ਹੁਣ ਉਧਾਰ ਚੁਕਾਉਣਾ ਪੰਜਾਬ ਸਰਕਾਰ ਲਈ ਬਣਿਆ ਵੰਗਾਰ

ਬਠਿੰਡਾ: ਪੰਜਾਬ ਵਿਚ ਸਰਕਾਰੀ ਪ੍ਰਚਾਰ ਦੇ ਕਰੋੜਾਂ ਦੇ ਬਿੱਲ ਖਜ਼ਾਨੇ ਉਤੇ ਬੋਝ ਬਣੇ ਹੋਏ ਹਨ। ਇਥੋਂ ਤੱਕ ਕਿ ਪੰਜਾਬ ਸਰਕਾਰ ਨੇ ਸ਼ਹੀਦੀ ਸਮਾਗਮ ਕਰਾ ਕੇ ਵਾਹ-ਵਾਹ ਤਾਂ ਖੱਟ ਲਈ, ਪਰ ਲੱਖਾਂ ਰੁਪਏ ਦੀ ਅਦਾਇਗੀ ਹਾਲੇ ਤੱਕ ਨਹੀਂ ਕੀਤੀ। ਮਸ਼ਹੂਰੀ ਸਮਾਗਮਾਂ ਅਤੇ ਬਰਸੀ ਸਮਾਗਮਾਂ ਉਤੇ ਖਰਚੇ ਕਰੋੜਾਂ ਦੇ ਬਿੱਲਾਂ ਦੀ ਅਦਾਇਗੀ ਨੂੰ ਹੁਣ ਕਾਰੋਬਾਰੀ ਅਦਾਰੇ ਉਡੀਕ ਰਹੇ ਹਨ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਦੋ ਸਲਾਹਕਾਰਾਂ ਦੇ ਸਾਲ 2014-15 ਦੇ 71 ਹਜ਼ਾਰ ਦੇ ਟੀæਏæ ਬਿੱਲਾਂ ਦੀ ਅਦਾਇਗੀ ਵੀ ਨਹੀਂ ਹੋ ਸਕੀ ਹੈ। ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਇਸ ਵੇਲੇ ਵਿੱਤੀ ਸੰਕਟ ਝੱਲਣਾ ਪੈ ਰਿਹਾ ਹੈ।
ਅਗਸਤ 2016 ਦੇ ਪਹਿਲੇ ਹਫਤੇ ਦੇ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਾਲ 2014 ਅਤੇ 2015 ਵਿਚ ਸੰਤ ਹਰਚੰਦ ਸਿੰਘ ਲੌਗੋਂਵਾਲ ਦੀ ਬਰਸੀ ਮੌਕੇ ਕੀਤੇ ਗਏ ਰਾਜ ਪੱਧਰੀ ਸਮਾਗਮਾਂ ਦੇ 4æ38 ਲੱਖ ਦੇ ਬਕਾਏ ਹਾਲੇ ਤੱਕ ਕਲੀਅਰ ਨਹੀਂ ਕੀਤੇ ਗਏ ਹਨ। ਕਰਨੈਲ ਸਿੰਘ ਈਸੜੂ ਦੇ ਰਾਜ ਪੱਧਰੀ ਸਮਾਗਮਾਂ ਦਾ ਖਰਚਾ 6æ49 ਲੱਖ ਰੁਪਏ ਇੱਕ ਵਰ੍ਹੇ ਤੋਂ ਖਜ਼ਾਨੇ ਵਿਚ ਫਸਿਆ ਹੋਇਆ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 16 ਨਵੰਬਰ 2015 ਨੂੰ ਕੀਤੇ ਰਾਜ ਪੱਧਰੀ ਸਮਾਗਮਾਂ ‘ਤੇ ਖਰਚ ਆਏ ਤਕਰੀਬਨ ਚਾਰ ਲੱਖ ਰੁਪਏ ਦੀ ਅਦਾਇਗੀ ਵੀ ਨਹੀਂ ਹੋ ਸਕੀ ਹੈ। ਅੰਮ੍ਰਿਤਸਰ ਵਿਚ ਸ਼ਹੀਦ ਮਦਨ ਲਾਲ ਢੀਂਗਰਾਂ ਦੇ ਕਰਾਏ ਸਮਾਗਮਾਂ ਦੇ 60 ਹਜ਼ਾਰ ਦੇ ਬਿੱਲ ਹਾਲੇ ਵੀ ਇਕ ਸਾਲ ਤੋਂ ਬਕਾਇਆ ਖੜ੍ਹੇ ਹਨ। ਮਾਸਟਰ ਤਾਰਾ ਸਿੰਘ ਦੇ ਰਾਜ ਪੱਧਰੀ ਸਮਾਗਮਾਂ ਦੇ ਤਕਰੀਬਨ ਇਕ ਲੱਖ ਦੇ ਖਰਚੇ ਦੇ ਬਿੱਲਾਂ ਦਾ ਵੀ ਇਹੋ ਹਾਲ ਹੀ ਹੈ। ਇਵੇਂ ਹੀ 22 ਦਸੰਬਰ 2015 ਨੂੰ ਪ੍ਰਭੂ ਈਸ ਮਸੀਹ ਦੇ ਰਾਜ ਪੱਧਰੀ ਸਮਾਗਮਾਂ ਦੇ 4æ23 ਲੱਖ ਦੇ ਬਿੱਲਾਂ ਦੀ ਅਦਾਇਗੀ ਲਈ ਬਜਟ ਹੀ ਨਹੀਂ ਦਿੱਤਾ ਗਿਆ ਹੈ। ਗੁਰਚਰਨ ਸਿੰਘ ਟੌਹੜਾ ਦੇ ਪਹਿਲੀ ਅਪਰੈਲ 2016 ਨੂੰ ਹੋਏ ਸਮਾਗਮਾਂ ਦਾ 1æ53 ਲੱਖ ਦਾ ਬਿੱਲ ਹਾਲੇ ਖੜ੍ਹਾ ਹੈ। ਸਾਲ 2015 ਵਿਚ ਭਗਤ ਕਬੀਰ ਦੇ ਰਾਜ ਪੱਧਰੀ ਸਮਾਗਮਾਂ ਦੇ 82,370 ਰੁਪਏ ਬਕਾਇਆ ਖੜ੍ਹੇ ਹਨ। ਮਹਾਰਾਣਾ ਪ੍ਰਤਾਪ ਦੇ ਸਮਾਗਮਾਂ ਦੇ ਬਿੱਲ ਵੀ ਖਜ਼ਾਨੇ ਵਿਚ ਫਸੇ ਹੋਏ ਹਨ।
__________________________________
ਵਿਦੇਸ਼ੀ ਅਖਬਾਰਾਂ ਵਿਚ ਇਸ਼ਤਿਹਾਰ ਦਾ ਪੈਸਾ ਅੜਿਆ
ਸਰਕਾਰੀ ਮਸ਼ਹੂਰੀ ਖਾਤਰ ਵਿਦੇਸ਼ੀ ਅਖਬਾਰਾਂ ਵਿਚ ਦਿੱਤੇ ਇਸ਼ਤਿਹਾਰਾਂ ਦੇ 43 ਲੱਖ ਰੁਪਏ ਦੇ ਬਿੱਲ ਪੈਂਡਿੰਗ ਹਨ। ਮਹਿਕਮਾ ਆਖਦਾ ਹੈ ਕਿ ਪਰਵਾਸੀ ਅਖਬਾਰਾਂ ਤੋਂ ਬਿੱਲ ਪ੍ਰਾਪਤ ਨਹੀਂ ਹੋਏ ਹਨ। ਇਸੇ ਤਰ੍ਹਾਂ ਇਲੈਕਟ੍ਰੋਨਿਕ ਮੀਡੀਏ ਦੇ 43 ਲੱਖ ਅਤੇ ਪ੍ਰਿੰਟ ਮੀਡੀਏ ਦੇ ਡਿਸਪਲੇ ਇਸ਼ਤਿਹਾਰਾਂ ਦੇ ਪੌਣੇ ਦੋ ਕਰੋੜ ਦੇ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਸਕੀ ਹੈ। ਅਕਤੂਬਰ 2015 ਵਿਚ ਕਰਾਏ ਪੰਜਾਬ ਪ੍ਰੋਗਰੈਸਿਵ ਇਨਵੈਸਟਰ ਸੰਮੇਲਨ ਦੇ ਅਗੇਤੇ ਪ੍ਰਚਾਰ ਲਈ ਮੋਗਾ, ਪਠਾਨਕੋਟ ਅਤੇ ਕਪੂਰਥਲਾ ਦੀਆਂ ਫਰਮਾਂ ਦੇ ਕਰੀਬ ਸਵਾ ਦੋ ਲੱਖ ਰੁਪਏ ਦੇ ਫਲੈਕਸਾਂ ਦੇ ਬਕਾਏ ਵੀ ਸਰਕਾਰ ਸਿਰ ਖੜ੍ਹੇ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਭਗਤ ਪੂਰਨ ਸਿੰਘ ਬੀਮਾ ਯੋਜਨਾ, ਡਰਾਈਵਿੰਗ ਲਾਇਸੈਂਸ ਹਾਸਲ ਕਰਨ ਸਬੰਧੀ, ਬੁਢਾਪਾ ਪੈਨਸ਼ਨਾਂ ਦੀ ਵੰਡ ਆਦਿ ਸਬੰਧੀ ਕਰਾਏ ਰਾਜ ਪੱਧਰੀ ਸਮਾਗਮਾਂ ਦੇ ਵੱਖਰੇ 4æ59 ਲੱਖ ਦੇ ਬਕਾਏ ਵੀ ਖੜ੍ਹੇ ਹਨ। ਪ੍ਰਾਹੁਣਚਾਰੀ ਵਿਭਾਗ ਦੇ ਵੀ 8æ50 ਲੱਖ ਦੇ ਬਕਾਏ ਰੁਕੇ ਹੋਏ ਹਨ।