ਟੇਕ ਨਾਲ ਖੜ੍ਹੇ ਕੁਝ ਸ਼ਬਦ

ਬਲਜੀਤ ਬਾਸੀ
ਪਿਛਲੀ ਵਾਰ ਦਾ ਕਾਲਮ ਅਸੀਂ ਟੇਕ ਸ਼ਬਦ ਦੇ ਸੰਖੇਪ ਵਿਵੇਚਨ ਨਾਲ ਖਤਮ ਕੀਤਾ ਸੀ। ਇਸ ਦੀ ਫੌਰੀ ਲੋੜ ਪੈ ਗਈ ਸੀ। ਟੇਕ ਦਾ ਰੁਪਾਂਤਰ ਟੇਵ ਹੈ ਤੇ ਇਸ ਟੇਵ ਦਾ ਜਨਮ ਪੱਤਰੀ ਦੇ ਅਰਥ ਵਾਲੇ ਟੇਵ ਤੋਂ ਫਰਕ ਦਰਸਾਉਣਾ ਸੀ। ਪਰ ਟੇਕ ਇਕ ਬਹੁ-ਅਰਥੀ ਸ਼ਬਦ ਹੈ ਜਿਸ ਦਾ ਸਬੰਧ ਇਕ ਐਸੇ ਧਾਤੂ ਨਾਲ ਹੈ ਜਿਸ ਤੋਂ ਅਨੇਕਾਂ ਸ਼ਬਦ ਬਣੇ ਹਨ। ਇਹ ਧਾਤੂ ਹੈ ḔਸਥḔ ਜਿਸ ਵਿਚ ਖੜ੍ਹਾ ਕਰਨ, ਕਾਇਮ ਕਰਨ ਦੇ ਭਾਵ ਹਨ। ਪਾਠਕ ਸਮਝ ਸਕਦੇ ਹਨ ਕਿ ਖੜ੍ਹਾ ਕਰਨ, ਕਾਇਮ ਕਰਨ ਦੇ ਅਰਥਾਂ ਤੋਂ ਸਹਾਰਾ ਦੇਣ ਦੇ ਅਰਥ ਸਹਿਜੇ ਹੀ ਵਿਕਸਿਤ ਹੋ ਜਾਂਦੇ ਹਨ।

‘ਮੇਰਾ ਦਿਲ ਖੜ੍ਹਾ ਨਹੀਂ ਹੁੰਦਾ’ ਦਾ ਅਰਥ ਹੈ, ਮੇਰਾ ਦਿਲ ਕਾਇਮ ਨਹੀਂ ਜਾਂ ਸਥਿਰ ਨਹੀਂ। ਸੋ ḔਸਥḔ ਧਾਤੂ ਤੋਂ ਸਥਿਤ ਜਾਂ ਸਥਿਰ ਸ਼ਬਦ ਬਣਦੇ ਹਨ ਜਿਨ੍ਹਾਂ ਵਿਚ ਕਾਇਮ ਹੋਣ, ਵਾਕਿਆ ਹੋਣ ਦੇ ਭਾਵ ਹਨ। ਕੁਝ ਮਿਸਾਲਾਂ ਲੈਂਦੇ ਹਾਂ: “ਗੁਰਦੁਆਰਾ ਸੀਸ ਗੰਜ ਚਾਂਦਨੀ ਚੌਕ ਦਿੱਲੀ ਵਿਚ ਸਥਿਤ ਹੈ।” ਸਥਿਰ ਸ਼ਬਦ ਦੇ ਪੰਜਾਬੀ ਵਿਚ ਤਿੰਨ ਰੁਪਾਂਤਰ ਹਨ, ਸਥਿਰ, “ਅਸੀਂ ਕਸ਼ਮੀਰ ਵਿਚ ਸਥਿਰ ਸਰਕਾਰ ਚਾਹੁੰਦੇ ਹਾਂ-ਭਾਜਪਾ”; ਥਿਰ “ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ॥” (ਗੁਰੂ ਨਾਨਕ ਦੇਵ); “ਸੇਖ ਹੈਯਾਤੀ ਜਗ ਨਾ ਕੋਈ ਥਿਰ ਰਹਿਆ॥” (ਬਾਬਾ ਸ਼ੇਖ ਫਰੀਦ); ਅਸਥਿਰ: “ਦੇਸ਼ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਦੇਸ਼ ਵਿਰੋਧੀ।” ਹਾਲਾਂਕਿ ਸਥਿਰ ਦੇ ਪਿਛੇ ਨਾਂਹਵਾਚਕ ਅਰਥਾਂ ਵਾਲਾ ḔਅḔ ਅਗੇਤਰ ਲੱਗ ਕੇ ਉਲਟ ਅਰਥ ਬਣਨੇ ਚਾਹੀਦੇ ਹਨ ਪਰ ਦਰਅਸਲ ਅਸਥਿਰ ਸਥਿਰ ਦਾ ਹੀ ਇਕ ਰੁਪਾਂਤਰ ਹੈ, ਗੁਰਬਾਣੀ ਵਿਚ ਇਸੇ ਆਸ਼ੇ ਲਈ ਇਹ ਸ਼ਬਦ ਕਈ ਵਾਰੀ ਆਇਆ ਹੈ।
ਕਈ ਵਾਰੀ ਕੁਝ ਇਕ ਸ਼ਬਦਾਂ ਵਿਚ ḔਅḔ ਧੁਨੀ ਦੀ ਵ੍ਰਿਧੀ ਹੋ ਜਾਂਦੀ ਹੈ ਪਰ ਅਰਥਾਂ ਵਿਚ ਫਰਕ ਨਹੀਂ ਪੈਂਦਾ ਜਿਵੇਂ ਸਟੇਸ਼ਨ ਤੋਂ ਅਸਟੇਸ਼ਨ, ਰਜਾਈ ਤੋਂ ਅਰਜਾਈ। ਇਸ ਤੋਂ ਉਲਟ ਪ੍ਰਕ੍ਰਿਆ ਵੀ ਹੈ- ਅਸਲੀ ਸ਼ਬਦ ਹੈ, ਅਸਵਾਰ ਪਰ ਇਸ ਤੋਂ ḔਅḔ ਧੁਨੀ ਲੋਪ ਹੋ ਕੇ ਸਵਾਰ ਬਣ ਜਾਂਦਾ ਹੈ। ਗੁਰਬਾਣੀ ਵਿਚ ਅਸਥਿਰ ਦਾ ਅਰਥ ਸਥਿਰ ਅਰਥਾਤ ਕਾਇਮ, ਦ੍ਰਿੜ ਹੀ ਹੈ ਜਿਵੇਂ “ਅਸਥਿਰੁ ਕਰੇ ਨਿਹਚਲੁ ਇਹ ਮਨੂਆ।” (ਗੁਰੂ ਅਰਜਨ ਦੇਵ) ਅਰਥਾਤ (ਨਾਮ) ਇਸ ਮਨ ਨੂੰ ਅਡੋਲ ਅਤੇ ਚੰਚਲਤਾਹੀਣ ਕਰ ਦੇਵੇ। ਦਿਲਚਸਪ ਗੱਲ ਹੈ ਕਿ ਇਥੇ ‘ਮਹਾਨ ਕੋਸ਼’ ਨੇ ਅਸਥਿਰ ਦਾ ਅਰਥ ਚਲਾਇਮਾਨ, ਚੰਚਲ ਦਿੱਤਾ ਹੈ, ‘ਇਸ ਮਨ ਅਸਥਿਰ (ਚੰਚਲ) ਨੂੰ ਨਿਹਚਲ ਕਰੇ’ ਜੋ ਉਚਿਤ ਨਹੀਂ ਜਾਪਦਾ। ਉਂਜ ਅੱਜ ਕਲ੍ਹ ਅਸਥਿਰ ਸ਼ਬਦ ਨਾ-ਸਥਿਰ ਅਰਥਾਤ ਡੋਲਦਾ, ਚੰਚਲ, ਕੱਚਾ ਆਦਿ ਅਰਥਾਂ ਵਿਚ ਵਰਤਿਆ ਜਾਂਦਾ ਹੈ। ਸਥਿਤ ਤੋਂ ਹੀ ਅੱਗੇ ਸਥਿਤੀ ਅਤੇ ਉਪਸਥਿਤੀ ਬਣ ਗਏ।
ḔਸਥḔ ਧਾਤੂ ਤੋਂ ਹੀ ਸਥਾਨ ਸ਼ਬਦ ਦੀ ਉਤਪਤੀ ਹੋਈ ਜਿਸ ਦਾ ਸ਼ਾਬਦਿਕ ਅਰਥ ਹੋਇਆ, ਜੋ ਕਾਇਮ ਜਾਂ ਵਾਕਿਆ ਹੈ। ਸਥਾਨ ਦੇ ਕੁਝ ਇਕ ਅਰਥ ਹਨ, ਠਹਿਰਾਉ; ਭੂਮੀ, ਜ਼ਮੀਨ; ਜਗ੍ਹਾ; ਡੇਰਾ, ਰਿਹਾਇਸ਼; ਪਦ, ਅਹੁਦਾ ਆਦਿ। ਸਥਾਨ ਪ੍ਰਦੇਸ਼ ਦੇ ਅਰਥਾਂ ਵਿਚ ਇਕ ਪਿਛੇਤਰ ਵਜੋਂ ਵੀ ਵਰਤਿਆ ਜਾਂਦਾ ਹੈ ਜਿਵੇਂ ਰਾਜਸਥਾਨ। ਸਥਾਨ ਤੋਂ ਮੁਕਾਮੀ, ਲੋਕਲ ਦੇ ਅਰਥਾਂ ਵਾਲਾ ਸਥਾਨਕ ਸ਼ਬਦ ਸਾਹਮਣੇ ਆਇਆ। ਅਸਥਿਰ ਅਤੇ ਅਸਥਿਤ/ਇਸਥਿਤ ਦੀ ਤਰ੍ਹਾਂ ਸਥਾਨ ਤੋਂ ਵੀ ਅਸਥਾਨ ਬਣਿਆ ਪਰ ਅਰਥ ਨਹੀਂ ਉਲਟੇ। ਹੋਰ ਅੱਗੇ ਸਥਾਨ ਸ਼ਬਦ ਵਿਚੋਂ ḔਸḔ ਧੁਨੀ ਦੇ ਅਲੋਪਣ ਨਾਲ ਥਾਂ ਸ਼ਬਦ ‘ਥਾਂ-ਸਿਰ’ ਆਇਆ ਜੋ ਸਥਾਨ ਲਈ ਪੰਜਾਬੀ ਦਾ ਸਭ ਤੋਂ ਪ੍ਰਚਲਿਤ ਸ਼ਬਦ ਹੈ, ‘ਸਰਪੰਚਾਂ ਦਾ ਕਿਹਾ ਸਿਰਮੱਥੇ, ਪਰਨਾਲਾ ਥਾਂ ਦੀ ਥਾਂ।’ ‘ਥਾਂ ਮਾਰਨਾ’, ‘ਥਾਂ ਲੈਣਾ’ ਮੁਹਾਵਰੇ ਹਨ। ਥਾਂ ਨੇ ਅੱਗੇ ਕੁਥਾਂ ਅਤੇ ਨਿਥਾਵਾਂ ਜਿਹੇ ਸ਼ਬਦ ਬਣਨ ਲਈ ਰਾਹ ਪੱਧਰਾ ਕੀਤਾ, “ਦੇਖੀਂ ਕਿਤੇ ਥਾਂ ਕੁਥਾਂ ਸੱਟ ਨਾ ਲੁਆ ਲਈਂ।”
ਸਥਾਨ ਤੋਂ ਹੀ ਥਾਨ ਸ਼ਬਦ ਵੀ ਬਣਿਆ ਜਿਸ ਦਾ ਅਰਥ ਵੀ ਸਥਾਨ ਹੀ ਹੈ, “ਥਾਨਬਿਹੂਨ ਉਠਿ ਉਠਿ ਫਿਰਿ ਧਾਵੈ” ਅਰਥਾਤ ਇਹ ਨਿਥਾਵਾਂ ਮੁੜ ਮੁੜ ਖੜ੍ਹਾ ਹੋ ਭਜਦਾ ਹੈ, “ਜੇਤੇ ਥਾਨ ਥਨੰਤਰਾ ਤੇਤੇ ਭਵਿ ਆਇਆ॥” (ਗੁਰੂ ਅਰਜਨ ਦੇਵ)। ਥਾਨ ਸ਼ਬਦ ਪੂਜਾ ਸਥਾਨਾਂ ਲਈ ਵੀ ਰੂੜ੍ਹ ਹੋਇਆ ਹੈ, ਖਾਸ ਤੌਰ ‘ਤੇ ਮਾਤਾ ਦੇਵੀ ਦੇ ਪ੍ਰਸੰਗ ਵਿਚ, ਸੀਤਲਾ ਮਾਤਾ ਦੇ ਥਾਨ ਛੱਪੜਾਂ ਕਿਨਾਰੇ ਹੁੰਦੇ ਹਨ। ਥਾਨ ਤੋਂ ਅੱਗੇ ਥਾਣਾ ਜਾਂ ਠਾਣਾ ਸ਼ਬਦ ਬਣੇ। ਮੁਢਲੇ ਤੌਰ ‘ਤੇ ਥਾਣਾ/ਠਾਣਾ ਜਗ੍ਹਾ, ਟਿਕਾਣਾ, ਸਥਾਨ ਹੀ ਹੈ- ‘ਨਦੀਓਂ ਪਾਰ ਰਾਂਝਣ ਦਾ ਠਾਣਾਂ’; ‘ਖੰਡ ਬ੍ਰਹਮੰਡ ਕਾ ਏਕੋ ਠਾਣਾ॥’ (ਗੁਰੂ ਅਰਜਨ ਦੇਵ)। ਮਹਾਂਰਾਸ਼ਟਰ ਦੇ ਇਕ ਸ਼ਹਿਰ ਦਾ ਨਾਂ ਠਾਣੇ (ਸ਼੍ਰੀ ਸਥਾਨਕ) ਹੈ ਜਿਸ ਵਿਚ ਸਥਾਨ ਦਾ ਹੀ ਭਾਵ ਹੈ। ਇਸੇ ਤਰ੍ਹਾਂ ਥਾਨੇਸਰ ਵਿਚ ਥਾਨ ਬੋਲਦਾ ਹੈ। ਇਸ ਨੂੰ ਥਾਨੇਸ਼ਵਰ ਵੀ ਕਿਹਾ ਜਾਂਦਾ ਹੈ ਪਰ ਇਸ ਦਾ ਪੁਰਾਣਾ ਨਾਂ ਸਥਾਨੀਸ਼ਵਰ ਹੈ ਅਰਥਾਤ ਈਸ਼ਵਰ ਦਾ ਸਥਾਨ। ਇਹ ਸ਼ਬਦ ਪੁਲਿਸ ਦੇ ਟਿਕਾਣੇ ਲਈ ਵੀ ਵਰਤਿਆ ਜਾਂਦਾ ਹੈ। ਇਸ ਤੋਂ ਅੱਗੇ ਥਾਣੀਂ (ਗੁਰਬਾਣੀ ਵਿਚ ਠਾਣੀ ਵੀ ਆਇਆ ਹੈ) ਜਿਸ ਦਾ ਅਰਥ ਹੈ, ਸਥਾਨ ਰਾਹੀਂ। ਥੀਂ ਵੀ ਇਸੇ ਦਾ ਰੁਪਾਂਤਰ ਹੈ।
ਸੰਗੀਤ ਵਿਚ ਟੇਕ ਦਾ ਇਕ ਅਰਥ ਹੈ, ਰਹਾਉ। ਸਥਾਈ, ਗਾਉਣ ਵੇਲੇ ਜੋ ਤੁਕ ਹਟ ਹਟ ਅੰਤਰੇ ਪਿੱਛੋਂ ਆਵੇ। ਆਪਾਂ ਇਸ ਚਰਚਾ ਵਿਚ ਇਕ ਕੰਮ ਕਰਦੇ ਹਾਂ, ਮੁੜ ਟੇਕ ‘ਤੇ ਆਈਏ। ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਇਹ ਸਥਿਕ ਤੋਂ ਵਿਗੜਿਆ ਹੋ ਸਕਦਾ ਹੈ: ਸਥਿਕ> ਥਿਕ> ਟਿਕ> ਟੇਕ। ਉਂਜ ਟਿਕ ਸ਼ਬਦ ਵੀ ਇਕ ਤਰ੍ਹਾਂ ਉਪਧਾਤੂ ਹੀ ਬਣ ਗਿਆ ਹੈ। ਟੇਕ ਦਾ ਮੁੱਖ ਅਰਥ ਸਹਾਰਾ, ਆਸਰਾ, ਆਧਾਰ ਹੈ, ‘ਦੀਨ ਦੁਨੀਆ ਤੇਰੈ ਟੇਕ॥’ (ਗੁਰੂ ਅਰਜਨ ਦੇਵ), ਤੇ ਇਸ ਦੇ ਸਾਰੇ ਅਰਥ-ਵਿਸਤਾਰ ਵਿਚ ਇਹ ਭਾਵ ਸਮਾਇਆ ਹੋਇਆ ਹੈ। ਭਾਰੀ ਵਸਤੂ ਜਾਂ ਬੂਟੇ ਆਦਿ ਨੂੰ ਆਸਰਾ ਦੇਣ ਲਈ ਲਕੜੀ ਦੀ ਥੰਮੀ ਨੂੰ ਟੇਕ ਆਖਿਆ ਜਾਂਦਾ ਹੈ। ਸੋਟੀ ਜਾਂ ਟੋਹਣੀ ਵੀ ਟੇਕ ਹੈ, “ਮੈਂ ਅੰਧਲੇ ਕੀ ਟੇਕ” (ਭਗਤ ਨਾਮਦੇਵ)। ਬੈਠਣ ਲਈ ਜਗ੍ਹਾ, ਖਾਸ ਤੌਰ ‘ਤੇ ਚਬੂਤਰੇ ਨੂੰ ਵੀ ਟੇਕ ਆਖਦੇ ਹਨ ਜਿਵੇਂ ਰਾਮ ਟੇਕ। ਟੇਕ ਦਾ ਅਰਥ ਹਠ, ਜ਼ਿਦ, ਅੜੀ ਵੀ ਹੈ, ਅਰਥਾਤ ਕਿਸੇ ਗੱਲ ‘ਤੇ ਮਤਲਬ ਬੇਤਲਬ ਟਿਕੇ ਰਹਿਣਾ।
ਹੋਰ ਤਾਂ ਹੋਰ ਟੇਕ ਚੈਨ, ਸ਼ਾਂਤੀ ਵੀ ਹੈ, ਖਾਸ ਤੌਰ ‘ਤੇ ਟਿਕਾਉ ਜਾਂ ਟਿਕ-ਟਿਕਾਉ ਦੇ ਰੂਪ ਵਿਚ। ਟਿਕ ਜਾਣਾ ਮੁਹਾਵਰਾ ਹੈ। ਟਿਕਾਣਾ ਹੈ ਠਹਿਰਨ ਦੀ ਥਾਂ, ਠਾਹਰ। ਟਿਕਾਣਾ ਬਣਾਉਣਾ ਮੁਹਾਵਰੇ ਦਾ ਅਰਥ ਹੈ, ਅੱਡਾ ਜਮਾਉਣਾ; Ḕਟਿਕਾਣੇ ਤੋਂ ਕੱਢਣਾḔ ਦਾ ਮਤਲਬ ਹੈ, ਉਜਾੜਨਾ। ਥਾਂ-ਟਿਕਾਣਾ ਵੀ ਇਹੋ ਹੈ ਪਰ ਕੁਝ ਵਿਅੰਗਮਈ ਅਰਥਾਂ ਵਿਚ। ਬੁੱਲੇ ਸ਼ਾਹ ਫਰਮਾਉਂਦੇ ਹਨ,
ਆਪਣਾ ਦੱਸ ਟਿਕਾਣਾ, ਕਿਧਰੋਂ ਆਇਆ, ਕਿਧਰ ਜਾਣਾ।
ਜਿਸ ਠਾਣੇ ਦਾ ਮਾਣ ਕਰੇਂ ਤੂੰ, ਉਹਨੇ ਤੇਰੇ ਨਾਲ ਨਾ ਜਾਣਾ।
ਕ੍ਰਿਆ ਰੂਪ ਵਿਚ ਟਿਕ ਜਾਂ ਟੇਕ ਤੋਂ ਸਾਡੇ ਕੋਲ ਠਹਿਰਨਾ, ਰਹਿਣਾ, ਆਰਾਮ ਕਰਨਾ ਜਾਂ ਗੂੜ੍ਹ ਭਾਸ਼ਾ ਵਿਚ ਸਥਾਨ ਗ੍ਰਹਿਣ ਕਰਨਾ ਦੇ ਅਰਥਾਂ ਵਾਲਾ ਟਿਕਣਾ ਸ਼ਬਦ ਮੌਜੂਦ ਹੈ। ਟਿਕ ਤੋਂ ਹੋਰ ਕ੍ਰਿਆ ਹੈ, ਟਿਕਾਉਣਾ, ਚੀਜ਼ਾਂ ਨੂੰ ਥਾਂ ਸਿਰ ਕਰਨਾ, ਜਾਂ ਸਾਜ਼ਿਸ਼ੀ ਜਿਹੇ ਢੰਗ ਨਾਲ ਕਿਸੇ ਨੂੰ ਕਿਸੇ ਗੱਲ ‘ਤੇ ਫੁਸਲਾਉਣਾ। ਕੁੜੀਆਂ ਟਿਕਾਉਣਾ=ਕੁੜੀਆਂ ਦਾ ਧਿਆਨ ਆਪਣੇ ਵੱਲ ਲਿਆਉਣਾ ਹੈ। ਟਿਕਣਾ ਤੋਂ ਹੀ ਸ਼ਾਇਦ ਅਟਕਣਾ, ਅਟਕਾਉਣਾ ਅਰਥਾਤ ਰੁਕਣਾ ਬਣਿਆ ਹੈ ਜਿਸ ਦਾ ਭਾਵਵਾਚੀ ਨਾਂਵ ਹੈ, ਅਟਕਾਅ। ਅਟਕਾਉਣਾ ਦੇ ਅਰਥਾਂ ਵਿਚ ਹੀ ਟੇਕਣਾ ਸ਼ਬਦ ਹੈ ਪਰ ਬਹੁਤਾ ‘ਮੱਥਾ ਟੇਕਣਾ’, ਦੂਰੋਂ ਮੱਥਾ ਟੇਕਣਾ ਜਾਂ ਗੋਡੇ ਟੇਕਣਾ ਉਕਤੀਆਂ ਵਿਚ ਹੀ ਵਰਤਿਆ ਮਿਲਦਾ ਹੈ। ਟਿਕ ਤੋਂ ਅੱਗੇ ਟਿਕਾਊ ਵਿਸ਼ੇਸ਼ਣ ਬਣਿਆ ਜਿਸ ਵਿਚ ਵੱਧ ਸਮੇਂ ਲਈ ਟਿਕਣ ਅਰਥਾਤ ਹੰਢਣਸਾਰ ਦੇ ਭਾਵ ਹਨ। ḔਸੱਥḔ ਧਾਤੂ ਤੋਂ ਉਤਪੰਨ ਅਜੇ ਹੋਰ ਬਹੁਤ ਸ਼ਬਦ ਹਨ ਜਿਨ੍ਹਾਂ ਦਾ ਪਹਿਲਾਂ ਵੀ ਜ਼ਿਕਰ ਹੋ ਚੁੱਕਾ ਹੈ ਤੇ ਅੱਗੋਂ ਵੀ ਹੁੰਦਾ ਰਹੇਗਾ।
ਭਾਰੋਪੀ ਭਾਸ਼ਾਵਾਂ ਵਿਚ ਇਸ ਸ਼ਬਦ ਦੇ ਬੇਸ਼ੁਮਾਰ ਸੁਜਾਤੀ ਸ਼ਬਦ ਮਿਲਦੇ ਹਨ। ਲਾਗਲੀ ਭਾਸ਼ਾ ਫਾਰਸੀ ਤੋਂ ਗੱਲ ਸ਼ੁਰੂ ਕਰਦੇ ਹਾਂ। ਫਾਰਸੀ ਦਾ ਇਕ ਸ਼ਬਦ ਹੈ, ਸਿਤਾਦਾ ਜਿਸ ਦਾ ਸ਼ਾਬਦਿਕ ਅਰਥ ਹੈ, ਖੜ੍ਹਾ ਕੀਤਾ ਪਰ ਪ੍ਰਚਲਿਤ ਅਰਥ ਰੱਖਿਆ, ਧਰਿਆ ਹੈ। ਸਭ ਤੋਂ ਉਘਾ ਸ਼ਬਦ ਹੈ ਦੇਸ਼ਾਂ-ਪਰਦੇਸਾਂ ਦੇ ਨਾਂਵਾਂ ਵਿਚ ਪਿਛੇਤਰ ਦੇ ਰੂਪ ਵਿਚ ਵਰਤਿਆ ਜਾਂਦਾ ‘ਸਤਾਨ’ ਜੋ ਧੁਨੀ ਤੇ ਅਰਥਾਂ ਵਜੋਂ ਸਥਾਨ ਸ਼ਬਦ ਦੇ ਸਭ ਤੋਂ ਨੇੜਿਓਂ ਹੈ। ਇਸ ਦੀਆਂ ਕੁਝ ਇਕ ਮਿਸਾਲਾਂ ਹਨ: ਹਿੰਦੁਸਤਾਨ, ਪਾਕਿਸਤਾਨ, ਅਫਗਾਨਿਸਤਾਨ, ਉਜ਼ਬੇਕਿਸਤਾਨ ਆਦਿ। ਅਵੇਸਤਾ ਵਿਚ ਹਿਸਤੈਤੀ ਜਿਹਾ ਸ਼ਬਦ ਹੈ ਜਿਸ ਦਾ ਅਰਥ ਹੈ ਖੜ੍ਹੇ ਹੋਣਾ, ਇਸ ਦੀ ਅਜਿਹੇ ਹੀ ਅਰਥਾਂ ਵਾਲੇ ਸੰਸਕ੍ਰਿਤ ਸ਼ਬਦ ਤਿਸਥਤਿ ਨਾਲ ਸਾਂਝ ਹੈ। ਇਕ ਭਾਰੋਪੀ ਮੂਲ ḔੰਟਅḔ ਕਲਪਿਆ ਗਿਆ ਹੈ ਜਿਸ ਤੋਂ ਇਨ੍ਹਾਂ ਸਾਰੇ ਹਿੰਦ-ਯੂਰਪੀ ਭਾਸ਼ਾਵਾਂ ਦੇ ਸ਼ਬਦਾਂ ਦਾ ਨਿਰਮਾਣ ਹੋਇਆ ਹੈ। ਬਹੁਤ ਸਾਰੇ ਸ਼ਬਦ ਪੰਜਾਬੀ ਵਿਚ ਘੁਲ-ਮਿਲ ਗਏ ਹਨ ਤੇ ਕਈ ਜਾਣੇ-ਪਛਾਣੇ ਹਨ। ਸਭ ਤੋਂ ਪਹਿਲਾਂ ਖੜ੍ਹੇ ਹੋਣ ਦੇ ਅਰਥਾਂ ਵਾਲਾ ਸ਼ਬਦ ਹੈ, ਸਟੈਂਡ (ੰਟਅਨਦ)। ਇਹ ਪ੍ਰਾਕ-ਜਰਮਨ ਖਾਸੇ ਵਾਲਾ ਸ਼ਬਦ ਹੈ ਜਿਸ ਦੇ ਸੁਜਾਤੀ ਸ਼ਬਦ ਹੋਰ ਜਰਮੈਨਿਕ ਭਾਸ਼ਾਵਾਂ ਵਿਚ ਮਿਲਦੇ ਹਨ।
ਪਾਠਕ ਨੋਟ ਕਰਨ ਕਿ ਸਟੈਂਡ ਦਾ ਇਕ ਅਰਥ ਉਹ ਥੜ੍ਹਾ ਹੈ ਜਿਸ ‘ਤੇ ਖੜ੍ਹ ਕੇ ਭਾਸ਼ਣ ਆਦਿ ਦਿੱਤਾ ਜਾਂਦਾ ਹੈ ਤੇ ਖੁਦ ਥੜ੍ਹਾ ਸ਼ਬਦ ਇਥੇ ਥਾਂ-ਸਿਰ ਹੈ। ਅੰਗਰੇਜ਼ੀ ਸਟੇਸ਼ਨ (ਪੁਲਿਸ ਅਤੇ ਰੇਲਵੇ ਵਾਲਾ) ਦੀ ਥਾਣੇ ਨਾਲ ਸਾਂਝ ਸਪਸ਼ਟ ਝਲਕਦੀ ਹੈ। ਸਥਿਰ ਅਤੇ ਤਬੇਲਾ ਦੇ ਅਰਥਾਂ ਵਾਲਾ ਅੰਗਰੇਜ਼ੀ ਸਟੇਬਲ (ੰਟਅਬਲe) ਸ਼ਬਦ ਵਿਚ ਖੜ੍ਹੇ ਹੋਣ ਦਾ ਭਾਵ ਝਲਕਦਾ ਹੈ। ਪੰਜਾਬੀ ਤਬੇਲਾ ਫਾਰਸੀ ਅਸਤਬਲ ਦਾ ਸੁੰਗੜਿਆ ਰੂਪ ਹੈ ਤੇ ਅੱਗੇ ਅਸਤਬਲ ਦੀ ਸਟੇਬਲ ਨਾਲ ਸਾਂਝ ਹੈ। ਇਸ ਸ਼ਬਦ ਦੀਆਂ ਜੜ੍ਹਾਂ ਲਾਤੀਨੀ ਵਿਚ ਹਨ। ਅੰਗਰੇਜ਼ੀ ਸਟੂਲ (ਬੈਠਣ ਵਾਲਾ) ਵਿਚ ਸਥਿਤ ਹੋਣ ਦਾ ਭਾਵ ਹੈ। ਦਿਲਚਸਪ ਗੱਲ ਹੈ ਕਿ ਸਟੂਲ ਸ਼ਬਦ ਪਹਿਲਾਂ ਸਿੰਘਾਸਣ ਦਾ ਅਰਥਾਵਾਂ ਸੀ ਪਰ ਫਿਰ ਸਿੰਘਾਸਣ ਜਾਂ ‘ਉਚੇ ਆਸਣ’ ਲਈ ਚੇਅਰ ਸ਼ਬਦ ਵਰਤਿਆ ਜਾਣ ਲੱਗਾ। ਹੌਲੀ ਹੌਲੀ ਸਟੂਲ ਸ਼ਬਦ ਨਿਘਾਰਗ੍ਰਸਤ ਹੋ ਗਿਆ, ਪਹਿਲੇ ਬਦਲਾਵ ਵਿਚ ਇਹ ਬਿਨਾ ਬਾਹਵਾਂ ਤੇ ਬਿਨਾ ਢੋਅ ਵਾਲਾ ਆਸਣ ਬਣਿਆ ਤੇ ਫਿਰ ਟੱਟੀ ਦੇ ਅਰਥਾਂ ਵਿਚ ਵਰਤਿਆ ਜਾਣ ਲੱਗਾ, ਪੌਟ ਤੋਂ ਪੌਟੀ ਦਾ ਵੀ ਇਹੋ ਹਾਲ ਹੋਇਆ।
ਪਰੂਫ-ਰੀਡਿੰਗ ਵਿਚ ਇਕ ਹਦਾਇਤੀ ਸ਼ਬਦ ਸਟੈੱਟ (ੰਟeਟ) ਆਮ ਹੀ ਵਰਤਿਆ ਜਾਂਦਾ ਹੈ, ਜਿਸ ਦਾ ਅਰਥ ਹੈ ਲਾਈਆਂ ਗਲਤੀਆਂ ਛੱਡ ਕੇ ਅਸਲੀ ਸ਼ਬਦ ਹੀ ਰਹਿਣ ਦੇਵੋ। ਸਟੈੱਟ ਦਾ ਸ਼ਾਬਦਿਕ ਅਰਥ ਹੈ, ਜੋ ਹੈ ਸੋ ਰੱਖੋ (æeਟ ਟਿ ਸਟਅਨਦ)। ਅੰਗਰੇਜ਼ੀ ਪਰੌਸਟੀਟਿਊਟ (ਵੇਸਵਾ) ਦਾ ਸ਼ਾਬਦਿਕ ਅਰਥ ਹੈ, ਜਨਤਕ ਤੌਰ ‘ਤੇ ‘ਨੰਗੇ ਖੜ੍ਹਾ ਹੋਣਾ’ -ਦੇਖੋ ਗੱਲ ਕਿੱਥੇ ਪਹੁੰਚ ਗਈ। ਕੁਝ ਹੋਰ ਜਾਣੇ-ਪਛਾਣੇ ਸ਼ਬਦ ਹਨ- ਅੰਡਰਸਟੈਂਡ, ਸਟੋਰ, ਸਟੈਂਡਰਡ, ਸਟੈਟਿਕ, ਸਟੇਟਸ, ਸਟੇਜ ਆਦਿ, ਟਿਕੇ ਰਹੋ ਇਹ ਮੁੱਕਦੇ ਨਹੀਂ।
ਟਿਕ ਟਿਕ ਕਰਦੀ ਪਰ ਟਿਕਦੀ ਨਹੀਂ, ਦੱਸੋ ਕੀ ਹੈ? -ਘੜੀ ਦੀ ਸੂਈ।