ਗੁਰਜੰਟ ਸਿੰਘ
ਫਿਲਮ ‘ਫਿਲਮਸਤਾਨ’ ਬਾਕਸ ਆਫਿਸ ਉਤੇ ਭਾਵੇਂ ਕੋਈ ਖਾਸ ਕ੍ਰਿਸ਼ਮਾ ਨਹੀਂ ਸੀ ਕਰ ਸਕੀ, ਪਰ ਜਿਸ ਕਿਸੇ ਨੇ ਵੀ ਇਹ ਫਿਲਮ ਦੇਖੀ ਹੈ, ਉਹ ਫਿਲਮ ਦੇ ਅਦਾਕਾਰ ਸ਼ਾਰਿਬ ਹਾਸ਼ਮੀ ਅਤੇ ਡਾਇਰੈਕਟਰ ਨਿਤਿਨ ਕੱਕੜ ਦੀਆਂ ਸਿਫ਼ਤਾਂ ਕੀਤੇ ਬਗੈਰ ਨਹੀਂ ਰਹਿ ਸਕਿਆ। ਨਿਤਿਨ ਦੀ ਇਹ ਪਲੇਠੀ ਫਿਲਮ ਸੀ ਅਤੇ ਇਹ ਫਿਲਮ ਪਾਮ ਸਪਰਿੰਗਜ਼ ਫਿਲਮ ਮੇਲੇ, ਟਰੌਮਸੋ (ਨਾਰਵੇ) ਕੌਮਾਂਤਰੀ ਫਿਲਮ ਮੇਲੇ, ਗੋਥਨਬਰਗ (ਸਵੀਡਨ) ਕੌਮਾਂਤਰੀ ਫਿਲਮ ਮੇਲੇ, ਜੈਪੁਰ ਕੌਮਾਂਤਰੀ ਫਿਲਮ ਮੇਲੇ, ਬੁਸਾਨ (ਦੱਖਣੀ ਕੋਰੀਆ) ਕੌਮਾਂਤਰੀ ਫਿਲਮ ਮੇਲੇ, ਮੁੰਬਈ ਫਿਲਮ ਮੇਲੇ ਅਤੇ ਕੇਰਲ ਕੌਮਾਂਤਰੀ ਫਿਲਮ ਮੇਲੇ ਵਿਚ ਦਿਖਾਈ ਗਈ।
ਇਨ੍ਹਾਂ ਸਭ ਮੇਲਿਆਂ ਵਿਚ ਫਿਲਮ ਨੇ ਤਾੜੀਆਂ ਦੇ ਨਾਲ-ਨਾਲ ਇਨਾਮ ਵੀ ਜਿੱਤੇ। 2012 ਵਿਚ 60ਵੇਂ ਕੌਮੀ ਫਿਲਮ ਪੁਰਸਕਾਰਾਂ ਵਿਚ ਇਸ ਫਿਲਮ ਨੂੰ ਸਰਵੋਤਮ ਫੀਚਰ ਫਿਲਮ ਦਾ ਇਨਾਮ ਮਿਲਿਆ। ਉਂਜ ਸਾਲ 2012 ਵਿਚ ਫਿਲਮ ਮੁਕੰਮਲ ਹੋਣ ਦੇ ਬਾਵਜੂਦ ਇਹ ਫਿਲਮ ਦੋ ਸਾਲ ਬਾਅਦ 2014 ਵਿਚ ਹੀ ਰਿਲੀਜ਼ ਕੀਤੀ ਜਾ ਸਕੀ। ਇਸ ਫਿਲਮ ਲਈ ਅਦਾਕਾਰ ਸ਼ਾਰਿਬ ਹਾਸ਼ਮੀ ਨੇ ਆਪਣੀ ਬੇਗਮ ਨਸਰੀਨ ਹਾਸ਼ਮੀ ਦੇ ਗਹਿਣੇ ਤੱਕ ਵੇਚ ਦਿਤੇ ਸਨ। ਫਿਲਮ ਦੀ ਕਹਾਣੀ ਬੜੀ ਦਿਲਚਸਪ ਹੈ। ਇਸ ਵਿਚ ਦਿਖਾਇਆ ਗਿਆ ਹੈ ਕਿ ਫਿਲਮ ਐਕਟਰ ਬਣਨ ਦੀ ਦੀਵਾਨਗੀ ਬੰਦੇ ਨੂੰ ਕਿਥੇ ਤੋਂ ਕਿਥੇ ਤੱਕ ਅਪੜਾ ਦਿੰਦੀ ਹੈ। ਨਾਇਕ ਅਦਾਕਾਰ ਬਣਨਾ ਚਾਹੁੰਦਾ ਹੈ ਅਤੇ ਕਿਸੇ ਵਿਦੇਸ਼ੀ ਫਿਲਮ ਟੀਮ ਨਾਲ ਰਲ ਜਾਂਦਾ ਹੈ। ਰਾਜਸਥਾਨ ਵਿਚ ਸ਼ੂਟਿੰਗ ਦੌਰਾਨ ਉਸ ਨੂੰ ਅਗਵਾ ਕਰ ਲਿਆ ਜਾਂਦਾ ਹੈ, ਹੋਸ਼ ਆਉਂਦੀ ਹੈ ਤਾਂ ਪਤਾ ਲਗਦਾ ਹੈ ਕਿ ਉਹ ਤਾਂ ਸਰਹੱਦ ਪਾਰ ਪਾਕਿਸਤਾਨ ਵਿਚ ਕਿਸੇ ਥਾਂ ‘ਤੇ ਹੈ। ਇਸ ਮੌਕੇ ਨੂੰ ਫਿਲਮਸਾਜ਼ ਨਿਤਿਨ ਕੱਕੜ ਨੇ ਭਾਰਤ-ਪਾਕਿਸਤਾਨ ਵੰਡ ਦਾ ਦੁਖਾਂਤ ਦਿਖਾਉਣ ਲਈ ਬਾਖੂਬ ਵਰਤਿਆ ਹੈ। ਨਿਤਿਨ ਕੱਕੜ ਨੇ ਸਾਧਾਰਨ ਜਿਹੀ ਕਹਾਣੀ ਨੂੰ ਬੇਹੱਦ ਅਸਾਧਾਰਨ ਰੂਪ ਵਿਚ ਕਾਮਯਾਬੀ ਨਾਲ ਪੇਸ਼ ਕੀਤਾ ਹੈ। ਇਹ ਫਿਲਮ ਦੇਖ ਕੇ ਫਿਲਮਸਾਜ਼ ਰਾਕੇਸ਼ ਓਮ ਪ੍ਰਕਾਸ਼ ਮਹਿਰਾ, ਅਮਿਤਾਭ ਬੱਚਨ ਅਤੇ ਵਿਧੂ ਵਿਨੋਦ ਚੋਪੜਾ ਵਰਗਿਆਂ ਨੇ ਸ਼ਾਰਿਬ ਹਾਸ਼ਮੀ ਦੀ ਪ੍ਰਸੰਸਾ ਕੀਤੀ। ਫਿਲਮਸਾਜ਼ ਨਿਖਲ ਅਡਵਾਨੀ ਨੇ ਤਾਂ ਉਸ ਨੂੰ ਆਪਣੀ ਅਗਲੀ ਫਿਲਮ ਵਿਚ ਲੈਣ ਦਾ ਐਲਾਨ ਵੀ ਕੀਤਾ। ਸ਼ਾਰਿਬ ਹਾਸ਼ਮੀ ਮਸ਼ਹੂਰ ਫਿਲਮ ਪੱਤਰਕਾਰ ਜ਼ੈਡæਏੇæ ਜੌਹਰ ਦਾ ਪੁੱਤਰ ਹੈ ਅਤੇ ਉਸ ਨੂੰ ਅਦਾਕਾਰੀ ਦਾ ਸ਼ੌਕ ਬਚਪਨ ਤੋਂ ਸੀ ਅਤੇ ਪੱਤਰਕਾਰ ਪਿਤਾ ਦੀਆਂ ਮਿਹਰਬਾਨੀਆਂ ਸਦਕਾ ਫਿਲਮੀ ਲੋਕਾਂ ਨੇ ਉਸ ਦੀ ਮਦਦ ਵੀ ਕੀਤੀ, ਪਰ ਉਸ ਦੀ ਅਦਾਕਾਰੀ ਨੂੰ ਖੰਭ ਨਾ ਲਗ ਸਕੇ। ਫਿਰ ਨਸਰੀਨ ਨਾਲ ਉਸ ਦਾ ਵਿਆਹ ਹੋ ਗਿਆ ਅਤੇ ਸ਼ਾਰਿਬ ਨੂੰ ਲੱਗਾ ਕਿ ਉਸ ਦਾ ਅਦਾਕਾਰੀ ਦਾ ਸੁਪਨਾ ਸਦਾ ਸਦਾ ਲਈ ਦਫਨ ਹੋ ਗਿਆ ਹੈ, ਪਰ ਨਸਰੀਨ ਨੇ ਉਸ ਦੀ ਅਦਾਕਾਰੀ ਨੂੰ ਖੰਭ ਲਾਉਣ ਲਈ ਆਪਣੇ ਗਹਿਣੇ ਅਤੇ ਫਿਰ ਘਰ ਤੱਕ ਵੇਚ ਦਿਤਾ। ਆਖਰਕਾਰ ਸ਼ਾਰਿਬ ਹਾਸ਼ਮੀ ਦਾ ਜਾਦੂ ਚੱਲ ਗਿਆ। ਇਸ ਦਾ ਸਿਹਰਾ ਉਹ ਦੋ ਸ਼ਖਸੀਅਤਾਂ ਸਿਰ ਬੰਨ੍ਹਦਾ ਹੈ- ਇਕ ਉਸ ਦੀ ਪਤਨੀ ਨਸਰੀਨ ਅਤੇ ਦੂਜਾ ਉਸ ਦਾ ਦੋਸਤ ਨਿਤਿਨ ਕੱਕੜ। ਜੇ ਨਿਤਿਨ ਕੱਕੜ ਉਸ ਨੂੰ ਲੈ ਕੇ ਫਿਲਮ ਨਾ ਬਣਾਉਂਦਾ ਤਾਂ ਸੱਚ-ਮੁੱਚ ਉਸ ਦਾ ਅਦਕਾਰੀ ਦਾ ਸੁਪਨਾ ਸਦਾ ਸਦਾ ਲਈ ਦਫਨ ਹੋ ਜਾਂਦਾ! -0-