ਰੀਓ ਡੀ ਜਨੇਰੋ: ਬੈਡਮਿੰਟਨ ਸਟਾਰ ਪੀæਵੀæ ਸਿੰਧੂ ਦੇ ਚਾਂਦੀ ਤੇ ਮਹਿਲਾ ਭਲਵਾਨ ਸਾਕਸ਼ੀ ਮਲਿਕ ਦੇ ਕਾਂਸੀ ਦੇ ਤਗਮੇ ਦੇ ਬਾਵਜੂਦ ਕਈ ਵੱਡੇ ਖਿਡਾਰੀਆਂ ਦੇ ਨਾਕਾਮ ਪ੍ਰਦਰਸ਼ਨ ਦੌਰਾਨ ਭਾਰਤ ਦੀ ਰੀਓ ਓਲੰਪਿਕ ਮੁਹਿੰਮ ਸਿਰਫ ਦੋ ਤਗਮਿਆਂ ਨਾਲ ਸਮਾਪਤ ਹੋ ਗਈ। ਭਾਰਤ ਨੂੰ 118 ਖਿਡਾਰੀ ਭੇਜਣ ਦੇ ਬਾਵਜੂਦ ਸਿਰਫ ਦੋ ਤਗਮੇ ਮਿਲੇ, ਜਦੋਂ ਕਿ ਪਿਛਲੀਆਂ ਲੰਡਨ ਓਲੰਪਿਕ ਵਿਚ ਦੇਸ਼ ਨੇ ਦੋ ਚਾਂਦੀ ਅਤੇ ਚਾਰ ਕਾਂਸੀ ਸਮੇਤ ਛੇ ਤਗਮੇ ਜਿੱਤੇ ਸਨ।
2008 ਦੀਆਂ ਪੇਇਚਿੰਗ ਓਲੰਪਿਕ ਵਿਚ ਭਾਰਤ ਨੇ ਇਕ ਸੋਨੇ ਅਤੇ ਦੋ ਕਾਂਸੀ ਸਮੇਤ ਤਿੰਨ ਤਗਮੇ ਜਿੱਤੇ। ਇਸ ਵਾਰ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਭਾਰਤ ਲਈ 10 ਤੋਂ 15 ਤਗਮਿਆਂ ਦਾ ਦਾਅਵਾ ਕੀਤਾ, ਜਦੋਂ ਕਿ ਸਾਬਕਾ ਖੇਡ ਮੰਤਰੀ ਸਰਬਾਨੰਦ ਸੋਨੋਵਾਲ ਨੇ ਦਸ ਤਗਮੇ ਅਤੇ ਉਸ ਤੋਂ ਬਾਅਦ ਕੁਝ ਸਮੇਂ ਲਈ ਖੇਡ ਮੰਤਰਾਲਾ ਸੰਭਾਲਣ ਵਾਲੇ ਜਿਤੇਂਦਰ ਸਿੰਘ ਨੇ ਲੰਡਨ ਦੇ ਤਗਮੇ ਦੁੱਗਣੇ ਹੋਣ ਦਾ ਦਾਅਵਾ ਕੀਤਾ ਸੀ, ਪਰ ਸਾਰੇ ਦਾਅਵੇ ਧਰੇ ਧਰਾਏ ਰਹਿ ਗਏ ਅਤੇ ਭਾਰਤ ਦੋ ਹੀ ਤਗਮੇ ਜਿੱਤ ਸਕਿਆ।
ਖੇਡਾਂ ਦੇ ਪਹਿਲੇ 12 ਦਿਨਾਂ ਤੱਕ ਤਾਂ ਭਾਰਤ ਹੱਥ ਇਕ ਵੀ ਤਗਮਾ ਨਹੀਂ ਲੱਗਿਆ ਅਤੇ ਉਦੋਂ ਇਹ ਲੱਗ ਰਿਹਾ ਸੀ ਕਿ ਕਿਤੇ ਭਾਰਤ ਨੂੰ ਖਾਲੀ ਹੱਥ ਪਰਤਣਾ ਪਵੇਗਾ, ਪਰ ਪਹਿਲਾਂ ਹਰਿਆਣਾ ਦੀ ਸਾਕਸ਼ੀ ਨੇ ਕਾਂਸੀ ਦਾ ਤਗਮਾ ਜਿੱਤਿਆ ਅਤੇ ਫਿਰ ਹੈਦਰਾਬਾਦ ਦੀ ਸਿੰਧੂ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ।
ਸਿੰਧੂ ਤੇ ਸਾਕਸ਼ੀ ਤੋਂ ਇਲਾਵਾ ਮਹਿਲਾ ਜਿਮਨਾਸਟ ਦੀਪਾ ਕਰਮਾਕਰ ਦਾ ਵਾਲਟ ਫਾਈਨਲ ਵਿਚ ਚੌਥਾ ਸਥਾਨ ਹਾਸਲ ਕਰਨਾ, ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਦਾ ਦਸ ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਚੌਥੇ ਸਥਾਨ ਉਤੇ ਰਹਿਣਾ, ਅਥਲੀਟ ਲਲਿਤਾ ਬਾਬਰ ਦਾ ਤਿੰਨ ਹਜ਼ਾਰ ਮੀਟਰ ਸਟੀਪਲਚੇਜ ਵਿਚ ਦਸਵਾਂ ਨੰਬਰ, ਸਾਨੀਆ ਮਿਰਜਾ ਤੇ ਰੋਹਨ ਬੋਪੱਨਾ ਦਾ ਕਾਂਸੀ ਦੇ ਤਗਮੇ ਦਾ ਮੁਕਾਬਲਾ ਹਾਰਨਾ, ਕਿਦੰਬੀ ਸ੍ਰੀਕਾਂਤ ਦਾ ਬੈਡਮਿੰਟਨ ਪੁਰਸ਼ ਕੁਆਰਟਰ ਫਾਈਨਲ ਵਿਚ ਹਾਰਨਾ, ਪੁਰਸ਼ ਤੀਰਅੰਦਾਜ਼ ਅਤਾਨੂ ਦਾਸ ਦਾ ਕੁਆਰਟਰ ਫਾਈਨਲ ਤੱਕ ਪੁੱਜਣਾ, 18 ਸਾਲਾ ਮਹਿਲਾ ਗੌਲਫਰ ਅਦਿਤੀ ਅਸ਼ੋਕ ਦਾ 41ਵਾਂ ਸਥਾਨ, ਨਿਸ਼ਾਨੇਬਾਜ਼ ਜੀਤੂ ਰਾਏ ਦਾ 10 ਮੀਟਰ ਏਅਰ ਪਿਸਟਲ ਵਿਚ ਅੱਠਵੇਂ ਸਥਾਨ ਉਤੇ ਰਹਿਣਾ ਇਸ ਨਿਰਾਸ਼ਾਜਨਕ ਮੁਹਿੰਮ ਵਿਚਕਾਰ ਕੁਝ ਕਾਬਲੇਗੌਰ ਪ੍ਰਦਰਸ਼ਨ ਰਹੇ।
ਲੰਡਨ ਓਲੰਪਿਕ ਦੇ ਪਿਛਲੇ ਛੇ ਤਗਮਾ ਜੇਤੂਆਂ ਵਿਚੋਂ ਤਿੰਨ ਕਾਂਸੀ ਦਾ ਤਗਮਾ ਜੇਤੂ ਨਿਸ਼ਾਨੇਬਾਜ਼ ਗਗਨ ਨਾਰੰਗ, ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਤੇ ਭਲਵਾਨ ਯੋਗੇਸ਼ਵਰ ਦੱਤ ਇਸ ਵਾਰ ਰੀਓ ਵਿਚ ਉਤਰੇ, ਪਰ ਤਿੰਨਾਂ ਨੇ ਨਿਰਾਸ਼ ਕੀਤਾ। ਡੋਪਿੰਗ ਦੋਸ਼ਾਂ ਵਿਚ ਘਿਰੇ ਭਲਵਾਨ ਨਰਸਿੰਘ ਯਾਦਵ ਉਤੇ ਚਾਰ ਸਾਲਾਂ ਦੀ ਪਾਬੰਦੀ ਲੱਗਣਾ ਭਾਰਤ ਲਈ ਇਸ ਓਲੰਪਿਕ ਵਿਚ ਸਭ ਤੋਂ ਵੱਡਾ ਝਟਕਾ ਸੀ।
ਖਰਾਬ ਪ੍ਰਦਰਸ਼ਨ ਕਰਨ ਵਾਲਿਆਂ ਵਿਚ ਆਪਣੀਆਂ ਸੱਤਵੀਆਂ ਓਲੰਪਿਕ ਖੇਡਾਂ ਵਿਚ ਉਤਰਿਆ ਲਿਏਂਡਰ ਪੇਸ ਸ਼ਾਮਲ ਹੈ, ਜੋ ਪੁਰਸ਼ ਸਿੰਗਲਜ਼ ਟੈਨਿਸ ਦੇ ਪਹਿਲੇ ਗੇੜ ਵਿਚੋਂ ਹੀ ਬਾਹਰ ਹੋ ਗਿਆ। ਸਾਇਨਾ ਇਕ ਗੇੜ ਜਿੱਤੀ ਅਤੇ ਫਿਰ ਗੋਡੇ ਦੀ ਸੱਟ ਕਾਰਨ ਦੂਜਾ ਮੈਚ ਹਾਰ ਕੇ ਬਾਹਰ ਹੋ ਗਈ। ਗਗਨ ਨਾਰੰਗ ਤਿੰਨ ਮੁਕਾਬਲਿਆਂ ਵਿਚ ਉਤਰਿਆ, ਪਰ ਇਕ ਵੀ ਫਾਈਨਲ ਵਿਚ ਨਹੀਂ ਪੁੱਜ ਸਕਿਆ।
_____________________________________
ਅਮਰੀਕਾ 121 ਤਮਗਿਆਂ ਨਾਲ ਚੋਟੀ ‘ਤੇ
ਰੀਓ ਓਲੰਪਿਕਸ ਵਿਚ ਅਮਰੀਕਾ ਨੇ ਆਪਣੇ ਲੰਡਨ ਓਲੰਪਿਕਸ ਦੇ ਪ੍ਰਦਰਸ਼ਨ ਵਿਚ ਬਿਹਤਰੀ ਕਰਦੇ ਹੋਏ ਨੰਬਰ ਇਕ ਉਤੇ ਆਪਣਾ ਸਥਾਨ ਹੋਰ ਮਜ਼ਬੂਤ ਕਰ ਲਿਆ। ਰੀਓ ‘ਚ ਅਮਰੀਕਾ ਨੇ ਕੁੱਲ 121 ਤਗਮੇ ਜਿੱਤੇ। ਇਸ ‘ਚ 46 ਗੋਲਡ, 37 ਸਿਲਵਰ ਅਤੇ 38 ਕਾਂਸੀ ਮੈਡਲ ਸ਼ਾਮਲ ਹਨ। ਅਮਰੀਕਾ ਨੂੰ ਲੰਡਨ ਓਲੰਪਿਕਸ ਵਿਚ 46 ਗੋਲਡ ਮੈਡਲਸ ਸਮੇਤ ਕੁੱਲ 103 ਮੈਡਲ ਹਾਸਲ ਹੋਏ ਸਨ ਪਰ ਇਸ ਵਾਰ ਅਮਰੀਕਾ ਨੇ ਲੰਡਨ ਦੇ ਮੁਕਾਬਲੇ ਸਿਲਵਰ ਅਤੇ ਬਰੌਂਜ਼ ਮੈਡਲਸ ਵਿਚ ਵਾਧਾ ਕੀਤਾ। ਅਮਰੀਕਾ ਲਈ ਮਾਈਕਲ ਫੈਲਪਸ, ਕੇਟੀ ਲੈਡੈਕੀ, ਐਸ਼ਟਨ ਈਟਨ ਅਤੇ ਸੀਮੋਨ ਬਾਈਲਸ ਦਾ ਪ੍ਰਦਰਸ਼ਨ ਲਾਜਵਾਬ ਰਿਹਾ।
________________________________
27 ਲੱਖ ਦੀ ਆਬਾਦੀ ਵਾਲੇ ਜਮਾਇਕਾ ਦੀ ਝੰਡੀ
27 ਲੱਖ ਦੀ ਆਬਾਦੀ ਵਾਲੇ ਜਮਾਇਕਾ ਨੇ ਓਲੰਪਿਕਸ ‘ਚ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਛੋਟੀ ਜਨ ਸੰਖਿਆ ਵਿਚੋਂ ਵੀ ਇਹ ਦੇਸ਼ ਵਰਲਡ ਕਲਾਸ ਅਥਲੀਟ ਬਣਾਉਣ ਦਾ ਦਮ ਰੱਖਦਾ ਹੈ। ਜਮਾਇਕਾ ਨੇ 6 ਗੋਲਡ ਮੈਡਲਸ ਸਮੇਤ ਕੁੱਲ 11 ਮੈਡਲ ਜਿੱਤ ਕੇ ਮੈਡਲ ਟੈਲੀ ਵਿਚ 16ਵਾਂ ਸਥਾਨ ਹਾਸਲ ਕੀਤਾ। ਲੰਡਨ ‘ਚ ਜਮੈਕਾ 18ਵੇਂ ਸਥਾਨ ‘ਤੇ ਸੀ ਪਰ ਇਸ ਵਾਰ ਜਮੈਕਾ ਨੇ 2 ਸਥਾਨਾਂ ਦੀ ਛਾਲ ਮਾਰੀ।
__________________________________
ਰੀਓ ਵਿਚ ਭਾਰਤ ਨਿਰਾਸ਼
ਲੰਡਨ ਓਲੰਪਿਕਸ ਵਿਚ ਜਦ ਭਾਰਤੀ ਅਥਲੀਟਸ ਨੇ 6 ਤਗਮੇ ਜਿੱਤੇ ਤਾਂ ਲੱਗਾ ਸੀ ਕਿ ਭਾਰਤ ਵਿਚ ਖੇਡਾਂ ਦੀ ਤਸਵੀਰ ਬਦਲਣ ਵਾਲੀ ਹੈ, ਪਰ ਰੀਓ ਵਿਚ ਭਾਰਤੀ ਖਿਡਾਰੀ ਲੰਡਨ ਦੇ ਕਮਾਲ ਨਹੀਂ ਦੋਹਰਾ ਸਕੇ। ਭਾਰਤ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਓਲੰਪਿਕ ਦਲ ਭੇਜਦੇ ਹੋਏ ਇਹ ਸੋਚਿਆ ਵੀ ਨਹੀਂ ਸੀ ਕਿ ਦੇਸ਼ ਦੇ ਹੱਥ ਸਿਰਫ 2 ਤਗਮੇ ਲੱਗਣਗੇ। ਸਾਕਸ਼ੀ ਮਲਿਕ ਨੇ ਰੈਸਲਿੰਗ ‘ਚ ਕਾਂਸੀ ਦਾ ਤਗਮਾ ਅਤੇ ਪੀæਵੀæ ਸਿੰਧੂ ਨੇ ਬੈਡਮਿੰਟਨ ‘ਚ ਸਿਲਵਰ ਮੈਡਲ ਜਿੱਤਿਆ। ਜੀਤੂ ਰਾਏ, ਗਗਨ ਨਾਰੰਗ, ਸਾਨੀਆ ਮਿਰਜ਼ਾ, ਅਭਿਨਵ ਬਿੰਦਰਾ, ਹਾਕੀ ਟੀਮ ਅਤੇ ਕਈ ਹੋਰ ਦਿੱਗਜ ਖਿਡਾਰੀਆਂ ਦੇ ਹੱਥ ਨਾਕਾਮੀ ਲੱਗੀ।
___________________________________
ਹਾਕੀ: ਅਰਜਨਟੀਨਾ ਪਹਿਲੀ ਵਾਰ ਬਣਿਆ ਚੈਂਪੀਅਨ
ਰੀਓ ਡੀ ਜਨੇਰੋ: ਅਰਜਨਟੀਨਾ ਨੇ ਰੀਓ ਓਲੰਪਿਕ ਦੇ ਬੇਹੱਦ ਮੁਸ਼ਕਲ ਫਾਈਨਲ ਮੁਕਾਬਲੇ ਵਿਚ ਬੈਲਜੀਅਮ ਨੂੰ 4-2 ਨਾਲ ਹਰਾ ਕੇ ਓਲੰਪਿਕ ਇਤਿਹਾਸ ਵਿਚ ਪਹਿਲੀ ਵਾਰ ਹਾਕੀ ਵਿਚ ਸੋਨੇ ਦਾ ਤਗਮਾ ਆਪਣੇ ਨਾਮ ਕਰ ਲਿਆ।
ਅਰਜਨਟੀਨਾ ਦੀ ਟੀਮ ਨੂੰ ਰੀਓ ਓਲੰਪਿਕ ਵਿਚ ਹੁਣ ਤੱਕ ਸਿਰਫ ਭਾਰਤ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਸਹਾਰੇ ਪਿਛਲੀ ਚੈਂਪੀਅਨ ਜਰਮਨੀ ਦੀ ਚੁਣੌਤੀ ਨੂੰ 5-2 ਨਾਲ ਤੋੜ ਕੇ ਖਿਤਾਬੀ ਗੇੜ ਵਿਚ ਦਾਖਲਾ ਹਾਸਲ ਕੀਤਾ ਸੀ, ਜਦੋਂ ਕਿ ਬੈਲਜੀਅਮ ਦੀ ਟੀਮ ਨੇ ਆਖਰੀ ਚਾਰ ਦੇ ਮੁਕਾਬਲੇ ਵਿਚ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਹਾਲੈਂਡ ਨੂੰ 3-1 ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ। ਅਰਜਨਟੀਨਾ ਦੀ ਟੀਮ ਇਸ ਤੋਂ ਪਹਿਲਾਂ ਕਦੇ ਵੀ ਓਲੰਪਿਕ ਸੈਮੀਫਾਈਨਲ ਤੇ ਫਾਈਨਲ ਵਿਚ ਨਹੀਂ ਪਹੁੰਚੀ ਸੀ।
___________________________________
ਫੁੱਟਬਾਲ: ਮੇਜ਼ਬਾਨ ਬ੍ਰਾਜ਼ੀਲ ਬਣਿਆ ਓਲੰਪਿਕ ਚੈਂਪੀਅਨ
ਰੀਓ ਡੀ ਜਨੇਰੋ: ਓਲੰਪਿਕ ਖੇਡਾਂ ਦੇ ਮੇਜ਼ਬਾਨ ਬ੍ਰਾਜ਼ੀਲ ਨੇ ਆਪਣੀ ਅਗਵਾਈ ਵਿਚ ਫੁੱਟਬਾਲ ਦਾ ਪਹਿਲਾ ਸੋਨੇ ਦਾ ਤਗਮਾ ਜਿੱਤ ਲਿਆ। ਫਾਈਨਲ ਵਿਚ ਜਰਮਨੀ ਨੂੰ ਪੈਨਲਟੀ ਸ਼ੂਟਆਊਟ ਵਿਚ ਹਰਾਉਣ ਤੋਂ ਬਾਅਦ ਬ੍ਰਾਜ਼ੀਲ ਟੀਮ ਦੇ ਸਟਾਰ ਖਿਡਾਰੀ ਨੇਮਾਰ ਨੇ ਕਪਤਾਨੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਓਲੰਪਿਕ ਦੇ ਸ਼ੁਰੂਆਤੀ ਮੁਕਾਬਲਿਆਂ ਵਿਚ ਇਰਾਕ ਤੇ ਦੱਖਣੀ ਅਫਰੀਕਾ ਵਰਗੀਆਂ ਟੀਮਾਂ ਵਿਰੁੱਧ ਗੋਲ ਰਹਿਤ ਡਰਾਅ ਖੇਡਣ ਤੋਂ ਬਾਅਦ ਆਲੋਚਨਾ ਦੇ ਘੇਰੇ ਵਿਚ ਆਏ ਨੇਮਾਰ ਨੇ ਸੋਨੇ ਦੇ ਤਗਮੇ ਲਈ ਹੋਏ ਮੁਕਾਬਲੇ ਵਿਚ ਫ੍ਰੀ ਕਿੱਕ ਨਾਲ ਜੇਤੂ ਗੋਲ ਕਰ ਕੇ ਸਭ ਦਾ ਮੂੰਹ ਬੰਦ ਕਰ ਦਿੱਤਾ।
ਬ੍ਰਾਜ਼ੀਲ ਵੱਲੋਂ ਸੋਨੇ ਦਾ ਤਗਮਾ ਜਿੱਤਦਿਆਂ ਪੂਰਾ ਸਟੇਡੀਅਮ ‘ਓਲੇ ਓਲੇ ਨੇਮਾਰ’ ਦੇ ਨਾਅਰਿਆਂ ਨਾਲ ਗੂੰਜ ਗਿਆ ਅਤੇ ਮੇਜ਼ਬਾਨ ਦੇਸ਼ ਵਿਚ ਤਿਉਹਾਰ ਵਰਗਾ ਮਾਹੌਲ ਬਣ ਗਿਆ। ਬ੍ਰਾਜ਼ੀਲ ਨੇ ਇਸ ਜਿੱਤ ਨਾਲ ਹੀ ਜਰਮਨੀ ਤੋਂ ਵਿਸ਼ਵ ਕੱਪ ਸੈਮੀਫਾਈਨਲ ਵਿਚ ਮਿਲੀ 1-7 ਦੀ ਹਾਰ ਦਾ ਬਦਲਾ ਵੀ ਲੈ ਲਿਆ। ਬ੍ਰਾਜ਼ੀਲ ਇਸ ਤੋਂ ਪਹਿਲਾਂ ਤਿੰਨ ਵਾਰ ਓਲੰਪਿਕ ਫਾਈਨਲ ਵਿਚ ਪਹੁੰਚ ਕੇ ਸੋਨੇ ਦੇ ਤਗਮੇ ਤੋਂ ਖੁੰਝ ਚੁੱਕਿਆ ਸੀ। ਟੀਮ 1984, 1988 ਅਤੇ 2012 ਓਲੰਪਿਕਸ ਦੌਰਾਨ ਫਾਈਨਲ ਵਿਚ ਪਹੁੰਚੀ ਸੀ।