ਸੁਰਿੰਦਰ ਸੋਹਲ
ਕਾਮਰੇਡ ਦੇ ਦੋ ਚਾਰ ਫਿਕਰਿਆਂ ਨੇ ਤਸਵੀਰ ਦਾ ਪਾਸਾ ਹੀ ਪਲਟ ਦਿੱਤਾ ਸੀ। ਉਹ ਮੈਨੂੰ ਸਿਰ ਤੋਂ ਪੈਰਾਂ ਤੱਕ ‘ਫਰਾਡ’ ਤੋਂ ਵੱਧ ਕੁਝ ਨਹੀਂ ਸੀ ਜਾਪਿਆ।
ਹੁਣ ਤੱਕ ਮੇਰੇ ਦਿਮਾਗ ਵਿਚ ਉਸ ਦਾ ਅਕਸ ਅਗਾਂਹਵਧੂ, ਫਰਾਖ ਦਿਲ, ਵਿਸ਼ਾਲ ਦ੍ਰਿਸ਼ਟੀ ਦੇ ਮਾਲਕ ਦਾ ਸੀ, ਪਰ ਉਸ ਦੇ ਦੋ ਚਾਰ ਫਿਕਰੇ ਉਸ ਦੀ ਬਹੁਤ ਹੀ ਛੋਟੀ ਸਮਝ ਤੇ ਸੰਕੀਰਣ ਬੁੱਧੀ ਦਾ ਸਬੂਤ ਬਣ ਗਏ ਸਨ। ਉਸ ਦੀ ਇਮਾਨਦਾਰੀ, ਵਿਸ਼ਾਲ ਦ੍ਰਿਸ਼ਟੀ, ਸੁਘੜ-ਸਿਆਣੀਆਂ ਗੱਲਾਂ, ਹਰ ਮਸਲੇ ‘ਤੇ ਵਿਲੱਖਣ ਵਿਚਾਰ ਮੈਨੂੰ ਨਿਰਾ ਧੋਖਾ ਹੀ ਜਾਪਣ ਲੱਗੇ ਸਨ। ਉਹ ‘ਹਿਪੋਕ੍ਰੇਸੀḔ ਦੀ ਮੂਰਤ ਬਣਿਆ ਮੇਰੇ ਦਿਲੋ-ਦਿਮਾਗ ਵਿਚ ਚੁੱਭਣ ਲੱਗ ਪਿਆ ਸੀ।
ਉਹ ਪਿਛਲੇ ਅੱਠ ਸਾਲਾਂ ਤੋਂ ਮੇਰਾ ਵਾਕਿਫ ਸੀ। ਸ਼ਾਇਦ ਮੈਂ ਗਲਤ ਕਹਿ ਗਿਆ ਹਾਂ। ਵਾਕਿਫ ਤਾਂ ਅਸੀਂ ਹੋਏ ਹੀ ਨਹੀਂ ਸਾਂ। ਪਹਿਲੀ ਮਿਲਣੀ ਹੀ ਏਨੀ ਲੰਮੀ ਹੋ ਗਈ ਸੀ ਕਿ ਜਦੋਂ ਅਸੀਂ ਉਠ ਕੇ ਤੁਰਨ ਲੱਗੇ ਤਾਂ ਏਨੇ ਗਹਿਰੇ ਦੋਸਤ ਬਣ ਗਏ ਸਾਂ ਕਿ ਵਿਦਾ ਹੋਣ ਵੇਲੇ ਸਾਨੂੰ ਘੁੱਟ ਕੇ ਜੱਫੀ ਪਾਉਣੀ ਪਈ ਸੀ।
ਮੈਂ ਸਿਰਫ ਆਦਰਸ਼ਵਾਦੀ ਗੱਲਾਂ ਕਰਨ ਜੋਗਾ ਸਾਂ, ਉਹ ਆਦਰਸ਼ ਨੂੰ ਵਿਹਾਰਕ ਰੂਪ ਵਿਚ ਨਿਭਾ ਰਿਹਾ ਸੀ। ਮੈਂ ਮਾਰਕਸ ਕਿਤਾਬਾਂ ਵਿਚ ਪੜ੍ਹਿਆ ਸੀ, ਉਹ ਆਪਣੇ ਇਲਾਕੇ ਦੀ ਪੰਜਾਬ ਸਟੂਡੈਂਟਸ ਯੂਨੀਅਨ ਦਾ ਜਨਰਲ ਸਕੱਤਰ ਰਹਿ ਚੁੱਕਾ ਸੀ। ਮੈਂ ਮਾਰਕਸ ਦੀ ਥਿਊਰੀ ਨੂੰ ਆਪਣੀ ਗੱਲਬਾਤ ਵਿਚ ਓਨਾ ਕੁ ਹੀ ਲਿਆਉਂਦਾ ਸਾਂ, ਜਿਸ ਨਾਲ ਦੂਸਰੇ ਨੂੰ ਭਰਮ ਪੈਦਾ ਹੋ ਸਕੇ ਕਿ ਇਹ ਬੰਦਾ ‘ਕਾਮਰੇਡ’ ਹੈ, ਪਰ ਉਸ ਦੇ ਖੂਨ ਵਿਚ ‘ਕਾਮਰੇਡੀ’ ਰਚੀ ਹੋਈ ਸੀ। ਹਰ ਗੱਲ, ਹਰ ਮਸਲੇ ਬਾਰੇ ਉਸ ਦਾ ਵਿਸਲੇਸ਼ਣ ਮਾਰਕਸੀ ਦ੍ਰਿਸ਼ਟੀ ਤੋਂ ਹੁੰਦਾ। ਬਿਲਕੁਲ ਅਲੱਗ।
ਪੰਜ ਪਿਆਰਿਆਂ ਵਿਚ ਔਰਤਾਂ ਨੂੰ ਸ਼ਾਮਿਲ ਕਰਨ ਦੀ ਗੱਲ ਚੱਲੀ, ਹਰਿਮੰਦਰ ਸਾਹਿਬ ਵਿਚ ਔਰਤਾਂ ਵਲੋਂ ਕੀਰਤਨ ਕਰਨ ਦਾ ਮਸਲਾ ਉਠਿਆ। ਵੱਡਾ ਵਿਰੋਧ ਹੋਇਆ, ਪਰ ਕਾਮਰੇਡ ਔਰਤਾਂ ਦੇ ਹੱਕ ਵਿਚ ਡੱਟ ਕੇ ਬੋਲਿਆ। ਆਪਣੇ ਦੋਸਤਾਂ ਨਾਲ ਚਲਦੀ ਬਹਿਸ ਵਿਚ ਔਰਤ ਦੇ ਹੱਕ ਪ੍ਰਤੀ ਉਸ ਦੀਆਂ ਅਕੱਟ ਦਲੀਲਾਂ ਅੱਗੇ ਸਭ ਹਾਰ ਜਾਂਦੇ।
ਅਫਗਾਨਿਸਤਾਨ ‘ਤੇ ਹਮਲਾ ਹੋਇਆ, ਇਰਾਕ ਵਿਚ ਜੰਗ ਛਿੜੀ, ਉਹ ਡੱਟ ਕੇ ਵਿਰੋਧ ਵਿਚ ਬੋਲਦਾ।
ਅਸੀਂ ਆਖਦੇ, “ਕਾਮਰੇਡ, ਤੈਨੂੰ ਪਤੈ ਅਮਰੀਕਾ ਵਿਚ ਮਾਰਕਸ ਦੀ ਗੱਲ ਕਰਨੀ, ਆਪਣੇ ਗਲ ‘ਚ ਫਾਹਾ ਪਾਉਣ ਵਾਲੀ ਗੱਲ ਐ। ਪੇਪਰ ਤੇਰੇ ਕੋਲ ਹੈਨੀ, ਕਿਸੇ ਦਿਨ ਅਗਲਿਆਂ ਨੇ ਚੁੱਕ ਕੇ ਚੜ੍ਹਾ ਦੇਣੈ।”
ਉਹ ਹਿੱਕ ਤਾਣ ਕੇ ਆਖਦਾ, “ਉਹ ਮੇਰੀ ਜ਼ਿੰਦਗੀ ਦਾ ਸੁਨਹਿਰੀ ਦਿਨ ਹੋਵੇਗਾ, ਜਦੋਂ ਮੈਨੂੰ ਮੇਰੀ ਵਿਚਾਰਧਾਰਾ ਕਰਕੇ ਅਮਰੀਕਾ ਵਿਚੋਂ ਕੱਢਿਆ ਜਾਵੇਗਾ। ਅਮਰੀਕਾ ਦੀ ਡੈਮੋਕਰੇਸੀ, ਇਸ ਦੀ ਉਦਾਰਤਾ, ਇਥੇ ਹਰ ਮਨੁੱਖ ਦੀ ਆਜ਼ਾਦੀ ਦੇ ਪਾਖੰਡ ਭਰੇ ਪ੍ਰਚਾਰ ਦੇ ਮੂੰਹ ‘ਤੇ ਚਪੇੜ ਹੋਵੇਗੀ, ਮੇਰੀ ਡਿਪੋਰਟੇਸ਼ਨ।”
ਅਮਰੀਕਾ ਵਰਗੇ ਮੁਲਕ ਤੇ ਨਿਊ ਯਾਰਕ ਵਰਗੇ ਸਭ ਤੋਂ ਤੇਜ਼ ਸਭਿਅਤਾ ਵਾਲੇ ਸ਼ਹਿਰ ਵਿਚ ਰਹਿੰਦੇ ਹੋਏ ਵੀ ਉਸ ਨੇ ਆਪਣੇ ਆਦਰਸ਼ਾਂ ਦੇ ਕਿੰਗਰਿਆਂ ਨੂੰ ਭੁਰਨ ਨਹੀਂ ਸੀ ਦਿੱਤਾ।
ਮੈਂ ਉਸ ਨੂੰ ਹੱਸਦਾ, “ਕਾਮਰੇਡ, ਜੇ ਤੇਰੇ ਬਾਰੇ ਕੋਈ ਕਹਾਣੀ ਵੀ ਲਿਖੀਏ ਤਾਂ ਆਲੋਚਕਾਂ ਨੇ ਝੱਟ ਇਹ ਕਹਿ ਕੇ ਰੱਦ ਕਰ ਦੇਣੀ ਐਂ, ਬਈ ਇਹੋ ਜਿਹੀਆਂ ਆਦਰਸ਼ਵਾਦੀ ਗੱਲਾਂ ਕਰਨ ਦਾ ਜ਼ਮਾਨਾ ਤਾਂ ਨਾਨਕ ਸਿੰਘ ਤੇ ਗੁਰਬਖਸ਼ ਸਿੰਘ ਨਾਲ ਹੀ ਖਤਮ ਹੋ ਗਿਐ। ਇਹ ਕਹਾਣੀ ਅੱਜ ਦੇ ਮਨੁੱਖ ਦੀ ਕਹਾਣੀ ਹੀ ਨਹੀਂ। ਅੱਜ ਦਾ ਮਨੁੱਖ ਐਨਾ ਆਦਰਸ਼ਵਾਦੀ ਰਿਹਾ ਹੀ ਨਹੀਂ। ਪਰ ਤੇਰਾ ਕੀ ਕਰੀਏ, ਤੂੰ ਤਾਂ ਆਦਰਸ਼ ਦੀ ਜਿਉਂਦੀ ਜਾਗਦੀ ਮਿਸਾਲ ਸਾਡੇ ਸਾਹਮਣੇ ਐਂ।”
“ਐਂ ਈ ਐ ਬਸ, ਆਪਾਂ ਤਾਂ ਵੱਡੇ ਵੱਡੇ ਆਲੋਚਕ ਫੇਲ੍ਹ ਕਰ ਦਈਏ।” ਉਹ ਮੁਸਕੜੀਏ ਹੱਸਦਾ।
ਪਰ ਉਸ ਦੇ ਬੋਲੇ ਦੋ ਚਾਰ ਫਿਕਰਿਆਂ ਨੇ ਉਸ ਦੀ ਸ਼ਖਸੀਅਤ ਦਾ ਮੀਨਾਰ ਮੇਰੀਆਂ ਨਜ਼ਰਾਂ ਵਿਚ ਇੰਜ ਢਹਿ ਢੇਰੀ ਕਰ ਦਿੱਤਾ ਸੀ, ਜਿਵੇਂ ਬੀਚ ਕਿਨਾਰੇ ਹੱਥਾਂ ਨਾਲ ਬਣਾਇਆ ਘਰ, ਲਹਿਰਾਂ ਧੂਹ ਕੇ ਲੈ ਜਾਂਦੀਆਂ ਨੇ।
ਕਾਮਰੇਡ ਦੇ ਪੇਪਰ ਨਹੀਂ ਸਨ ਬਣ ਸਕੇ।
ਇਕ ਵਾਰ ਉਸ ਦਾ ਵਾਕਿਫ ਇਕ ਚਰਚ ਵਾਲਾ ਬਣ ਗਿਆ। ਉਸ ਨੇ ਕਿਹਾ, “ਈਸਾਈ ਬਣ ਜਾ। ਪੇਪਰਾਂ ਦੇ ਨਾਲ ਨਾਲ ਖੂਬਸੂਰਤ ਪਤਨੀ ਵੀ ਮਿਲ ਜਾਵੇਗੀ। ਜ਼ਿੰਦਗੀ ਵਿਚ ਅਨੰਦ ਹੀ ਅਨੰਦ।”
ਉਹ ਬੋਲਿਆ ਸੀ, “ਯਾਰ ਏਡਾ ਸਮਝੌਤਾ ਮੇਰੇ ਕੋਲੋਂ ਨਹੀਂ ਹੋਣਾ।”
ਇਕ ਕੁੜੀ ਦੀ ਦੱਸ ਪਈ। ਕੁੜੀ ਦੇ ਘਰ ਵਾਲਿਆਂ ਦੀ ਸ਼ਰਤ ਸੀ, ਮੁੰਡਾ ਅੰਮ੍ਰਿਤ ਛਕ ਲਵੇ।
ਕਾਮਰੇਡ ਹੱਸਦਾ, “ਮੈਂ ਯਾਰ ਸ਼ਰਾਬ ਨਹੀਂ ਪੀਂਦਾ। ਮੀਟ ਨਹੀਂ ਖਾਂਦਾ। ਦਸਾਂ ਨਹੁੰਆਂ ਦੀ ਕਿਰਤ ਖਾਨਾਂ। ਅਜੇ ਅੰਮ੍ਰਿਤ ਦੀ ਬਾਕੀ ਐ। ਇਹ ਕੀ ਸ਼ਰਤ ਹੋਈ।”
ਉਸ ਨੂੰ ਸਭ ਨੇ ਸਮਝਾਇਆ, ਇਕ ਵਾਰ ਪੇਪਰ ਬਣ ਜਾਣ, ਤੇਰੀ ਜ਼ਿੰਦਗੀ ‘ਚ ਸਥਿਰਤਾ ਆ ਜਾਊ। ਕਿਰਪਾਨ ਕਿਤੇ ਤੇਰੀ ਵਿਚਾਰਧਾਰਾ ਦੇ ਢਿੱਡ ‘ਚ ਖੁੱਭ ਚੱਲੀ ਐ। ਨਾਲੇ ਕਾਮਰੇਡ ਤੂੰ ਆਖਦਾ ਹੁੰਨੈਂ ਬਈ ਸਿੱਖ ਫਲਸਫੇ ਵਿਚੋਂ ‘ਰੱਬḔ ਮਨਫੀ ਕਰ ਦਿਉ, ਉਹ ਮਾਰਕਸੀ ਫਲਸਫਾ ਬਣ ਜਾਂਦੈ। ਮਾਰਕਸੀ ਫਲਸਫੇ ਵਿਚ ‘ਰੱਬḔ ਜਮ੍ਹਾਂ ਕਰ ਦਿਓ, ਉਹ ਸਿੱਖ ਫਲਸਫਾ ਬਣ ਜਾਂਦੈ।
ਉਹ ਆਖਦਾ, “ਮੈਂ ਤੁਹਾਡੀ ਗੱਲ ਮੰਨਦਾਂ, ਪਰ ਇਹ ਇਕ ਵਿਚਾਰ ਐ। ਵਿਚਾਰ ਤੇ ਪ੍ਰੈਕਟੀਕਲ ਵਿਚ ਬਹੁਤ ਫਰਕ ਹੁੰਦੈ। ਧਰਮ ਦਾ ਫਲਸਫਾ ਆਪਣੀ ਥਾਂ ਹੈ। ਮਾਰਕਸ ਦਾ ਫਲਸਫਾ ਆਪਣੀ ਥਾਂ। ਧਰਮ ਇਸ ਸੰਸਾਰ ਨੂੰ ਮਿਥਿਆ ਮੰਨਦੈ, ਮਾਰਕਸ ਅਗਲੇ ਸੰਸਾਰ ਨੂੰ ਮਿਥਿਆ ਮੰਨਦੈæææ।” ਉਹ ਆਪਣੇ ਪੈਂਤੜੇ ਤੋਂ ਥਿੜਕਿਆ ਨਹੀਂ ਸੀ। ਆਖਰ ਏਡਾ ਵੀ ਕੀ ਆਦਰਸ਼!
ਸਾਡਾ ਇਕ ਦੋਸਤ ਸੀ, ਮੱਖਣ। ਉਸ ਨੇ ਕਈ ਕੇਸ ਕੀਤੇ। ਪਰ ਉਸ ਦਾ ਕੰਮ ਨਹੀਂ ਸੀ ਬਣਿਆ ਤੇ ਆਖਰ ਉਸ ਨੂੰ ਡਿਪੋਰਟੇਸ਼ਨ ਲੱਗ ਗਈ। ਕੈਨੇਡਾ ਵਿਚ ਇਕ ਕੁੜੀ ਦੀ ਦੱਸ ਪਈ। ਕੁੜੀ ਦਾ ਤਲਾਕ ਹੋ ਚੁੱਕਾ ਸੀ। ਇਕ ਬੱਚਾ ਸੀ। ਪਹਿਲਾਂ ਤਾਂ ਮੱਖਣ ਨੇ ਨਾਂਹ ਨੁੱਕਰ ਕੀਤੀ, ਪਰ ਸਭ ਨੇ ਕਿਹਾ, “ਮੱਖਣਾ, ਪੇਪਰਾਂ ਤੋਂ ਬਿਨਾ ਕੋਈ ਜ਼ਿੰਦਗੀ ਐ। ਪਿਛੇ ਮੁੜ ਗਿਆ ਤਾਂ ਕੀ ਕਰੇਂਗਾ? ਉਥੇ ਰਹਿ ਤੇਰੇ ਤੋਂ ਹੋਣਾ ਨਹੀਂ। ਮੁੜ ਕੇ ਕਿਤੇ ਜਾਣ ਜੋਗਾ ਤੂੰ ਰਹਿਣਾ ਨਹੀਂ। ਮੌਕਾ ਨਾ ਗੁਆ।” ਉਸ ਨੂੰ ਕਈ ਵਾਕਿਆ ਸੁਣਾਏ, ਪੇਪਰਾਂ ਵਾਸਤੇ ਕਿਸੇ ਨੇ ਕਾਲੀ ਨਾਲ ਵਿਆਹ ਕਰਵਾਇਆ ਸੀ, ਕਿਸੇ ਨੇ ਦੋ ਬੱਚਿਆਂ ਦੀ ਮਾਂ ਨਾਲ। ਆਖਰ ਮੱਖਣ ਨੇ ਹਾਮੀ ਭਰ ਦਿੱਤੀ। ਥੋੜ੍ਹੇ ਚਿਰਾਂ ਵਿਚ ਹੀ ਉਹ ਕੈਨੇਡਾ ਚਲਾ ਗਿਆ ਸੀ।
ਮੱਖਣ ਦੀ ਹੀ ਕਾਲ ਮੈਨੂੰ ਆਈ ਸੀ। ਘਟਨਾ ਤਾਂ ਬਹੁਤ ਮਾੜੀ ਘਟੀ ਸੀ। ਉਸ ਦੀ ਪਤਨੀ ਦੀ ਮਾਸੀ ਦੀ ਕੁੜੀ ਵਿਆਹ ਕਰਵਾ ਕੇ ਕੈਨੇਡਾ ਆਈ ਸੀ, ਅਜੇ ਪਿਛਲੇ ਮਹੀਨੇ। ਦੂਜੇ ਤੀਜੇ ਦਿਨ ਹੀ ਉਸ ਦੇ ਘਰ ਵਾਲੇ ਦੀ ਕਾਰ ਇਕ ਟਰੈਕਟਰ ਟਰੇਲਰ ਨਾਲ ਜਾ ਟਕਰਾਈ। ਉਹ ਉਥੇ ਹੀ ਪੂਰਾ ਹੋ ਗਿਆ। ਆਖਰੀ ਰਸਮਾਂ ਨਿਭਾ ਕੇ ਕੁੜੀ ਮੱਖਣ ਹੋਰਾਂ ਕੋਲ ਹੀ ਆ ਗਈ ਸੀ। ਕੈਨੇਡਾ ਵਿਚ ਹੋਰ ਕੋਈ ਉਸ ਦਾ ਨਹੀਂ ਸੀ। ਮੱਖਣ ਨੇ ਮੇਰੇ ਨਾਲ ਸਲਾਹ ਕੀਤੀ, “ਯਾਰ ਕੁੜੀ ਬਹੁਤ ਸ਼ਰੀਫ ਐ। ਬੜੀ ਸੁਨੱਖੀ। ਅਜੇ ਬੱਚਾ ਵੀ ਕੋਈ ਨਈਂ। ਤੂੰ ਕਾਮਰੇਡ ਨਾਲ ਗੱਲ ਚਲਾ ਕੇ ਦੇਖ। ਜੋੜੀ ਬਹੁਤ ਸੋਹਣੀ ਬਣਨੀ ਐਂ।”
ਗੱਲ ਸੁਣ ਕੇ ਮੈਨੂੰ ਦੁੱਖ ਤਾਂ ਹੋਇਆ, ਪਰ ਚਲੋ ਜੋ ਹੋਣਾ ਸੀ, ਹੋ ਗਿਆ। ਕਾਮਰੇਡ ਬਾਰੇ ਸੋਚ ਕੇ ਤਸੱਲੀ ਜਿਹੀ ਵੀ ਹੋਈ ਕਿ ਚਲੋ ਇਹ ਕਈ ਸਾਲਾਂ ਦਾ ਭਟਕਦਾ ਹੈ, ਕਿਸੇ ਪਾਸੇ ਲੱਗ ਜਾਵੇਗਾ। ਇਕ ਵਾਰੀ ਸੈਟਲ ਹੋ ਗਿਆ ਤਾਂ ਉਸ ਦੀ ਅਗਾਂਹਵਧੂ ਸੋਚ ਉਸ ਨੂੰ ਹੋਰ ਅੱਗੇ ਕੰਮ ਕਰਨ ਲਈ ਪ੍ਰੇਰੇਗੀ। ਹੁਣ ਵੀ ਆਪਣੀ ਸਖਤ ਮਿਹਨਤ ਦੀ ਕਮਾਈ ‘ਚੋਂ ਪਾਰਟੀ ਲਈ ਫੰਡ ਭੇਜਦਾ ਰਹਿੰਦਾ ਹੈ, ਪੇਪਰ ਹੋਣਗੇ, ਚੰਗੇ ਕੰਮ ‘ਤੇ ਲੱਗੇਗਾ ਤੇ ਪਾਰਟੀ ਦੇ ਹੋਰ ਕੰਮ ਆਵੇਗਾ।
ਮੈਂ ਕਾਮਰੇਡ ਨਾਲ ਗੱਲ ਚਲਾਈ। ਉਸ ਨੇ ਪੈਂਦੀ ਸੱਟੇ ਹੀ ਕਿਹਾ, “ਨਾ ਭਾਈ, ਆਪਾਂ ਵਿਧਵਾ ਵੁਧਵਾ ਨਾਲ ਵਿਆਹ ਨਹੀਂ ਕਰਵਾਉਂਦੇ। ਜ਼ਿੰਦਗੀ ‘ਚ ਇਕੋ ਵਾਰੀ ਤਾਂ ਵਿਆਹ ਕਰਾਉਣੈ। ਉਹ ਵੀ ਵਿਧਵਾ ਨਾਲ। ਛੱਡ ਯਾਰ, ਤੂੰ ਕਿੱਦਾਂ ਦੀਆਂ ਗੱਲਾਂ ਕਰਦਾਂ।”
æææਤੇ ਕਾਮਰੇਡ ਮੈਨੂੰ ਸਿਰ ਤੋਂ ਪੈਰਾਂ ਤੱਕ ‘ਫਰਾਡ’ ਤੋਂ ਵੱਧ ਕੁਝ ਨਹੀਂ ਸੀ ਲੱਗਾ। ਔਰਤਾਂ ਦੇ ਹੱਕ ਵਿਚ ਬੋਲਣ ਵਾਲਾ, ਬੰਦਾ ਕਿੰਨੀ ਬੇਕਿਰਕੀ ਨਾਲ ‘ਵਿਧਵਾ-ਵੁਧਵਾ’ ਸ਼ਬਦ ਵਰਤ ਗਿਆ ਸੀ।
ਮੈਨੂੰ ਆਪਣੇ ਆਪ ‘ਤੇ ਖਿਝ ਆ ਰਹੀ ਸੀ। ਇਸ ਬੰਦੇ ਨੂੰ ਏਨੇ ਸਾਲਾਂ ਵਿਚ ਪਛਾਣ ਕਿਉਂ ਨਾ ਹੋਇਆ। ਔਰਤਾਂ ਦੇ ਹੱਕਾਂ ਦੀਆਂ ਗੱਲਾਂ ਕਰਦਾ ਸਾਹ ਨਹੀਂ ਸੀ ਲੈਂਦਾ। ਦਰਬਾਰ ਸਾਹਿਬ ਵਿਚ ਔਰਤਾਂ ਦੇ ਕੀਰਤਨ ਕਰਨ ਦੇ ਹੁੰਦੇ ਵਿਰੋਧ ਵਿਚ ਓਨਾ ਔਰਤਾਂ ਨੂੰ ਵੀ ਦੁੱਖ ਨਹੀਂ ਸੀ, ਜਿੰਨਾ ਇਸ ਨੂੰ ਸੀ। ਪੰਜ ਪਿਆਰਿਆਂ ਵਿਚ ਔਰਤਾਂ ਨੂੰ ਸ਼ਾਮਿਲ ਕਰਨ ਦੀਆਂ ਦਲੀਲਾਂ ਦੇਣ ਲਈ ਉਹ ਸਿੱਖ ਰਹਿਤ ਮਰਿਆਦਾ ਦੇ ਹਵਾਲੇ ਦਿੰਦਾ ਸੀ, “ਦੇਖੋ ਜੀ ‘ਸਿੱਖ ਰਹਿਤ ਮਰਿਆਦਾḔ ਦੇ ਫਰਵਰੀ 1995 ਵਾਲੇ ਐਡੀਸ਼ਨ ਦੇ ਪੰਨਾ 24 ‘ਤੇ ਅੰਕਿਤ ਹੈ: ਅੰਮ੍ਰਿਤ ਛਕਾਉਣ ਲਈ ਇਕ ਖਾਸ ਅਸਥਾਨ ‘ਤੇ ਪ੍ਰਬੰਧ ਹੋਵੇ। ਉਥੇ ਆਮ ਲੋਕਾਂ ਦਾ ਲਾਂਘਾ ਨਾ ਹੋਵੇ। ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਘੱਟ ਤੋਂ ਘੱਟ ਛੇ ਤਿਆਰ-ਬਰ-ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ਵਿਚੋਂ ਇਕ ਤਾਬਿਆ ਬੈਠਾ ਹੋਵੇ ਤੇ ਬਾਕੀ ਪੰਜ ਅੰਮ੍ਰਿਤ ਛਕਾਉਣ ਲਈ ਹੋਣ। ਇਨ੍ਹਾਂ ਵਿਚ ‘ਸਿੰਘਣੀਆਂḔ ਵੀ ਹੋ ਸਕਦੀਆਂ ਹਨ।”
ਉਹ ‘ਸਿੰਘਣੀਆਂ’ ‘ਤੇ ਖ਼ਾਸ ਜ਼ੋਰ ਪਾ ਕੇ ਅਗਲੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਇੰਜ ਦੇਖਦਾ ਜਿਵੇਂ ਉਹ ‘ਸਿੱਖ ਰਹਿਤ ਮਰਿਆਦਾ’ ਦਾ ਅਸਰ ਆਪਣੀ ਤੱਕਣੀ ਰਾਹੀਂ ਦੂਸਰੇ ਦੇ ਦਿਮਾਗ ਵਿਚ ਪਾ ਰਿਹਾ ਹੋਵੇ। ਔਰਤ ਨੂੰ ਬਰਾਬਰੀ ਦਿਵਾਉਣ ਲਈ ਉਹ ਐਨਾ ਕਾਹਲਾ ਜਾਪਦਾ, ਉਸ ਦਾ ਰੰਗ ਜੋਸ਼ ਵਿਚ ਸੂਹਾ ਹੋ ਜਾਂਦਾ। ਕਈ ਵਾਰ ਉਸ ਦੇ ਬੋਲ ਮੁੱਕ ਜਾਂਦੇ ਤਾਂ ਉਹ ਆਪਣੇ ਜੋਸ਼ ਨੂੰ ਸਰੀਰਕ ਭਾਸ਼ਾ ਰਾਹੀਂ ਪ੍ਰਗਟਾਉਣ ਲਈ ਮੁੱਠੀਆਂ ਮੀਟਦਾ, ਬੁੱਲ੍ਹ ਮੀਚਦਾ।
æææਪਰ ਔਰਤ ਪ੍ਰਤੀ ਉਸ ਦੀ ਆਪਣੀ ਸੋਚ ਏਨੀ ਛੋਟੀ! ਮੇਰੇ ਦਿਮਾਗ ਵਿਚੋਂ ਉਸ ਦੀ ਉਚੀ ਸ਼ਖਸੀਅਤ ਦਾ ਭਰਮ ਇੰਜ ਕਿਰ ਗਿਆ, ਜਿਵੇਂ ਅਸਮਾਨ ਤੋਂ ਤਾਰਾ।
ਮੇਰੇ ਦਿਲ ਵਿਚ ਖਲਬਲੀ ਮਚੀ ਰਹੀ। ਸ਼ਾਮ ਨੂੰ ਮੈਂ ਦੋ ਦੀ ਥਾਂ ਤਿੰਨ ਪੈੱਗ ਪੀਤੇ। ਫੋਨ ਕਾਮਰੇਡ ਨੂੰ ਲਾ ਲਿਆ।
“ਹੈਲੋ।” ਉਹ ਉਸੇ ਧੀਰਜ ਤੇ ਸਹਿਜ ਨਾਲ ਬੋਲਿਆ।
“ਗੱਲ ਸੁਣ ਉਇ ਵੱਡਿਆ ਕਾਮਰੇਡਾ, ਔਰਤਾਂ ਦੇ ਹੱਕਾਂ ਦੇ ਅਲੰਬਰਦਾਰਾ। ਤੇਰਾ ਕੀ ਖਿਆਲ ਐ, ਵਿਧਵਾ ਨੂੰ ਦੁਬਾਰਾ ਜ਼ਿੰਦਗੀ ਸ਼ੁਰੂ ਕਰਨ ਦਾ ਕੋਈ ਹੱਕ ਨਹੀਂ?”
“ਪੂਰਾ ਹੱਕ ਐ ਭਾਈ।” ਉਹ ਬੋਲਿਆ।
“ਬੱਸ ਤੇਰਾ ਤਾਂ ਇਹ ਵਿਚਾਰ ਈ ਐ।” ਮੈਂ ਤਾਅਨਾ ਮਾਰਿਆ, “ਜੇ ਕੋਈ ਤੈਨੂੰ ਵਿਧਵਾ ਨਾਲ ਵਿਆਹ ਕਰਾਉਣ ਨੂੰ ਕਹੇ, ਫੇਰ ਹੱਕ ਨਈਂ। ਹੈਂ!”
“ਯਾਰ ਇਸ ਵਿਸ਼ੇ ‘ਤੇ ਮੈਂ ਤੇਰੇ ਨਾਲ ਗੱਲ ਨਈਂ ਕਰਨੀ ਚਾਹੁੰਦਾ।” ਉਹ ਜਿਵੇਂ ਹਕੀਕਤ ਦਾ ਸਾਹਮਣਾ ਕਰਨ ਤੋਂ ਭੱਜ ਰਿਹਾ ਸੀ।
“ਕਿਉਂ ਇਹ ਜਿਹੜੇ ਆਦਰਸ਼ਾਂ ਦਾ ਹੁਣ ਤੱਕ ਰੌਲਾ ਪਾਉਂਦਾ ਆਇਐਂ, ਉਹ ਦੂਜਿਆਂ ਲਈ ਸੀ ਬਸ?” ਮੈਨੂੰ ਚੜ੍ਹਦੀ ਜਾ ਰਹੀ ਸੀ।
ਉਹ ਕੁਝ ਚਿਰ ਚੁੱਪ ਰਿਹਾ। ਫਿਰ ਬਹੁਤ ਹੀ ਧੀਰਜ ਨਾਲ ਬੋਲਿਆ, “ਯਾਰ ਮੇਰੀ ਇਕ ਗੱਲ ਸੁਣ। ਜੇ ਕਿਤੇ ਮੇਰੇ ਕੋਲ ਅਮਰੀਕਾ ਦੇ ਪੇਪਰ ਹੁੰਦੇ, ਫਿਰ ਮੈਨੂੰ ਉਸ ਕੁੜੀ ਨਾਲ ਵਿਆਹ ਕਰਾਉਣ ਵਿਚ ਕਿਸੇ ਤਰ੍ਹਾਂ ਦੀ ਵੀ ਸੰਕੋਚ ਨਹੀਂ ਸੀ ਹੋਣਾ। ਫਿਰ ਕੀ ਸੀ ਜੇ ਵਿਧਵਾ ਸੀ ਤਾਂ। ਪਰ ਹੁਣ ਮੈਂ ਉਸ ਕੁੜੀ ਨਾਲ ਸਿਰਫ ਪੇਪਰ ਲੈਣ ਦੀ ਖਾਤਰ ਵਿਆਹ ਕਰਾਵਾਂ। ਮਤਲਬ ਕੁੜੀ ਮੇਰੇ ਲਈ ਮਹੱਤਵਪੂਰਨ ਨ੍ਹੀਂ, ਪੇਪਰ ਮਹੱਤਵਪੂਰਨ ਐ! ਪਹਿਲਾਂ ਤੁਸੀਂ ਕੁੜੀ ਨੂੰ ਤਿਆਰ ਕਰੋਂਗੇ। ਆਖੋਂਗੇ, ਦੇਖ ਤੂੰ ਦਾਗੀ ਹੋ ਗਈ ਐਂ। ਤੂੰ ਹੁਣ ਦੁਹਾਜੂ ਹੋ ਗਈ ਐਂ। ਮੰਨ ਜਾ ਮਸੀਂ ਕੁਆਰਾ ਮੁੰਡਾ ਲੱਭਾ। ਮੁੰਡੇ ਕਿਹੜੇ ਵਾਰ ਵਾਰ ਮਿਲਦੇ ਐ। ਕੁੜੀ ਦੇ ਦਿਮਾਗ ‘ਚ ਤੁਸੀਂ ਪਾਉਂਗੇ, ਬਈ ਉਹ ਜਿਵੇਂ ਹੁਣ ਬਹੁਤ ਹੀ ਘਟੀਆ ਹੋ ਗਈ ਐ। ਮੈਂ ਉਹਦੇ ਨਾਲ ਵਿਆਹ ਕਰਵਾ ਕੇ ਉਹਦੇ ‘ਤੇ ਅਹਿਸਾਨ ਕਰ ਰਿਹਾ ਹਾਂ। ਇਕ ਤਾਂ ਉਹ ਆਤਮਹੀਣਤਾ ਤੇ ਆਤਮ-ਗਿਲਾਨੀ ਦਾ ਸ਼ਿਕਾਰ ਹੋਊ। ਦੂਜਾ ਮੇਰੀ ਆਤਮਾ ਮੈਨੂੰ ਲਾਹਣਤਾਂ ਪਾਈ ਜਾਊ ਸਾਰੀ ਉਮਰ ਬਈ ਮੈਂ ਇਕ ਔਰਤ ਨਾਲ ਨਹੀਂ, ਕਾਗਜ਼ ਦੇ ਟੁਕੜਿਆਂ ਨਾਲ ਵਿਆਹ ਕਰਵਾਇਆ। ਇਕ ਵਿਧਵਾ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਇਆ। ਮੇਰੀ ਆਤਮਾ ਕੋਲੋਂ ਇਹ ਭਾਰ ਨਹੀਂ ਚੁਕਿਆ ਜਾਣਾ। ਮੈਂ ਤਾਂ ਹੀ ਏਨੀ ਬੇਰੁਖੀ ਨਾਲ ਆਖਿਆ ਸੀ, ਤਾਂ ਕਿ ਤੁਸੀਂ ਮੁੜ ਕੇ ਇਸ ਬਾਰੇ ਮੇਰੇ ਨਾਲ ਗੱਲ ਹੀ ਨਾ ਚਲਾਓææææ।”
ਕਾਮਰੇਡ ਬੋਲੀ ਜਾ ਰਿਹਾ ਸੀ। ਉਸ ਦਾ ਕਦ ਉਚਾ ਤੇ ਹੋਰ ਉਚਾ ਹੁੰਦਾ ਜਾਂਦਾ ਸੀ ਤੇ ਮੈਂ ਬਿਲਡਿੰਗ ਦੀ ਦੂਸਰੀ ਮੰਜ਼ਿਲ ‘ਤੇ ਬੈਠਾ ਵੀ, ਜਿਵੇਂ ਜ਼ਮੀਨ ਵਿਚ ਧੱਸਦਾ ਜਾ ਰਿਹਾ ਸਾਂ।