓਸੈਨ ਬੋਲਟ ਵੀ ਹੈ। ਨਿੱਕੇ ਨਿੱਕੇ ਮੁਲਕਾਂ ਵੱਲੋਂ ਜਿੱਤੇ ਸੈਂਕੜੇ ਤਮਗਿਆਂ ਦੀ ਗਿਣਤੀ ਦੇ ਮੁਕਾਬਲੇ ਭਾਰਤੀਆਂ ਦਾ ਸਿਰਫ 28 ਮੈਡਲਾਂ ਤਕ ਸੀਮਤ ਰਹਿ ਜਾਣਾ ਰੜਕਦਾ ਹੈ। ਜਿਹੜੇ ਇਸੇ ਗੱਲੋਂ ਖੁਸ਼ ਹਨ ਕਿ ਭਾਰਤ ਦੇ ਮੁਕਾਬਲੇ ਪਾਕਿਸਤਾਨ ਦੇ ਸਿਰਫ 10 ਮੈਡਲ ਹੀ ਹਨ ਉਨ੍ਹਾਂ ਨੂੰ ਵਧਾਈਆਂ ਦੇਈਏ ਕਿ ਦੁਹਾਈਆਂ?
ਪਹਿਲਾਂ ਕਿਸੇ ਦੇਸ਼ ਦੇ ਤਕੜੇ-ਮਾੜੇ ਹੋਣ ਦਾ ਪਤਾ ਲੜਾਈ ਦੇ ਮੈਦਾਨ ਵਿਚ ਲੱਗਦਾ ਸੀ। ਹੁਣ ਤਕੜੇ-ਮਾੜੇ ਦਾ ਪਤਾ ਖੇਡਾਂ ਦੇ ਮੈਦਾਨ ਵਿਚ ਲੱਗਦਾ ਹੈ। ਭਾਰਤ ਪਹਿਲਾਂ ਹਾਕੀ ਦੀ ਖੇਡ ਵਿਚ ਤਮਗਾ ਜਿੱਤਦਾ ਸੀ ਜੋ 1980 ਪਿੱਛੋਂ ਕਦੇ ਹੱਥ ਨਾ ਆਇਆ। ਬੀਜਿੰਗ ਦੀਆਂ ਓਲੰਪਿਕ ਖੇਡਾਂ ‘ਚ ਭਾਰਤ ਦੀ ਹਾਕੀ ਟੀਮ ਕੁਆਲੀਫਾਈ ਵੀ ਨਹੀਂ ਸੀ ਕਰ ਸਕੀ। ਲੰਡਨ ਓਲੰਪਿਕਸ ਲਈ ਕੁਆਲੀਫਾਈ ਤਾਂ ਕਰ ਗਈ ਸੀ ਪਰ ਰਹੀ ਫਾਡੀ। ਉਦੋਂ ਪੰਜਾਬ ਦੇ ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਲੰਡਨ ਖੇਡਾਂ ਵੇਖਣ ਗਏ ਸਨ। ਭਾਰਤੀ ਟੀਮ ਨੂੰ ਫਾਡੀ ਵੇਖ ਕੇ ਉਨ੍ਹਾਂ ਨੇ ਲੰਡਨ ‘ਚ ਐਲਾਨ ਕਰ ਦਿੱਤਾ ਕਿ ਪੰਜਾਬ ਸਰਕਾਰ ਹਾਕੀ ਦੀ ਖੇਡ ਲਈ 418 ਕਰੋੜ ਰੁਪਏ ਦਾ ਬਜਟ ਰੱਖੇਗੀ। ਪਰ ਇਹ ਐਲਾਨ ਫੋਕਾ ਹੀ ਰਹਿ ਗਿਆ। ਅਮਲ ਕੋਈ ਨਾ ਹੋਇਆ। ਪਿੱਛੋਂ ਖੇਡ ਵਿੰਗਾਂ ਦੇ ਖਿਡਾਰੀਆਂ ਦਾ ਖੁਰਾਕ ਭੱਤਾ ਅੱਧਾ ਕਰਨ ਦੀਆਂ ਖਬਰਾਂ ਆਈਆਂ!
ਲੰਡਨ ਦੀਆਂ ਓਲੰਪਿਕ ਖੇਡਾਂ ‘ਚ ਕਿਸੇ ਪੰਜਾਬੀ ਖਿਡਾਰੀ ਨੇ ਕੋਈ ਮੈਡਲ ਨਹੀਂ ਸੀ ਜਿੱਤਿਆ। ਹਰਿਆਣੇ ਦੇ ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ, ਗਗਨ ਨਾਰੰਗ ਤੇ ਸਾਇਨਾ ਨੇਹਵਾਲ ਨੇ ਚਾਂਦੀ ਤੇ ਕਾਂਸੀ ਦੇ ਚਾਰ ਮੈਡਲ ਜਿੱਤੇ ਸਨ। ਹਰਿਆਣੇ ਦੀ ਹੀ ਕ੍ਰਿਸ਼ਨਾ ਪੂਨੀਆ 63æ62 ਮੀਟਰ ਦੂਰ ਡਿਸਕਸ ਸੁੱਟ ਕੇ 7ਵੇਂ ਥਾਂ ਰਹੀ ਸੀ। ਰੀਓ ‘ਚ ਹਰਿਆਣਵੀ ਛੋਹਰੀ ਸਾਕਸ਼ੀ ਮਲਿਕ ਕਾਂਸੀ ਦਾ ਤਮਗਾ ਜਿੱਤੀ ਹੈ। ਖੇਡਾਂ ਵਿਚ ਪਹਿਲਾਂ ਪੰਜਾਬ ਹਰਿਆਣੇ ਤੋਂ ਕਾਫੀ ਅੱਗੇ ਹੁੰਦਾ ਸੀ, ਹੁਣ ਪਿੱਛੇ ਜਾ ਪਿਆ ਹੈ।
ਬੀਜਿੰਗ ਦੀ ਮੈਡਲ ਸੂਚੀ ‘ਚ ਭਾਰਤ ਦਾ 50ਵਾਂ ਨੰਬਰ ਸੀ, ਲੰਡਨ ‘ਚ 55ਵਾਂ, ਪਰ ਰੀਓ ਵਿਚ 67ਵਾਂ ਰਿਹਾ। ਕੀ ਕਹੀਏ ‘ਸ਼ਾਈਨਿੰਗ ਇੰਡੀਆ’ ਤੇ ‘ਅੱਛੇ ਦਿਨਾਂ’ ਵਾਲੇ ਭਾਰਤ ਬਾਰੇ? ਲੰਡਨ ਦੀਆਂ ਓਲੰਪਿਕ ਖੇਡਾਂ ਵਿਚ ਅਮਰੀਕਾ ਨੇ 46 ਸੋਨੇ, 29 ਚਾਂਦੀ, 29 ਤਾਂਬੇ; ਚੀਨ ਨੇ 38, 27, 24; ਬਰਤਾਨੀਆ ਨੇ 29, 17, 19; ਰੂਸ ਨੇ 24, 27, 32; ਦੱਖਣੀ ਕੋਰੀਆ ਨੇ 13, 8, 7; ਜਰਮਨੀ ਨੇ 11, 19, 14; ਫਰਾਂਸ ਨੇ 11, 11, 12; ਇਟਲੀ ਨੇ 8, 9, 11; ਹੰਗਰੀ ਨੇ 8, 4, 5; ਆਸਟ੍ਰੇਲੀਆ ਨੇ 7, 6, 12 ਅਤੇ ਭਾਰਤ ਨੇ 0-2-4 ਤਮਗੇ ਜਿੱਤੇ ਸਨ। ਉਥੇ 54 ਮੁਲਕ ਸੋਨੇ ਤੇ 85 ਮੁਲਕ ਚਾਂਦੀ ਜਾਂ ਤਾਂਬੇ ਦੇ ਤਮਗੇ ਹਾਸਲ ਕਰ ਸਕੇ। 119 ਮੁਲਕ ਖਾਲੀ ਹੱਥ ਰਹੇ ਸਨ।
ਰੀਓ ‘ਚ ਅਮਰੀਕਾ ਨੇ 46 ਸੋਨੇ, 37 ਚਾਂਦੀ, 38 ਤਾਂਬੇ; ਬਰਤਾਨੀਆ ਨੇ 27, 13, 17; ਚੀਨ ਨੇ 26, 18, 26; ਰੂਸ ਨੇ 19, 18, 19; ਜਰਮਨੀ ਨੇ 17, 19, 15; ਜਪਾਨ ਨੇ 12, 8, 21; ਫਰਾਂਸ ਨੇ 10, 18, 14; ਦੱਖਣੀ ਕੋਰੀਆ ਨੇ 9, 3, 9; ਇਟਲੀ ਨੇ 8, 12, 8 ਅਤੇ ਆਸਟ੍ਰੇਲੀਆ ਨੇ 8, 11, 8, ਤਮਗੇ ਜਿੱਤੇ ਹਨ। 59 ਦੇਸ਼ ਐਸੇ ਹਨ ਜਿਨ੍ਹਾਂ ਨੇ ਇਕ ਜਾਂ ਵੱਧ ਗੋਲਡ ਮੈਡਲ ਹਾਸਲ ਕੀਤੇ। 73 ਮੁਲਕਾਂ ਨੇ ਚਾਂਦੀ ਤੇ 87 ਮੁਲਕਾਂ ਨੇ ਕਾਂਸੀ ਦੇ ਮੈਡਲ ਜਿੱਤੇ ਹਨ। ਇਉਂ 87 ਮੁਲਕਾਂ ਦੇ ਖਿਡਾਰੀ ਜਿੱਤ-ਮੰਚ ‘ਤੇ ਚੜ੍ਹੇ ਯਾਨਿ 87 ਮੁਲਕਾਂ ਦੇ ਝੰਡੇ ਜਿੱਤ-ਮੰਚ ‘ਤੇ ਝੁੱਲੇ। ਦੁਨੀਆਂ ਦੇ 206 ਮੁਲਕਾਂ ਤੇ ਇਕ ਰੀਫਿਊਜ਼ੀ ਦਲ ‘ਚੋਂ 120 ਦੇਸ਼ ਖਾਲੀ ਹੱਥ ਰਹੇ। ਕੁਲ ਮੈਡਲਾਂ ‘ਚੋਂ 48% ਮੈਡਲ ਯੂਰਪ, 22% ਅਮਰੀਕਾ, 21% ਏਸ਼ੀਆ, 5% ਅਫਰੀਕਾ ਤੇ 5% ਓਸ਼ਨੀਆ ਮਹਾਂਦੀਪ ਦੇ ਖਿਡਾਰੀਆਂ ਨੇ ਹਾਸਲ ਕੀਤੇ। ਉਥੇ 27 ਵਿਸ਼ਵ ਤੇ 91 ਓਲੰਪਿਕ ਰਿਕਾਰਡ ਟੁੱਟੇ।
ਮਿਲਖਾ ਸਿੰਘ ਨੇ ਰੋਮ ‘ਚ 400 ਮੀਟਰ ਦੀ ਦੌੜ 45æ6 ਸੈਕੰਡ ਵਿਚ ਲਾਈ ਸੀ। ਰੀਓ ‘ਚ ਦੱਖਣੀ ਅਫਰੀਕਾ ਦਾ ਦੌੜਾਕ ਵਾਨ ਇਹ ਦੌੜ 43æ03 ਸੈਕੰਡ ਵਿਚ ਲਾ ਕੇ 43 ਸੈਕੰਡ ਦੀ ਹੱਦ ਤੋੜਨ ਦੇ ਨੇੜੇ ਪਹੁੰਚ ਗਿਐ! ਚੀਨ ਦਾ ਲੌਂਗ ਕਿੰਗ 56 ਕਿਲੋ ਵਜ਼ਨ ਵਰਗ ਵਿਚ 307 ਕਿਲੋਗਰਾਮ ਭਾਰ ਚੁੱਕਣ ਦਾ ਕਲੀਨ ਤੇ ਜਰਕ ਦਾ ਵਿਸ਼ਵ ਰਿਕਾਰਡ ਰੱਖ ਗਿਐ! ਕੋਈ ਵੀ ਰਿਕਾਰਡ ਸਦੀਵੀ ਨਹੀਂ। ਹਰੇਕ ਓਲੰਪਿਕਸ ਵਿਚ ਨਵੇਂ ਤੋਂ ਨਵੇਂ ਰਿਕਾਰਡ ਹੁੰਦੇ ਰਹਿੰਦੇ ਹਨ।
28 ਓਲੰਪਿਕ ਖੇਡਾਂ ‘ਚੋਂ ਏਸ਼ੀਆ ‘ਚ ਇਹ ਖੇਡਾਂ 3 ਵਾਰ ਹੋਈਆਂ-ਟੋਕੀਓ, ਸਿਓਲ ਤੇ ਬੀਜਿੰਗ। ਦੱਖਣੀ ਅਮਰੀਕਾ ‘ਚ ਇਕੋ ਵਾਰ 2016 ‘ਚ ਹੋਈਆਂ ਹਨ। 2020 ਦੀਆਂ ਓਲੰਪਿਕ ਖੇਡਾਂ ਦੂਜੀ ਵਾਰ ਟੋਕੀਓ ‘ਚ ਹੋਣਗੀਆਂ। 2024 ਦੀਆਂ ਖੇਡਾਂ ਦਾ ਫੈਸਲਾ 2017 ਵਿਚ ਹੋਵੇਗਾ। ਭਾਰਤ ਨੇ ਓਲੰਪਿਕ ਖੇਡਾਂ ਕਰਾਉਣ ਦੀ ਕਦੇ ਅਰਜ਼ੀ ਨਹੀਂ ਦਿੱਤੀ ਹਾਲਾਂ ਕਿ ਆਬਾਦੀ ਪੱਖੋਂ ਇਹ ਵਿਸ਼ਵ ਦਾ ਦੂਜਾ ਵੱਡਾ ਦੇਸ਼ ਹੈ। ਅਫਰੀਕਾ ਮਹਾਂਦੀਪ ‘ਚ ਓਲੰਪਿਕ ਖੇਡਾਂ ਕਦੇ ਵੀ ਨਹੀਂ ਹੋਈਆਂ।
ਓਲੰਪਿਕ ਖੇਡਾਂ ਦੇ ਆਪਸ ਵਿਚ ਪ੍ਰੋਏ ਪੰਜ ਚੱਕਰ ਪੰਜਾਂ ਮਹਾਂਦੀਪਾਂ ਦੀ ਨੁਮਾਇੰਦਗੀ ਕਰਦੇ ਹਨ। ਬੀਜਿੰਗ ਦੀਆਂ ਖੇਡਾਂ ਵਿਚ 43 ਵਿਸ਼ਵ ਰਿਕਾਰਡ ਟੁੱਟੇ ਸਨ, ਲੰਡਨ ਵਿਚ 30 ਟੁੱਟੇ। ਰੀਓ ‘ਚ 65 ਓਲੰਪਿਕ ਤੇ 19 ਵਰਲਡ ਰਿਕਾਰਡ ਟੁੱਟੇ ਹਨ। ਮਨੁੱਖ ਦਿਨੋ ਦਿਨ ਹੋਰ ਜ਼ੋਰਾਵਰ/ਜੁਗਤੀ ਹੋ ਰਿਹੈ। ਓਲੰਪਿਕ ਖੇਡਾਂ ਦਾ ਮਾਟੋ ਹੀ ਹੈ: ਹੋਰ ਤੇਜ਼, ਹੋਰ ਉੱਚਾ, ਹੋਰ ਅੱਗੇ!
ਹੁਣ ਜਦੋਂ ਓਲੰਪਿਕ ਖੇਡਾਂ ਦੀ ਧੂੜ ਬੈਠ ਚੁੱਕੀ ਹੈ, ਭਾਰਤੀ ਖੇਡ ਅਧਿਕਾਰੀਆਂ ਨੂੰ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦੈ। ਖੇਡ ਪ੍ਰਬੰਧ ਨੂੰ ਸਿਆਸੀ ਨੇਤਾਵਾਂ ਦੇ ਮੱਕੜਜਾਲ ‘ਚੋ ਆਜ਼ਾਦ ਕਰਾਉਣਾ ਚਾਹੀਦੈ। ਦੇਸ਼ ਦਾ ਖੇਡ ਪ੍ਰਬੰਧ ਹੋਰਨਾਂ ਦੇਸਾਂ ਦੇ ਖੇਡ ਪ੍ਰਬੰਧਾਂ ਵਾਂਗ ਸਾਬਕਾ ਖਿਡਾਰੀਆਂ ਨੂੰ ਸੌਂਪਣਾ ਬਣਦੈ। ਸਿਆਸਤ ਤੋਂ ਆਜ਼ਾਦ ਉਸਾਰੂ ਖੇਡ ਨੀਤੀ ਬਣਾਉਣੀ ਚਾਹੀਦੀ ਹੈ ਤੇ ਉਹਦੇ ‘ਤੇ ਦਿਆਨਤਦਾਰੀ ਨਾਲ ਅਮਲ ਕਰਨਾ ਚਾਹੀਦੈ ਤਾਂ ਕਿ ਟੋਕੀਓ ਅਤੇ ਭਵਿੱਖ ਦੀਆਂ ਓਲੰਪਿਕ ਖੇਡਾਂ ਵਿਚ ਭਾਰਤ ਦੀ ਮਹਾਨਤਾ ਸੱਚੀਮੁੱਚੀਂ ਸਿੱਧ ਕੀਤੀ ਜਾ ਸਕੇ।