ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਅੰਮ੍ਰਿਤਸਰ: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ 2017 ਚੋਣਾਂ ਲਈ 13 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਛੇ ਉਮੀਦਵਾਰ ਰਾਖਵੇਂ ਹਲਕਿਆਂ (ਐਸ਼ਸੀæ) ਲਈ ਹਨ। ਇਸ ਤੋਂ ਪਹਿਲਾਂ ‘ਆਪ’ ਵੱਲੋਂ ਪਹਿਲੀ ਸੂਚੀ ਵਿਚ 19 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਦੂਜੀ ਸੂਚੀ ਪਾਰਟੀ ਆਗੂ ਸੰਜੈ ਸਿੰਘ ਵੱਲੋਂ ਜਾਰੀ ਕੀਤੀ ਗਈ ਹੈ।

ਇਸ ਮੌਕੇ ਉਨ੍ਹਾਂ ਨਾਲ ਸੰਸਦ ਮੈਂਬਰ ਭਗਵੰਤ ਮਾਨ ਵੀ ਹਾਜ਼ਰ ਸਨ, ਜਦੋਂਕਿ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਗੈਰ ਹਾਜ਼ਰ ਸਨ। ਦੂਜੀ ਸੂਚੀ ਵਿਚ ਪਾਰਟੀ ਦੀ ਸੂਬੇ ਦੀ ਮਹਿਲਾ ਸੈੱਲ ਦੀ ਕਨਵੀਨਰ ਪ੍ਰੋæ ਬਲਜਿੰਦਰ ਕੌਰ ਨੂੰ ਤਲਵੰਡੀ ਸਾਬੋ ਤੋਂ, ਵਪਾਰ ਵਿੰਗ ਦੇ ਇੰਚਾਰਜ ਅਮਨ ਅਰੋੜਾ ਨੂੰ ਸੁਨਾਮ ਤੋਂ, ਕਿਸਾਨ ਸੈੱਲ ਦੇ ਮੀਤ ਪ੍ਰਧਾਨ ਕਰਨਵੀਰ ਸਿੰਘ ਟਿਵਾਣਾ ਨੂੰ ਪਟਿਆਲਾ ਤੋਂ ਅਤੇ ਐਸ਼ਸੀæ ਵਿੰਗ ਦੇ ਪ੍ਰਧਾਨ ਦੇਵ ਮਾਨ ਨੂੰ ਨਾਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਅਮਨ ਅਰੋੜਾ ਸਾਬਕਾ ਮੰਤਰੀ ਭਗਵਾਨ ਦਾਸ ਅਰੋੜਾ ਦਾ ਪੁੱਤਰ ਹੈ। ਸੂਚੀ ਵਿਚ ਤਿੰਨ ਅਧਿਆਪਕਾਂ ਨੂੰ ਵੀ ਉਮੀਦਵਾਰ ਬਣਾਇਆ ਗਿਆ ਹੈ, ਜਿਨ੍ਹਾਂ ਵਿਚ ਅਟਾਰੀ ਰਾਖਵੇਂ ਹਲਕੇ ਤੋਂ ਜਸਵਿੰਦਰ ਸਿੰਘ ਜਹਾਂਗੀਰ, ਮਲੋਟ ਤੋਂ ਸਾਬਕਾ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਅਤੇ ਜੈਤੋ ਤੋਂ ਮਾਸਟਰ ਬਲਦੇਵ ਸਿੰਘ ਸ਼ਾਮਲ ਹਨ।
ਸਮਰਾਲਾ ਤੋਂ ਸਰਬੰਸ ਸਿੰਘ ਮਾਣਕੀ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਿਨ੍ਹਾਂ ਬਹਿਬਲ ਕਲਾਂ ਘਟਨਾ ਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਪੀæਪੀæਪੀæ ਦੇ ਸਾਬਕਾ ਆਗੂ ਗੁਰਪ੍ਰੀਤ ਸਿੰਘ ਭੱਟੀ ਨੂੰ ਅਮਲੋਹ ਤੋਂ ਉਮੀਦਵਾਰ ਐਲਾਨਿਆ ਹੈ। ਸਾਬਕਾ ਕਾਂਗਰਸੀ ਮੰਤਰੀ ਜਸਜੀਤ ਸਿੰਘ ਰੰਧਾਵਾ ਦੀ ਬੇਟੀ ਅਨੂ ਰੰਧਾਵਾ ਨੂੰ ਘਨੌਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਦਿਲ ਦੇ ਰੋਗਾਂ ਦੇ ਮਾਹਿਰ ਡਾæ ਰਵਜੋਤ ਸਿੰਘ ਨੂੰ ਸ਼ਾਮ ਚੁਰਾਸੀ ਤੋਂ, ਸੰਗਰੂਰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਚੀਮਾ ਨੂੰ ਦਿੜ੍ਹਬਾ ਤੋਂ ਅਤੇ ਦਲਜੀਤ ਸਿੰਘ ਗਰੇਵਾਲ ਨੂੰ ਲੁਧਿਆਣਾ ਪੂਰਬੀ ਤੋਂ ਉਮੀਦਵਾਰ ਐਲਾਨਿਆ ਹੈ।
________________________________________
‘ਆਪ’ ਨੇ ਬਾਗੀਆਂ ਵਿਰੁਧ ਵਿੱਢੀ ਕਾਰਵਾਈ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਟਿਕਟਾਂ ਵਿਰੁੱਧ ਚੁਫੇਰਿਓਂ ਉਠ ਰਹੀਆਂ ਬਗਾਵਤੀ ਸੁਰਾਂ ਕਾਰਨ ਬਾਗੀਆਂ ਵਿਰੁਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੇ ਕਾਨੂੰਨੀ ਸੈੱਲ ਦੇ ਚੇਅਰਮੈਨ ਹਿੰਮਤ ਸਿੰਘ ਸ਼ੇਰਗਿੱਲ ਅਤੇ ਪ੍ਰਸ਼ਾਸਕੀ ਤੇ ਸ਼ਿਕਾਇਤ ਨਿਵਾਰਨ ਸੈੱਲ ਦੇ ਮੁਖੀ ਜਸਬੀਰ ਸਿੰਘ ਬੀਰ ਨੇ ਕਿਹਾ ਕਿ ਕੌਮੀ ਕੌਂਸਲ ਦੇ ਮੈਂਬਰ ਪਵਿੱਤਰ ਸਿੰਘ ਨੇ ਆਪਣੀ ਪਤਨੀ ਲਖਵਿੰਦਰ ਕੌਰ ਨੂੰ ਫਿਲੌਰ ਤੋਂ ਟਿਕਟ ਨਾ ਮਿਲਣ ਕਾਰਨ ਕੌਮੀ ਆਗੂਆਂ ਉਪਰ 50 ਲੱਖ ਰੁਪਏ ਮੰਗਣ ਦੇ ਦੋਸ਼ ਲਾਏ ਹਨ। ਪਾਰਟੀ ਨੇ ਇਸ ਜੋੜੀ ਵਿਰੁੱਧ ਮਾਨਹਾਨੀ ਦਾ ਕੇਸ ਪਾਉਣ ਸਮੇਤ ਪਾਰਟੀ ਵਿਚੋਂ ਕੱਢਣ ਦਾ ਨੋਟਿਸ ਵੀ ਦੇ ਦਿੱਤਾ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਇਸ ਤੋਂ ਇਲਾਵਾ ਕੁਝ ਹੋਰ ਆਗੂਆਂ ਵੱਲੋਂ ਵੀ ਇਕ ਸਾਜ਼ਿਸ਼ ਤਹਿਤ ਪਾਰਟੀ ਨੂੰ ਬਦਨਾਮ ਕਰਨ ਲਈ ਨਿਰਆਧਾਰ ਦੋਸ਼ ਲਾਏ ਜਾ ਰਹੇ ਹਨ ਅਤੇ ਉਨ੍ਹਾਂ ਨਾਲ ਵੀ ਇਸੇ ਤਰ੍ਹਾਂ ਨਜਿੱਠਿਆ ਜਾਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਹਨੇਵਾਲ ਦੇ ਪਾਰਟੀ ਆਗੂ ਅਜੈ ਪਨੇਸਰ ਤੇ ਧਰਮਜੀਤ ਅਤੇ ਫਤਿਹਗੜ੍ਹ ਸਾਹਿਬ ਤੋਂ ਜਗਬੀਰ ਸਿੰਘ ਜੱਗੀ ਨੂੰ ਅਜਿਹੇ ਦੋਸ਼ਾਂ ਤਹਿਤ ਪਾਰਟੀ ਵਿਚੋਂ ਮੁਅੱਤਲ ਕੀਤਾ ਜਾ ਚੁੱਕਿਆ ਹੈ।
________________________________________
ਟਿਕਟਾਂ ਵੇਚਣ ਦੇ ਦੋਸ਼ ਨਕਾਰੇ
ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ ਨੇ ਪਾਰਟੀ ‘ਤੇ ਟਿਕਟਾਂ ਵੇਚੇ ਜਾਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਜੇ ਕੋਈ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰੇਗਾ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ‘ਆਪ’ ਉਤੇ ਖਾਲਿਸਤਾਨ ਸਮਰਥਕਾਂ ਨਾਲ ਨੇੜਤਾ ਹੋਣ ਅਤੇ ਪਾਰਟੀ ਫੰਡ ਪ੍ਰਾਪਤ ਕਰਨ ਦੇ ਲਾਏ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਸੂਬੇ ਦੇ ਗ੍ਰਹਿ ਮੰਤਰੀ ਹਨ ਜੇ ਉਨ੍ਹਾਂ ਕੋਲ ਇਨ੍ਹਾਂ ਦੋਸ਼ਾਂ ਸਬੰਧੀ ਕੋਈ ਸਬੂਤ ਹਨ ਤਾਂ ਉਹ ਕਾਰਵਾਈ ਕਰਨ, ਨਹੀਂ ਤਾਂ ਬੇਬੁਨਿਆਦ ਦੋਸ਼ ਨਾ ਲਾਉਣ।