ਚੰਡੀਗੜ੍ਹ ਵਿਚ ਫਿਲਮਾਂ ਵਾਲੇ ਗੁਲਜ਼ਾਰ ਦੀ ਬੁਲੰਦੀ

ਗੁਲਜ਼ਾਰ ਸਿੰਘ ਸੰਧੂ
ਇਸ ਹਫਤੇ ਚੰਡੀਗੜ੍ਹ ਵਿਚ ਫਿਲਮਾਂ ਵਾਲੇ ਗੁਲਜ਼ਾਰ ਦੀ ਫੇਰੀ ਨੇ ਇਸ ਸ਼ਹਿਰ ਨੂੰ ਗੁਲ-ਓ-ਗੁਲਜ਼ਾਰ ਕਰ ਛੱਡਿਆ। ਉਸ ਨੂੰ ਪੰਜਾਬ ਯੂਨੀਵਰਸਟੀ, ਚੰਡੀਗੜ੍ਹ ਨੇ ਟੈਗੋਰ ਚੇਅਰ ਪ੍ਰਦਾਨ ਕੀਤੀ ਹੈ। ਯੂਨੀਵਰਸਟੀ ਵਿਖੇ ਆਪਣਾ ਸ਼ੁਕਰਾਨਾ ਅਦਾ ਕਰਦਿਆਂ ਉਸ ਨੇ ਮੰਨਿਆ ਕਿ ਉਹ ਵਿਦਿਆਰਥੀਆਂ ਨਾਲ ਕਲਾਸਾਂ ਤਾਂ ਨਹੀਂ ਲੈ ਸਕਦਾ ਪਰ ਉਹ ਟੈਗੋਰ ਦੇ ਸੁਪਨਿਆਂ ਨੂੰ ਪੂਰੇ ਪੰਜਾਬ ਵਿਚ ਸਾਕਾਰ ਕਰੇਗਾ। ਉਸ ਨੇ ਦੱਸਿਆ ਕਿ ਟੈਗੋਰ ਦੇ ਸਥਾਪਤ ਕੀਤੇ ਸ਼ਾਂਤੀ ਨਿਕੇਤਨ ਵਿਚ ਸਾਂਝੀ ਵਿਦਿਆ ਦਾ ਪੂਰਨ ਪ੍ਰਬੰਧ ਸੀ ਤੇ ਟੈਗੋਰ ਵਿਦਿਆ ਦੀ ਦੇਵੀ ਨੂੰ ਦੇਸ਼ ਦੇ ਕੋਨੇ-ਕੋਨੇ ਵਿਚ ਲਿਜਾਣ ਦਾ ਚਾਹਵਾਨ ਸੀ।

ਉਸ ਨੇ ਰਾਬਿੰਦਰ ਨਾਥ ਟੈਗੋਰ ਦੀ ਕਵਿਤਾ ‘ਅਤਿਥੀ’ ਦਾ ਹਿੰਦੀ ਅਨੁਵਾਦ ਵੀ ਸਰੋਤਿਆਂ ਨਾਲ ਸਾਂਝਾ ਕੀਤਾ, ਜਿਹੜਾ ਉਸ ਨੇ ਮੂਲ ਬੰਗਲਾ ਭਾਸ਼ਾ ਤੋਂ ਕੀਤਾ ਹੈ। ḔਅਤਿਥੀḔ ਦੇ ਟੈਗੋਰ ਵੱਲੋਂ ਅੰਗਰੇਜ਼ੀ ਭਾਸ਼ਾ ਵਿਚ ਕੀਤੇ ਅਨੁਵਾਦ ਦਾ ਹਵਾਲਾ ਦਿੰਦਿਆਂ ਗੁਲਜ਼ਾਰ ਨੇ ਇਹ ਵੀ ਸਾਬਤ ਕੀਤਾ ਕਿ ਕਿਸੇ ਵੀ ਭਾਰਤੀ ਭਾਸ਼ਾ ਨੂੰ ਕਿਸੇ ਦੂਜੀ ਭਾਰਤੀ ਭਾਸ਼ਾ ਵਿਚ ਉਲਥਾਉਣਾ ਤਾਂ ਬਣਦਾ ਹੈ ਪਰ ਅੰਗਰੇਜ਼ੀ ਵਿਚ ਨਹੀਂ। ਟੈਗੋਰ ਦੇ ਆਪਣੇ ਅੰਗਰੇਜ਼ੀ ਅਨੁਵਾਦ ਦੀਆਂ ਟੂਕਾਂ ਸੁਣਾ ਕੇ ਗੁਲਜ਼ਾਰ ਨੇ ਜਿਹੜੇ ਸ਼ਬਦ ਕਹੇ, ਉਹ ਬੜੇ ਭਾਵ ਪੂਰਤ ਸਨ: ‘ਉਸ ਨੇ ਅਪਣੀ ਮੂਲ ਕਵਿਤਾæææ ਨਾਲ ਬੜਾ ਜ਼ੁਲਮ ਕੀਤਾ ਹੈ।’ ਗੁਲਜ਼ਾਰ ਨੇ ਭਾਰਤੀ ਭਾਸ਼ਾਵਾਂ ਵਿਚ ਬਾਲ ਸਾਹਿਤ ਦੀ ਘਾਟ ਉਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ। ਉਸ ਨੇ ਦੱਸਿਆ ਕਿ ਬੰਗਾਲੀ, ਮਰਾਠੀ ਤੇ ਮਲਿਆਲਮ ਤੋਂ ਬਿਨਾ ਭਾਰਤ ਦੀ ਕਿਸੇ ਵੀ ਭਾਸ਼ਾ ਨੇ ਬਾਲ ਸਾਹਿਤ ਰਚਣ ਵੱਲ ਧਿਆਨ ਨਹੀਂ ਦਿੱਤਾ। ਪੰਜਾਬੀ ਤੇ ਉਰਦੂ ਨੇ ਤਾਂ ਉਕਾ ਹੀ ਨਹੀਂ, ਜਦੋਂ ਤੱਕ ਮੂਲ ਪੰਜਾਬੀ ਭਾਸ਼ਾ ਵਿਚ ਅਜਿਹਾ ਸਾਹਿਤ ਰਚਣ ਦੀ ਪਿਰਤ ਨਹੀਂ ਪੈਂਦੀ। ਗੁਲਜ਼ਾਰ ਦੇ ਵਿਚਾਰ ਅਨੁਸਾਰ ਦੂਜੀਆਂ ਭਾਸ਼ਾਵਾਂ ਤੋਂ ਅਨੁਵਾਦ ਕਰਨਾ ਬਣਦਾ ਹੈ। ਇਸ ਪ੍ਰਸੰਗ ਵਿਚ ਉਸ ਨੇ ਟੈਗੋਰ ਦੀ ਬੰਗਲਾ ਭਾਸ਼ਾ ਵਿਚ ਲਿਖੀ ਬਾਲ ਕਵਿਤਾ ਦਾ ਹਿੰਦੀ ਅਨੁਵਾਦ ਸੁਣਾ ਕੇ ਸਾਰਾ ਮਾਹੌਲ ਹੀ ਬਦਲ ਦਿੱਤਾ।
ਸ਼ਾਮ ਨੂੰ ਚੰਡੀਗੜ੍ਹ ਸਾਹਿਤ ਅਕਾਡਮੀ ਵੱਲੋਂ ਟੈਗੋਰ ਥੀਏਟਰ ਵਿਚ ਰਚਾਏ ਭਰਪੂਰ ਸਮਾਗਮ ਵਿਚ ਉਸ ਨੇ ਆਪਣੀਆਂ ਕਵਿਤਾਵਾਂ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਉਸ ਦੀ ਹਰ ਕਵਿਤਾ ਦੇ ਅੰਤ ਉਤੇ ਸਾਰਾ ਹਾਲ ਤਾੜੀਆਂ ਦੀ ਗੂੰਜ ਨਾਲ ਭਰ ਜਾਂਦਾ।
ਗੁਲਜ਼ਾਰ ਨੇ ਇਹ ਵੀ ਕਿਹਾ ਕਿ ਉਹ ਮਿਰਜ਼ਾ ਗਾਲਿਬ ਦੀ ਸ਼ਖਸੀਅਤ ਅਤੇ ਸ਼ਾਇਰੀ ਦਾ ਬੜਾ ਮੱਦਾਹ ਹੈ। ਆਪਣੇ ਮਨ ਵਿਚ ਮਿਰਜ਼ਾ ਗਾਲਿਬ ਦੀ ਸ਼ਾਇਰੀ ਨੂੰ ਪੂਰੀ ਤਰ੍ਹਾਂ ਚਮਕਾਉਣ ਵਿਚ ਉਹ ਜਗਜੀਤ ਸਿੰਘ ਤੇ ਨਸੀਰਉਦੀਨ ਦਾ ਵੱਡਾ ਹੱਥ ਮੰਨਦਾ ਹੈ। ਗੁਲਜ਼ਾਰ ਦੀ ਆਪਣੀ ਕਵਿਤਾ ਵਿਚ ਵੀ ਉਸ ਮਹਾਨ ਕਵੀ ਵਾਲੀ ਇਸ਼ਕ, ਨਾ ਉਮੀਦੀ ਤੇ ਉਮੀਦ ਪ੍ਰਧਾਨ ਹੈ।
ਆਮ ਆਦਮੀ ਦਾ ਰਾਜਪਾਲ ਵੀ ਪੀ ਸਿੰਘ ਬਦਨੌਰ: ਪੰਜਾਬ ਦਾ ਨਵਾਂ ਰਾਜਪਾਲ ਸ਼੍ਰੀ ਵੀ ਪੀ ਸਿੰਘ ਬਦਨੌਰ ਸੱਚ ਮੁੱਚ ਹੀ ਆਮ ਆਦਮੀ ਦੇ ਹਿੱਤ ਪਾਲਣ ਵਾਲਾ ਹੈ। ਉਸ ਨੇ ਸਹੁੰ ਚੁੱਕ ਸਮਾਗਮ ਤੋਂ ਤੁਰੰਤ ਪਿੱਛੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਅਧਿਕਾਰੀਆਂ ਨਾਲ ਜਿਹੜੀ ਮੀਟਿੰਗ ਕੀਤੀ, ਉਸ ਵਿਚ ਆਮ ਲੋਕਾਂ ਦੀਆਂ ਔਕੜਾਂ ਜਾਣਨ ਲਈ ਸੰਪਰਕ ਕੇਂਦਰਾਂ ਉਤੇ ਸੁਝਾਓ ਬਕਸੇ ਰਖਣ ਦਾ ਐਲਾਨ ਕੀਤਾ ਤਾਂ ਕਿ ਸ਼ਹਿਰ ਦਾ ਹਰ ਵਸਨੀਕ ਉਨ੍ਹਾਂ ਦੀ ਵਰਤੋਂ ਕਰ ਸਕੇ। ਮੁੱਖ ਮੰਤਵ ਵਸਨੀਕਾਂ ਦੀਆਂ ਲੋੜਾਂ ਤੇ ਇਛਾਵਾਂ ਨੂੰ ਮਾਨਵੀ ਚਿਹਰਾ ਪ੍ਰਦਾਨ ਕਰਨਾ ਹੈ। ਭਾਵੇਂ ਆਮ ਲੋਕ ਅਪਣੀਆਂ ਸ਼ਿਕਾਇਤਾਂ ਬਿਜਲਈ ਯੰਤਰਾਂ ਰਾਹੀਂ ਆਨਲਾਈਨ ਵੀ ਦਰਸਾ ਸਕਦੇ ਹਨ ਪਰ ਸੁਝਾਓ ਬਕਸਿਆਂ ਦੀ ਵਰਤੋਂ ਬਹੁਤ ਸਰਲ ਤੇ ਸੌਖੀ ਹੈ।
ਆਮ ਆਦਮੀ ਦੀਆਂ ਔਕੜਾਂ ਪ੍ਰਤੀ ਉਨ੍ਹਾਂ ਦੇ ਅਹਿਸਾਸ ਦਾ ਪਤਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਉਨ੍ਹਾਂ ਨੇ ਪਹਿਲੀ ਮੀਟਿੰਗ ਵਿਚ ਹੀ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਉਨ੍ਹਾਂ ਦੇ ਸ਼ਹਿਰ ਵਿਚ ਆਉਣ-ਜਾਣ ਸਮੇਂ ਟਰੈਫਿਕ ਪੁਲਿਸ ਵਾਲੇ ਕਿਸੇ ਕਿਸਮ ਦੀਆਂ ਵਿਸ਼ੇਸ਼ ਰੋਕਾਂ ਤੇ ਰੁਕਾਵਟਾਂ ਨਾ ਲਾਉਣ ਕਿਉਂਕਿ ਇਨ੍ਹਾਂ ਰੋਕਾਂ ਨਾਲ ਆਮ ਆਦਮੀ ਨੂੰ ਸਫਰ ਕਰਨਾ ਔਖਾ ਹੋ ਜਾਂਦਾ ਹੈ। ਉਹ ਸ਼ਹਿਰ ਨੂੰ ਹਰਿਆਵਲ ਭਰਿਆ ਤੇ ਚੁਸਤ ਦਰੁਸਤ ਵੇਖਣਾ ਚਾਹੁੰਦੇ ਹਨ, ਪ੍ਰਦੂਸ਼ਣ ਰਹਿਤ ਤੇ ਸਾਫ ਸੁਥਰਾ। ਉਨ੍ਹਾਂ ਨੇ ਬਜ਼ੁਰਗਾਂ ਤੇ ਸਿਹਤ ਵਲੋਂ ਲਾਚਾਰ ਬੰਦਿਆਂ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਆਦੇਸ਼ ਦਿੱਤਾ। ਉਨ੍ਹਾਂ ਦੇ ਚੰਡੀਗੜ੍ਹ ਦੇ ਵਿਕਾਸ ਪ੍ਰਤੀ ਪ੍ਰਗਟਾਏ ਇਹ ਵਿਚਾਰ ਕਲ ਨੂੰ ਪੰਜਾਬ ਦੇ ਸ਼ਹਿਰਾਂ ਉਤੇ ਵੀ ਲਾਗੂ ਹੋਣ ਦੀ ਆਸ ਰੱਖਣੀ ਚਾਹੀਦੀ ਹੈ।
ਸੁਭਾਅ ਵੱਜੋਂ ਵੀ ਪੀ ਸਿੰਘ ਬਦਨੌਰ ਦੀ ਬੇਤਕੁਲਫੀ ਤੇ ਸਾਦਗੀ ਦਾ ਅੰਦਾਜ਼ਾ ਇਸ ਗੱਲ ਤੋਂ ਲਗ ਜਾਂਦਾ ਹੈ ਕਿ ਚੰਡੀਗੜ੍ਹ ਸਾਹਿਤ ਅਕਾਡਮੀ ਵੱਲੋਂ ਫਿਲਮਾਂ ਵਾਲੇ ਗੁਲਜ਼ਾਰ ਲਈ ਰਚਾਏ ਵਿਸ਼ੇਸ਼ ਸਮਾਗਮ ਵਿਚ ਉਹ ਬਿਨ ਬੁਲਾਏ ਟੈਗੋਰ ਥੀਏਟਰ ਵਿਚ ਪਹੁੰਚ ਗਏ ਤੇ ਉਨ੍ਹਾਂ ਨੇ ਸਾਰਾ ਪ੍ਰੋਗਰਾਮ ਸਰੋਤਿਆਂ ਤੇ ਦਰਸ਼ਕਾਂ ਵਿਚ ਬੈਠ ਕੇ ਅੰਤ ਤੱਕ ਮਾਣਿਆ।
ਅੰਤਿਕਾ: ਮਿਰਜ਼ਾ ਗਾਲਿਬ
ਮੁਨਹਸਰ ਮਰਨੇ ਪੇ ਹੋ ਜਿਸ ਕੀ ਉਮੀਦ,
ਨਾ ਉਮੀਦੀ ਉਸ ਕੀ ਦੇਖਾ ਚਾਹੀਏ।
ਚਾਹੀਏ ਅੱਛੋਂ ਕੋ ਜਿਤਨਾ ਚਾਹੀਏ,
ਯਹ ਅਗਰ ਚਾਹੇਂ ਤੋਂ ਫਿਰ ਕਿਆ ਚਾਹੀਏ।