ਚੰਡੀਗੜ੍ਹ: ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਵਿਗੜ ਚੁੱਕੀ ਹੈ। ਸੂਬੇ ਵਿਚ ਰੋਜ਼ਾਨਾ 2 ਕਤਲ, 2 ਬਲਾਤਕਾਰ, 10 ਔਰਤਾਂ ਨਾਲ ਛੇੜਛਾੜ ਹੁੰਦੀ ਹੈ। ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਆਰæਟੀæਆਈæ ਤਹਿਤ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਵਿਗੜ ਚੁੱਕੀ ਹੈ।
ਚੰਨੀ ਨੇ 2007 ਤੋਂ 2016 ਤੱਕ 22 ਵਿਚੋਂ 15 ਜ਼ਿਲ੍ਹਿਆਂ ਦਾ ਡਾਟਾ ਪੇਸ਼ ਕਰਦਿਆਂ ਕਿਹਾ ਕਿ ਇਸ ਸਮੇਂ ਦੌਰਾਨ ਪੰਜਾਬ ਵਿਚ ਕਤਲ ਦੇ 4460 ਕੇਸ, ਔਰਤਾਂ ਵਿਰੁੱਧ ਜ਼ੁਰਮ ਦੇ 15181, ਦਾਜ ਦੇ 7290, ਬਲਾਤਕਾਰ ਦੇ 4111, ਗੈਂਗਵਾਰ ਦੇ 296, ਦਲਿਤਾਂ ਵਿਰੁੱਧ ਹਿੰਸਾ ਦੇ 457, ਸਾਈਬਰ ਕਰਾਈਮ ਦੇ 392, ਸੜਕ ਹਾਦਸੇ ਦੇ 27149 ਕੇਸ ਸਾਹਮਣੇ ਆਏ ਹਨ। ਇਹ ਕੁੱਲ ਕੇਸ 59336 ਬਣਦੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਜੇ ਵੀ ਅਮਨ ਕਾਨੂੰਨ ਦੀ ਹਾਲਤ ਨੂੰ ਠੀਕ ਦੱਸ ਰਹੇ ਹਨ। ਚੰਨੀ ਨੇ ਕਿਹਾ ਕਿ ਇਸ ਹਿਸਾਬ ਨਾਲ ਪੰਜਾਬ ਵਿਚ ਹਰ ਰੋਜ਼ 2 ਕਤਲ, 2 ਬਲਾਤਕਾਰ, 10 ਔਰਤਾਂ ਨਾਲ ਛੇੜਛਾੜ ਤੇ 12 ਸੜਕ ਹਾਦਸੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਜ਼ੁਰਮ ਵਧਾਉਣ ਲਈ ਮੁੱਖ ਤੌਰ ‘ਤੇ ਪੁਲਿਸ ਜ਼ਿੰਮੇਵਾਰ ਹੈ ਕਿਉਂਕਿ ਪੁਲਿਸ ਅਫਸਰ, ਅਕਾਲੀ ਜਥੇਦਾਰਾਂ ਦੀ ਤਰ੍ਹਾਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਾਦਲ ਸੂਬੇ ਨੂੰ ਹਮੇਸ਼ਾ ਸ਼ਾਂਤ ਸੂਬਾ ਦੱਸਦੇ ਹਨ ਤੇ ਜਿਹੜੇ ਸੂਬੇ ਵਿਚ ਇੰਨਾ ਕ੍ਰਾਈਮ ਹੋਵੇ, ਉਹ ਸ਼ਾਂਤ ਕਿਵੇਂ ਹੋ ਸਕਦਾ ਹੈ। ਚੰਨੀ ਨੇ ਕਿਹਾ ਕਿ ਅਕਾਲੀ ਦਲ ਦੀ ਪਰਿਵਾਰਵਾਦੀ ਸਿਆਸਤ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ। ਪੰਜਾਬ ਵਿਚ ਲਗਾਤਾਰ ਵਧਦੇ ਜ਼ੁਰਮ ਲਈ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਦੇ ਗ੍ਰਹਿ ਮੰਤਰੀ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਗੈਂਗਸਟਰਾਂ ਨੂੰ ਵੀ ਚੋਣਾਂ ਵਿਚ ਵਰਤਣ ਦੀ ਤਿਆਰੀ ‘ਚ ਹੈ ਤੇ ਕਾਂਗਰਸ ਪਾਰਟੀ ਬਾਦਲ ਸਰਕਾਰ ਦੀਆਂ ਚਾਲਾਂ ਦਾ ਡਟ ਕੇ ਮੁਕਾਬਲਾ ਕਰੇਗੀ।
_______________________________
ਪੰਜਾਬ ਵਿਚ ਪੁਲਿਸ ਕਰਦੀ ਹੈ ਸਭ ਤੋਂ ਵੱਧ ਮਨੁੱਖੀ ਹੱਕਾਂ ਦਾ ਘਾਣ
ਚੰਡੀਗੜ੍ਹ: ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਧ ਉਲੰਘਣਾ ਪੁਲਿਸ ਕਰਦੀ ਹੈ। ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ 1997 ਤੋਂ 2016 ਜੁਲਾਈ ਤੱਕ ਦੇ ਅੰਕੜਿਆਂ ਮੁਤਾਬਕ ਪੁਲਿਸ ਖਿਲਾਫ 132,718 ਸ਼ਿਕਾਇਤਾਂ ਆਈਆਂ ਹਨ। ਕਮਿਸ਼ਨ ਦੇ ਅੰਕੜਿਆਂ ਤੋਂ ਬਾਅਦ ਭਾਵੇਂ ਪੰਜਾਬ ਪੁਲਿਸ ਕੋਲ ਕਹਿਣ ਨੂੰ ਕੁਝ ਨਹੀਂ ਬਚਦਾ ਹੈ। ਪੰਜਾਬ ਦੇ ਸਾਬਕਾ ਡੀæਜੀæਪੀæ ਹਿਊਮਨ ਰਾਈਟਸ ਦਾ ਕਹਿਣਾ ਹੈ ਕਿ ਪੁਲਿਸ ਨੂੰ ਆਮ ਜਨਤਾ ਤੇ ਖਾਸ ਕਰ ਕੇ ਹਾਸ਼ੀਏ ਉਤੇ ਪਏ ਲੋਕਾਂ ਪ੍ਰਤੀ ਸੰਵੇਦਨਸ਼ੀਲ ਪਹੁੰਚ ਅਪਣਾਉਣੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ ਵਿਚ ਪੁਲਿਸ ਦਾ ਸਿਆਸੀਕਰਨ ਵੀ ਹੋਇਆ ਹੈ ਤੇ ਜੇ ਸਮਾਜ ਤੇ ਸਰਕਾਰਾਂ ਨੂੰ ਪੁਲਿਸ ਦੀ ਚੰਗੀ ਕਾਰਗੁਜ਼ਾਰੀ ਚਾਹੀਦੀ ਹੈ ਤਾਂ ਪੁਲਿਸ ਸੁਧਾਰ ਹੋਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਦਾ ਜਨਤਾ ਸਭ ਤੋਂ ਵੱਧ ਰਾਬਤਾ ਰਹਿੰਦਾ ਹੈ। ਇਸ ਕਰ ਕੇ ਵੀ ਕਮਿਸ਼ਨ ‘ਚ ਵੱਧ ਸ਼ਿਕਾਇਤਾਂ ਆਉਂਦੀਆਂ ਹਨ। ਮਨੁੱਖੀ ਅਧਿਕਾਰਾਂ ਦੇ ਹੱਕਾਂ ਲਈ ਕੰਮਾਂ ਕਰਨ ਵਾਲੇ ਇਸ ਮਸਲੇ ਨੂੰ ਵੱਖਰੇ ਨਜ਼ਰੀਏ ਨਾਲ ਦੇਖਦੇ ਹਨ। ਮਨੁੱਖੀ ਅਧਿਕਾਰ ਕਾਰਕੁੰਨ ਤੇ ਹਾਈ ਕੋਰਟ ਦੇ ਵਕੀਲ ਐਰæਐਸ਼ ਬੈਂਸ ਨੇ ਕਿਹਾ ਕਿ ਸਿਆਸੀ ਪ੍ਰਭਾਵਾਂ ਕਾਰਨ ਮਨੁੱਖੀ ਅਧਿਕਾਰ ਕਮਿਸ਼ਨ ਵੀ ਚਿੱਟਾ ਹਾਥੀ ਬਣ ਚੁੱਕਿਆ ਹੈ। ਜੇ ਕਮਿਸ਼ਨ ਬਿਨਾਂ ਕਿਸੇ ਦਬਾਅ ਦੇ ਕੰਮ ਕਰੇ ਤਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬੰਦ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਤੋਂ ਹਰ ਤਰ੍ਹਾਂ ਦੇ ਦਬਾਅ ਹਟਾਉਣ ਦੀ ਲੋੜ ਹੈ ਤਾਂ ਕਿ ਪੁਲਿਸ ਸ਼ਾਂਤਮਾਈ ਤਰੀਕੇ ਨਾਲ ਕੰਮ ਕਰ ਸਕੇ। ਪੰਜਾਬ ਪੁਲਿਸ ਦੇ ਅੱਤਿਆਚਾਰੀ ਰਵੱਈਏ ‘ਤੇ ਪਿਛਲੇ ਕਈ ਦਹਾਕਿਆਂ ਤੋਂ ਸਵਾਲ ਉਠਦੇ ਰਹੇ ਹਨ, ਪਰ ਪੁਲਿਸ ਨੇ ਕਦੇ ਆਪਣੇ ਕੰਮ ਕਾਰ ਦਾ ਤਰੀਕਾ ਨਹੀਂ ਬਦਲਿਆ। ਸਵਾਲ ਇਹ ਹੈ ਕਿ ਕੀ ਬਦਲਦੇ ਸਮਾਜ ਨਾਲ ਪੰਜਾਬ ਪੁਲਿਸ ਬਦਲੇਗੀ ਜਾਂ ਪੁਲਿਸ ਦੇ ਕਾਰੇ ਇਸੇ ਤਰ੍ਹਾਂ ਜਾਰੀ ਰਹਿਣਗੇ।
____________________________________
ਜਬਰ ਜਨਾਹ ਪੀੜਤ ਦੇ ਪਿਉ ਨੇ ਕੀਤੀ ਖੁਦਕੁਸ਼ੀ
ਜਲੰਧਰ: ਸ਼ਹਿਰ ਵਿਚ 40 ਸਾਲਾ ਇਕ ਸਰਾਫ ਵਿਕਰਾਂਤ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਹੈ। ਉਸ ਨੇ 6 ਪੰਨਿਆਂ ਦੇ ਸੁਸਾਇਡ ਨੋਟ ਵਿਚ ਲਿਖਿਆ ਹੈ ਕਿ ਉਸ ਦੀ ਧੀ ਨਾਲ ਬਲਾਤਕਾਰ ਕਰਨ ਵਾਲੇ ਨੇ ਆਤਮ ਹੱਤਿਆ ਕਰ ਲਈ ਹੈ। ਉਸ ਦਾ ਪਰਿਵਾਰ ਹੁਣ ਉਨ੍ਹਾਂ ਨੂੰ ਤੰਗ ਕਰ ਰਿਹਾ ਹੈ। ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਲਈ ਹੀ ਉਹ ਆਤਮ ਹੱਤਿਆ ਕਰ ਰਿਹਾ ਹੈ। ਕਾਬਲੇਗੌਰ ਹੈ ਕਿ ਉਸ ਦੀ 14 ਸਾਲਾ ਧੀ ਨਾਲ ਉਸ ਦੇ ਜੀਜੇ ਨੇ ਪਿਸਤੌਲ ਦੀ ਨੋਕ ‘ਤੇ ਬਲਾਤਕਾਰ ਕੀਤਾ ਸੀ। ਜੂਨ ਵਿਚ ਜਦੋਂ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਉਸ ਨੇ ਆਤਮ ਹੱਤਿਆ ਕਰ ਲਈ। ਵਿਕਰਾਂਤ ਨੇ ਸੁਸਾਇਡ ਨੋਟ ਵਿਚ ਲਿਖਿਆ ਕਿ ਹੁਣ ਉਸ ਦਾ ਪਰਿਵਾਰ ਮੈਨੂੰ ਤੇ ਮੇਰੀ ਧੀ ਨੂੰ ਬਦਨਾਮ ਕਰਨ ਦੀਆਂ ਧਮਕੀਆਂ ਦੇ ਰਹੇ ਹਨ। ਥਾਣਾ ਨੰਬਰ ਚਾਰ ਵਿਚ ਪੁਲਿਸ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਗਈ, ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਵਿਕਰਾਂਤ ਦੇ ਇਕ ਗੁਆਂਢੀ ਸਮਾਜ ਸੇਵਕ ਸ਼ਸ਼ੀ ਸ਼ਰਮਾ ਨੇ ਕਿਹਾ ਕਿ ਜੇਕਰ ਪੁਲਿਸ ਛੇਤੀ ਕਾਰਵਾਈ ਕਰਦੀ ਤਾਂ ਵਿਕਰਾਂਤ ਬਚ ਜਾਂਦਾ। ਦੂਜੇ ਪਾਸੇ ਹੁਣ ਪੁਲਿਸ ਅਫਸਰ ਕਹਿ ਰਹੇ ਹਨ ਕਿ ਸੁਸਾਇਡ ਨੋਟ ਵਿਚ ਜਿਨ੍ਹਾਂ ਦਾ ਨਾਮ ਸ਼ਾਮਲ ਹੈ, ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ।