ਬੀਬੀ ਅਲਾਲੇ ਕਾਮਰਾਨ ਦਾ ਲਿਨਸੇ ਗ੍ਰਾਹਮ ਵਲ ਭੇਜਿਆ ਖਤ

ਅਲਾਲੇ, ਈਰਾਨੀ ਮੂਲ ਦੀ ਅਮਰੀਕੀ ਵਕੀਲ ਹੈ ਅਤੇ ਗ੍ਰਾਹਮ ਅਮਰੀਕੀ ਪਾਰਲੀਮੈਂਟ ਮੈਂਬਰ, ਰਿਪਬਲਿਕ ਪਾਰਟੀ ਦਾ ਲੀਡਰ। ਚੋਣ ਜਲਸੇ ਵਿਚ ਬੋਲਦਿਆਂ ਉਸ ਨੇ ਕਹਿ ਦਿੱਤਾ ਕਿ ਈਰਾਨੀ ਗੱਪੀ ਹੁੰਦੇ ਹਨ। ਅਲਾਲੇ ਨੇ ਗ੍ਰਾਹਮ ਨੂੰ ਖੁਲ੍ਹਾ ਖਤ ਲਿਖਿਆ,

ਲਿਨਸੇ ਗ੍ਰਾਹਮ ਸਰ, ਈਰਾਨੀ ਮੂਲ ਦੀ ਜ਼ਿੰਮੇਵਾਰ ਅਮਰੀਕੀ ਨਾਗਰਿਕ, ਪਤਨੀ, ਮਾਂ, ਵਕੀਲ, ਸੰਵਿਧਾਨ ਦੀ ਪਹਿਰੇਦਾਰ, ਈਰਾਨੀ ਸਮਾਜ ਦੀ ਨੇਤਾ, ਮੈਂ ਟੈਕਸ ਅਦਾ ਕਰਨ ਵਾਲੀ ਔਰਤ ਹਾਂ। ਤੇ ਤੁਹਾਡੇ ਪਾਸ ਸਰ ਜਾਣਕਾਰੀ ਦੀ ਘਾਟ ਹੈ। ਈਰਾਨੀਆਂ ਬਾਰੇ ਤੁਹਾਡੀ ਟਿਪਣੀ ਜ਼ਹਿਰੀਲੀ ਅਤੇ ਭੜਕਾਊ ਤਾਂ ਹੈ ਹੀ, ਜਾਪਦਾ ਹੈ ਕਿ ਤੁਹਾਨੂੰ ਈਰਾਨੀ ਸਭਿਆਚਾਰ ਅਤੇ ਇਤਿਹਾਸ ਦਾ ਉਕਾ ਗਿਆਨ ਹੀ ਨਹੀਂ।
ਸ੍ਰੀਮਾਨ ਜੀ, ਤੁਹਾਡੇ ਕੋਲ ਗਲਤ ਸੂਚਨਾ ਹੈ। ਅਜ ਤੋਂ 2500 ਸਾਲ ਪਹਿਲਾਂ ਸਾਈਰਸ ਮਹਾਨ ਨੇ ਦੁਨੀਆਂ ਨੂੰ ਧਾਰਮਿਕ ਸਹਿਨਸ਼ੀਲਤਾ ਬਾਰੇ ਦਸਿਆ ਸੀ। ਜਦੋਂ ਯੂਰਪ ਹਨੇਰਿਆਂ ਦੀ ਧੁੰਦ ਵਿਚ ਲਿਪਟਿਆ ਹੋਇਆ ਸੀ, ਉਦੋਂ ਐਵੀਸਿਨਾ ਨੇ ਵਿਗਿਆਨ ਅਤੇ ਦਵਾ ਵਿਗਿਆਨ ਦੇ ਸ਼ਾਹ ਰਾਹ ਖੋਲ੍ਹ ਕੇ ਦੁਨੀਆਂ ਨੂੰ ਅੰਧਵਿਸ਼ਵਾਸਾਂ ਵਿਚੋਂ ਕਢਿਆ ਸੀ।
ਜਦੋਂ ਸੰਸਾਰ ਜੰਗਾਂ ਯੁਧਾਂ ਵਿਚ ਉਲਝਿਆ ਵੱਢ-ਟੁਕ ਵਿਚ ਮਸਰੂਫ ਸੀ, ਮੌਲਾਨਾ ਰੂਮ ਰਾਹੀਂ ਈਰਾਨ ਨੇ ਮਨੁਖਤਾ ਨੂੰ ਰੂਹਾਨੀਅਤ ਅਤੇ ਮੁਹਬਤ ਨਾਲ ਸ਼ਰਸਾਰ ਕੀਤਾ ਸੀ। ਤੇ ਤੁਸੀਂ ਸਰ ਅਗਿਆਨੀ ਹੋ। ਤੁਹਾਨੂੰ ਪਤਾ ਨਹੀਂ ਪਹਿਲੀ ਪੁਲਾੜ-ਖੋਜੀ ਔਰਤ ਅਨੂਸ਼ੇ ਅਨਸਾਰੀ ਈਰਾਨੀ ਸੀ ਜਿਸ ਨੇ ਆਮ ਨਾਗਰਿਕਾਂ ਵਾਸਤੇ ਪੁਲਾੜ ਦੇ ਦਰ ਖੋਲ੍ਹੇ।
ਪੀਅਰੀ ਉਮੀਦਵਾਰ, ਈ-ਬੇਅ ਦਾ ਪਹਿਲਾ ਚੀਫ, ਈਰਾਨੀ-ਅਮਰੀਕਨ ਹੈ, ਉਸ ਨੇ ਆਮ ਬੰਦੇ ਤੱਕ ਪਹੁੰਚਾਣ ਵਾਸਤੇ ਇੰਟਰਨੈਟ ਦੀ ਤਾਨਾਸ਼ਾਹੀ ਤੋੜੀ ਸੀ। ਦਾਰਾ ਖੁਸਰੋਸ਼ਾਹੀ ਐਕਸਪੀਡੀਆ ਦਾ ਚੀਫ ਹੈ ਜਿਸ ਨੇ ਸੰਸਾਰ ਦੁਆਲੇ ਨਵੇਂ ਸਿਰੇ ਤੋਂ ਹਵਾਈ-ਪੰਧ ਉਲੀਕੇ।
ਅਤੋਸਾ ਸੁਲਤਾਨੀ ਨੇ ਐਮਾਜ਼ੋਨ ਵਾਚ ਦੀ ਸਥਾਪਨਾ ਕੀਤੀ, ਇਸ ਦੀ ਪ੍ਰਧਾਨ ਵਜੋਂ ਔਰਤਾਂ ਨੂੰ ਕਾਰਪੋਰੇਟ ਸੈਕਟਰ ਦੇ ਡਾਕਿਆਂ ਤੋਂ ਬਚਾਇਆ। ਪਾਰਸੀ ਖੁਸਰਵੀ ਸੀæਐਨæਐਨæ ਚੈਨਲ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਜਿਸ ਨੇ ਦੁਨੀਆਂ ਨੂੰ ਸਿਖਾਇਆ ਸੰਤੁਲਿਤ ਪੱਤਰਕਾਰੀ ਕਿਵੇਂ ਕਰੀਦੀ ਹੈ।
ਫਿਰੋਜ਼ ਮਿਸ਼ੇਲ ਨਾਦਿਰ, ਨਾਸਾ ਸੂਰਜੀ ਖੋਜ ਕੇਂਦਰ ਦਾ ਡਾਇਰੈਕਟਰ ਸੰਸਾਰ ਪ੍ਰਸਿਧ ਵਿਗਿਆਨੀ ਹੈ। ਪ੍ਰੋæ ਸਮਾਈ ਦੁਨੀਆਂ ਦਾ ਸ਼੍ਰੋਮਣੀ ਨਿਊਰੋ-ਸਰਜਨ ਹੈ ਜਿਸ ਨੂੰ ਵਿਸ਼ਵ ਅਕਾਦਮੀ ਨੇ ਸੋਨ-ਤਮਗਾ ਦੇ ਕੇ ਸਨਮਾਨਿਆ।
ਤੇ ਤੁਸੀਂ ਸਰ ਅਨਪੜ੍ਹ ਹੋਣ ਕਰਕੇ ਗੱਪਾਂ ਦਾ ਸਹਾਰਾ ਲੈਂਦੇ ਹੋ। ਅਮਰੀਕਾ ਵਿਚਲੇ ਕੁਝ ਹੋਰ ਈਰਾਨੀਆਂ ਬਾਰੇ ਵੀ ਜਾਣੂ ਕਰਵਾ ਦਿਆਂ। ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ੀਰੀਂ ਇਬਾਦੀ ਨੂੰ ਨੋਬਲ-ਇਨਾਮ ਮਿਲਿਆ। ਗੋਲੀ ਅਮੇਰੀ ਅਮਰੀਕਾ ਦੇ ਸਿਖਿਆ ਤੇ ਸਭਿਆਚਾਰ ਮਹਿਕਮੇ ਦਾ ਡਿਪਟੀ ਮੰਤਰੀ ਹੈ। ਜਿਮੀ ਦਿਲਸ਼ਾਦ, ਬੇਵਰਲੀ ਹਿੱਲਜ਼ ਦਾ ਮੇਅਰ ਹੈ। ਸ਼ਾਹਲਾ ਸਾਬੇਤ ਮਾਨਯੋਗ ਜੱਜ ਹਨ। ਇਨ੍ਹਾਂ ਸਾਰਿਆਂ ਨੇ ਕਾਨੂੰਨ, ਮਨੁੱਖੀ ਅਧਿਕਾਰ ਅਤੇ ਸਿਆਸਤ ਦੇ ਰਾਹ ਰੁਸ਼ਨਾਏ ਹਨ।
ਤੇ ਸਰ ਤੁਸੀਂ ਲਕੀਰ ਦੇ ਫਕੀਰ ਤਾਂ ਹੋ ਹੀ, ਫੁੱਟ ਪਾਉਣ ਦੇ ਸ਼ੌਕੀਨ ਵੀ ਹੋ। ਸਿਆਸਤ ਦੀ ਪੌੜੀ ਦੇ ਡੰਡਿਆਂ ਉਪਰ ਚੜ੍ਹਨ ਵਾਸਤੇ ਤੁਸੀਂ ਅਮੀਰ ਕੌਮ ਦੀ ਬੇਇਜ਼ਤੀ ਕਰਨ ਦਾ ਯਤਨ ਕੀਤਾ ਹੈ। ਗੱਪੀ ਤਾਂ ਸਰ ਤੁਸੀਂ ਸਾਬਤ ਹੋ ਗਏ! ਜਿੰਨੀ ਛੇਤੀ ਆਪਣੀ ਕਰਤੂਤ ਦੀ ਮਾਫੀ ਮੰਗ ਲਉ, ਉਨਾ ਹੀ ਠੀਕ ਰਹੇਗਾ।
ਸਾਡੇ ਆਦਿ ਨਬੀ ਜ਼ਰਤੁਸ਼ਤ ਨੇ ਕਿਹਾ:
ਚੰਗੇ ਖਿਆਲ॥
ਚੰਗੇ ਬੋਲ॥
ਚੰਗੇ ਕੰਮ॥
ਤੁਹਾਨੂੰ ਇਜ਼ਤ ਦੇਣਗੇ। ਹਨੇਰੇ ਵਿਰੁਧ ਲੜਨਾ ਹੋਵੇ, ਤਲਵਾਰ ਨਾ ਸੂਤੋ, ਦੀਵਾ ਬਾਲੋ। ਜੇਬਾਂ ਵਿਚੋਂ ਹੱਥ ਬਾਹਰ ਨਾ ਕੱਢੇ, ਪੌੜੀ ਦੇ ਡੰਡਿਆਂ ਉਪਰ ਕਿਵੇਂ ਚੜ੍ਹੋਗੇ? ਮੈਂ ਹਾਂ- ਅਲਾਲੇ ਕਾਮਰਾਨ। ਅਟਾਰਨੀ ਐਟ ਲਾਅ।
ਪੇਸ਼ਕਸ਼: ਪ੍ਰੋæ ਹਰਪਾਲ ਸਿੰਘ ਪੰਨੂ
ਫੋਨ: 91-94642-51454