ਕੁਲਦੀਪ ਕੌਰ
ਲੇਖਕ ਰਾਜਿੰਦਰ ਸਿੰਘ ਬੇਦੀ ਦੁਆਰਾ ਨਿਰਦੇਸ਼ਤ ਫਿਲਮ Ḕਦਸਤਕ’ ਮੁੱਖ ਰੂਪ ਵਿਚ ਮਦਨ ਮੋਹਨ ਦੀਆਂ ਧੁਨਾਂ ਕਰ ਕੇ ਜਾਣੀ ਜਾਂਦੀ ਹੈ। 1970 ਵਿਚ ਬਣੀ ਇਹ ਫਿਲਮ ਉਸ ਸਮੇਂ ਰਿਲੀਜ਼ ਹੋਈ ਜਦੋਂ ਰਾਜ਼ੇਸ ਖੰਨਾ ਦਾ ਸਟਾਰਡਮ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ। ਫਿਲਮ ਦੇ ਗਾਣਿਆਂ ਦੇ ਬੋਲ ਵੀ ਉਸ ਦੌਰ ਦੀਆਂ ਫਿਲਮਾਂ ਨਾਲੋਂ ਵੱਖਰੇ ਸਨ। Ḕਬਹੀਆ ਨਾ ਧਰੋ ਬਾਲਮਾ’ ਅਤੇ Ḕਮੈਂ ਕਾਸੇ ਕਹੂੰ” ਵਰਗੇ ਕਲਾਸਿਕ ਹਿੰਦੀ ਗਾਣਿਆਂ ਨੇ ਫਿਲਮ ਦੀ ਉਰਦੂ ਪਟਕਥਾ ਵਿਚ ਵੱਖਰਾ ਹੀ ਰੰਗ ਭਰ ਦਿਤਾ।
Ḕਦਸਤਕ’ ਰਾਜਿੰਦਰ ਸਿੰਘ ਬੇਦੀ ਦੇ ਉਰਦੂ ਡਰਾਮੇ Ḕਨਕੀ-ਏ-ਮਕਾਨੀ’ ਉਤੇ ਆਧਾਰਿਤ ਸੀ। ਇਹ ਡਰਾਮਾ ਲਾਹੌਰ ਦੇ ਅਦਬੀ ਹਲਕਿਆਂ ਵਿਚ ਪਹਿਲਾਂ ਹੀ ਕਾਫੀ ਮਕਬੂਲ ਹੋ ਚੁੱਕਾ ਸੀ। ਫਿਲਮ ਬਣਾਉਣ ਤੋਂ ਪਹਿਲਾਂ ਬੇਦੀ ਸੰਵਾਦ ਅਤੇ ਪਟਕਥਾ ਲੇਖਨ ਵਿਚ ਨਾਮ ਕਮਾ ਚੁਕੇ ਸਨ। ਇਸ ਫਿਲਮ ਦੀ ਕਹਾਣੀ ਵਿਚ ਗੁੰਝਲਦਾਰ ਮਨੋਵਿਗਿਆਨਕ ਪਰਤਾਂ ਦੀ ਮੌਜੂਦਗੀ ਕਾਰਨ ਬੇਦੀ ਨੂੰ ਜਾਪਦਾ ਸੀ ਕਿ ਸ਼ਾਇਦ ਹੋਰ ਕੋਈ ਨਿਰਦੇਸ਼ਕ ਇਸ ਕਹਾਣੀ ਨਾਲ ਨਿਆਂ ਨਾ ਕਰ ਸਕੇ। ਉਹ ਕਹਾਣੀ ਲਿਖਣ ਦੇ ਤਾਂ ਮਾਹਿਰ ਸਨ, ਪਰ ਫਿਲਮ Ḕਕਹਾਣੀ ਫਿਲਮਾਉਣ ਦੀ ਕਲਾ’ ਦੇ ਸਿਖਾਂਦਰੂ ਸਾਬਤ ਹੋਏ। ਉਨ੍ਹਾਂ ਫਿਲਮ ਵਿਚ ਪ੍ਰਤੀਕਾਂ, ਚਿੰਨ੍ਹਾਂ ਅਤੇ ਸੰਕੇਤਾਂ ਦੀ ਝੜੀ ਲਾ ਦਿਤੀ। ਫਿਲਮ ਦੀ ਰਿਲੀਜ਼ ਤੋਂ ਬਾਅਦ ਬਹੁਤ ਸਾਰੇ ਖੱਪੇ ਨਜ਼ਰ ਆਉਣੇ ਸ਼ੁਰੂ ਹੋਏ ਜਿਨ੍ਹਾਂ ਨੇ ਫਿਲਮ ਨੂੰ ਦਰਸ਼ਕਾਂ ਤੋਂ ਮਹਿਰੂਮ ਕਰ ਦਿਤਾ।
Ḕਦਸਤਕ’ ਦੀ ਕਹਾਣੀ ਅਨੁਸਾਰ ਇਕ ਨਿਮਨ ਮੱਧ-ਵਰਗੀ ਮੁਸਲਿਮ ਨਵ-ਵਿਆਹਿਆ ਜੋੜਾ ਹਾਮਿਦ (ਸੰਜੀਵ ਕਪੂਰ) ਅਤੇ ਸਲਮਾ (ਰੇਹਾਨਾ ਸੁਲਤਾਨ) ਬੰਬਈ ਵਿਚ ਮਕਾਨ ਦੀ ਤਲਾਸ਼ ਕਰ ਰਿਹਾ ਹੈ। ਉਨ੍ਹਾਂ ਦਾ ਕੋਈ ਜਾਣਕਾਰ ਪਾਨ ਵੇਚਣ ਵਾਲਾ ਅਖਤਰ (ਅਨਵਰ ਹੁਸੈਨ) ਉਨ੍ਹਾਂ ਨੂੰ ਇਕ ਸਸਤੇ ਮਕਾਨ ਦੀ ਦੱਸ ਪਾਉਂਦਾ ਹੈ। ਉਹ ਹੋਰ ਖੱਜਲ-ਖੁਆਰੀ ਤੋਂ ਬਚਣ ਲਈ ਝੱਟ ḔਹਾਂḔ ਬੋਲ ਦਿੰਦੇ ਹਨ। ਉਹ ਉਸ ਮਕਾਨ ਵਿਚ ਰਹਿਣ ਲੱਗਦੇ ਹਨ, ਪਰ ਛੇਤੀ ਹੀ ਉਨ੍ਹਾਂ ਨੂੰ ਇਸ ਮਕਾਨ ਦੇ ਸਸਤੇ ਹੋਣ ਦਾ ਰਾਜ਼ ਸਮਝ ਆ ਜਾਂਦਾ ਹੈ। ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਇਸ ਮਕਾਨ ਵਿਚ ਉਨ੍ਹਾਂ ਤੋਂ ਪਹਿਲਾਂ ਕੋਠੇ ਵਾਲੀ ਸ਼ਮਸ਼ਾਦ (ਸ਼ਕੀਲਾ ਬਾਨੋ ਭੁਪਾਲੀ) ਰਹਿੰਦੀ ਸੀ। ਹਾਮਿਦ ਅਤੇ ਸਲਮਾ ਦੀ ਜ਼ਿੰਦਗੀ ਵਿਚ ਨਵਾਂ ਮੋੜ ਉਦੋਂ ਆਉਂਦਾ ਹੈ ਜਦੋਂ ਸ਼ਮਸ਼ਾਦ ਦੇ ਪੁਰਾਣੇ ਗਾਹਕ ਅੱਧੀ-ਅੱਧੀ ਰਾਤੀਂ ਆ ਕੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਭੰਨਦੇ ਹਨ ਅਤੇ ਜੋੜੇ ਦੀ ਨਿਜੀ ਜ਼ਿੰਦਗੀ ਨੂੰ ਜਨਤਕ ਦੰਦਕਥਾ ਦਾ ਹਿੱਸਾ ਬਣਾ ਦਿੰਦੇ ਹਨ।
ਇਸ ਦੰਦਕਥਾ ਦੇ ਦੰਦ ਇੰਨੇ ਤਿੱਖੇ ਹਨ ਕਿ ਇਹ ਜੋੜੇ ਦੇ ਆਪਸੀ ਰਿਸ਼ਤੇ Ḕਤੇ ਅਸਰ-ਅੰਦਾਜ਼ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਕਲੇਸ਼ ਦਾ ਮੁੱਢਲਾ ਕਾਰਨ ਭਾਵੇ ਉਨ੍ਹਾਂ ਦੀ ਮਾੜੀ ਆਰਥਿਕਤਾ ਹੈ, ਪਰ ਮੁਹੱਲੇ ਵਾਲਿਆਂ ਦਾ ਵਾਰ ਵਾਰ ਉਨ੍ਹਾਂ ਨੂੰ ਪਤੀ-ਪਤਨੀ ਦੀ ਬਜਾਏ ਦਲਾਲ-ਵੇਸਵਾ ਸਮਝਣ ਦੀ ਗਲਤੀ ਉਨ੍ਹਾਂ ਨੂੰ ਅੰਦਰ ਤੱਕ ਝੰਜੋੜ ਦਿੰਦੀ ਹੈ। ਉਹ ਰਿਸ਼ਤਾ ਸਾਬਤ ਕਰਨ ਦੀ ਦੌੜ ਵਿਚ ਲੱਗ ਜਾਂਦੇ ਹਨ, ਪਰ ਅਸਫਲ ਰਹਿੰਦੇ ਹਨ। ਸਲਮਾ ਦਾ ਤਾਨਪੁਰਾ ਵਜਾਉਣ ਦਾ ਹੁਨਰ ਇਸ ਅੱਗ ਉਤੇ ਘਿਓ ਦਾ ਕੰਮ ਕਰਦਾ ਹੈ। ਉਨ੍ਹਾਂ ਦੀ ਜ਼ਿੰਦਗੀ ਬਿਨਾ ਜੇਲ੍ਹ ਦੇ ਕੈਦੀ ਵਾਂਗ ਹੋ ਜਾਂਦੀ ਹੈ।
ਆਖਿਰ ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਦਿਨ ਅਜਿਹਾ ਵੀ ਆਉਂਦਾ ਹੈ ਜਦੋਂ ਸਲਮਾ ਪੈਸਿਆਂ ਦੀ ਡਾਢੀ ਤੋਟ ਕਾਰਨ ਸ਼ਮਸ਼ਾਦ ਦੇ ਪੁਰਾਣੇ ਗਾਹਕ ਨੂੰ ਤਾਨਪੁਰਾ ਸੁਣਾਉਂਦੀ ਹੈ। ਹਾਮਿਦ ਗੁੱਸੇ ਨਾਲ ਅੱਗ-ਬਗੂਲਾ ਹੋ ਕੇ ਉਨ੍ਹਾਂ ਦੋਵਾਂ ਨੂੰ ਚਾਕੂ ਨਾਲ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਅਚਾਨਕ ਉਹ ਇਹ ਸੁਣ ਕੇ ਸੁੰਨ ਹੋ ਜਾਂਦਾ ਹੈ ਕਿ ਸਲਮਾ ਮਾਂ ਬਣਨ ਵਾਲੀ ਹੈ। ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਸਲਮਾ ਨਾਲ ਕਿੰਨੀ ਜ਼ਿਆਦਤੀ ਕਰਨ ਵਾਲਾ ਸੀ, ਜਦਕਿ ਉਹ ਤਾਂ ਉਸ ਦੀ ਮੁਸੀਬਤ ਨੂੰ ਘੱਟ ਕਰਨ ਦਾ ਤਰੱਦਦ ਕਰ ਰਹੀ ਸੀ। ਇਉਂ ਇਹ ਫਿਲਮ ਉਨ੍ਹਾਂ ਅਣਦਿਸਦੇ ਸਮਾਜਿਕ ਘੇਰਿਆਂ ਦੀ ਨਿਸ਼ਾਨਦੇਹੀ ਕਰਦੀ ਹੈ ਜਿਹੜੇ ਅਚੇਤ-ਸੁਚੇਤ ਰੂਪ ਵਿਚ ਇਨਸਾਨ ਦੀ ਹੋਂਦ ਨੂੰ ਅਣਚਾਹੀਆਂ ਬੇੜੀਆਂ ਅਤੇ ਭੁਲੇਖਿਆਂ ਵਿਚ ਜਕੜੀ ਰੱਖਦੇ ਹਨ।
ਇਸ ਫਿਲਮ ਵਿਚ ਮੁੱਖ ਭੂਮਿਕਾਵਾਂ ਸੰਜੀਵ ਕਪੂਰ, ਰੇਹਾਨਾ ਸੁਲਤਾਨ, ਅੰਜੂ ਮਹਿੰਦਰੂ, ਅਨਵਰ ਹੁਸੈਨ ਅਤੇ ਸ਼ਕੀਲਾ ਬਾਨੋ ਭੁਪਾਲੀ ਨੇ ਨਿਭਾਈਆਂ ਸਨ। ਫਿਲਮ ਦੇ ਬਣਨ ਤੱਕ ਸੰਜੀਵ ਕਪੂਰ ਤਾਂ ਮਸ਼ਹੂਰ ਅਦਾਕਾਰ ਵਜੋਂ ਸਥਾਪਿਤ ਹੋ ਚੁੱਕੇ ਸਨ, ਪਰ ਰੇਹਾਨਾ ਸੁਲਤਾਨ ਦੀ ਇਹ ਪਹਿਲੀ ਫਿਲਮ ਸੀ। -0-