ਸਾਊਦੀ ਅਰਬ ਵੱਲੋਂ ਪਰਵਾਸੀ ਕਾਮਿਆਂ ਨੂੰ ਡੱਕਣ ਲਈ ਨਵੇਂ ਨਿਯਮ

ਰਿਆਧ: ਸਾਊਦੀ ਅਰਬ ਨੇ ਪਰਵਾਸੀ ਕਾਮਿਆਂ ਲਈ ਨਿਯਮ ਹੋਰ ਸਖਤ ਕਰ ਲਏ ਹਨ। ਕੰਪਨੀ ਨਾਲ ਕਰਾਰ (ਕਾਫਲਾ) ਤੋੜਨ ਵਾਲੇ ਪਰਵਾਸੀ ਕਾਮਿਆਂ ਨੂੰ ਜੁਰਮਾਨਾ, ਜੇਲ੍ਹ ਤੇ ਮੁੜ ਤੋਂ ਦੇਸ਼ ਵਿਚ ਦਾਖਲ ਹੋਣ ਉਤੇ ਪਾਬੰਦੀ ਦੀ ਵਿਵਸਥਾ ਕੀਤੀ ਗਈ ਹੈ। ਬੀæਬੀæਸੀæ ਮੁਤਾਬਕ ਸਾਊਦੀ ਅਰਬ ਦੀ ਪਾਸਪੋਰਟ ਏਜੰਸੀ ਨੇ ਸਥਾਨਕ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਾਫਲਾ ਤੋਂ ਕਿਨਾਰੇ ਕਰਨ ਵਾਲੇ ਕਾਮਿਆਂ ਨੂੰ ਨੌਕਰੀ ਨਾ ਦੇਣ।

ਸਾਊਦੀ ਅਰਬ ਸਰਕਾਰ ਅਨੁਸਾਰ ਜੇਕਰ ਕਾਮੇ ਕਰਾਰ ਨੂੰ ਤੋੜਨਗੇ ਤਾਂ ਜੁਰਮਾਨੇ ਦੇ ਨਾਲ-ਨਾਲ ਜੇਲ੍ਹ ਵੀ ਹੋ ਸਕਦੀ ਹੈ। ਕੁਝ ਮਨੁੱਖੀ ਅਧਿਕਾਰ ਸੰਗਠਨਾਂ ਨੇ ਕਾਫ਼ਲਾ ਨੂੰ ਖਤਮ ਕਰਨ ਦੀ ਮੰਗ ਵੀ ਕੀਤੀ ਹੈ। ਇਨ੍ਹਾਂ ਅਨੁਸਾਰ ਇਹ ਇਕ ਤਰ੍ਹਾਂ ਦੀ ਗੁਲਾਮੀ ਹੈ। ਸਾਊਦੀ ਅਰਬ ਵਿਚ ਕਾਫ਼ਲਾ ਵਿਵਸਥਾ ਕਾਫੀ ਸਮੇਂ ਤੋਂ ਲਾਗੂ ਹੈ ਜਿਸ ਅਨੁਸਾਰ ਵਿਦੇਸ਼ੀ ਕਾਮਿਆਂ ਨੂੰ ਸਥਾਨਕ ਸਪਾਂਸਰਸ਼ਿਪ ਤੋਂ ਬਿਨਾਂ ਕੰਮ ਨਹੀਂ ਮਿਲ ਸਕਦਾ। ਨਵੇਂ ਨਿਯਮ ਅਨੁਸਾਰ ਵਿਦੇਸ਼ੀ ਕਾਮੇ ਦੇ ਨਾਲ-ਨਾਲ ਉਸ ਦੇ ਮਾਲਕ ਖਿਲਾਫ਼ ਵੀ ਕਾਰਵਾਈ ਦੀ ਵਿਵਸਥਾ ਕੀਤੀ ਗਈ ਹੈ। ਸਾਊਦੀ ਅਰਬ ਵਿਚ ਤਕਰੀਬਨ ਇਕ ਕਰੋੜ ਵਿਦੇਸ਼ੀ ਕਾਮੇ ਹਨ ਜਿਨ੍ਹਾਂ ਵਿਚ ਕਾਫੀ ਗਿਣਤੀ ਭਾਰਤੀਆਂ ਦੀ ਵੀ ਹੈ।
ਸਾਊਦੀ ਅਰਬ ਦੇ ਰੁਜ਼ਗਾਰ ਮੰਤਰੀ ਮੁਫਰੇਜ ਅੱਲ ਹੱਕ ਬਾਨੀ ਦਾ ਕਹਿਣਾ ਹੈ ਕਿ ਨਵੇਂ ਨਿਯਮ ਨਾਲ ਜ਼ਿਆਦਾਤਰ ਵਿਦੇਸ਼ੀ ਕਾਮੇ ਖ਼ੁਸ਼ ਹਨ। ਦੂਜੇ ਪਾਸੇ ਸਾਊਦੀ ਅਰਬ ਵਿਚ ਵਿਦੇਸ਼ੀ ਕਾਮਿਆਂ ਦੇ ਸ਼ੋਸ਼ਣ ਦੀਆਂ ਕਹਾਣੀਆਂ ਕੌਮਾਂਤਰੀ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ। ਜਿਸ ਅਨੁਸਾਰ ਕਾਮਿਆਂ ਨਾਲ ਜਿੰਨੀ ਤਨਖਾਹ ਦਾ ਵਾਅਦਾ ਕੀਤਾ ਜਾਂਦਾ ਹੈ, ਉਸ ਅਨੁਸਾਰ ਉਨ੍ਹਾਂ ਨੂੰ ਦਿੱਤੀ ਨਹੀਂ ਜਾਂਦੀ। ਇਸ ਤੋਂ ਇਲਾਵਾ ਵਿਦੇਸ਼ੀ ਕਾਮਿਆਂ ਨੂੰ ਸਹੂਲਤਾਂ ਵੀ ਨਹੀਂ ਦਿੱਤੀਆਂ ਜਾਂਦੀਆਂ। ਇਕ ਵਾਰ ਸਾਊਦੀ ਅਰਬ ਵਿਚ ਦਾਖਲ ਹੋਣ ਤੋਂ ਬਾਅਦ ਵਿਦੇਸ਼ੀ ਕਾਮਿਆਂ ਦੇ ਪਾਸਪੋਰਟ ਸਪਾਂਸਰ ਕਰਨ ਵਾਲਾ ਆਪਣੇ ਕੋਲ ਰੱਖ ਲੈਂਦਾ ਹੈ। ਅਗਸਤ ਦੇ ਸ਼ੁਰੂ ਵਿਚ 10 ਹਜ਼ਾਰ ਭਾਰਤੀ ਕਾਮੇ ਫਸੇ ਹੋਣ ਦੀ ਖਬਰ ਆਈ ਸੀ। ਭਾਰਤੀ ਕਾਮਿਆਂ ਦੋਸ਼ ਸੀ ਕਿ ਉਨ੍ਹਾਂ ਨੂੰ ਨਾ ਤਾਂ ਤਨਖਾਹ ਦਿੱਤੀ ਜਾ ਰਹੀ ਹੈ ਤੇ ਨਾ ਹੀ ਭੋਜਨ। ਇਸ ਮਾਮਲੇ ਨੂੰ ਲੈ ਕੇ ਵਿਦੇਸ਼ ਮੰਤਰਾਲੇ ਵੀ ਹਰਕਤ ਵਿਚ ਹੈ, ਪਰ ਸਾਊਦੀ ਅਰਬ ਨੇ ਤਾਜ਼ਾ ਨਿਯਮ ਬਣਾ ਕੇ ਵਿਦੇਸ਼ੀ ਕਾਮਿਆਂ ਨੂੰ ਰੋਕਣ ਲਈ ਨਵੀਂ ਫਾਰਮੂਲਾ ਤਿਆਰ ਕਰ ਲਿਆ ਹੈ।
___________________________
ਭਾਰਤ ਸਰਕਾਰ ਦਾ ਐਪ ਕਰੇਗਾ ਪਰਵਾਸੀਆਂ ਦੇ ਦੁੱਖ ਦੂਰ
ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਪਹਿਲ ਕਰਦੇ ਹੋਏ ਇਕ ਫੇਸਬੁੱਕ ਐਪ ਸ਼ੁਰੂ ਕੀਤਾ ਹੈ। ਜਿਸ ਦੇ ਜ਼ਰੀਏ ਦੁਨੀਆਂ ਵਿਚ ਕਿਤੇ ਵੀ ਵੱਸਦੇ ਭਾਰਤੀ ਨੂੰ ਕਿਸੇ ਵੀ ਪਰੇਸ਼ਾਨੀ ਵਿਚ ਤੁਰਤ ਮਦਦ ਮਿਲੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਦੱਸਿਆ ਕਿ ਮੰਤਰਾਲੇ ਦੇ ਫੇਸਬੁੱਕ ਪੇਜ ਉਤੇ ਜਾ ਕੇ ਸਭ ਤੋਂ ਉਤੇ ਮੌਜੂਦ ਇਸ ਐਪ ਨੂੰ ਕਲਿੱਕ ਕਰੋ। ਇਸ ਨਾਲ ਤੁਹਾਡੇ ਸਾਹਮਣੇ ਵਿਸ਼ਵ ਦਾ ਨਕਸ਼ਾ ਖੁੱਲ੍ਹ ਜਾਵੇਗਾ। ਇਸ ਵਿਚ ਹਰ ਦੇਸ਼ ਵਿਚ ਮੌਜੂਦ ਭਾਰਤੀ ਦੂਤਾਵਾਸ, ਕਾਊਂਸਲੇਟ, ਦਫਤਰ ਦੀ ਜਾਣਕਾਰੀ ਹੋਵੇਗੀ। ਜਦੋਂ ਤੁਸੀਂ ਕਿਸੇ ਦੇਸ਼ ਦੇ ਭਾਰਤੀ ਦੂਤਾਵਾਸ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਉਸ ਬਾਰੇ ਸਾਰੀ ਜਾਣਕਾਰੀ ਆ ਜਾਵੇਗੀ। ਜਿਵੇਂ ਕਿ ਪਤਾ, ਨੰਬਰ, ਸੰਪਰਕ, ਅਧਿਕਾਰੀਆਂ ਦੇ ਨਾਮ। ਇਸ ਦੇ ਜਰੀਏ ਤੁਸੀਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹੋ। ਇਸ ਨਾਲ ਤੁਹਾਡੀ ਸਮੱਸਿਆ ਦਾ ਹੱਲ ਸੌਖਾ ਹੋ ਜਾਵੇਗਾ।
_______________________________
ਯਮਨ ‘ਚੋਂ ਹੋਰ ਭਾਰਤੀਆਂ ਨੂੰ ਕੱਢਣਾ ਸੰਭਵ ਨਹੀਂ: ਸੁਸ਼ਮਾ
ਨਵੀਂ ਦਿੱਲੀ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਪੱਸ਼ਟ ਕੀਤਾ ਹੈ ਕਿ ਜੰਗ ਪ੍ਰਭਾਵਿਤ ਯਮਨ ਵਿਚੋਂ ਹੋਰ ਭਾਰਤੀਆਂ ਨੂੰ ਕੱਢਣਾ ਸੰਭਵ ਨਹੀਂ ਹੈ। ਵਿਦੇਸ਼ ਮੰਤਰੀ ਨੇ ਲੜੀਵਾਰ ਟਵੀਟਾਂ ਰਾਹੀਂ ਯਮਨ ‘ਚ ਮੌਜੂਦਾ ਹਾਲਾਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਨੂੰ ਉਥੇ ਆਪਣਾ ਦੂਤਘਰ ਬੰਦ ਕਰਨਾ ਪਿਆ। ਸੁਸ਼ਮਾ ਸਵਰਾਜ ਨੇ ਇਕ ਔਰਤ ਵੱਲੋਂ ਫੇਸਬੁੱਕ ‘ਤੇ ਪਾਈ ਚਿੱਠੀ ਦੇ ਜਵਾਬ ਵਿਚ ਇਹ ਪ੍ਰਤੀਕਰਮ ਦਿੱਤੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਹਾਲੇ ਤੱਕ 4500 ਭਾਰਤੀਆਂ ਅਤੇ 2500 ਵਿਦੇਸ਼ੀਆਂ ਨੂੰ ਯਮਨ ‘ਚੋਂ ਬਾਹਰ ਕੱਢਿਆ ਗਿਆ ਹੈ। ਭਾਰਤ ਨੇ ਯਮਨ ‘ਚ ਰਹਿਣ ਵਾਲੇ ਭਾਰਤੀਆਂ ਨੂੰ ਵਾਰ-ਵਾਰ ਇਹ ਮੁਲਕ ਛੱਡਣ ਦੀ ਗੁਜ਼ਾਰਸ਼ ਕੀਤੀ, ਪਰ ਕੁਝ ਲੋਕਾਂ ਨੇ ਉਥੇ ਰਹਿਣਾ ਪਸੰਦ ਕੀਤਾ, ਜਦਕਿ ਕੁਝ ਲੋਕ ਜਿਨ੍ਹਾਂ ਨੂੰ ਉਥੋਂ ਕੱਢ ਕੇ ਲਿਆਂਦਾ ਗਿਆ ਸੀ, ਮੁੜ ਯਮਨ ਪਰਤ ਗਏ।