ਰੱਖੜ ਪੁੰਨਿਆ ਮੌਕੇ ਸਿਆਸੀ ਧਿਰਾਂ ਵਲੋਂ ਵਾਅਦਿਆਂ ਦੀ ਝੜੀ

ਬਾਬਾ ਬਕਾਲਾ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਤਪ ਭੂਮੀ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੇਲੇ ‘ਤੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤੀਆਂ ਗਈਆਂ ਰੈਲੀਆਂ ਚੋਣ ਅਖਾੜੇ ਵਿਚ ਬਦਲ ਗਈਆਂ। ਹਰੇਕ ਪਾਰਟੀ ਨੇ ਵੱਧ ਇਕੱਠ ਕਰਨ ਦਾ ਯਤਨ ਕੀਤਾ ਅਤੇ ਇਕ ਦੂਜੇ ਵਿਰੁੱਧ ਦੂਸ਼ਣਬਾਜ਼ੀ ਕੀਤੀ। ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਅਗਾਮੀ ਚੋਣਾਂ ਨੂੰ ਪੰਜਾਬ ਹਿਤੈਸ਼ੀ ਤੇ ਸੂਬਾ ਵਿਰੋਧੀ ਤਾਕਤਾਂ ਵਿਚ ਸਿੱਧੀ ਲੜਾਈ ਕਰਾਰ ਦਿੰਦਿਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਪੰਜਾਬ ਵਿਰੋਧੀ ਪਾਰਟੀਆਂ ਦੱਸਿਆ। ਕਾਂਗਰਸ ਨੇ ਐਲਾਨ ਕੀਤਾ ਕਿ ਸੱਤਾ ਵਿਚ ਆਉਣ ‘ਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਸਬਕ ਸਿਖਾਇਆ ਜਾਵੇਗਾ।

‘ਆਪ’ ਨੇ ਹਾਕਮ ਧਿਰ ਉਤੇ ਪੰਜਾਬ ਨੂੰ ਬਰਬਾਦ ਕਰਨ ਦਾ ਦੋਸ਼ ਲਾਇਆ। ਬਾਬਾ ਬਕਾਲਾ ਦੇ ਖੇਡ ਸਟੇਡੀਅਮ ਵਿਚ ਹਾਕਮ ਧਿਰ ਦੀ ਪ੍ਰਭਾਵਸ਼ਾਲੀ ਰੈਲੀ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਅਕਾਲੀ-ਭਾਜਪਾ ਗੱਠਜੋੜ ਮੁੜ ਸੱਤਾ ਵਿਚ ਆਇਆ ਤਾਂ ਸੂਬੇ ਦਾ ਬੇਮਿਸਾਲ ਵਿਕਾਸ ਹੋਵੇਗਾ। ਉਨ੍ਹਾਂ ਨੇ ਕਾਂਗਰਸ ਨੂੰ ਪੰਜਾਬ ਤੇ ਸਿੱਖ ਵਿਰੋਧੀ ਪਾਰਟੀ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀਆਂ ਕੇਂਦਰ ਸਰਕਾਰਾਂ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਨ੍ਹਾਂ ਕਾਂਗਰਸ ‘ਤੇ ਪੰਜਾਬ ਦੀ ਰਾਜਧਾਨੀ ਖੋਹਣ, ਪੰਜਾਬੀ ਬੋਲਦੇ ਇਲਾਕੇ ਨਾ ਦੇਣ ਅਤੇ ਦਰਿਆਈ ਪਾਣੀ ਖੋਹਣ ਦਾ ਦੋਸ਼ ਲਾਇਆ। ਉਨ੍ਹਾਂ ਸਾਕਾ ਨੀਲਾ ਤਾਰਾ ਅਤੇ 1984 ਦੇ ਕਤਲੇਆਮ ਦਾ ਜ਼ਿਕਰ ਵੀ ਕੀਤਾ। ਮੁੱਖ ਮੰਤਰੀ ਨੇ ‘ਆਪ’ ਨੂੰ ਪੰਜਾਬ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਉਸ ਨੇ ਦਿੱਲੀ ਵਾਸੀਆਂ ਨੂੰ ਵੱਡੇ ਸੁਪਨੇ ਦਿਖਾਏ ਸਨ, ਪਰ ਅਸਲ ‘ਚ ਕੁਝ ਨਹੀਂ ਕੀਤਾ।
ਹੁਣ ਪੰਜਾਬ ਵਾਸੀਆਂ ਨੂੰ ਅਜਿਹੇ ਸੁਪਨੇ ਦਿਖਾਏ ਜਾ ਰਹੇ ਹਨ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ‘ਚ ਠੇਕੇ ‘ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੇ ਕਰਨ ਦੀ ਯੋਜਨਾ ਹੈ ਅਤੇ ਇਸ ਸਬੰਧੀ ਜਲਦੀ ਫੈਸਲਾ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਕਾਂਗਰਸ ਅਤੇ ‘ਆਪ’ ਨੂੰ ਰਗੜੇ ਲਾਏ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਛੇਤੀ ਹੀ ਸੂਬੇ ‘ਚ 2000 ਮੈਡੀਕਲ ਸਟੋਰ ਖੋਲ੍ਹੇਗੀ, ਜਿਥੇ ਮੁਫਤ ਦਵਾਈਆਂ ਮੁਹੱਈਆ ਹੋਣਗੀਆਂ। ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ‘ਆਪ’ ਦੇ ਆਗੂਆਂ ਨੇ ਯੂਥ ਮੈਨੀਫੈਸਟੋ ਜਾਰੀ ਕਰਨ ਸਮੇਂ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਈ। ਉਨ੍ਹਾਂ ਨੇ ਝੂਠੇ ਦੋਸ਼ ਲਾਉਣ ਵਾਲੇ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਵਿਚ ਲਿਆਂਦਾ ਹੈ।
ਕਾਂਗਰਸ ਦੀ ਰੈਲੀ ‘ਚ ਇਕਜੁਟਤਾ ਨਜ਼ਰ ਆਈ। ਮੰਚ ਉਤੇ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ। ਬੁਲਾਰਿਆਂ ਨੇ ਸੂਬਾਈ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਸੰਬੋਧਨ ਕੀਤਾ। ਕੈਪਟਨ ਅਮਰਿੰਦਰ ਨੇ ਸੂਬੇ ‘ਚ ਨਸ਼ਿਆਂ ਲਈ ਹਾਕਮ ਧਿਰ ਦੇ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਬਣਨ ‘ਤੇ ਚਾਰ ਹਫਤਿਆਂ ਵਿਚ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਜਾਵੇਗਾ। ਉਨ੍ਹਾਂ ਨਸ਼ਿਆਂ ਲਈ ਸਿੱਧੇ ਤੌਰ ‘ਤੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਜੇਲ੍ਹ ਭੇਜਣ ਦਾ ਦਾਅਵਾ ਕੀਤਾ। ਉਨ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਤੇ ਦੋਸ਼ ਲਾਇਆ ਕਿ ਉਹ ਐਸ਼ਵਾਈæਐਲ਼ ਤੇ ਚੰਡੀਗੜ੍ਹ ਦੇ ਮੁੱਦੇ ‘ਤੇ ਪੰਜਾਬ ਦੇ ਹਿੱਤਾਂ ਨੂੰ ਅਣਦੇਖਿਆ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਬਾਦਲ ਨੇ ਵਿਧਾਨ ਸਭਾ ‘ਚ ਸਰਬਸੰਮਤੀ ਨਾਲ ਪਾਸ ਕੀਤੇ ਐਸ਼ਵਾਈæਐਲ਼ ਬਿੱਲ ਨੂੰ ਰਾਜਪਾਲ ਕੋਲ ਭੇਜਣ ‘ਚ ਜਾਣਬੁੱਝ ਕੇ ਦੇਰ ਕੀਤੀ, ਜਿਸ ਨਾਲ ਹਰਿਆਣਾ ਨੂੰ ਸੁਪਰੀਮ ਕੋਰਟ ਜਾਣ ਦਾ ਸਮਾਂ ਮਿਲਿਆ ਹੈ। ਉਨ੍ਹਾਂ ਨੇ ਬਾਦਲਾਂ ‘ਤੇ ਲੋਕਾਂ ਨੂੰ ਧਾਰਮਿਕ ਆਧਾਰ ‘ਤੇ ਵੰਡਣ ਅਤੇ ਸੂਬੇ ਦੀ ਸ਼ਾਂਤੀ ਭੰਗ ਕਰਨ ਦਾ ਦੋਸ਼ ਲਾਇਆ।
‘ਆਪ’ ਦੇ ਮੰਚ ਤੋਂ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਸੰਸਦ ਮੈਂਬਰ ਭਗਵੰਤ ਮਾਨ, ਗੁਰਪ੍ਰੀਤ ਘੁੱਗੀ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋæ ਬਲਜਿੰਦਰ ਕੌਰ ਤੇ ਹੋਰਾਂ ਨੇ ਕਿਹਾ ਕਿ ਇਸ ਵੇਲੇ ਹਾਕਮ ਧਿਰ ਤੇ ਕਾਂਗਰਸ ਆਪਣੀ ਹਾਰ ਦੇਖ ਕੇ ਡਰੀ ਹੋਈ ਹੈ। ਹਾਕਮ ਧਿਰ ਪ੍ਰਚਾਰ ਵਾਸਤੇ ਹੁਣ ਭਾਵੇਂ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੂੰ ਲੈ ਆਵੇ, ਪਰ ਉਨ੍ਹਾਂ ਦੀ ਹਾਰ ਪੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਨੂੰ ਕੰਗਾਲ ਕਰ ਦਿੱਤਾ ਹੈ। ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਸਰਕਾਰੀ ਜ਼ਮੀਨਾਂ ਵੇਚੀਆਂ ਤੇ ਗਹਿਣੇ ਕੀਤੀਆਂ ਜਾ ਰਹੀਆਂ ਹਨ। ਬੁਲਾਰਿਆਂ ਨੇ ਸਰਕਾਰ ਉਤੇ ਨਸ਼ਿਆਂ ਸਬੰਧੀ ਵੀ ਗੰਭੀਰ ਦੋਸ਼ ਲਾਏ।
____________________________________
ਮਾਨ ਵੱਲੋਂ ਘੱਟ ਗਿਣਤੀਆਂ ਨੂੰ ਇਕਮੁੱਠ ਹੋਣ ਦਾ ਸੱਦਾ
ਰਈਆ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਰੱਖੜ ਪੁੰਨਿਆਂ ਮੇਲੇ ਮੌਕੇ ਕਿਹਾ ਕਿ ਭਾਰਤ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਈਸਾਈ, ਰੰਘਰੇਟਿਆਂ ਅਤੇ ਪੱਛੜੇ ਵਰਗਾਂ ਨਾਲ ਹੁਕਮਰਾਨ ਬੀਤੇ ਲੰਮੇ ਸਮੇਂ ਤੋਂ ਦੇਸ਼ ਦੇ ਵਿਧਾਨ, ਕਾਨੂੰਨ ਅਤੇ ਸਮਾਜਿਕ ਕਦਰਾਂ-ਕੀਮਤਾਂ ਦੀ ਉਲੰਘਣਾ ਕਰ ਕੇ ਘੋਰ ਵਿਤਕਰੇ ਅਤੇ ਜਬਰ ਜ਼ੁਲਮ ਕਰਦੇ ਆ ਰਹੇ ਹਨ। ਇਸ ਲਈ ਉਪਰੋਕਤ ਸਮੁੱਚੀਆਂ ਕੌਮਾਂ ਅਤੇ ਵਰਗਾਂ ਨੂੰ ਇਕ ਪਲੇਟਫਾਰਮ ‘ਤੇ ਇਕੱਤਰ ਹੋ ਕੇ ਹਿੰਦੂਤਵ ਹੁਕਮਰਾਨਾਂ ਦੀਆਂ ਸਾਜ਼ਿਸ਼ਾਂ ਵਿਰੁੱਧ ਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ਼ ਕਰਨ ਦੀ ਅੱਜ ਸਖਤ ਲੋੜ ਹੈ ਅਤੇ ਕੱਟੜਵਾਦੀ ਹਿੰਦੂਤਵ ਸੋਚ ਨੂੰ ਹਾਰ ਦੇਣ ਲਈ ਆਪਣੇ ਵੋਟ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਡਰ-ਭੈ, ਲਾਲਚ ਆਦਿ ਤੋਂ ਨਿਰਲੇਪ ਰਹਿੰਦੇ ਹੋਏ ਕਰਨੀ ਚਾਹੀਦੀ ਹੈ।