ਮੇਰਾ ਪੀæਜੀæਆਈæ (ਪੋਸਟ ਗ੍ਰੈਜੁਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ) ਚੰਡੀਗੜ੍ਹ ਨਾਲ ਗੂੜ੍ਹਾ ਸਬੰਧ ਹੈ। ਹੋਵੇ ਵੀ ਕਿਉਂ ਨਾ? ਜਿਥੇ ਮੁੱਛ ਫੁੱਟਦੀ ਜਵਾਨੀ ਬਿਤਾਈ ਹੋਵੇ, ਜਦੋਂ ਹੱਥ ਉਤੇ ਚੁੱਕ ਕੇ ਗੱਭਰੂ ਕਹਿੰਦਾ ਹੈ, “ਅਸਮਾਨ ਮੇਰੀ ਮੁੱਠੀ ਵਿਚ ਹੈ, ਧਰਤੀ ਮੇਰੇ ਪੈਰਾਂ ਥੱਲੇ।” ਜਿੱਥੇ ਰਾਤ-ਦਿਨ ਬਰਾਬਰ ਸਮਝਣ ਵਾਲੀ ਜਵਾਨੀ ਬਿਤਾਈ ਹੋਵੇ, ਉਹ ਥਾਂ ਹਮੇਸ਼ਾ ਆਪਣੀ ਹੀ ਜਾਪਦੀ ਹੈ।
1971-72 ਵਿਚ ਮੈਂ ਬੀæਐਸਸੀæ ਐਕਸਰੇ ਵਿਚ ਦਾਖਲਾ ਲੈ ਲਿਆ। ਉਥੇ ਤਿੰਨ ਦਿਨ ਖੇਡਾਂ ਹੁੰਦੀਆਂ ਸਨ ਤੇ ਤਿੰਨ ਦਿਨ ਸ਼ਾਮੀ ਕਲਚਰਲ ਪ੍ਰੋਗਰਾਮ, ਪਰ ਉਸ ਵਿਚ ਸਭ ਡਾਕਟਰ ਹੀ ਹਿੱਸਾ ਲੈਂਦੇ ਸਨ। ਅਸੀਂ ਰੌਲਾ ਪਾ ਦਿੱਤਾ ਕਿ ਅਸੀਂ ਵੀ ਪੀæਜੀæਆਈæ ਦੇ ਵਿਦਿਆਰਥੀ ਹਾਂ ਤੇ ਅਸੀਂ ਵੀ ਖੇਡਾਂ ਤੇ ਸਭਿਆਚਾਰਕ ਪ੍ਰੋਗਰਾਮ ਵਿਚ ਭਾਗੀ ਹੋਵਾਂਗੇ। ਪ੍ਰਬੰਧਕਾਂ ਨੇ ਖੇਡਾਂ ਵਿਚ ਸ਼ਮੂਲੀਅਤ ਲਈ ਤਾਂ ਹਾਮੀ ਭਰ ਦਿੱਤੀ ਪਰ ਸਭਿਆਚਾਰਕ ਪ੍ਰੋਗਰਾਮ ਲਈ ਇਤਰਾਜ ਲਾ ਦਿੱਤਾ ਕਿ ਭੰਗੜਾ ਨਹੀਂ ਹੋਵੇਗਾ। ਇਹ ਇਤਰਾਜ ਬਹੁਤਾ ਸਾਊਥ ਇੰਡੀਅਨ ਡਾਕਟਰਾਂ ਵਲੋਂ ਸੀ ਕਿਉਂਕਿ ਉਨ੍ਹਾਂ ਦੇ ਡਰਾਮਿਆਂ ਦੀ ਬਹੁਤ ਚੜ੍ਹਤ ਹੁੰਦੀ ਸੀ। ਉਨ੍ਹਾਂ ਨੇ ਕਲਚਰਲ ਪ੍ਰੋਗਰਾਮ ਦੇ ਬਾਈਕਾਟ ਦੀ ਧਮਕੀ ਦੇ ਦਿੱਤੀ।
ਉਧਰ ਪੰਜਾਬੀ ਡਾਕਟਰ ਵੀ ਖੁੰਦਕ ਖਾ ਗਏ ਕਿ ਇਹ ਕਿਵੇਂ ਹੋ ਸਕਦਾ ਕਿ ਭੰਗੜਾ ਨਾ ਹੋਵੇ! ਸੋ, ਸਾਨੂੰ ਭੰਗੜੇ ਦੀ ਟਰਾਇਲ ਦੇਣੀ ਪਈ। ਸਾਡੇ ਵਿਚੋਂ ਲੈਬਾਰਟਰੀ ਦੇ ਹਰਚੰਦ ਸਿੰਘ ਨੇ ਸਟੀਲ ਦੀ ਕੁਰਸੀ ‘ਤੇ ਢੋਲ ਵਜਾਇਆ, ਕਿਉਂਕਿ ਹਾਲੇ ਢੋਲੀ ਨੂੰ ਪੈਸੇ ਦੇਣ ਦੀ ਮਨਜ਼ੂਰੀ ਨਹੀਂ ਮਿਲੀ ਸੀ। ਅਸੀਂ ਤਿੰਨ-ਚਾਰ ਐਕਸ਼ਨ ਕਰ ਦਿੱਤੇ। ਬਸ ਫਿਰ ਕੀ ਸੀ, ਭੰਗੜੇ ਦੀ ਬੱਲੇ ਬੱਲੇ। ਤਿੰਨੇ ਦਿਨ ਹਾਲ ਤੁੰਨਿਆ ਹੁੰਦਾ, ਖਾਸ ਕਰ ਕੇ ਭੰਗੜੇ ਵੇਲੇ। ਸਾਊਥ ਇੰਡੀਅਨ ਡਾਕਟਰਾਂ ਨੇ ਪ੍ਰੋਗਰਾਮ ਦਾ ਬਾਈਕਾਟ ਕਰ ਦਿੱਤਾ ਤੇ ਇਸ ਭੰਗੜੇ ਦੀ ਨੁਮਾਇਸ਼ ਵਿਚੋਂ ਹੀ ਮੈਨੂੰ ਮੇਰੀ ਜੀਵਨ ਸਾਥਣ ਮਿਲ ਗਈ। ਥੋੜ੍ਹੇ ਮਹੀਨੇ ਬਾਅਦ ਪੀæਜੀæਆਈæ ਵਿਚ ਸਾਈਕ ਵਰਲਡ ਕਾਨਫਰੰਸ ਹੋਈ। ਉਹੀ ਸਾਊਥ ਇੰਡੀਅਨ ਡਾਕਟਰ ਪ੍ਰਬੰਧਕ ਸਨ। ਸੋ, ਲੱਗੇ ਮਿੰਨਤਾਂ ਕਰਨ। ਉਨ੍ਹਾਂ ਦੇ ਮੁਆਫੀ ਮੰਗਣ ਬਾਅਦ ਹੀ ਅਸੀਂ ਭੰਗੜਾ ਪਾਇਆ। ਸਾਡੀ ਫਿਰ ਬੱਲੇ ਬੱਲੇ ਹੋ ਗਈ। ਬਸ ਉਸ ਤੋਂ ਬਾਅਦ ਕਦੇ ਇਥੇ, ਕਦੇ ਉਥੇ ਭੰਗੜਾ ਚਲਦਾ ਰਿਹਾ। ਇਨਾਮ ਵੀ ਜਿੱਤੇ, ਫਿਰ ਅਮਰੀਕਾ ਆ ਕੇ ਵੀ ਲਗਨ ਲੱਗੀ ਰਹੀ।
ਖੈਰ, ਗੱਲ ਕਰਨੀ ਸੀ ਪੀæਜੀæਆਈæ ਦੀ। ਜੁਲਾਈ ਵਿਚ ਮੈਨੂੰ ਮਜਬੂਰਨ ਇੰਡੀਆ ਜਾਣਾ ਪਿਆ। ਉਧਰ ਸਾਡੇ ਇਕ ਰਿਸ਼ਤੇਦਾਰ ਨੂੰ ਖੂਨ ਦੀ ਉਲਟੀ ਆ ਗਈ, ਜਿਸ ਦਾ ਜਿਗਰ ਲਗਾਤਾਰ ਸ਼ਰਾਬ ਪੀਣ ਕਰ ਕੇ ਤਕਰੀਬਨ ਖਤਮ ਹੀ ਹੋ ਚੁਕਾ ਸੀ। ਸੋ ਇਲਾਜ ਪੀæਜੀæਆਈæ ਵਿਚ ਚੱਲ ਰਿਹਾ ਸੀ। ਉਸ ਨੂੰ ਐਮਰਜੈਂਸੀ ਲੈ ਗਏ। ਉਨ੍ਹਾਂ ਨੇ ਇਲਾਜ ਸ਼ੁਰੂ ਕਰ ਦਿੱਤਾ। ਮੈਂ ਉਸ ਦਿਨ ਜਾ ਨਾ ਸਕਿਆ, ਕਿਉਂਕਿ ਜੈਟਲੈਗ ਸੀ। ਅਗਲੇ ਦਿਨ 11 ਕੁ ਵਜੇ ਮੈਂ ਪਿੰਡੋਂ ਗਿਆ। ਹੁਣ ਉਸ ਦੀ ਹਾਲਤ ਠੀਕ ਸੀ। ਸੋ, ਡਾਕਟਰ ਨੂੰ ਪੁੱਛਿਆ ਕਿ ਹੁਣ ਕੀ ਵਿਚਾਰ ਹੈ, ਅੱਗੇ ਇਲਾਜ ਦਾ?
ਡਾਕਟਰ ਕਹਿੰਦਾ, “ਹਮਾਰੇ ਪਾਸ ਤੋ ਇਸ ਕੀ ਫਾਈਲ ਹੀ ਨਹੀਂ।”
ਮੈਂ ਕਿਹਾ, “ਜਨਾਬ ਰਾਤ 8 ਵਜੇ ਦਾ ਮਰੀਜ ਤੁਹਾਡੇ ਕੋਲ ਹੈ, ਇਲਾਜ ਚੱਲ ਰਿਹਾ ਹੈ। ਮਰੀਜ ਠੀਕ ਹੈ, ਫਾਈਲ ਕਿਵੇਂ ਨਹੀਂ?”
“ਹਮ ਨੇ ਇਨ ਕੋ ਦੋ ਵਾਰ ਫਾਈਲ ਬਨਾਨੇ ਕੋ ਬੋਲਾ, ਇਨਹੋਂ ਨੇ ਬਨਾਈ ਨਹੀਂ।”
ਮੈਂ ਆਪਣੇ ਰਿਸ਼ਤੇਦਾਰ ਨੂੰ ਬੁਲਾ ਕੇ ਕਿਹਾ, “ਬਈ ਫਾਈਲ ਬਣਵਾਓ।” ਤਾਂ ਦਸ ਮਿੰਟਾਂ ਵਿਚ ਫਾਈਲ ਬਣ ਕੇ ਆ ਗਈ। ਫਿਰ ਕੀ ਸੀ, ਆਵਾਜ਼ ਪੈ ਗਈ, “ਮਰੀਜ ਕੋ ਜਲਦੀ ਇਧਰ ਲਾਓ।”
ਮਰੀਜ ਨਾਲ ਤਿੰਨ ਜਣੇ ਸਨ, ਚੌਥਾ ਮੈਂ। ਹੈਰਾਨ ਹੋ ਗਿਆ ਸਿਸਟਮ ਦੇਖ ਕੇ। ਜਿਵੇਂ ਫੈਕਟਰੀ ਵਿਚ ਮਸ਼ੀਨਾਂ ਕੰਮ ਕਰਦੀਆਂ ਨੇ, ਉਵੇਂ ਮਰੀਜਾਂ ਦੀਆਂ ਰੇੜ੍ਹੀਆਂ ਚਲਦੀਆਂ ਸਨ। ਪਹਿਲਾਂ ਰੈਜ਼ੀਡੈਂਟ ਡਾਕਟਰ ਚੈਕ ਕਰਦਾ, ਫਿਰ ਟੈਸਟ ਆਰਡਰ ਕਰਦਾ, ਰੇੜ੍ਹੀ ਅੱਗੇ ਤੋਰ ਦਿੰਦੇ। ਇਕ ਨਰਸ ਗੁਲੁਕੋਜ਼ ਲਾ ਦਿੰਦੀ, ਦੂਜੀ ਚਾਰ ਕੁ ਫੁੱਟ ਦੀ ਨਾਲੀ ਪੇਟ ਵਿਚ ਪਾ ਦਿੰਦੀ। ਨਾਲ ਹਦਾਇਤ ਕਰਦੀ, ਜਦੋਂ ਇਸ ਬੋਤਲ ‘ਚੋਂ ਪਾਣੀ ਖਤਮ ਹੋ ਗਿਆ, ਟਿਊਬ ਦੂਜੀ ਬੋਤਲ ਵਿਚ ਪਾ ਕੇ ਥੱਲੇ ਰੱਖ ਦੇਣੀ।
ਮੈਨੂੰ ਸਮਝ ਨਾ ਆਈ ਤੇ ਮੈਂ ਉਹੀ ਬੋਤਲ ਥੱਲੇ ਰੱਖ ਦਿੱਤੀ। ਜਦੋਂ ਨਰਸ ਨੇ ਆ ਕੇ ਦੇਖਿਆ ਤਾਂ ਪੁਛਿਆ, “ਇਹ ਕਿਹੜੀ ਬੋਤਲ ਥੱਲੇ ਪਈ ਹੈ?”
ਮੈਂ ਕਿਹਾ, “ਮੈਨੂੰ ਜੋ ਸਮਝ ਆਇਆ, ਮੈਂ ਕਰ ਦਿੱਤਾ। ਮੈਂ ਕਿਹੜਾ ਮਾਹਿਰ ਹਾਂ।”
ਹਾਂ ਸੱਚ, ਨਰਸ ਨੂੰ ਬੋਤਲ ਉਤੇ ਟੰਗਣ ਵਿਚ ਵੀ ਦਿੱਕਤ ਆਈ, ਹੱਥ ਨਹੀਂ ਸੀ ਪਹੁੰਚਿਆ। ਮੈਂ ਮਜ਼ਾਕ ਕੀਤਾ ਕਿ ਤੇਰੀ ਤਨਖਾਹ ਤੋਂ ਅੱਧੇ ਮੈਂ ਲਵਾਂਗਾ ਕਿਉਂਕਿ ਤੇਰਾ ਕੰਮ ਤਾਂ ਮੈਂ ਕਰ ਰਿਹਾ ਹਾਂ। ਪਰ ਉਸ ਨੂੰ ਸਮਝ ਨਾ ਆਈ। ਨਰਸਾਂ ਨੂੰ ਸ਼ਾਇਦ ਉਥੇ ਹੱਸਣਾ, ਮੁਸਕਰਾਉਣਾ ਮਨ੍ਹਾਂ ਹੈ। ਉਥੇ ਤਾਂ ਮਰੀਜਾਂ ਦੇ ਨਾਂ ਵੀ ਇੱਦਾਂ ਪੁਕਾਰਦੇ ਹਨ ਜਿਵੇਂ ਕਚਹਿਰੀਆਂ ਵਿਚ ਹਾਕ ਪੈਂਦੀ ਹੈ। ਇਹ ਵੀ ਪਤਾ ਲੱਗਾ ਕਿ ਨਰਸਾਂ ਕਾਂਟਰੈਕਟ ‘ਤੇ ਹਨ, ਪੀæਜੀæਆਈæ ਦੀਆਂ ਮੁਲਾਜ਼ਮ ਨਹੀਂ। ਸੋ, ਉਨਾ ਹੀ ਕੰਮ ਕਰਦੀਆਂ ਹਨ, ਜਿੰਨੇ ਦੀ ਇਜਾਜ਼ਤ ਹੈ।
ਫਿਰ ਵਾਰੀ ਆਈ ਖੂਨ ਲੈਣ ਵਾਲੇ ਦੀ। ਬਿਨਾ ਕੋਈ ਦਸਤਾਨੇ ਪਾਏ, ਉਹ ਖੂਨ ਕੱਢਣ ਲੱਗ ਪਿਆ। ਬਾਹਰਲੇ ਮੁਲਕਾਂ ਵਿਚ ਬਾਂਹ ‘ਤੇ ਟਿਊਬ ਬੰਨ੍ਹਦੇ ਹਨ ਤੇ ਮੁੱਠੀ ਖੋਲ੍ਹਣ-ਬੰਦ ਕਰਨ ਲਈ ਕਿਹਾ ਜਾਂਦਾ ਹੈ। ਪਰ ਉਸ ਵਿਚਾਰੇ ਨੇ ਮੈਨੂੰ ਕਿਹਾ, “ਆਪ ਇਧਰ ਆਓ ਔਰ ਬਾਜੂ ਪਕੜ ਲੋ।” ਜਦੋਂ ਸੂਈ ਨਾੜ ‘ਚ ਨਾ ਗਈ ਤਾਂ ਮੈਂ ਰਿਸ਼ਤੇਦਾਰ ਨੂੰ ਕਿਹਾ, “ਮੁੱਠੀ ਖੋਲ੍ਹੋ, ਬੰਦ ਕਰੋ।”
ਇਸ ਪਿਛੋਂ ਨਾੜ ਨਜ਼ਰ ਆਈ ਤੇ ਉਸ ਸੂਈ ਲਾਈ ਅਤੇ ਸ਼ੀਸ਼ੀਆਂ ਭਰ ਲਈਆਂ ਪਰ ਉਹ ਖੂਨ ਦੀਆਂ ਸ਼ੀਸ਼ੀਆਂ ਰੇੜ੍ਹੀ ‘ਤੇ ਹੀ ਛੱਡ ਕੇ ਚਲਾ ਗਿਆ। 15-20 ਮਿੰਟਾਂ ਬਾਅਦ ਡਾਕਟਰ ਆਇਆ ਤੇ ਕਹਿਣ ਲੱਗਾ, “ਯੇ ਸ਼ੀਸ਼ੀਆਂ ਇਧਰ ਕਿਉਂ ਪੜੀਂ ਹੈ? ਯੇ ਤੋ ਲੈਬਾਰਟਰੀ ਮੇ ਜਾਨੀ ਥੀਂ।”
ਮੈਂ ਕਿਹਾ, “ਜਨਾਬ, ਮੈਨੂੰ ਕੀ ਪਤਾ ਲੈਬਾਰਟਰੀ ਕਿਧਰ ਹੈ।” ਮੈਂ ਸਬੰਧੀ ਨੂੰ ਆਵਾਜ਼ ਮਾਰੀ ਤੇ ਉਹ ਪੁੱਛ ਕੇ ਸ਼ੀਸ਼ੀਆਂ ਦੇ ਆਇਆ।
ਇਕ ਹੋਰ ਅਜੀਬ ਗੱਲ, ਡਾਕਟਰ ਨੂੰ ਜੋ ਸਮਾਨ ਚਾਹੀਦਾ ਹੁੰਦਾ, ਉਹ ਕਾਗਜ਼ ਦੀ ਰੱਦੀ ਟੁਕੜੀ ‘ਤੇ ਲਿਖ ਕੇ ਮੇਰੇ ਰਿਸ਼ਤੇਦਾਰ ਨੂੰ ਭੇਜ ਦਿੰਦਾ ਕਿ ਜਾ ਸਟੋਰ ਵਿਚੋਂ ਲੈ ਆਓ। ਇਥੋਂ ਤੱਕ ਕੇ ਸੂਗਰ ਟੈਸਟ ਕਰਨ ਵਾਲੀ ਸਟਰਿਪ ਵੀ। ਉਹ ਵੀ ਇਕ-ਇਕ ਕਰ ਕੇ ਲਿਆਉਣੀ ਪੈਂਦੀ।
ਫਿਰ ਵਾਰੀ ਆਈ ਐਕਸਰੇ, ਅਲਟਰਾਸਾਊਂਡ ਦੀ, ਉਥੇ ਵੀ ਮਰੀਜ ਨੂੰ ਆਪ ਲਿਜਾਣਾ ਪੈਂਦਾ। ਆਪ ਰੇੜ੍ਹੀ ਧੱਕਣੀ ਪੈਂਦੀ। ਆਪ ਜਗ੍ਹਾ ਲੱਭਣੀ ਪੈਂਦੀ। ਫਿਰ ਸਮਝ ਆਈ ਕਿ ਹਸਪਤਾਲ ਵਿਚ ਮਰੀਜਾਂ ਨਾਲ ਤਿੰਨ-ਤਿੰਨ, ਚਾਰ-ਚਾਰ ਜਣੇ ਕਿਉਂ ਜਾਂਦੇ ਹਨ? ਡਾਕਟਰ ਨੇ ਸਭ ਨੂੰ ਕੰਮ ਲਾਈ ਰੱਖਿਆ। ਹਾਲਾਂਕਿ ਐਮਰਜੈਂਸੀ ਵਿਚ ਮਰੀਜ ਨਾਲ ਦੋ ਜਣੇ ਹੀ ਅੰਦਰ ਜਾਣ ਦੀ ਇਜਾਜ਼ਤ ਹੈ ਪਰ ਸਕਿਉਰਿਟੀ ਵਾਲੇ ਅੱਛੇ ਸਨ। ਕਹਿੰਦੇ ਵੀ ਰਹਿੰਦੇ ਕਿ ਸਿਰਫ ਦੋ ਹੀ ਜਾ ਸਕਦੇ ਹਨ, ਪਰ ਦੋ ਦੋ ਕਰ ਕੇ ਕੱਢ ਦਿੰਦੇ।
ਸ਼ਾਮ ਦੇ 8 ਵਜੇ ਐਂਡੋਸਕੋਪੀ ਲਈ ਕਿਹਾ ਗਿਆ। ਰਿਸ਼ਤੇਦਾਰ 6 ਵਜੇ ਮਰੀਜ ਨੂੰ ਲੈ ਕੇ ਚਲੇ ਗਏ। ਟੈਸਟ ਲਈ ਦੋ ਟੀਕੇ ਖਰੀਦ ਕੇ ਲਿਜਾਣੇ ਪਏ। 8 ਵਜੇ ਪਤਾ ਲੱਗਾ ਕਿ ਅੱਜ ਨਹੀਂ, ਕੱਲ੍ਹ 10 ਵਜੇ ਐਂਡੋਸਕੋਪੀ ਹੋਵੇਗੀ। ਸੋ, ਸਾਰੇ ਸਵੇਰੇ ਦੀ ਇੰਤਜ਼ਾਰ ਕਰਨ ਲੱਗੇ। ਮਰੀਜਾਂ ਦੇ ਰਿਸ਼ਤੇਦਾਰ ਵੇਟਿੰਗ ਰੂਮ ਵਿਚ ਠਹਿਰ ਸਕਦੇ ਹਨ। ਫਰਸ਼ ‘ਤੇ ਬਹਿ ਕੇ ਖਾਂਦੇ, ਸੌਂਦੇ। ਕੈਨਟੀਨ ਵੈਸੇ ਅੱਛੀ ਸੀ, ਕੀਮਤਾਂ ਵੀ ਵਾਜਬ ਸਨ ਪਰ ਗੰਦ ਕਾਫੀ ਸੀ। ਮੱਖੀਆਂ ਆਮ ਸਨ, ਸਭ ਕਾਸੇ ‘ਤੇ ਬਹਿੰਦੀਆਂ ਸਨ।
ਨਾਲ ਦੀ ਰੇੜ੍ਹੀ ‘ਤੇ ਸੰਗਰੂਰ ਤੋਂ 38 ਸਾਲਾ ਮਰੀਜ ਸੀ, ਨਸ਼ੱਈ। ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਇਸ ਨੂੰ ਬਚਾਇਆ ਨਹੀਂ ਜਾ ਸਕਦਾ। ਰੱਸੀਆਂ ਨਾਲ ਉਸ ਦੇ ਹੱਥ-ਪੈਰ ਰੇੜ੍ਹੀ ਨਾਲ ਬੰਨ੍ਹੇ ਹੋਏ ਸਨ। ਮਾਂ ਤੇਲ ਲਾ ਕੇ ਤਲੀਆਂ ਝੱਸ ਰਹੀ ਸੀ ਕਿ ਸ਼ਾਇਦ ਵਾਪਸ ਮੁੜ ਆਵੇ।
ਸਵੇਰ ਸੁਨੇਹਾ ਆ ਗਿਆ ਕਿ ਐਂਡੋਸਕੋਪੀ 8 ਵਜੇ ਹੋਵੇਗੀ। ਸੋ ਫਿਰ 6 ਵਜੇ ਮਰੀਜ ਲੈ ਕੇ ਉਹ ਪਹੁੰਚ ਗਏ। 12 ਕੁ ਵਜੇ ਮੈਂ ਪਿੰਡੋਂ ਪੀæਜੀæਆਈæ ਪਹੁੰਚਿਆ ਤੇ ਪੁੱਛਿਆ, “ਡਾਕਟਰ ਨੇ ਕੁਝ ਦੱਸਿਆ?”
ਕਹਿੰਦੇ, “ਨਹੀਂ, ਤੁਸੀਂ ਪੁੱਛੋ।”
ਮੈਂ ਡਾਕਟਰ ਦਾ ਪਤਾ ਕਰ ਕੇ ਪੁਛਿਆ, “ਕੀ ਪਲਾਨ ਹੈ?”
ਕਹਿੰਦਾ, “ਪਹਿਲੇ ਯੇ ਤੋ ਬਤਾਓ ਮਰੀਜ ਕਹਾਂ ਹੈ?”
ਮੈਂ ਕਿਹਾ, “ਮੈਂ ਮਰੀਜ ਮਿਲਾਤਾ ਹੂੰ, ਤੁਮ ਪਲਾਨ ਬਤਾਓ।”
ਡਾਕਟਰ ਨੇ ਆ ਕੇ ਕਿਹਾ, ਸਭ ਠੀਕ ਹੈ, ਚੈਕਅਪ ਕਰਾਉਂਦੇ ਰਹੋ। ਦਵਾਈਆਂ ਦੀ ਲਿਸਟ ਦੇ ਦਿੱਤੀ। ਦਵਾਈਆਂ ਕਿਉਂਕਿ ਉਹ ਪਹਿਲਾਂ ਵੀ ਖਰੀਦਦੇ ਰਹੇ ਸਨ, ਬਾਹਰੋਂ 750 ਰੁਪਏ ਵਿਚ ਮਿਲ ਜਾਂਦੀਆਂ ਸਨ। ਇਕ ਸਫੈਦ ਕੋਟ ਵਾਲਾ ਆਇਆ ਤੇ ਕਹਿਣ ਲੱਗਾ, “ਲਾਓ ਮੈਂ ਤੁਮ੍ਹੇ ਯਹਾਂ ਸੇ ਹੀ ਦਵਾਈ ਲਾ ਦੇਤਾ ਹੂੰ। 800 ਰੁਪਏ ਮੇ।”
ਮੇਰੇ ਰਿਸ਼ਤੇਦਾਰ ਮੈਨੂੰ ਪੁੱਛਣ ਲੱਗੇ, “ਕੀ ਕਰੀਏ?”
ਮੈਂ ਕਿਹਾ, “ਜਦੋਂ ਪਤਾ ਹੈ ਕਿ ਬਾਹਰੋਂ 50 ਰੁਪਏ ਸਸਤੀ ਮਿਲਦੀ ਹੈ, ਕਿਉਂ ਇਨ੍ਹਾਂ ਦੀਆਂ ਆਦਤਾਂ ਖਰਾਬ ਕਰਦੇ ਹੋ?”
ਪਿਛਲੇ ਮਹੀਨੇ ਉਥੇ ਐਂਬੂਲੈਂਸ ਘਪਲਾ ਫੜ੍ਹਿਆ ਗਿਆ ਸੀ ਜਿਸ ਵਿਚ ਇਕ ਸਿੰਘ ਫੌਜੀ ਐਂਬੂਲੈਂਸ ਵਿਚ ਇਕ ਲਾਸ਼ ਲਿਜਾਣ ਲਈ ਮੁਲਾਜ਼ਮਾਂ ਨੂੰ 200 ਰੁਪਏ ਤੋਂ 400 ਰੁਪਏ ਤੱਕ ਰਿਸ਼ਵਤ ਦਿੰਦਾ ਸੀ। ਉਹ ਪਤਾ ਨਹੀਂ ਕਿਹੋ ਜਿਹਾ ਸਿੱਖ ਸੀ ਤੇ ਕਿਹੋ ਜਿਹਾ ਫੌਜੀ, ਜੋ ਮੁਰਦਿਆਂ ਦਾ ਵਪਾਰ ਕਰ ਕੇ ਪੈਸਾ ਕਮਾ ਰਿਹਾ ਸੀ।
ਪੀæਜੀæਆਈæ ਵੈਸੇ ਬਹੁਤ ਨਾਮੀ ਹਸਪਤਾਲ ਹੈ ਜਿਸ ਨੇ ਖੋਜ ਦੇ ਖੇਤਰ ਵਿਚ ਮੱਲਾਂ ਮਾਰੀਆਂ ਹਨ। ਬੇਇਲਾਜਾਂ ਦਾ ਇਲਾਜ ਕਰ ਦਿੰਦੇ ਹਨ। ਏਸ਼ੀਆ ਦੇ ਹਸਪਤਾਲਾਂ ਵਿਚ ਸਭ ਤੋਂ ਸਿਖਰ ‘ਤੇ ਹੈ ਪਰ ਮਰੀਜਾਂ ਲਈ ਖੱਜਲ-ਖੁਆਰੀ ਬਹੁਤ ਹੈ। ਮਰੀਜਾਂ ਦੀ ਗਿਣਤੀ ਵੀ ਬਹੁਤ ਹੈ। ਦੋ ਸਾਲ ਪਹਿਲਾਂ ਮੈਂ ਮੈਡੀਕਲ ਸੁਪਰਡੈਂਟ ਨੂੰ ਸੁਝਾਅ ਦਿੱਤਾ ਸੀ ਕਿ ਵਾਲੰਟੀਅਰ ਕੰਮ ਸ਼ੁਰੂ ਕਰੋ। ਪੀæਜੀæਆਈæ ਦੇ ਸਾਬਕਾ ਡਾਕਟਰ, ਨਰਸਾਂ, ਮੁਲਾਜ਼ਮ ਰਿਟਾਇਰ ਹੋ ਕੇ ਚੰਡੀਗੜ੍ਹ ਜਾਂ ਆਸ-ਪਾਸ ਰਹਿੰਦੇ ਹਨ। ਹੋਰ ਵੀ ਬਹੁਤ ਪੜ੍ਹੇ-ਲਿਖੇ ਲੋਕ ਹਨ ਜੋ ਵਾਲੰਟੀਅਰ ਵਜੋਂ ਕੰਮ ਕਰਨਗੇ। ਕੁਝ ਲੋਕ ਉਥੇ ਮੁਫਤ ਲੰਗਰ ਦੀ ਸੇਵਾ ਕਰ ਹੀ ਰਹੇ ਹਨ। ਵਧੇਰੇ ਸਮਾਂ ਤਾਂ ਮਰੀਜ ਤੇ ਰਿਸ਼ੇਤਦਾਰ ਥਾਂਵਾਂ ਲੱਭਣ ਵਿਚ ਵੀ ਬਿਤਾਉਂਦੇ ਹਨ, ਜਿਨ੍ਹਾਂ ਦੀ ਵਾਲੰਟੀਅਰ ਮਦਦ ਕਰ ਸਕਦੇ ਹਨ। ਕਈ ਵੇਰ ਲੋਕ ਰਾਹੇ ਪਾਉਣ ਦੇ ਬਹਾਨੇ ਗਲਤ ਗੱਲਾਂ ਵੀ ਕਰਦੇ ਹਨ। ਪਰ ਇਹ ਚੀਜਾਂ ਤਾਂ ਹੀ ਹੋ ਸਕਦੀਆਂ ਹਨ ਜੇ ਅਫਸਰਸ਼ਾਹੀ ਵਾਲਿਆਂ ਕੋਲ ਟਾਈਮ ਹੋਵੇ, ਉਹ ਤਾਂ ਵਿਚਾਰੇ ਨੌਕਰੀਆਂ ਬਚਾਉਣ ਲਈ ਸਿਆਸਤਦਾਨਾਂ ਦੇ ਪੈਰ ਘੁੱਟਣ ‘ਚ ਹੀ ਉਲਝੇ ਰਹਿੰਦੇ ਹਨ। ਜਦੋਂ ਕੋਈ ਸਿਆਸਤਦਾਨ ਪੀæਜੀæਆਈæ ਆ ਜਾਵੇ, ਹੋਰ ਵੀ ਸਿਆਪਾ ਖੜ੍ਹਾ ਹੋ ਜਾਂਦਾ ਹੈ। ਉਨ੍ਹਾਂ ਨਾਲ 10-10 ਸਕਿਉਰਿਟੀ ਵਾਲੇ ਹੁੰਦੇ ਹਨ। ਸ਼ਾਇਦ ਸਿਆਸਤਦਾਨ ਧਰਮਰਾਜ ਤੋਂ ਡਰਦੇ ਹਨ ਕਿ ਪੋਲ ਖੁਲ੍ਹ ਨਾ ਜਾਵੇ। ਹਿੰਦੁਸਤਾਨ ਮੈਡੀਕਲ ਵਪਾਰ ਵਧਾਉਣ ਦੀ ਤਵੱਜੋ ਕਰਦਾ ਹੈ ਪਰ ਸਿਸਟਮ ਪਹਿਲਾਂ ਠੀਕ ਕਰ ਲਵੇ।
-ਠਾਕਰ ਸਿੰਘ ਬਸਾਤੀ
ਫੋਨ: 847-736-6092