ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਇਕ ਹਫਤੇ ਵਿਚ ਛੇ ਜਣਿਆਂ ਦੀ ਮੌਤ ਦਾ ਕਾਰਨ ਬਣੀਆਂ ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਬੱਸਾਂ ਵਿਰੁੱਧ ਪੰਜਾਬ ਵਿਚ ਰੋਹ ਮੁੜ ਭੜਕ ਉਠਿਆ ਹੈ। ਬਾਦਲ ਪਰਿਵਾਰ ਦੀ ਔਰਬਿਟ ਟਰਾਂਸਪੋਰਟ ਕੰਪਨੀ ਦੀ ਬੱਸ ਨੇ ਲੁਧਿਆਣਾ ਦੇ ਬੱਦੋਵਾਲ ਵਿਚ ਪਿਉ-ਪੁੱਤ ਨੂੰ ਦਰੜਨ ਦੇ ਚੌਥੇ ਦਿਨ ਹੀ ਚਾਰ ਹੋਰ ਲੋਕਾਂ ਦੀ ਜਾਨ ਲੈ ਲਈ। ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਔਰਬਿਟ ਬੱਸ ਨੇ ਆਵਾਜਾਈ ਨਿਯਮਾਂ ਦੀ ਪਰਵਾਹ ਨਾ ਕਰਦਿਆਂ ਟਰੱਕ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਵਿਚ ਦੂਜੀ ਬੱਸ ਨੂੰ ਟੱਕਰ ਮਾਰ ਦਿੱਤੀ।
ਹਾਦਸੇ ‘ਚ ਇਕ ਔਰਤ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ 13 ਮੁਸਾਫਰ ਗੰਭੀਰ ਜਖ਼ਮੀ ਹੋ ਗਏ। ਇਨ੍ਹਾਂ ਹਾਦਸਿਆਂ ਪਿੱਛੋਂ ਵਿਰੋਧੀ ਧਿਰਾਂ ਸਮੇਤ ਆਮ ਲੋਕਾਂ ਨੇ ਸਰਕਾਰ ਨੂੰ ਘੇਰ ਲਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਬੱਸ ਵੀ ਫੂਕ ਦਿੱਤੀ ਤੇ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ; ਹਾਲਾਂਕਿ ਬਾਦਲ ਪਰਿਵਾਰ ਨੇ ਸਰਕਾਰੀ ਖਜ਼ਾਨੇ ਵਿਚੋਂ ਮ੍ਰਿਤਕ ਪਿਉ-ਪੁੱਤ ਦੇ ਵਾਰਸਾਂ ਨੂੰ ਮੋਟਾ ਮੁਆਵਜ਼ਾ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇ ਕੇ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਵਿਚ ਹਾਕਮਾਂ ਦੀਆਂ ਬੱਸਾਂ ਬਾਰੇ ਦਹਿਸ਼ਤ ਹੈ। ਵਿਰੋਧੀ ਧਿਰਾਂ- ਆਮ ਆਦਮੀ ਪਾਰਟੀ, ਕਾਂਗਰਸ ਸਮੇਤ ਖੱਬੇ ਪੱਖੀਆਂ ਨੇ ਲੋਕਾਂ ਨੂੰ ਬਾਦਲ ਪਰਿਵਾਰ ਦੀਆਂ ਬੱਸਾਂ ਵਿਚ ਸਫਰ ਨਾ ਕਰਨ ਦੀ ਸਲਾਹ ਦਿੱਤੀ ਹੈ।
ਇਸ ਟਰਾਂਸਪੋਰਟ ਕੰਪਨੀ ਦੀਆਂ ਬੱਸਾਂ ਦਾ ਇਹ ਕੋਈ ਪਹਿਲਾ ਕਾਰਾ ਨਹੀਂ ਹੈ। ਇਨ੍ਹਾਂ ਦੀ ਧੱਕੇਸ਼ਾਹੀ ਤੋਂ ਪਰਦਾ ਉਸ ਸਮੇਂ ਉਠਿਆ ਸੀ ਜਦੋਂ 30 ਅਪਰੈਲ 2015 ਨੂੰ ਮੋਗਾ ਨੇੜੇ ਔਰਬਿਟ ਬੱਸ ਦੇ ਅਮਲੇ ਨੇ 14 ਸਾਲਾ ਲੜਕੀ ਤੇ ਉਸ ਦੀ ਮਾਂ ਨੂੰ ਛੇੜ-ਛਾੜ ਪਿੱਛੋਂ ਚੱਲਦੀ ਬੱਸ ਵਿਚੋਂ ਧੱਕਾ ਦੇ ਦਿੱਤਾ ਸੀ ਜਿਸ ਕਾਰਨ ਲੜਕੀ ਅਰਸ਼ਦੀਪ ਦੀ ਮੌਤ ਹੋ ਗਈ ਸੀ। ਇਸ ਘਟਨਾ ਪਿੱਛੋਂ ਸੂਬਾ ਪੱਧਰ ‘ਤੇ ਬਾਦਲ ਪਰਿਵਾਰ ਵਿਰੁੱਧ ਰੋਹ ਉਠ ਖਲੋਤਾ ਸੀ। ਸਰਕਾਰ ਨੇ ਪੀੜਤ ਪਰਿਵਾਰ ਨੂੰ ਮੋਟਾ ਮੁਆਵਜ਼ਾ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਪ ਨੋਟਿਸ ਲਿਆ ਤੇ ਬਾਦਲਾਂ ਦੀ ਟਰਾਂਸਪੋਰਟ ਦਾ ਵੇਰਵਾ ਮੰਗਿਆ। ਅਦਾਲਤ ਦੀ ਸਖਤੀ ਪਿੱਛੋਂ ਬੱਸ ਦੇ ਅਮਲੇ ‘ਤੇ ਮਾਮਲਾ ਦਰਜ ਕੀਤਾ ਸੀ, ਪਰ ਹੁਣ ਡਾਢਿਆਂ ਨਾਲ ਪੰਗਾ ਲੈਣ ਦੀ ਥਾਂ ਪੀੜਤ ਪਰਿਵਾਰ ਹੀ ਦੋਸ਼ੀਆਂ ਵਿਰੁੱਧ ਕਾਰਵਾਈ ਤੋਂ ਭੱਜ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸਵਾ ਸਾਲ ਦੇ ਅਰਸੇ ਦੌਰਾਨ ਰਸੂਖਵਾਨਾਂ ਦੀਆਂ ਬੇਕਾਬੂ ਬੱਸਾਂ ਤਕਰੀਬਨ ਦਰਜਨ ਲੋਕਾਂ ਦੀ ਜਾਨ ਲੈ ਚੁੱਕੀਆਂ ਹਨ। ਬੱਸਾਂ ਵਿਚ ਰੱਖੇ ਕਰਿੰਦਿਆਂ ਵੱਲੋਂ ਮੁਸਾਫਰਾਂ ਨੂੰ ਹੈਰਾਨ-ਪ੍ਰੇਸ਼ਾਨ ਅਤੇ ਜ਼ਲੀਲ ਕਰਨ ਦਾ ਵਰਤਾਰਾ ਵੀ ਜਾਰੀ ਹੈ।
ਮੋਗਾ ਕਾਂਡ ਕਾਰਨ ਆਪਣੇ ਅਕਸ ਨੂੰ ਲੱਗੇ ਦਾਗ ਦੇ ਨਤੀਜੇ ਵਜੋਂ ਬਾਦਲ ਪਰਿਵਾਰ ਨੇ ਆਪਣੀਆਂ ਬੱਸਾਂ ਦੇ ਅਮਲੇ-ਫੈਲੇ ਨੂੰ ਸਲੀਕੇ ਨਾਲ ਪੇਸ਼ ਆਉਣ ਅਤੇ ਗੱਡੀਆਂ ਸਾਵਧਾਨੀ ਨਾਲ ਚਲਾਉਣ ਦੀ ਟਰੇਨਿੰਗ ਦੇਣ ਦਾ ਦਾਅਵਾ ਵੀ ਕੀਤਾ ਸੀ, ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ। ਹਾਕਮਾਂ ਦੀਆਂ ਬੱਸਾਂ ਅਜਿਹੇ ਕਾਰੇ ਨਿੱਤ ਕਰਦੀਆਂ ਹਨ, ਪਰ ਬੱਸਾਂ ਦੇ ਅਮਲੇ ਵਿਰੁੱਧ ਕੇਸ ਉਦੋਂ ਤੱਕ ਦਰਜ ਨਹੀਂ ਹੁੰਦਾ ਜਦੋਂ ਤੱਕ ਲੋਕ ਜਨਤਕ ਤੌਰ ‘ਤੇ ਤਿੱਖਾ ਵਿਰੋਧ ਨਹੀਂ ਕਰਦੇ। ਪੰਜਾਬ ਵਿਚ 2007 ਤੋਂ ਸੱਤਾ ਸੰਭਾਲਣ ਪਿੱਛੋਂ ਬਾਦਲ ਪਰਿਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਨੇ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕੀਤੀ ਹੈ। ਪੰਜਾਬ ਦੇ ਸਾਰੇ ਮੁਨਾਫੇ ਵਾਲੇ ਰੂਟਾਂ ਉਤੇ ਬਾਦਲਾਂ ਦੀਆਂ ਬੱਸਾਂ ਚੱਲਦੀਆਂ ਹਨ। ਦੋਆਬੇ ਵਿਚ ਪਹਿਲਾਂ ਕਦੇ ਕਿਸੇ ਨੇ ਔਰਬਿੱਟ ਬੱਸਾਂ ਦਾ ਨਾਂ ਨਹੀਂ ਸੀ ਸੁਣਿਆ, ਪਰ ਸੱਤਾ ਸੰਭਾਲਣ ਤੋਂ ਬਾਅਦ ਔਰਬਿਟ ਤੇ ਡੱਬਵਾਲੀ ਟਰਾਂਸਪੋਰਟ ਦੀਆਂ ਬੱਸਾਂ ਜਲੰਧਰ ਦੇ ਬੱਸ ਅੱਡੇ ਉਤੇ ਦਿਖਾਈ ਦੇਣ ਲੱਗੀਆਂ। ਫਿਰ ਇੰਨੀ ਤੇਜ਼ੀ ਨਾਲ ਪਸਾਰਾ ਹੋਇਆ ਕਿ ਹਰ ਪਾਸੇ ਬਾਦਲਾਂ ਦੀਆਂ ਬੱਸਾਂ ਦਾ ਹੀ ਬੋਲਬਾਲਾ ਹੁੰਦਾ ਗਿਆ।
ਜ਼ਿਕਰਯੋਗ ਹੈ ਕਿ ਬਾਦਲ ਪਰਿਵਾਰ ਦੀ ਸਿੱਧੇ ਤੇ ਅਸਿੱਧੇ ਤੌਰ ਉਤੇ ਹਿੱਸਾ-ਪੱਤੀ ਵਾਲੀਆਂ ਚਾਰ ਟਰਾਂਸਪੋਰਟ ਕੰਪਨੀਆਂ ਹਨ। ਇਨ੍ਹਾਂ ਕੰਪਨੀਆਂ ਦੇ ਪਰਮਿਟਾਂ ਦੀ ਗਿਣਤੀ 230 ਤੋਂ ਵਧੇਰੇ ਹੈ। ਇਹ ਕੰਪਨੀਆਂ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ ਵਿਚ ਰਹਿੰਦੀਆਂ ਹਨ। ਜਲੰਧਰ ਤੋਂ ਦਿੱਲੀ ਏਅਰਪੋਰਟ ਨੂੰ ਜਾਣ ਵਾਲੀ ਪੰਜਾਬ ਰੋਡਵੇਜ਼ ਦੀ ਏæਸੀæ ਬੱਸ ਮੁਨਾਫਾ ਕਮਾ ਰਹੀ ਸੀ। ਬੱਸ ਦਾ ਕਿਰਾਇਆ ਮਹਿਜ਼ 650 ਰੁਪਏ ਸੀ, ਪਰ ਅਚਾਨਕ ਇਸ ਨੂੰ ਬੰਦ ਕਰ ਦਿੱਤਾ ਗਿਆ। ਬਾਅਦ ਵਿਚ ਟਰਾਂਸਪੋਰਟ ਵਿਭਾਗ ਨੇ ਇਸੇ ਰੂਟ ਉਤੇ ਬਾਦਲਾਂ ਦੀ ਕੰਪਨੀ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ। ਹੁਣ ਇਸ ਰੂਟ ਉਤੇ ਹਰ ਘੰਟੇ ਬਾਅਦ ਇੰਡੋ-ਕੈਨੇਡੀਅਨ ਬੱਸਾਂ ਚੱਲਦੀਆਂ ਹਨ ਤੇ ਇਨ੍ਹਾਂ ਦਾ ਇਕ ਪਾਸੇ ਦਾ ਕਿਰਾਇਆ 1600 ਤੋਂ ਲੈ ਕੇ 2700 ਰੁਪਏ ਹੈ।
___________
ਕਮਾਈ ਵਾਲੇ ਰੂਟਾਂ ‘ਤੇ ਬਾਦਲਾਂ ਦੀ ਸਰਦਾਰੀ
ਚੰਡੀਗੜ੍ਹ: ਪੰਜਾਬ ਵਿਚ ਬੱਸ ਟਰਾਂਸਪੋਰਟ ‘ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ। ਸੂਬੇ ਦੇ ਮਲਾਈਦਾਰ ਰੂਟਾਂ ਤੋਂ ਸਰਕਾਰੀ ਬੱਸਾਂ ਗਾਇਬ ਹਨ। ਜ਼ਿਆਦਾਤਰ ਸਰਕਾਰੀ ਬੱਸਾਂ ਨੂੰ ਛੋਟੇ ਅਤੇ ਪੇਂਡੂ ਰੂਟਾਂ ‘ਤੇ ਲਾਇਆ ਗਿਆ ਹੈ। ਟਰਾਂਸਪੋਰਟ ਵਿਭਾਗ ਦਾ ਛੋਟੇ ਤੋਂ ਲੈ ਕੇ ਵੱਡਾ ਅਧਿਕਾਰੀ ਹਾਕਮਾਂ ਦੀਆਂ ਮਨਮਾਨੀਆਂ ਤੋਂ ਔਖਾ ਤਾਂ ਜ਼ਰੂਰ ਹੈ, ਪਰ ਬੋਲਣ ਦੀ ਹਿੰਮਤ ਕਿਸੇ ਨੇ ਨਹੀਂ ਕੀਤੀ। ਪਟਿਆਲਾ ਤੋਂ ਵਾਇਆ ਲੁਧਿਆਣਾ, ਜਲੰਧਰ ਅੰਮ੍ਰਿਤਸਰ ਰੂਟ ਨੂੰ ਸਭ ਤੋਂ ਵੱਧ ਕਮਾਈ ਵਾਲਾ ਮੰਨਿਆ ਜਾਂਦਾ ਹੈ। ਇਸ ਰੂਟ ਤੋਂ ਸਰਕਾਰੀ ਬੱਸਾਂ ਨੂੰ ਹੌਲੀ-ਹੌਲੀ ਲਾਂਭੇ ਕਰ ਦਿੱਤਾ ਗਿਆ ਹੈ। ਔਰਬਿਟ ਤੇ ਡੱਬਵਾਲੀ ਬੱਸ ਕੰਪਨੀ ਦੇ ਲੁਧਿਆਣਾ, ਜਲੰਧਰ ਤੇ ਸੰਗਰੂਰ ਲਈ ਤਕਰੀਬਨ 34 ਰੂਟ ਬਠਿੰਡਾ ਤੋਂ ਚੱਲਦੇ ਹਨ, ਪਟਿਆਲਾ, ਚੰਡੀਗੜ੍ਹ ਰੂਟ ਵੱਖਰੇ ਹਨ। ਇਸ ਤੋਂ ਇਲਾਵਾ ਸਰਕਾਰੀ ਬੱਸਾਂ ਨੂੰ ਵਗਾਰਾਂ ਹੀ ਸਾਹ ਨਹੀਂ ਲੈਣ ਦਿੰਦੀਆਂ। ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਦੀ ਮੁਫ਼ਤ ਯਾਤਰਾ ਨੇ ਪ੍ਰਾਈਵੇਟ ਬੱਸ ਮਾਲਕਾਂ ਨੂੰ ਮੌਜ ਲਾਈ ਹੋਈ ਹੈ। ਕੁਝ ਸਮਾਂ ਪਹਿਲਾਂ ਪੰਜਾਬ ਰੋਡਵੇਜ਼ ਤੇ ਪਨਬੱਸ ਦੀਆਂ ਪੰਜਾਬ ਵਿਚ 1908 ਬੱਸਾਂ ਚੱਲਦੀਆਂ ਸਨ ਜੋ ਹੁਣ ਅੱਧੀਆਂ ਰਹਿ ਗਈਆਂ ਹਨ। ਬਾਦਲ ਪਰਿਵਾਰ ਦੀਆਂ 2007 ਵਿਚ 26 ਬੱਸਾਂ ਸਨ ਤੇ ਹੁਣ ਵੱਖ-ਵੱਖ ਨਾਂਵਾਂ ਤਹਿਤ ਤਕਰੀਬਨ 400 ਬੱਸਾਂ ਸੜਕਾਂ ‘ਤੇ ਦੌੜ ਰਹੀਆਂ ਹਨ।