ਕੈਪਟਨ ਨੇ ਸੰਸਦ ‘ਚ ਗੈਰ ਹਾਜ਼ਰੀ ਦਾ ਬਣਾਇਆ ਰਿਕਾਰਡ

ਬਠਿੰਡਾ: ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਐਤਕੀਂ ‘ਹਲਕੇ ਵਿਚ ਕੈਪਟਨ’ ਪ੍ਰੋਗਰਾਮਾਂ ਦੇ ਰੁਝੇਵਿਆਂ ਕਾਰਨ ਪਾਰਲੀਮੈਂਟ ਸੈਸ਼ਨ ਵਿਚੋਂ ਵਧੇਰੇ ਸਮਾਂ ਬਾਹਰ ਹੀ ਰਹੇ। ਉਨ੍ਹਾਂ ਇਕ ਦਿਨ ਹੀ ਸੰਸਦ ਵਿਚ ਪੈਰ ਪਾਇਆ ਜਦੋਂਕਿ ਸੈਸ਼ਨ ਦੀਆਂ 20 ਬੈਠਕਾਂ ਹੋਈਆਂ। ਇਸੇ ਤਰ੍ਹਾਂ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਦੋ ਦਿਨ ਸੈਸ਼ਨ ਵਿਚ ਹਾਜ਼ਰੀ ਭਰੀ। ਤਾਜ਼ਾ ਖਤਮ ਹੋਇਆ ਸੈਸ਼ਨ 18 ਜੁਲਾਈ ਤੋਂ 12 ਅਗਸਤ ਤੱਕ ਚੱਲਿਆ ਹੈ।

ਵੇਰਵਿਆਂ ਅਨੁਸਾਰ ਚਾਲੂ ਮਾਲੀ ਵਰ੍ਹੇ ਦੌਰਾਨ 25 ਅਪਰੈਲ ਤੋਂ 11 ਮਈ ਤੱਕ ਚੱਲੇ ਸੈਸ਼ਨ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਗੈਰ ਹਾਜ਼ਰ ਰਹੇ ਸਨ ਜਦੋਂਕਿ 23 ਫਰਵਰੀ ਤੋਂ 16 ਮਾਰਚ ਤੱਕ ਚੱਲੇ ਸੈਸ਼ਨ ਵਿਚ ਕੈਪਟਨ ਨੇ ਸਿਰਫ ਇਕ ਦਿਨ ਸੈਸ਼ਨ ਵਿਚ ਹਾਜ਼ਰੀ ਭਰੀ। 16ਵੀਂ ਲੋਕ ਸਭਾ ਵਿਚ ਅਮਰਿੰਦਰ ਸਿੰਘ ਅੰਮ੍ਰਿਤਸਰ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਹਨ। ਲੋਕ ਸਭਾ ਦੇ ਪਹਿਲੇ ਚਾਰ ਸੈਸ਼ਨਾਂ ਦੀਆਂ ਕੁੱਲ 71 ਬੈਠਕਾਂ ਵਿਚੋਂ ਕੈਪਟਨ ਸਿਰਫ ਸੱਤ ਦਿਨ ਹਾਜ਼ਰ ਰਹੇ ਹਨ। ਇਸ ਤੋਂ ਬਾਅਦ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਹਨ, ਉਦੋਂ ਤੋਂ ਉਨ੍ਹਾਂ ਦੀ ਪਾਰਲੀਮੈਂਟ ਵਿਚ ਕੋਈ ਰੁਚੀ ਨਹੀਂ ਰਹੀ ਹੈ।
ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ‘ਸਟਾਰ’ ਵਾਂਗ ਦੇਖਦੇ ਰਹੇ ਹਨ, ਪਰ ਉਨ੍ਹਾਂ ਨਾਲੋਂ ਬਾਲੀਵੁੱਡ ਸਟਾਰਾਂ ਦੀ ਹਾਜ਼ਰੀ ਸੰਸਦ ਵਿਚ ਜ਼ਿਆਦਾ ਰਹੀ ਹੈ। ਚੰਡੀਗੜ੍ਹ ਤੋਂ ਐਮæਪੀ ਕਿਰਨ ਖੇਰ ਨੇ ਹਾਲ ਵਿਚ ਖਤਮ ਹੋਏ ਸੈਸ਼ਨ ਵਿਚ 20 ਦਿਨਾਂ ਵਿਚੋਂ 19 ਦਿਨ ਹਾਜ਼ਰੀ ਭਰੀ ਹੈ। ਇਸ ਤੋਂ ਪਿਛਲੇ ਸੈਸ਼ਨ ਵਿਚ ਤਾਂ ਹੇਮਾ ਮਾਲਿਨੀ ਦੀ ਹਾਜ਼ਰੀ 61 ਫੀਸਦੀ ਰਹੀ ਹੈ। ਗੁਰਦਾਸਪੁਰ ਤੋਂ ਸੰਸਦ ਮੈਂਬਰ ਵਿਨੋਦ ਖੰਨਾ ਦੀ ਐਤਕੀਂ ਸੰਸਦ ਵਿਚ ਹਾਜ਼ਰੀ 50 ਫੀਸਦੀ ਰਹੀ। ਆਮ ਆਦਮੀ ਪਾਰਟੀ ਦੇ ਐਮæਪੀæ ਭਗਵੰਤ ਮਾਨ ਦੀ ਪਿਛਲੇ ਸੈਸ਼ਨਾਂ ਵਿਚ ਹਾਜ਼ਰੀ ਕਾਫੀ ਉਚੀ ਰਹੀ ਹੈ ਪਰ ਐਤਕੀਂ ਸੰਸਦ ਵੱਲੋਂ ਉਨ੍ਹਾਂ ਦੇ ਦਾਖਲੇ ਰੋਕ ਲਾ ਦਿੱਤੀ ਗਈ ਸੀ।
ਪੰਜਾਬ ਵਿਧਾਨ ਸਭਾ ਦੇ ਸੈਸ਼ਨਾਂ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਜ਼ਿਆਦਾ ਰਹੀ ਹੈ। 2007-2012 ਦੌਰਾਨ ਪੰਜਾਬ ਵਿਧਾਨ ਸਭਾ ਦੇ 13 ਸੈਸ਼ਨਾਂ ਦੀਆਂ ਕੁੱਲ 88 ਬੈਠਕਾਂ ਹੋਈਆਂ, ਜਿਨ੍ਹਾਂ ਵਿਚ ਉਹ ਸਿਰਫ 13 ਦਿਨ ਹਾਜ਼ਰ ਹੋਏ ਅਤੇ 55 ਦਿਨ ਗੈਰ ਹਾਜ਼ਰ ਰਹੇ। ਪੰਜਾਬ ਵਿਧਾਨ ਸਭਾ ਵਿਚੋਂ 10 ਜੁਲਾਈ 2008 ਨੂੰ ਉਨ੍ਹਾਂ ਦੀ ਮੈਂਬਰਸ਼ਿਪ ਬਰਖਾਸਤ ਕਰ ਦਿੱਤੀ ਗਈ ਸੀ ਅਤੇ ਸੁਪਰੀਮ ਕੋਰਟ ਨੇ 26 ਅਪਰੈਲ 2010 ਨੂੰ ਉਨ੍ਹਾਂ ਦੀ ਮੈਂਬਰਸ਼ਿਪ ਬਹਾਲ ਕਰ ਦਿੱਤੀ ਸੀ। ਇਸ ਬਰਖਾਸਤਗੀ ਦੌਰਾਨ ਸੈਸ਼ਨ ਦੀਆਂ 20 ਬੈਠਕਾਂ ਹੋਈਆਂ ਸਨ।
ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਹੈ ਕਿ ਕੈਪਟਨ ਨੂੰ ਹਾਈਕਮਾਂਡ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਕਰ ਕੇ ਉਹ ਪੰਜਾਬ ਨੂੰ ਬਚਾਉਣ ਲਈ ਜੁਟੇ ਹੋਏ ਹਨ। ਇਨ੍ਹਾਂ ਰੁਝੇਵਿਆਂ ਕਾਰਨ ਹੀ ਉਹ ਸੈਸ਼ਨ ਵਿਚ ਸਮਾਂ ਨਹੀਂ ਦੇ ਸਕੇ ਹਨ। ਉਨ੍ਹਾਂ ਆਖਿਆ ਕਿ ਹੁਣ ਵੀ ਉਹ ਲੋਕ ਮਸਲਿਆਂ ‘ਤੇ ਹੀ ਲੜਾਈ ਲੜ ਰਹੇ ਹਨ ਅਤੇ ਉਨ੍ਹਾਂ ਦੇ ਰੋਜ਼ਾਨਾ ਪ੍ਰੋਗਰਾਮ ਹੁੰਦੇ ਹਨ।