ਡਾæ ਗੁਰਨਾਮ ਕੌਰ ਕੈਨੇਡਾ
ਪਹਿਲੀ ਵਾਰ ਦੀ ੩੩ਵੀਂ ਪਉੜੀ ਵਿਚ ਭਾਈ ਗੁਰਦਾਸ ਜ਼ਿਕਰ ਕਰਦੇ ਹਨ ਕਿ ਮੱਕੇ ਦੇ ਵਰਤਾਰੇ ਤੋਂ ਬਾਅਦ ਕਾਜ਼ੀ ਅਤੇ ਮੁੱਲਾਂ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਨਾਲ ਮਜ਼ਹਬ ਸਬੰਧੀ ਪ੍ਰਸ਼ਨ-ਉਤਰ ਕਰਦੇ ਹਨ। ਅਕਾਲ ਪੁਰਖ ਨੇ ਸੰਸਾਰ ਦਾ ਵੱਡਾ ਪਾਸਾਰ ਪਾਇਆ ਹੈ ਅਤੇ ਉਸ ਦੀ ਲੀਲਾ ਦੀ ਥਾਹ ਨਹੀਂ ਪਾਈ ਜਾ ਸਕਦੀ, ਉਸ ਦੀ ਕੁਦਰਤਿ ਦਾ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਕਾਜ਼ੀ ਅਤੇ ਮੁੱਲਾਂ ਕਿਤਾਬਾਂ ਖੋਲ੍ਹ ਕੇ ਪ੍ਰਸ਼ਨ ਕਰਨ ਲੱਗੇ ਕਿ ਸਾਨੂੰ ਦੱਸੋ ਹਿੰਦੂ ਅਤੇ ਮੁਸਲਮਾਨ ਵਿਚੋਂ ਕਿਹੜਾ ਮਜ਼ਹਬ ਵੱਡਾ ਹੈ? ਬਾਬਾ ਮਸਜ਼ਿਦ ਵਿਚ ਉਥੇ ਗਿਆ ਸੀ, ਜਿੱਥੇ ਹਾਜੀ ਮੱਕੇ ਦਾ ਹੱਜ ਕਰਨ ਆਏ ਹੋਏ ਸਨ।
ਭਾਈ ਗੁਰਦਾਸ ਦੱਸਦੇ ਹਨ ਕਿ ਬਾਬਾ ਨਾਨਕ ਨੇ ਉਥੇ ਇਕੱਠੇ ਹੋਏ ਹਾਜੀਆਂ ਨੂੰ ਦੱਸਿਆ ਕਿ ਸ਼ੁਭ ਅਮਲਾਂ ਤੋਂ ਬਗੈਰ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਰੋਂਦੇ ਹਨ। ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਰੱਬ ਦੀ ਦਰਗਾਹ ਵਿਚ ਸਿਰਫ਼ ਇਸ ਕਰਕੇ ਕਬੂਲ ਨਹੀਂ ਹੋ ਜਾਣਗੇ ਕਿ ਉਹ ਕਿਸੇ ਖਾਸ ਮਜ਼ਹਬ ਨੂੰ ਮੰਨਣ ਵਾਲੇ ਹਨ ਕਿਉਂਕਿ ਰੱਬ ਦੇ ਦਰਬਾਰ ਵਿਚ ਮਨੁੱਖ ਦੇ ਚੰਗੇ ਜਾਂ ਮਾੜੇ ਹੋਣ ਦਾ ਫੈਸਲਾ ਉਸ ਦੇ ਅਮਲਾਂ ਅਨੁਸਾਰ ਹੁੰਦਾ ਹੈ, ਉਸ ਦੀ ਕਰਨੀ ਅਨੁਸਾਰ ਹੁੰਦਾ ਹੈ। ਕਹਿਣ ਤੋਂ ਭਾਵ ਹੈ ਕਿ ਧਾਰਮਿਕ ਹੋਣ ਦਾ ਬਾਹਰੀ ਦਿਖਾਵਾ ਕਿਸੇ ਕੰਮ ਨਹੀਂ ਆਉਂਦਾ, ਇਹ ਮੁਲੰਮਾ ਹੈ ਕਿਉਂਕਿ ਇਹ ਕਸੁੰਭੇ ਦੇ ਰੰਗ ਵਾਂਗ ਹੈ, ਮਨੁੱਖ ਦੇ ਨਾਲ ਉਸ ਦੇ ਕੀਤੇ ਅਮਲਾਂ ਨੇ ਜਾਣਾ ਹੈ। ਕਸੁੰਭੇ ਦਾ ਰੰਗ ਕੱਚਾ ਹੁੰਦਾ ਹੈ ਜੋ ਪਾਣੀ ਨਾਲ ਧੋਣ ‘ਤੇ ਉਤਰ ਜਾਂਦਾ ਹੈ। ਲੋਕ ਹਿੰਦੂ ਜਾਂ ਮੁਸਲਮਾਨ ਹੋਣ ਦੇ ਨਾਤੇ ਆਪਸ ਵਿਚ ਈਰਖਾ ਕਰਦੇ ਹਨ, ਜਦ ਕਿ ਰਾਮ ਅਤੇ ਰਹੀਮ ਇੱਕੋ ਥਾਂ ਖਲੋਤੇ ਹਨ ਅਰਥਾਤ ਦੋਵਾਂ ਦਾ ਦਰਜਾ ਬਰਾਬਰ ਹੈ। ਦੁਨੀਆਂ ਬਦੀ ਦੇ ਰਸਤਿਆਂ ‘ਤੇ ਚੱਲਦੀ ਹੋਈ ਭੁੱਲੀ ਫਿਰਦੀ ਹੈ:
ਪੁਛਨਿ ਗਲ ਈਮਾਨ ਦੀ ਕਾਜੀ ਮੁਲਾਂ ਇਕਠੇ ਹੋਈ।
ਵਡਾ ਸਾਂਗ ਵਰਤਾਇਆ ਲਖਿ ਨ ਸਕੈ ਕੁਦਰਤਿ ਕੋਈ।
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ?
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ।
ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ ਲਹਨਿ ਨ ਢੋਈ।
ਕਚਾ ਰੰਗੁ ਕੁਸੰਭ ਦਾ ਪਾਣੀ ਧੋਤੈ ਥਿਰੁ ਨ ਰਹੋਈ।
ਕਰਨਿ ਬਖੀਲੀ ਆਪਿ ਵਿਚਿ ਰਾਮ ਰਹੀਮ ਕੁਥਾਇ ਖਲੋਈ।
ਰਾਹਿ ਸੈਤਾਨੀ ਦੁਨੀਆ ਗੋਈ॥੩੩॥
ਗੁਰੂ ਨਾਨਕ ਨੇ ਧਰਮ ਨੂੰ ਦਿਖਾਵੇ ਵਾਲੇ ਧਾਰਮਕ ਕਰਮਕਾਂਡ ਵਿਚੋਂ ਕੱਢ ਕੇ ਮਨੁੱਖ ਦੇ ਸ਼ੁਭ ਅਮਲਾਂ ਨਾਲ ਜੋੜਿਆ। ਆਪਣੀ ਬਾਣੀ ਵਿਚ ਵੀ ਗੁਰੂ ਨਾਨਕ ਸਾਹਿਬ ਨੇ ਵਾਰ ਵਾਰ ਮਨੁੱਖ ਨੂੰ ਚੰਗੇ ਕਰਮ ਕਰਨ ਦੀ ਪ੍ਰੇਰਨਾ ਕੀਤੀ ਹੈ ਤਾਂ ਕਿ ਉਹ ਇਸ ਦੁਨੀਆਂ ਵਿਚ ਵੀ ਸ਼ੋਭਾ ਖੱਟ ਸਕੇ ਅਤੇ ਅਕਾਲ ਪੁਰਖ ਦੇ ਦਰਬਾਰ ਵਿਚ ਥਾਂ ਪ੍ਰਾਪਤ ਕਰ ਸਕੇ; ਫਿਰ ਭਾਵੇਂ ਉਹ ਰਾਮ ਨੂੰ ਮੰਨਦਾ ਹੋਵੇ ਜਾਂ ਰਹੀਮ ਨੂੰ ਅਰਥਾਤ ਕਿਸੇ ਵੀ ਮਜ਼ਹਬ ਨਾਲ ਸਬੰਧਤ ਹੋਵੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਸ ਨੇ ਪਰਮਾਤਮਾ ਦੇ ਦਰਬਾਰ ਵਿਚ ਕਬੂਲ ਆਪਣੇ ਅਮਲਾਂ ਨਾਲ ਹੀ ਹੋਣਾ ਹੈ।
ਮਾਝ ਦੀ ਵਾਰ ਵਿਚ ਗੁਰੂ ਨਾਨਕ ਇਸੇ ਕਰਮਕਾਂਡ ਵੱਲ ਇਸ਼ਾਰਾ ਕਰਦੇ ਹਨ ਜਦੋਂ ਉਹ ਕਹਿੰਦੇ ਹਨ ਕਿ ਭਾਵੇਂ ਮੈਂ ਸੋਨੇ ਦੇ ਸੁਮੇਰ ਪਰਬਤ ਉਤੇ ਗੁਫਾ ਬਣਾ ਕੇ ਰਹਾਂ ਅਤੇ ਭਾਵੇਂ ਹੇਠਾਂ ਪਾਣੀ ਵਿਚ, ਭਾਵੇਂ ਧਰਤੀ ਵਿਚ ਰਹਾਂ ਤੇ ਭਾਵੇਂ ਆਕਾਸ਼ ਵਿਚ ਸਿਰ ਭਾਰ ਪੁੱਠਾ ਖੜਾ ਰਹਾਂ, ਭਾਵੇਂ ਕਾਪੜੀ ਸਾਧਾਂ ਵਾਂਗ ਸਾਰੇ ਸਰੀਰ ਨੂੰ ਕੱਪੜਿਆਂ ਨਾਲ ਢਕ ਲਵਾਂ ਜਾਂ ਸਰੀਰ ਨੂੰ ਸਦਾ ਧੋਂਦਾ ਹੀ ਰਹਾਂ। ਭਾਵੇਂ ਮੈਂ ਚਿੱਟੇ, ਲਾਲ, ਪੀਲੇ ਜਾਂ ਕਾਲੇ ਕੱਪੜੇ ਪਹਿਨ ਕੇ ਚਾਰ ਵੇਦਾਂ ਦਾ ਉਚਾਰਨ ਕਰਾਂ, ਭਾਵੇਂ ਸਰੇਵੜਿਆਂ ਵਾਂਗ ਗੰਦਾ ਤੇ ਮੈਲਾ ਰਹਾਂ-ਇਹ ਸਾਰੇ ਕਰਮ ਭੈੜੀ ਮੱਤ ਦੇ ਮੰਦੇ ਕਰਮ ਹਨ ਅਰਥਾਤ ਇਨ੍ਹਾਂ ਨੂੰ ਕਰਨ ਨਾਲ ਮੇਰੀ ਬੁੱਧੀ ਚੰਗੇ ਪਾਸੇ ਨਹੀਂ ਲੱਗਣੀ, ਇਹ ਸਭ ਕਰਮਕਾਂਡ ਹੈ। ਅਜਿਹੇ ਕਰਮ ਮਨੁੱਖ ਅੰਦਰ ਧਾਰਮਕ ਹੋਣ ਦੀ ਹਉਮੈ ਪੈਦਾ ਕਰਦੇ ਹਨ। ਗੁਰੂ ਨਾਨਕ ਕਹਿੰਦੇ ਹਨ ਕਿ ਮੈਂ ਤਾਂ ਇਹ ਚਾਹੁੰਦਾ ਹਾਂ ਕਿ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਆਪਣੀ ਹਉਮੈ ਦੂਰ ਕਰਾਂ, ਮੇਰੇ ਅੰਦਰ ਹਉਮੈ ਨਾ ਰਹੇ:
ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ॥
ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ॥
ਪੁਰੁ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ॥
ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ॥
ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ॥
ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ॥੧॥ (ਪੰਨਾ ੧੩੯)
ਜਪੁਜੀ ਵਿਚ ਗੁਰੂ ਨਾਨਕ ਧਾਰਮਕ ਹੋਣ ਨੂੰ ਸ਼ੁਭ ਅਮਲਾਂ ਨਾਲ ਜੋੜਦੇ ਹੋਏ ਜੋਗੀ ਨੂੰ ਉਸ ਦੇ ਬਾਹਰੀ ਧਾਰਮਕ ਚਿੰਨ੍ਹਾਂ ਦੇ ਹਵਾਲੇ ਨਾਲ ਸਮਝਾਉਂਦੇ ਹਨ ਕਿ ਜੋਗੀ ਦੀ ਅਸਲੀ ਰਹਿਤ ਕੰਨਾਂ ਵਿਚ ਮੁੰਦਰਾਂ ਪਾ ਲੈਣੀਆਂ, ਮੰਗਣ ਵਾਲੀ ਝੋਲੀ, ਖੱਪਰ ਆਦਿ ਰੱਖਣਾ ਨਹੀਂ ਹੈ, ਇਹ ਸਭ ਬਾਹਰੀ ਦਿਖਾਵਾ ਹੈ। ਅਸਲੀ ਰਹਿਤ ਹੈ, ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਉਣਾ, ਘਰ ਘਰ ਮੰਗਣ ਦੀ ਥਾਂ ਮਿਹਨਤ ਨੂੰ ਆਪਣਾ ਖੱਪਰ ਤੇ ਝੋਲੀ ਬਣਾਉਣਾ ਅਰਥਾਤ ਆਪਣੀ ਜੀਵਕਾ ਦਾ ਬੋਝ ਸਮਾਜ ‘ਤੇ ਨਾ ਪਾ ਕੇ ਆਪ ਮਿਹਨਤ ਦੀ ਕਮਾਈ ਕਰੇ ਅਤੇ ਪਿੰਡੇ ਤੇ ਸੁਆਹ ਮਲਣ ਦੀ ਥਾਂ ਆਪਣਾ ਧਿਆਨ ਅਕਾਲ ਪੁਰਖ ਵੱਲ ਲਾਵੇ, ਮੌਤ ਦੇ ਭੈ ਨੂੰ ਆਪਣੀ ਗੋਦੜੀ ਬਣਾਵੇ, ਆਪਣੇ ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣ ਨੂੰ ਆਪਣੇ ਜੋਗ ਦੀ ਰਹਿਤ ਬਣਾਵੇ ਅਤੇ ਸ਼ਰਧਾ ਨੂੰ ਜੋਗੀਆਂ ਵਾਲਾ ਡੰਡਾ ਬਣਾਵੇ। ਜੋਗੀ ਦਾ ਅਸਲੀ ਪੰਥ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ-ਮਿੱਤਰ ਸਮਝਣਾ ਹੋਣਾ ਚਾਹੀਦਾ ਹੈ।
ਆਸਾ ਦੀ ਵਾਰ ਵਿਚ ਫੋਕੇ ਕਰਮਕਾਂਡ ਦੀ ਗੱਲ ਕਰਦੇ ਹਨ ਕਿ ਪੰਡਿਤ ਵੇਦ-ਸ਼ਾਸਤਰ ਆਦਿਕ ਧਾਰਮਿਕ ਪੁਸਤਕਾਂ ਪੜ੍ਹ ਕੇ ਫਿਰ ਸੰਧਿਆ ਕਰਦਾ ਹੈ ਅਤੇ ਲੋਕਾਂ ਨਾਲ ਧਾਰਮਕ ਚਰਚਾ ਕਰਦਾ ਹੈ, ਮੂਰਤੀਆਂ ਦੀ ਪੂਜਾ ਕਰਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾ ਕੇ ਬੈਠਦਾ ਹੈ (ਬਗਲਾ ਪਾਣੀ ਵਿਚ ਇੱਕ ਟੰਗ ਦੇ ਭਾਰ ਅੱਖਾਂ ਮੀਚ ਕੇ ਖੜਾ ਹੁੰਦਾ ਹੈ ਅਤੇ ਇਸ ਦਾਅ ‘ਤੇ ਰਹਿੰਦਾ ਹੈ ਕਿ ਕਦੋਂ ਕੋਈ ਮੱਛੀ ਨਿਗ੍ਹਾ ਪਵੇ ਤੇ ਉਹ ਝਪਟਾ ਮਾਰ ਕੇ ਉਸ ਨੂੰ ਚੁੰਝ ਵਿਚ ਫੜ ਲਵੇ, ਆਪਣਾ ਭੋਜਨ ਬਣਾਵੇ) ਪਰ ਮੂੰਹੋਂ ਝੂਠ ਬੋਲਦਾ ਹੈ ਅਤੇ ਉਸ ਝੂਠ ਨੂੰ ਗਹਿਣਿਆਂ ਵਾਂਗ ਸਜਾ ਕੇ ਬੜੀ ਸਫਾਈ ਨਾਲ ਪੇਸ਼ ਕਰਦਾ ਹੈ। ਹਰ ਰੋਜ਼ ਤਿੰਨ ਵੇਲੇ ਗਾਇਤ੍ਰੀ ਮੰਤਰ ਨੂੰ ਵਿਚਾਰਦਾ ਹੈ, ਗਲ ਵਿਚ ਮਾਲਾ ਪਾਉਂਦਾ ਹੈ, ਮੱਥੇ ‘ਤੇ ਤਿਲਕ ਲਾਉਂਦਾ ਹੈ, ਦੋ ਧੋਤੀਆਂ ਰੱਖਦਾ ਹੈ ਅਤੇ ਸੰਧਿਆ ਵੇਲੇ ਸਿਰ ‘ਤੇ ਕੱਪੜਾ ਰੱਖ ਲੈਂਦਾ ਹੈ। ਜੇ ਉਹ ਬ੍ਰਹਮ ਦੀ ਅਰਥਾਤ ਰੱਬ ਦੀ ਸਿਫਤਿ-ਸਾਲਾਹ ਦਾ ਕੰਮ ਜਾਣਦਾ ਹੋਵੇ ਤਾਂ ਜ਼ਰੂਰ ਹੀ ਇਹ ਸਾਰੇ ਕਰਮ ਫੋਕਟ ਕਰਮ ਹਨ। (ਪੰਨਾ ੪੭੧)।
ਇਸੇ ਤਰ੍ਹਾਂ ਪੰਡਿਤ ਨੂੰ ਅੱਗੇ ਇਨ੍ਹਾਂ ਫੋਕਟ ਕਰਮਾਂ ਨਾਲੋਂ, ਦਿਖਾਵੇ ਦੀ ਰਹਿਤ ਨਾਲੋਂ ਸਦਾਚਾਰਕ ਗੁਣਾਂ ਦਾ ਧਾਰਨੀ ਹੋਣ ਦੀ ਸਲਾਹ ਦਿੰਦੇ ਹਨ। ਮਸਲਨ ਪੰਡਿਤ ਗਲ ਵਿਚ ਕਪਾਹ ਦੇ ਸੂਤ ਤੋਂ ਬਣਿਆ ਜਨੇਊ ਪਹਿਨਦਾ ਹੈ। ਗੁਰੂ ਨਾਨਕ ਉਸ ਨੂੰ ਸਮਝਾਉਂਦੇ ਹਨ ਕਿ ਇਸ ਜਨੇਊ ਦੀ ਕਪਾਹ ਦਇਆ ਹੋਣੀ ਚਾਹੀਦੀ ਹੈ ਅਰਥਾਤ ਪੰਡਿਤ ਆਪਣੇ ਅੰਦਰ ਦੂਸਰਿਆਂ ਲਈ ਦਇਆ ਪੈਦਾ ਕਰੇ, ਜਨੇਊ ਦਾ ਸੂਤ ਸੰਤੋਖ ਨੂੰ ਬਣਾਵੇ, ਇਸ ਦੀਆਂ ਗੰਢਾਂ ਜਤ ਦੀਆਂ ਹੋਣ ਅਤੇ ਇਸ ਦਾ ਵੱਟ ਸਤਿ ਦਾ ਹੋਵੇ ਅਰਥਾਤ ਇਖਲਾਕ ਉਚਾ ਹੋਵੇ। ਅਜਿਹਾ ਜਨੇਊ ਨਾ ਟੁੱਟਦਾ ਹੈ, ਨਾ ਇਹ ਅੱਗ ਵਿਚ ਸੜਦਾ ਹੈ ਅਤੇ ਨਾ ਹੀ ਗੁਆਚਦਾ ਹੈ। ਅਜਿਹੇ ਗੁਣ ਆਪਣੇ ਅੰਦਰ ਪੈਦਾ ਕਰੇ ਜੋ ਸਦੀਵੀ ਮਨੁੱਖ ਦੇ ਨਾਲ ਜਾਂਦੇ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਉਹ ਮਨੁੱਖ ਧੰਨ ਹਨ ਜਿਹੜੇ ਅਜਿਹੇ ਗੁਣ ਆਪਣੇ ਅੰਦਰ ਪੈਦਾ ਕਰ ਲੈਂਦੇ ਹਨ। (ਪੰਨਾ ੪੭੧)
ਮਾਝ ਦੀ ਵਾਰ ਵਿਚ ਗੁਰੂ ਨਾਨਕ ਦੇਵ ਮੁਸਲਮਾਨ ਦੇ ਧਾਰਮਕ ਚਿੰਨ੍ਹਾਂ ਅਤੇ ਨਮਾਜ਼ ਦੀ ਗੱਲ ਕਰਦੇ ਹਨ। ਮੁਸਲਮਾਨ ਮਸਜ਼ਿਦ ਵਿਚ ਜਾ ਕੇ ਇਬਾਦਤ ਕਰਦਾ ਜਾਂ ਨਮਾਜ਼ ਪੜ੍ਹਦਾ ਹੈ। ਗੁਰੂ ਨਾਨਕ ਉਸ ਨੂੰ ਸਮਝਾਉਂਦੇ ਹਨ ਕਿ ਦੂਸਰਿਆਂ ‘ਤੇ ਦਇਆ ਕਰਨੀ, ਉਨ੍ਹਾਂ ‘ਤੇ ਤਰਸ ਕਰਨਾ ਹੀ ਤੇਰੀ ਮਸਜ਼ਿਦ ਹੋਣੀ ਚਾਹੀਦੀ ਹੈ, ਸਿਦਕ ਨੂੰ ਆਪਣਾ ਮੁਸੱਲਾ (ਨਮਾਜ ਪੜ੍ਹਨ ਲਈ ਵਛਾਈ ਜਾਂਦੀ ਸਫ) ਅਤੇ ਹੱਕ ਦੀ ਕਮਾਈ ਨੂੰ ਕੁਰਾਨ ਬਣਾ, ਵਿਕਾਰ ਕਰਨ ਤੋਂ ਝਿਜਕਣਾ-ਤੇਰੀ ਸੁੰਨਤ ਹੋਵੇ ਅਤੇ ਚੰਗਾ ਸੁਭਾਅ ਤੇਰਾ ਰੋਜ਼ਾ (ਵਰਤ) ਹੋਵੇ; ਇਸ ਕਿਸਮ ਦੇ ਗੁਣਾਂ ਵਾਲਾ ਮੁਸਲਮਾਨ ਬਣ। ਉਚਾ ਆਚਰਣ ਤੇਰਾ ਕਾਬਾ ਹੋਵੇ, ਸੱਚ ਨੂੰ ਆਪਣੀ ਕਰਨੀ ਬਣਾ ਅਰਥਾਤ ਕਹਿਣੀ ਤੇ ਕਰਨੀ ਇੱਕੋ ਜਿਹੀ ਹੋਵੇ, ਨੇਕ ਅਮਲ ਤੇਰੀ ਨਮਾਜ਼ ਤੇ ਕਲਮਾ ਬਣੇ। ਰੱਬ ਦੀ ਰਜ਼ਾ ਵਿਚ ਰਹਿਣਾ ਤੇਰੀ ਤਸਬੀ (ਮਾਲਾ) ਹੋਵੇ ਅਤੇ ਫਿਰ ਅਜਿਹੇ ਮੁਸਲਮਾਨ ਦੀ ਰੱਬ ਆਪ ਹੀ ਲਾਜ ਰੱਖਦਾ ਹੈ। (ਪੰਨਾ ੧੪੦)
ਇਸੇ ਤਰ੍ਹਾਂ ਅੱਗੇ ਮੁਸਲਮਾਨ ਵੱਲੋਂ ਪੰਜ ਵਕਤ ਦੀ ਨਮਾਜ਼ ਪੜ੍ਹੇ ਜਾਣ ਦੇ ਹਵਾਲੇ ਨਾਲ ਗੱਲ ਕਰਦਿਆਂ ਦੱਸਦੇ ਹਨ ਕਿ ਮੁਸਲਮਾਨ ਦੀਆਂ ਪੰਜ ਨਮਾਜ਼ਾਂ ਹਨ, ਉਨ੍ਹਾਂ ਨੂੰ ਅਦਾ ਕਰਨ ਦੇ ਵਕਤ ਵੀ ਪੰਜ ਹਨ ਅਤੇ ਇਨ੍ਹਾਂ ਨਮਾਜ਼ਾਂ ਦੇ ਪੰਜ ਨਾਮ ਵੀ ਵੱਖੋ-ਵੱਖਰੇ ਹਨ। ਪਰ ਇਹ ਨਮਾਜ਼ਾਂ ਦੇ ਨਾਮ ਇਹ ਹੋਣੇ ਚਾਹੀਦੇ ਹਨ-ਪਹਿਲੀ ਨਮਾਜ਼ ਅਰਥਾਤ ਸਵੇਰ ਦੀ ਨਮਾਜ਼ ਹੈ ਸੱਚ ਬੋਲਣਾ, ਦੂਜੀ ਨਮਾਜ਼ ਹੈ ਹੱਕ ਦੀ ਕਮਾਈ ਖਾਣੀ, ਰੱਬ ਤੋਂ ਸਰਬੱਤ ਦਾ ਭਲਾ ਮੰਗਣਾ ਤੀਸਰੀ ਨਮਾਜ਼, ਚੌਥੀ ਨਮਾਜ਼ ਹੈ-ਨੀਅਤ ਅਤੇ ਮਨ ਨੂੰ ਸਾਫ ਰੱਖਣਾ ਅਤੇ ਪੰਜਵੀਂ ਨਮਾਜ਼ ਹੈ-ਰੱਬ ਦੀ ਸਿਫਤਿ-ਸਾਲਾਹ ਕਰਨਾ। ਇਨ੍ਹਾਂ ਪੰਜਾਂ ਨਮਾਜ਼ਾਂ ਦੇ ਨਾਲ ਉਚਾ ਆਚਰਣ ਬਣਾਉਣਾ, ਕਲਮਾ ਪੜ੍ਹਨਾ ਹੈ। ਇਸ ਤਰ੍ਹਾਂ ਕਰਕੇ ਹੀ ਆਪਣੇ ਆਪ ਨੂੰ ਮੁਸਲਮਾਨ ਅਖਵਾਇਆ ਜਾ ਸਕਦਾ ਹੈ। ਇਨ੍ਹਾਂ ਗੁਣਾਂ ਨੂੰ ਧਾਰਨ ਕੀਤੇ ਬਿਨਾ ਕੋਈ ਵੀ ਧਾਰਮਕ ਕਰਮ ਇੱਕ ਤਰ੍ਹਾਂ ਨਾਲ ਸਭ ਕੂੜ ਹੈ:
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ॥
ਪਹਿਲਾ ਸਚੁ ਹਲਾਲੁ ਦੁਇ ਤੀਜਾ ਖੈਰ ਖੁਦਾਇ॥
ਚਉਥੀ ਨੀਅਤਿ ਰਾਸਿ ਮਨੁ ਪੰਜਵੀਂ ਸਿਫਤਿ ਸਨਾਇ॥
ਕਰਣੀ ਕਲਮਾ ਆਖਿ ਕੈ ਤਾਂ ਮੁਸਲਮਾਣੁ ਸਦਾਇ॥
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ॥੩॥ (ਪੰਨਾ ੧੪੧)
ਭਾਈ ਗੁਰਦਾਸ ਅਗਲੀ ਪਉੜੀ ਵਿਚ ਦੱਸਦੇ ਹਨ ਕਿ ਬਾਬੇ ਨਾਨਕ ਦੇ ਵਿਚਾਰਾਂ ਦਾ ਸਭ ‘ਤੇ ਬਹੁਤ ਅਸਰ ਹੋਇਆ, ਮੱਕੇ ਵਿਚ ਸਭ ਨੇ ਉਨ੍ਹਾਂ ਦਾ ਸਤਿਕਾਰ ਕੀਤਾ ਅਤੇ ਨਿਸ਼ਾਨੀ ਵਜੋਂ ਉਨ੍ਹਾਂ ਨੇ ਆਪਣੀ ਖੜਾਂਵ ਦਿੱਤੀ। ਗੁਰੂ ਨਾਨਕ ਜਿੱਥੇ ਜਿੱਥੇ ਵੀ ਗਏ, ਉਹ ਲੋਕਾਂ ਦਾ ਪਾਰ-ਉਤਾਰਾ ਕਰਦੇ ਗਏ, ਕੋਈ ਵੀ ਥਾਂ ਵਾਂਝੀ ਨਹੀਂ ਰਹੀ; ਭਾਵ ਕੋਈ ਵੀ ਅਜਿਹੀ ਥਾਂ ਨਹੀਂ ਰਹੀ ਜਿੱਥੇ ਉਨ੍ਹਾਂ ਦੇ ਅੰਮ੍ਰਿਤ-ਵਚਨਾਂ ਦੀ ਬਾਰਸ਼ ਨਾ ਹੋਈ ਹੋਵੇ। ਗੁਰੂ ਨਾਨਕ ਦੀ ਪੂਜਾ ਘਰ ਘਰ ਹੋਣ ਲੱਗ ਪਈ ਜਿਸ ਦੀ ਗਵਾਹੀ ਹਿੰਦੂ ਅਤੇ ਮੁਸਲਮਾਨ-ਦੋਵੇਂ ਭਰਦੇ ਹਨ। ਜਦੋਂ ਸੂਰਜ ਚੜ੍ਹਦਾ ਹੈ ਤਾਂ ਸਾਰੇ ਰੌਸ਼ਨੀ ਹੋ ਜਾਂਦੀ ਹੈ ਅਤੇ ਇਹ ਕਿਸੇ ਦਾ ਛੁਪਾਇਆ ਛੁਪਦਾ ਨਹੀਂ। ਇਸੇ ਤਰ੍ਹਾਂ ਗੁਰੂ ਨਾਨਕ ਦੇ ਦਿੱਤੇ ਗਿਆਨ ਦੀ ਰੌਸ਼ਨੀ ਸਾਰੇ ਸੰਸਾਰ ‘ਤੇ ਫੈਲ ਗਈ ਅਤੇ ਇਹ ਗਿਆਨ ਦਾ ਚਾਨਣ ਕਿਸੇ ਤੋਂ ਛੁਪਾਇਆ ਛੁਪਿਆ ਨਹੀਂ। ਜਦੋਂ ਉਜਾੜ ਬੀਆਬਾਨ ਜੰਗਲ ਵਿਚ ਸ਼ੇਰ ਨੇ ਭਵਕ ਮਾਰੀ ਤਾਂ ਹਿਰਨਾਂ ਦੀ ਡਾਰ ਭੱਜ ਉਠੀ; ਭਾਵ ਬਾਬੇ ਨਾਨਕ ਦੀ ਸਿੱਖਿਆ ਦੇ ਸਾਹਮਣੇ ਸਭ ਅੱਗੇ ਲੱਗ ਤੁਰੇ। ਜਦੋਂ ਚੰਦ੍ਰਮਾ ਆਕਾਸ਼ ‘ਤੇ ਚਮਕਦਾ ਹੈ ਤਾਂ ਉਸ ਨੂੰ ਲੁਕਾਇਆ ਨਹੀਂ ਜਾ ਸਕਦਾ ਅਰਥਾਤ ਕੋਈ ਕੁਨਾਲੀ (ਮਿੱਟੀ ਦੀ ਪ੍ਰਾਂਤ) ਨਾਲ ਉਸ ਨੂੰ ਢਕਣਾ ਵੀ ਚਾਹੇ ਤਾਂ ਢੱਕ ਨਹੀਂ ਸਕਦਾ। ਉਸ ਦੀ ਜੋਤਿ ਨੂੰ ਛੁਪਾਇਆ ਨਹੀਂ ਜਾ ਸਕਦਾ। ਗੁਰੂ ਨਾਨਕ ਨੇ ਪੂਰਬ (ਜਿੱਥੋਂ ਸੂਰਜ ਚੜ੍ਹਦਾ ਹੈ) ਅਤੇ ਪੱਛਮ (ਜਿੱਥੇ ਸੂਰਜ ਛਿਪਦਾ ਹੈ) ਸਾਰੀ ਪ੍ਰਿਥਵੀ ਨੂੰ ਆਪਣੇ ਅੱਗੇ ਝੁਕਾ ਲਿਆ। ਭਾਵ ਸਾਰੇ ਲੋਕ ਉਨ੍ਹਾਂ ਦੇ ਧਾਰਮਿਕ ਉਪਦੇਸ਼ਾਂ ਦੇ ਅਸਰ ਨੂੰ ਕਬੂਲ ਕਰਨ ਲੱਗ ਗਏ। ਉਨ੍ਹਾਂ ਨੇ ਇਸ ਕਿਸਮ ਦੀ ਕੁਦਰਤਿ, ਸ਼ਕਤੀ ਜਗਤ ਤੇ ਵਰਤਾ ਦਿੱਤੀ:
ਧਰੀ ਨੀਸਾਨੀ ਕਉਸਿ ਦੀ ਮਕੇ ਅੰਦਰਿ ਪੂਜ ਕਰਾਈ।
ਜਿਥੈ ਜਾਇ ਜਗਤਿ ਵਿਚਿ ਬਾਬੇ ਬਾਝੁ ਨ ਖਾਲੀ ਜਾਈ।
ਘਰਿ ਘਰਿ ਬਾਬਾ ਪੂਜੀਐ ਹਿੰਦੂ ਮੁਸਲਮਾਨ ਗੁਆਈ।
ਛਪੇ ਨਾਹਿ ਛਪਾਇਆ ਚੜਿਆ ਸੂਰਜੁ ਜਗੁ ਰੁਸਨਾਈ।
ਬੁਕਿਆ ਸਿੰਘ ਉਜਾੜ ਵਿਚਿ ਸਭਿ ਮਿਰਗਾਵਲਿ ਭੰਨੀ ਜਾਈ।
ਚੜਿਆ ਚੰਦੁ ਨ ਲੁਕਈ ਕਢਿ ਕੁਨਾਲੀ ਜੋਤਿ ਛਪਾਈ।
ਉਗਵਣਹੁ ਤੇ ਆਥਵਣੋ ਨਉ ਖੰਡ ਪ੍ਰਿਥਮੀ ਸਭ ਝੁਕਾਈ।
ਜਗਿ ਅੰਦਰਿ ਕੁਦਰਤਿ ਵਰਤਾਈ॥੩੪॥
ਭਾਈ ਗੁਰਦਾਸ ਅੱਗੇ ਦੱਸਦੇ ਹਨ ਕਿ ਇਸ ਪਿੱਛੋਂ ਗੁਰੂ ਨਾਨਕ ਬਗਦਾਦ ਚਲੇ ਗਏ ਅਤੇ ਨਗਰ ਤੋਂ ਬਾਹਰ ਆਪਣਾ ਡੇਰਾ ਕੀਤਾ। ਇੱਕ ਤਾਂ ਬਾਬਾ ਨਾਨਕ ਆਪ ਰੱਬ ਦਾ ਰੂਪ ਹੈ ਅਤੇ ਨਾਲ ਦੂਸਰਾ ਮਰਦਾਨੇ ਵਰਗਾ ਭਗਤ ਇਨਸਾਨ ਨਾਲ ਰਬਾਬੀ ਹੈ। ਬਾਬੇ ਨੇ ਭਜਨ ਬੰਦਗੀ ਕਰਕੇ ਜਦੋਂ ‘ਸਤਿਨਾਮ’ ਦਾ ਆਵਾਜ਼ਾ ਲਗਾਇਆ ਤਾਂ ਸਾਰਾ ਜਹਾਨ ਹੈਰਾਨ ਰਹਿ ਗਿਆ, ਇੱਕ ਦਮ ਵਜ਼ਦ ਵਿਚ ਆ ਗਿਆ, ਚੁੱਪ ਚਾਪ ਹੋ ਗਿਆ। ਇਸ ਤਰ੍ਹਾਂ ਸਾਰੇ ਬਗਦਾਦ ਨਗਰ ਨੂੰ ਚੁੱਪ ਚਾਪ ਦੇਖ ਕੇ ਪੀਰ ਹੈਰਾਨ ਰਹਿ ਗਿਆ, ਹੱਕਾ ਬੱਕਾ ਹੋ ਗਿਆ। ਫਿਰ ਪੀਰ ਧਿਆਨ ਲਾ ਕੇ ਦੇਖਦਾ ਹੈ ਕਿ ਕੋਈ ਬਹੁਤ ਹੀ ਬੇਪਰਵਾਹ, ਮਸਤਾਨਾ ਫਕੀਰ ਬਗਦਾਦ ਦੇ ਬਾਹਰ ਡੇਰਾ ਕਰਕੇ ਬੈਠਾ ਹੈ। ਫੇਰ ਪੀਰ ਦਸਤਗੀਰ ਨੇ ਗੁਰੂ ਨਾਨਕ ਤੋਂ ਪੁੱਛਿਆ ਕਿ ਤੁਸੀਂ ਕੌਣ ਫਕੀਰ ਹੋ ਅਤੇ ਕਿਸ ਘਰਾਣੇ ਵਿਚੋਂ ਹੋ? (ਹਰ ਫਕੀਰ ਦਾ ਕੋਈ ਨਾ ਕੋਈ ਗੁਰੂ ਹੁੰਦਾ ਹੈ ਜਿਸ ਤੋਂ ਫਕੀਰ ਭੇਖ ਲੈਂਦਾ ਹੈ; ਉਸ ਨੂੰ ਫਕੀਰ ਦਾ ਘਰਾਣਾ ਮੰਨਿਆ ਜਾਂਦਾ ਹੈ)। ਇਸ ਦਾ ਉਤਰ ਮਰਦਾਨੇ ਨੇ ਦਿੱਤਾ ਕਿ ਇਹ ਗੁਰੂ ਨਾਨਕ ਹਨ ਜੋ ਕਲਿਜੁਗ ਦੇ ਸਮੇਂ ਵਿਚ ਆਏ ਹਨ ਅਤੇ ਇਹ ਰੱਬ ਦੇ ਭੇਖ ਦਾ ਫਕੀਰ ਹੈ ਅਤੇ ਇਨ੍ਹਾਂ ਨੇ ਇੱਕ ਅਕਾਲ ਪੁਰਖ ਨੂੰ ਪਛਾਣਿਆ ਹੈ। ਇਨ੍ਹਾਂ ਦੀ ਕੀਰਤੀ ਧਰਤੀ, ਆਕਾਸ਼ ਅਤੇ ਪੂਰਬ, ਪੱਛਮ, ਉਤਰ, ਦੱਖਣ-ਚਾਰੇ ਦਿਸ਼ਾਵਾਂ ਵਿਚ ਫੈਲੀ ਹੋਈ ਹੈ:
ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ।
ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।
ਦਿਤੀ ਬਾਂਗਿ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ।
ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ।
ਵੇਖੈ ਧਿਆਨੁ ਲਗਾਇ ਕਰਿ ਇਕੁ ਫਕੀਰੁ ਵਡਾ ਮਸਤਾਨਾ।
ਪੁਛਿਆ ਫਿਰਿਕੈ ਦਸਤਗੀਰ ਕਉਣ ਫਕੀਰੁ ਕਿਸਕਾ ਘਰਿਆਨਾ?
ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇਕੋ ਪਹਿਚਾਨਾ।
ਧਰਤਿ ਆਕਾਸ ਚਹੂ ਦਿਸਿ ਜਾਨਾ॥੩੫॥