ਪੈੜਾਂ ਸਿਰਜਦੀਆਂ ਲੱਤਾਂ

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਹ ਇਸ ਤੋਂ ਪਹਿਲਾਂ ਨੈਣਾਂ ਦੇ ਤੀਰ ਚਲਾ ਚੁਕੇ ਹਨ ਤੇ ਦਿਲ ਦੀਆਂ ਬਾਤਾਂ ਪਾ ਚੁਕੇ ਹਨ ਅਤੇ ਕੰਨਾਂ ‘ਚ ਪਾਈਆਂ ਨੱਤੀਆਂ, ਮੁਰਕੀਆਂ, ਬੁੰਦੇ, ਝੁਮਕੇ ਆਦਿ ਸ਼ਖਸੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਦੀ ਬਾਤ ਸੁਣਾ ਚੁਕੇ ਹਨ।

ਫਿਰ ਉਨ੍ਹਾਂ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਵਾਲਿਆਂ ਨੂੰ ਨਸੀਹਤ ਦਿੱਤੀ ਕਿ ਮੂੰਹ ਦੀਆਂ ਲੁਭਾਉਣੀਆਂ ਲੱਜਤਾਂ ਵਿਚ ਗੁਆਚਣ ਦੀ ਬਜਾਏ, ਇਸ ਦੀਆਂ ਨਿਆਮਤਾਂ ਨੂੰ ਅਪਨਾਉਣ ਅਤੇ ਤਰਕਸੰਗਤੀ ਰਾਹਾਂ ਨੂੰ ਮੰਜ਼ਲ-ਮਾਰਗ ਬਣਾਉਣ ਵੰਨੀਂ ਕਦਮ ਜਰੂਰ ਪੁੱਟਣੇ। ਡਾæ ਭੰਡਾਲ ਨੇ ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕਰਦਿਆਂ ਨਸੀਹਤ ਕੀਤੀ ਸੀ, ਜ਼ੁਬਾਨ ਵਿਚੋਂ ਨਿਕਲੇ ਕੌੜੇ ਬੋਲ, ਤੀਰ ਨਾਲੋਂ ਤਿੱਖੇ, ਤੋਪ ਦੇ ਗੋਲੇ ਨਾਲੋਂ ਜ਼ਿਆਦਾ ਵਿਨਾਸ਼ਕਾਰੀ, ਅੱਗਾਂ ਲਾਉਂਦੇ, ਘਰਾਂ ਦੇ ਘਰ ਉਜਾੜਦੇ ਅਤੇ ਵਿਨਾਸ਼ਤਾ ਦਾ ਰੂਪ ਧਾਰਦੇ। ਜੀਵਨ ਦੇ ਰਾਂਗਲੇ ਪਹਿਰ ਵਿਚ ਜੀਵਨ-ਸਾਥੀ ਦੀ ਛੋਹ, ਵਿਸਮਾਦੀ ਤਰੰਗ ਹੁੰਦੀ ਜਿਸ ਵਿਚੋਂ ਅਸੀਮ ਖੁਸ਼ੀਆਂ ਦਾ ਚਸ਼ਮਾ ਫੁੱਟਦਾ ਜੋ ਜੀਵਨ-ਮਾਰੂਥਲ ਨੂੰ ਸਿੰਜ, ਚਾਅ-ਬਗੀਚੇ ਦੀ ਬਹਾਰ ਬਣਦਾ। ਹੱਥਾਂ ਦੀ ਦਾਸਤਾਨ ਸੁਣਾਉਂਦਿਆਂ ਉਨ੍ਹਾਂ ਕਿਹਾ ਕਿ ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ। ਹਥਲੇ ਲੇਖ ਵਿਚ ਉਨ੍ਹਾਂ ਲੱਤਾਂ ਦੀ ਵਾਰਤਾ ਸੁਣਾਉਂਦਿਆਂ ਕਿਹਾ ਹੈ ਕਿ ਬਚਪਨੇ ਵਿਚ ਨਿੱਕੀਆਂ ਜਿਹੀਆਂ ਕੋਮਲ ਲੱਤਾਂ ਦਾ ਸੁਡੌਲ ਤੇ ਮਜਬੂਤ ਹੋ ਕੇ ਜੀਵਨ-ਸਫਰ ਦੇ ਅਣਥੱਕ ਸੰਗੀ ਬਣਨ ਤੋਂ ਬਾਅਦ ਬੁਢਾਪੇ ਵਿਚ ਕਮਜੋਰ ਤੇ ਨਿਤਾਣੀਆਂ ਬਣਨ ਦੇ ਸਫਰ ਦੀ ਗੱਲ ਕੀਤੀ ਹੈ ਅਤੇ ਬਾਬਾ ਫਰੀਦ ਜੀ ਦਾ ਹਵਾਲਾ ਦਿੱਤਾ ਹੈ, “ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ॥” -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ

ਲੱਤਾਂ, ਪੈੜਾਂ ਦੇ ਨਕਸ਼, ਸਫਰ ਦਾ ਸਫਰਨਾਮਾ, ਰਾਹਾਂ ਦੀ ਰਹਿਮਤਗੀ, ਪਗਡੰਡੀਆਂ ਦੀ ਮਿਕਨਾਤੀਸ਼ੀ ਕਸ਼ਿਸ਼, ਪਹਿਆਂ ਲਈ ਪਛਾਣ ਸਿਰਜਦੀ ਛੋਹ ਅਤੇ ਪਹਿਲਾਂ ਸਿਰਜਣ ਦਾ ਮੋਹ। ਲੱਤਾਂ, ਪਲ-ਪਲ ਨੂੰ ਸਦੀਆਂ ਦੇ ਨਾਮ ਲਾਉਂਦੇ, ਹਰ ਪਹਿਰ ਵਿਚੋਂ ਯੁੱਗਾਂ ਦੀ ਵਿਉਂਤਬੰਦੀ ਅਤੇ ਵਕਤ ਦੀ ਤਲੀ ‘ਤੇ ਸ਼ੁਭ-ਕਰਮਨ ਦਾ ਅਹਿਦ।
ਸਾਬਤ ਲੱਤਾਂ ਨਾਲ ਕਦਮ ਉਠਦੇ ਤਾਂ ਮੰਜ਼ਲਾਂ ਦਾ ਮੁਹਾਂਦਰਾ ਲਿਸ਼ਕਦਾ। ਪਹਿਲਾ ਕਦਮ ਹੀ ਸੁਪਨਿਆਂ ਅਤੇ ਸੰਭਾਵਨਾ ਨੂੰ ਜਨਮਦਾ। ਪੁਲਾਂਘ ਪੁੱਟਣ ਤੋਂ ਤ੍ਰਹਿੰਦੇ ਪੈਰਾਂ ਨੂੰ ਸਿਰਫ ਸੱਖਣਾਪਣ ਹੀ ਨਸੀਬ ਹੁੰਦਾ।
ਤੁਰਾਂਗੇ ਤਾਂ ਹੀ ਕਿਸੇ ਪ੍ਰਾਪਤੀ ਦੀ ਆਸ ਜਾਗੇਗੀ, ਸਫਲਤਾ ਦਾ ਮੁੱਖ ਦੇਖਣ ਦੀ ਚੇਸ਼ਟਾ ਪੈਦਾ ਹੋਵੇਗੀ ਅਤੇ ਉਪਲਬਧੀਆਂ ਦਾ ਸਿਰਲੇਖ ਬਣਨ ਦਾ ਚਾਅ ਪੈਦਾ ਹੋਵੇਗਾ। ਤੁਰਨ ਲਈ ਸੋਚਦਿਆਂ-ਸੋਚਦਿਆਂ ਹੀ ਸਮੇਂ ਨੂੰ ਵਿਅਰਥ ਗਵਾਉਣ ਵਾਲਿਆਂ ਦੇ ਪੱਲੇ ਸਿਰਫ ਨਿਰਾਸ਼ਾ ਹੀ ਪੈਂਦੀ।
ਲੱਤਾਂ, ਆਸ-ਧਰਵਾਸ, ਉਮੀਦ-ਚਿਰਾਗ, ਰਾਹ-ਦਸੇਰਿਆਂ ਲਈ ਉਮੀਦ ਅਤੇ ਜੀਵਨ-ਮਾਰਗ ਦੇ ਮੱਥੇ ‘ਤੇ ਚੰਗੇਰੇ ਭਵਿੱਖ ਦੀ ਭਾਅ। ਲੱਤਾਂ ਦੀ ਅਹਿਮੀਅਤ, ਲੰਗੜੇ, ਤੁਰਨ ਤੋਂ ਲਾਚਾਰ ਜਾਂ ਲੱਤਾਂ ਗਵਾ ਚੁੱਕੇ ਵਿਅਕਤੀਆਂ ਨੂੰ ਪੁਛਣਾ ਜਿਹੜੇ ਵ੍ਹੀਲ ਚੇਅਰ ਦੀ ਮੁਥਾਜੀ ਵਿਚੋਂ ਆਪਣੇ ਸੁਪਨਿਆਂ ਨੂੰ ਸੁੱਚੀ ਤਸ਼ਬੀਹ ਦੇਣ ਵਿਚ ਮਾਣ ਮਹਿਸੂਸ ਕਰਦੇ ਜਾਂ ਇਕ ਲੱਤ ਨਾਲ ਹੀ ਨਵੇਂ ਕੀਰਤੀਮਾਨ ਸਥਾਪਤ ਕਰਦੇ।
ਲੱਤਾਂ ਸਾਡਾ ਭਾਰ ਢੋਂਦੀਆਂ, ਸਾਨੂੰ ਮਿੱਟੀ ਨਾਲ ਜੋੜ ਕੇ ਮਿੱਟੀ-ਮੋਹ ਪੈਦਾ ਕਰਦੀਆਂ। ਇਸੇ ਲਈ ਨੰਗੇ ਪੈਰਾਂ ਦਾ ਸਫਰ ਸਾਡੀ ਜ਼ਿੰਦਗੀ ਦੇ ਨਾਮ ਸੁੱਚਮ ਤੇ ਸਕੂਨ ਦੇ ਮਾਣਕ ਮੋਤੀ ਕਰਦਾ ਹੈ ਅਤੇ ਅਸੀਂ ਸਵੈ-ਮਾਣ ਨਾਲ ਭਰੇ ਜਾਂਦੇ ਹਾਂ।
ਕੱਚੇ ਰਾਹਾਂ ‘ਤੇ ਤੁਰਦੇ, ਧੂੜ ਨਾਲ ਖੇਡਦੇ, ਘੱਟਾ-ਮਿੱਟੀ ਉਡਾਉਂਦੇ ਬਚਪਨੇ ਨੂੰ ਮਾਣਦੇ ਪੈਰ ਜਦ ਕਾਰ ਵਿਚੋਂ ਉਤਰ ਕੇ ਕੱਚੇ ਪਹੇ ਵਿਚ ਪੈਰ ਰੱਖਣ ਤੋਂ ਗੁਰੇਜ਼ ਕਰਨ ਲੱਗ ਪੈਣ ਤਾਂ ਹਉਮੈ ਦਾ ਕਾਲਾ ਮੋਤੀਆ ਜੀਵਨ-ਨੈਣਾਂ ਵਿਚ ਉਤਰਦਾ।
ਸਮੇਂ ਦੀ ਕੇਹੀ ਮਾਰ ਵਗੀ ਹੈ ਕਿ ਮਿੱਟੀ ਵਿਚੋਂ ਜੀਵਨ ਦੀਆਂ ਨਿੱਕੀਆਂ-ਨਿੱਕੀਆਂ ਅਤੇ ਅਸੀਮ ਖੁਸ਼ੀਆਂ ਮਾਣਨ ਵਾਲੇ ਜਦ ਉਚੇ ਰੁਤਬਿਆਂ ‘ਤੇ ਪਹੁੰਚ ਜਾਂਦੇ ਨੇ ਤਾਂ ਉਹ ਮਿੱਟੀ ਨੂੰ ਕੋਫਤ ਕਰਨ ਲੱਗਦੇ ਅਤੇ ਆਪਣੇ ਬੱਚਿਆਂ ਨੂੰ ਵੀ ਮਿੱਟੀ ਨਾਲ ਖੇਡਣ ਤੋਂ ਹੋੜਦੇ ਹਨ। ਯਾਦ ਰੱਖਣਾ! ਮਿੱਟੀ ਵਿਚੋਂ ਉਗਮਣ ਵਾਲੇ ਲੋਕ ਜਦ ਅੰਦਰੋਂ ਮਿੱਟੀ ਨਾਲ ਜੁੜਦੇ ਤਾਂ ਉਨ੍ਹਾਂ ਨੂੰ ਜੀਵਨੀ-ਸਹਿਜ ਅਤੇ ਔਕਾਤ ਨਾਲ ਜੁੜੇ ਰਹਿਣਾ ਯਾਦ ਰਹਿੰਦਾ। ਬਾਬਾ ਫਰੀਦ ਜੀ ਫੁਰਮਾਉਂਦੇ ਨੇ, “ਫਰੀਦਾ ਖਾਕੁ ਨਾ ਨਿੰਦੀਏ ਖਾਕ ਜੇਡ ਨਾ ਕੋਏ॥ ਜਿਉਂਦਿਆਂ ਪੈਰਾਂ ਤਲੇ ਮੋਇਆਂ ਉਪਰ ਹੋਏ॥”
ਬੱਚਾ ਪੈਦਾ ਹੁੰਦਾ ਤਾਂ ਸਭ ਤੋਂ ਪਹਿਲਾਂ ਮਾਂ ਦੀ ਨਜ਼ਰ ਆਪਣੇ ਲਾਡਲੇ ‘ਤੇ ਜਾਂਦੀ ਕਿ ਉਸ ਦੇ ਸਾਰੇ ਅੰਗ ਨਰੋਏ ਨੇ ਤਾਂ ਕਿ ਉਹ ਅੱਖਾਂ ਨਾਲ ਦੁਨੀਆਂ ਦੇਖ ਸਕੇ, ਕੰਨਾਂ ਨਾਲ ਦੁਨੀਆਂ ਦੀ ਪੀੜਾ ਅਤੇ ਖੁਸ਼ੀਆਂ ਨੂੰ ਮਾਣੇ, ਹੱਥਾਂ ਨਾਲ ਕਿਰਤ-ਕਰਮੀ ਬਣੇ ਅਤੇ ਲੱਤਾਂ ਨਾਲ ਤੁਰ ਕੇ ਦੁਨਿਆਵੀ ਮਾਰਗਾਂ ਦੀ ਸਿਰਜਣਾ ਕਰੇ।
ਲੱਤਾਂ ਦੋ ਹੁੰਦੀਆਂ ਸਰੀਰ ਦੇ ਸੰਪੂਰਨ ਸੰਤੁਲਨ ਲਈ। ਇਕ ਲੱਤ ਨਾਲ ਸੰਤੁਲਨ ਬਣਾਉਣਾ ਔਖਾ। ਲੋੜ ਹੈ, ਕੁਦਰਤੀ ਸੰਤੁਲਨ ਦੀ, ਤਾਂ ਜੋ ਚਿਰ-ਸਦੀਵਤਾ ਲਈ ਸੋਚ-ਸੰਤੁਲਨ ਅਤੇ ਕਰਮ ਦੇ ਸਾਵੇਂਪਣ ‘ਚੋਂ ਜੀਵਨ ਦਾ ਰੌਸ਼ਨ ਪੱਖ ਉਜਾਗਰ ਕਰੀਏ।
ਨਿੱਕੀਆਂ ਨਿੱਕੀਆਂ ਲੱਤਾਂ ਤੁਰਨ ਲੱਗੀਆਂ ਡੋਲਦੀਆਂ, ਭਾਰ ਸੰਭਾਲਣ ਤੋਂ ਅਸਮਰੱਥ। ਬੱਚੇ ਲਈ ਬਾਪ ਦੀ ਉਂਗਲ ਜਾਂ ਗਡੀਰਾ, ਇਕ ਨਿੱਗਰ ਆਸਰਾ। ਉਹ ਹੌਲੀ-ਹੌਲੀ ਨਿੱਕੇ ਕਦਮ ਉਠਾਉਂਦਾ, ਆਪਾ ਸੰਭਾਲਦਾ, ਕਦਮਾਂ ਵਿਚ ਦਮ ਭਰਦਾ, ਪੈੜ-ਗੀਟੀਆਂ ਵਿਚੋਂ ਅਸੀਮਤ ਖੁਸ਼ੀਆਂ ਪ੍ਰਾਪਤ ਕਰਦਾ। ਦੋ ਕਦਮ ਅਡੋਲ ਪੁੱਟਣ ‘ਤੇ ਬੱਚੇ ਵਲੋਂ ਖੁਸ਼ੀ ‘ਚ ਮਾਰੀ ਚਾਅ-ਚਾਂਗਰ, ਮਾਪਿਆਂ ਨੂੰ ਨਵਾਂ ਹੁਲਾਸ ਦਿੰਦੀ।
ਲਡਿੱਕੇ ਦੀਆਂ ਨੰਗੀਆਂ ਲੱਤਾਂ ਨੂੰ ਤਿੱਖੜ ਦੁਪਹਿਰੀਂ ਲੱਗਿਆ ਸੇਕ ਹੀ ਹੁੰਦਾ ਕਿ ਬਾਪ ਸਿਰ ਤੋਂ ਪਰਨਾ ਲਾਹ ਕੇ ਛਾਂ ਕਰਦਾ ਤਾਂ ਕਿ ਉਹ ਤੱਤੀਆਂ ਲੋਆਂ ਤੇ ਧੁੱਪਾਂ ਤੋਂ ਬਚਿਆ ਰਹੇ। ਕਦੇ ਕੰਨਹੇੜੀ ਬਿਠਾ ਮੇਲਾ ਦਿਖਾਉਂਦਾ ਜਾਂ ਔਕੜ-ਦਰਿਆ ਪਾਰ ਕਰਾਉਂਦਾ। ਕਦੇ ਖੇਤਾਂ ਦੇ ਵੱਢਾਂ ਦੇ ਕੰਡਿਆਲੇ ਮਾਰਗ ਨੂੰ ਸੁੱਖਨਮਈ ਬਣਾਉਂਦਾ। ਕੀ ਬੱਚਾ ਵੱਡਾ ਹੋ ਕੇ, ਆਪਣੇ ਬਾਪ ਦੇ ਸ਼ਮਲੇ ਨੂੰ ਲੀਰੋ-ਲੀਰ ਹੁੰਦਿਆਂ ਜਾਂ ਪੈਰੀਂ ਰੋਲਦੀਆਂ ਹਾਲਤਾਂ ਨੂੰ ਆਪਣੇ ਸੋਚ-ਪਿੰਡੇ ‘ਤੇ ਜਰ ਸਕਦਾ ਏ?
ਛੋਟੀਆਂ ਲੱਤਾਂ, ਪਰ ਸੁਪਨੇ ਵੱਡੇ। ਇਨ੍ਹਾਂ ਸੁਪਨਿਆਂ ਦੀ ਪ੍ਰਾਪਤੀ ਲਈ ਬੱਚੇ ਦੀ ਸੋਚ ਵਿਚ ਨਵੇਂ ਮਾਰਗ ਸੁੱਝਦੇ ਅਤੇ ਉਨ੍ਹਾਂ ਨੂੰ ਸਿਰਜਣ ਦਾ ਉਮਾਹ ਪੈਦਾ ਹੁੰਦਾ।
ਲੱਤਾਂ ਵਿਚ ਜੋਰ, ਲਗਨ, ਸਮਰਪਣ ਅਤੇ ਸਾਧਨਾ ਉਪਜਦੀ ਤਾਂ ਇਹ ਜੀਵਨ-ਪੰਧ ਨੂੰ ਨਵੀਂ ਸੇਧ ਦਿੰਦੀਆਂ। ਬਾਬੇ ਨਾਨਕ ਦੀਆਂ ਪਿੰਜਣੀਆਂ ਵਿਚ ਸਫਰ ਨੇ ਅੰਗੜਾਈ ਭਰੀ ਤਾਂ ਚਾਰ ਉਦਾਸੀਆਂ ਰਾਹੀਂ ਮਨੁੱਖਤਾ ਨੂੰ ਮਾਨਵੀ ਸੰਦੇਸ਼ ਪਹੁੰਚਾਇਆ। ਕਿਰਤ ਕਾਮਨਾ ਉਪਜੀ ਤਾਂ ਖੇਤਾਂ ਵਿਚ ਸਿਆੜ ਉਗਾਏ। ਕਦੇ ਬਾਬੇ ਦੀਆਂ ਘੱਟੇ-ਮਿੱਟੀ ਨਾਲ ਅੱਟੀਆਂ ਲੱਤਾਂ ਅਤੇ ਪਾਟੀਆਂ ਬਿਆਈਆਂ ਵਾਲੇ ਪੈਰਾਂ ਨੂੰ ਚਿਤਵਣਾ, ਤੁਹਾਡੇ ਮਾਨਸਿਕ ਤਸੱਵਰ ਨੂੰ ਨਵੀਆਂ ਉਡਾਣਾਂ ਮਿਲਣਗੀਆਂ।
ਲੱਤਾਂ ‘ਚ ਸੋਚ ਤੇ ਤੋਰ ਹੁੰਦੀ ਤਾਂ ਅਸੀਂ ਨਵੀਨਤਮ ਸਰੋਕਾਰਾਂ ਅਤੇ ਸਹਿ-ਕਿਰਤੀਆਂ ਨੂੰ ਕਿਆਸਦੇ ਅਤੇ ਇਨ੍ਹਾਂ ਨਾਲ ਪ੍ਰਦਖਣਾ ਕਰਦਿਆਂ, ਨਵੇਂ ਕੀਰਤੀਮਾਨ ਸਥਾਪਤ ਕਰਨ ਲਈ ਅਹੁਲਦੇ।
ਲੱਤਾਂ ਸੰਗ, ਸੋਚ-ਪਰਿਕਰਮਾ ਸਾਡੀ ਕਰਮ-ਸਾਧਨਾ ਬਣਦੀ ਤਾਂ ਕਿਰਤ-ਕਮਾਈ ਵਿਚ ਵਾਧਾ ਹੁੰਦਾ ਅਤੇ ਅਸੀਂ ਕਿਰਤ-ਕਰਮ ਵਿਚੋਂ ਸੰਤੁਸ਼ਟੀ ਅਤੇ ਜੀਵਨ-ਜਾਚ ਨੂੰ ਨਵੀਂ ਪਰਿਭਾਸ਼ਾ ਦਿੰਦੇ।
ਕਈ ਵਾਰ ਲੱਤਾਂ ਤੋਂ ਵਿਰਵੇ ਲੋਕ, ਸਾਬਤ ਲੱਤਾਂ ਵਾਲਿਆਂ ਲਈ ਸਬਕ ਬਣ ਜਾਂਦੇ। ਲੱਤਾਂ ਵਿਚ ਸਫਰ ਤਾਂ ਹੀ ਉਗੇਗਾ ਜੇ ਸਾਡੀ ਸੋਚ ‘ਚ ਸਫਰ ਦੀ ਕਾਮਨਾ ਪੈਦਾ ਹੋਵੇਗੀ। ਤੁਰਨ ਦੀ ਇੱਛਾ ਜਾਗੇਗੀ ਤਾਂ ਸਫਰ-ਸਿਰਨਾਂਵੇਂ ਨੂੰ ਆਪਣੇ ਨਾਮ ਕਰਨ ਦਾ ਹੰਭਲਾ ਮਾਰਾਂਗੇ। ਕਦਮ ਕਦੇ ਆਪਣੇ ਆਪ ਨਹੀਂ ਪੁੱਟੇ ਜਾਂਦੇ।
ਲੱਤਾਂ, ਪੈੜਾਂ ਦਾ ਸੁੱਚਮ ਤੇ ਰਾਹਾਂ ਦੇ ਰੰਗ ਜਿਸ ਨਾਲ ਸੋਂਹਦੇ ਤੁਰਨ-ਢੰਗ। ਲੱਤਾਂ, ਪਰਿਕਰਮਾ ਦੇ ਨਕਸ਼ ਨਿਖਾਰਨ, ਜੀਵਨ-ਰਾਹ ‘ਚ ਸੁੱਚਾ ਰੂਪ ਖਿਲਾਰਨ। ਲੱਤਾਂ, ਰਾਹਾਂ ਦਾ ਸੰਗਮ ਤੇ ਪੈੜਚਾਲ ਦਾ ਚਿਹਰਾ, ਲੱਤਾਂ ਲਈ ਕੋਈ ਅਰਥ ਨਹੀਂ ਰੱਖਦਾ ਤੇਰਾ ਕਦਮ ਕਿ ਮੇਰਾ। ਖੱਬੀ-ਸੱਜੀ ਅਸੀਂ ਬਣਾਈ ਲੱਤਾਂ ਦੀ ਪਛਾਣ, ਪਰ ਲੱਤਾਂ ਸਦਾ ਹੀ ਅਰਪਿਤ ਕਰਦੀਆਂ ਪੈੜਾਂ ਨਾਂਵੇਂ ਜਾਨ। ਲੱਤਾਂ ਵਰਗਾ ਜੇ ਬਣ ਜਾਈਏ ਤਾਂ ਰਾਹ ਵੀ ਸੁæਕਰ ਮਨਾਉਂਦੇ, ਇਨ੍ਹਾਂ ਦੀ ਤਸ਼ਬੀਹੀ ਵਿਚੋਂ ਸੁਖਨ-ਰਾਗ ਉਪਜਾਉਂਦੇ।
ਲੱਤਾਂ ਨਾਲ ਕਦਮ ਜਦ ਸੂਲੀ ਵੰਨੀਂ ਉਠਦੇ ਤਾਂ ਸ਼ਹਾਦਤ ਸਿੰਮਦੀ, ਸੂਲਾਂ ‘ਚੋਂ ਮਾਰਗ-ਤਰਾਸ਼ੀ ਕਰਦੀਆਂ ਤਾਂ ਰਾਹਾਂ ਦਾ ਮੁਖੜਾ ਗੰਧਮੀ ਭਾਅ ਮਾਰਦਾ, ਨਹਿਰ ਦੇ ਕੰਢੇ, ਰੇਲ ਦੀ ਪਟੜੀ, ਜਾਂ ਪੱਖੇ ‘ਤੇ ਲਟਕਣ ਲਈ ਕਦਮ ਉਠਦੇ ਤਾਂ ਇਨ੍ਹਾਂ ਨੂੰ ਖੁਦਕੁਸ਼ੀਆਂ ਦਾ ਸਰਾਪ ਮਿਲਦਾ। ਲੱਤਾਂ ਨੇ ਕਿੱਧਰ ਨੂੰ ਕਦਮ ਉਠਾਉਣਾ, ਇਹ ਸਾਡੀ ਸੋਚ, ਸਰੋਕਾਰ, ਸੁਹਜ-ਸੰਵੇਦਨਾ ਅਤੇ ਮਨ ਵਿਚ ਅਸੀਮਤ ਪ੍ਰਾਪਤੀਆਂ ਦੇ ਅਹਿਸਾਸ ਦਾ ਬਿੰਬ ਹੁੰਦਾ।
ਜੀਵਨ ਦੀ ਢਲਦੀ ਦੁਪਹਿਰੇ ਜਦ ਨਿਤਾਣੀਆਂ ਅਤੇ ਨਿਮਾਣੀਆਂ ਲੱਤਾਂ ਜੀਵਨੀ-ਬੋਝ ਨੂੰ ਉਠਾਉਣ ਤੋਂ ਅਸਮਰੱਥ ਹੋ ਜਾਂਦੀਆਂ ਤਾਂ ਡੰਗੋਰੀ ਭਾਲਦੀਆਂ। ਪਰ ਔਲਾਦ-ਰੂਪੀ ਡੰਗੋਰੀਆਂ ਤੋਂ ਵਿਰਵੇ ਮਾਪੇ ਇਕ ਦੂਜੇ ਦੀ ਡੰਗੋਰੀ ਬਣ, ਜੀਵਨ-ਡਗਰ ਨੂੰ ਡੋਲਣ ਤੋਂ ਬਚਾਉਂਦੇ। ਪਰ ਇਹ ਡੰਗੋਰੀਆਂ ਕਿੰਨਾ ਕੁ ਚਿਰ ਇਕ ਦੂਜੇ ਦਾ ਆਸਰਾ ਬਣੀਆਂ ਰਹਿ ਸਕਦੀਆਂ? ਆਖਰ ਨੂੰ ਖੁਦ ‘ਚੋਂ ਖੁਦ ਦੀ ਡਗਰ ਬਣਨ ਤੋਂ ਲਾਚਾਰ ਹੋਏ ਮਾਪੇ, ਲਾਡਲਿਆਂ ਦੀ ਪੈੜਚਾਲ ਉਡੀਕਦੇ ਹੀ ਕਬਰਾਂ ਦੇ ਰਾਹ ਪੈ ਜਾਂਦੇ। ਫਿਰ ਤਾਂ ਵਿਅਰਥ ਹੁੰਦਾ ਏ ਅਲੋਪ ਗਈਆਂ ਡੰਗੋਰੀਆਂ ਨੂੰ, ਸਿਵਿਆਂ ਦੇ ਰੁੱਖ ਹੇਠ ਕੀਰਨਿਆਂ ਤੇ ਹੌਕਿਆਂ ਨਾਲ ਬੁਲਾਉਣਾ। ਅਜਿਹਾ ਸਿਰਫ ਸਮਾਜਿਕ ਰਸਮਾਂ ਖਾਤਰ ਹੀ ਹੁੰਦਾ।
ਨਿੱਗਰ ਅਤੇ ਸੁਡੌਲ ਲੱਤਾਂ ਨਾਲ ਉਠਾਇਆ ਕਦਮ, ਪਹਿਲ, ਪਰਮ-ਪ੍ਰਦਖਣਾ, ਦੁਰਲੱਭ ਰਾਹਾਂ ਨੂੰ ਭਾਲਣਾ ਤੇ ਪਗਡੰਡੀ ‘ਚ ਢਾਲਣਾ। ਪੌਣ-ਛੋਹ ਦਾ ਅਹਿਸਾਸ ਤੇ ਕਿਆਸੇ ਮਾਰਗਾਂ ਦੀ ਆਸ। ਫੁਰਨਿਆਂ ਵੰਨੀਂ ਕਦਮ ਟਿਕਾਉਣਾ ਅਤੇ ਅਛੋਹ ਦਿਸਹੱਦਿਆਂ ਨੂੰ ਹੱਥ ਲਾਉਣਾ। ਕਦਮ ਉਠਦੇ ਤਾਂ ਰਾਹ ਬਣਦੇ ਅਤੇ ਸ਼ਾਹ-ਅਸਵਾਰ ਬਣਦੇ। ਕਦਮ, ਪੈੜ ‘ਚ ਹੀ ਰਹਿਣ ਤਾਂ ਭੀੜ ‘ਚ ਗਵਾਚ ਜਾਂਦੇ ਪਰ ਜਦ ਪੈੜਾਂ ਤੋਂ ਬਾਹਰ ਹੁੰਦੇ ਤਾਂ ਵਿਲੱਖਣਤਾ ਉਪਜਾਂਦੇ।
ਬਚਪਨੇ ਵਿਚ ਨਿੱਕੀਆਂ ਜਿਹੀਆਂ ਕੋਮਲ ਲੱਤਾਂ ਦਾ ਸੁਡੌਲ ਤੇ ਮਜਬੂਤ ਹੋ ਕੇ ਜੀਵਨ-ਸਫਰ ਦੇ ਅਣਥੱਕ ਸੰਗੀ ਬਣਨ ਤੋਂ ਬਾਅਦ ਬੁਢਾਪੇ ਵਿਚ ਕਮਜੋਰ ਤੇ ਨਿਤਾਣੀਆਂ ਬਣਨ ਦੇ ਸਫਰ ਨੂੰ ਚਿਤਵਦਿਆਂ ਬਾਬਾ ਫਰੀਦ ਜੀ ਫੁਰਮਾਉਂਦੇ ਹਨ, “ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ॥”
ਲੱਤ-ਜੋੜੀ, ਮਾਰਗਾਂ ਦੀ ਹਮਜੋਲੀ, ਸਦਾ ਬੋਲੇ ਤੁਰਨ ਦੀ ਬੋਲੀ। ਕਦਮ ਦਰ ਕਦਮ ਸਿਰਜ, ਪੈੜਾਂ ਦੇ ਸੰਗ ਭਰਦੀ ਝੋਲੀ। ਪਰ ਕਦੇ ਨਾ ਭੁੱਲ ਕੇ ਲਾਉਂਦੀ, ਲੋਕ-ਮੰਡੀ ‘ਚ ਮਨ ਦੀ ਬੋਲੀ। ਲੱਤਾਂ ‘ਚ ਜੋਰ ਤੇ ਪਕੜ ਹੋਵੇ ਤਾਂ ਸਫਰ, ਸੁਹੰਢਣਾ ਤੇ ਸਫਲ ਹੁੰਦਾ ਅਤੇ ਉਚੀਆਂ ਉਡਾਰੀਆਂ ਮਾਰਦਿਆਂ ਵੀ ਮਨੁੱਖ ਦੇ ਪੈਰ ਧਰਤੀ ‘ਤੇ ਰਹਿੰਦੇ।
ਲੰਮੀਆਂ ਲੱਤਾਂ ਨਾਲ ਪੁੱਟੀ ਪੁਲਾਂਘ ਲੰਮੀ ਤੇ ਛਾਲ ਉਚੀ ਹੋਵੇ ਤਾਂ ਅੰਬਰ ਦਾ ਅਸਗਾਹੀ ਹਾਣ ਮਿਲਦਾ ਜੋ ਤਾਰਿਆਂ ਦੇ ਸਾਥ ਨਾਲ ਜੀਵਨ-ਫਿਜ਼ਾ ਨੂੰ ਰੁਸ਼ਨਾਉਂਦਾ।
ਕਦਮ-ਸਫਰ ‘ਚ ਪਾਕੀਜ਼ਗੀ ਹੋਵੇ ਤਾਂ ਜੀਵਨ ਦੇ ਨਾਂਵੇਂ ਅਦਬ, ਨਿਰਛੱਲਤਾ, ਮੁਹੱਬਤ ਅਤੇ ਸਰਘੀ ਦਾ ਸਾਥ ਨਸੀਬ ਹੁੰਦਾ ਜੋ ਜਿੰਦ-ਸਾਹ ‘ਚ ਮਹਿਕਾਂ ਦਾ ਸੰਧਾਰਾ ਬਣਦਾ।
ਇਹ ਜਰੂਰੀ ਨਹੀਂ ਕਿ ਹਰ ਦੌੜ ਲੱਤਾਂ ਨਾਲ ਹੀ ਸੰਪੂਰਨ ਕੀਤੀ ਜਾਵੇ। ਅਗਰ ਪੈਰ-ਪ੍ਰਤਿਭਾ ਕਦੇ ਉਡਣਾ ਸਿੱਖ ਮਿਲਖਾ ਸਿੰਘ ਹੁੰਦੀ ਜਾਂ ਸਦੀ ਨੂੰ ਪਾਰ ਕਰ ਚੁੱਕਾ ਬਾਬਾ ਫੌਜਾ ਸਿੰਘ ਬਣਦੀ ਤਾਂ ਲੱਤਾਂ ਵਿਹੂਣੇ ਆਸਕਰ ਦਾ ਸਿਰੜ, ਨਕਲੀ ਲੱਤਾਂ ਨਾਲ ਉਸ ਨੂੰ ਓਲੰਪੀਅਨ ਬਣਾਉਂਦੀ ਜਾਂ ਤੁਰਨ ਤੋਂ ਲਾਚਾਰ ਸਟੀਫਨ ਹਾਕਿੰਗ ਨੂੰ ਦੁਨੀਆਂ ਦਾ ਮਹਾਨ ਵਿਗਿਆਨੀ ਬਣਾਉਂਦੀ।
ਕਦਮ ਬਜੁਰਗੀ ਰਹਿਨੁਮਾਈ ਵਿਚ ਉਠਦੇ ਤਾਂ ਭਲਿਆਈ ਤੇ ਬੰਦਿਆਈ ਭਰਪੂਰ ਸਫਰ, ਵਕਤ ਦਾ ਸੁੱਚਾ ਵਰਕਾ ਬਣਦਾ ਜੋ ਤਹਿਜ਼ੀਬ ਨੂੰ ਨਵਾਂ ਮੁਹਾਂਦਰਾ ਬਖਸ਼ਦਾ।
ਲੱਤਾਂ ਦੀਆਂ ਸੁੱਕੀਆਂ ਪਿੰਜਣੀਆਂ ‘ਚੋਂ ਫੁੱਟਦੀ ਏ ਤਕਦੀਰ, ਫਟੀਆਂ ਅੱਡੀਆਂ ‘ਚ ਚਮਕਦਾ ਏ ਸਿਰੜ-ਸੂਰਜ, ਤਲੀ ਵਿਚ ਖੁੱਭੀਆਂ ਛਿਲਤਰਾਂ ਜੀਵਨ-ਜਾਚ ਦਾ ਪਲੇਠਾ ਸਬਕ ਅਤੇ ਪੱਬਾਂ ਦੇ ਛਾਲੇ, ਕਠਿਨ ਪੈਂਡਿਆਂ, ਉਬੜ-ਖਾਬੜ ਰਾਹਾਂ ਅਤੇ ਕੰਡਿਆਲੀ ਯਾਤਰਾ ਦੀ ਯਾਦ।
ਬੇੜੀਆਂ ਨਾਲ ਜਕੜੀਆਂ ਲੱਤਾਂ, ਆਜ਼ਾਦੀ ਪ੍ਰਵਾਨਿਆਂ ਅਤੇ ਮਾਨਵ ਹਿਤੈਸ਼ੀਆਂ ਦੀ ਸੋਚ ਨੂੰ ਸੰਗਲ ਨਾਲ ਬੰਨ ਨਹੀਂ ਸਕਦੀਆਂ। ਉਹ ਬੇਖੌਫ ਹੋ, ਸਰਬੱਤ ਦੇ ਭਲੇ ਲਈ ਜੂਝਦੇ, ਸਮਿਆਂ ਦਾ ਸੁਨਹਿਰੀ ਇਤਿਹਾਸ ਬਣਦੇ।
ਜਦ ਕੋਈ ਬੱਚਾ ਆਪਣੇ ਬਾਪ ਦੀਆਂ ਲੱਤਾਂ ਨਾਲ ਚੰਬੜਦਾ ਤਾਂ ਓਟ-ਰੂਪੀ ਬਿਰਖ ਵਿਚੋਂ ਬਚਪਨੀ ਸ਼ਰਾਰਤਾਂ ਲਈ ਮੁਆਫੀ ਮੰਗਦਾ। ਜਦ ਉਹ ਲੱਤਾਂ ‘ਤੇ ਬੈਠ ਕੇ ਝੂਟੇ ਲੈਂਦਾ ਤਾਂ ਅੰਬਰੀਂ ਪੀਂਘ ਵਰਗਾ ਵਿਸਮਾਦ ਪੈਦਾ ਹੁੰਦਾ। ਜਦ ਲੱਤਾਂ ‘ਤੇ ਬਹਿ ਕੇ ਨਸੀਹਤ ਭਰਪੂਰ ਸਿਆਣਪਾਂ ਅਤੇ ਕਹਾਣੀਆਂ ਨੂੰ ਨੀਝ ਨਾਲ ਸੁਣਦਾ ਤਾਂ ਉਸ ਦੇ ਪਾਕ-ਮਨ ਵਿਚ ਸੋਚ ਅਤੇ ਸੁਪਨੇ ਦੀ ਜਾਗ ਲੱਗਦੀ। ਜਦ ਉਹ ਪਰਦੇਸ ਜਾਂਦੇ ਬਾਪ ਦੀਆਂ ਲੱਤਾਂ ਪਕੜ ਕੇ, ਕਦਮ ਪੁੱਟਣ ਤੋਂ ਹੋੜਦਾ ਤਾਂ ਬਾਪ-ਮੋਹ ਦਾ ਵਿਰਵਾਪਣ, ਭਵਿੱਖੀ ਚਿੰਤਾ ਵਿਚ ਡੋਬ ਜਾਂਦਾ। ਪਰ ਜਦ ਉਹ ਬਾਪ ਜਿੱਡੀ ਪੁਲਾਂਘ ਪੁੱਟਦਾ ਤਾਂ ਬਾਪ ਦੀ ਹਿੱਕ ਮਾਣ ਨਾਲ ਚੌੜੀ ਹੋ ਜਾਂਦੀ।
ਪੰਜੇਬਾਂ ਪਾ ਕੇ ਜਦ ਕੋਈ ਨੱਢੀ ਗਿਧਿਆਂ ਦੇ ਪਿੱੜ ‘ਚ ਟੋਏ ਪਾਉਂਦੀ ਤਾਂ ਪੰਜਾਬੀਅਤ ਮੌਲਦੀ, ਜਦ ਕੋਈ ਪੱਬਾਂ ਭਾਰ ਹੋ ਕੇ ਦੂਰ ਜਾਂਦੀਆਂ ਪੈੜਾਂ ਨਿਹਾਰਦਾ ਤਾਂ ਉਸ ਦੀ ਹਿੱਕ ‘ਚ ਚੀਸ ਪਾਉਂਦੀ ਭਵਿੱਖਤ ਵਿਛੋੜੇ ਦੀ ਪੀੜ ਅਤੇ ਜਦ ਕੋਈ ਰੂਹਾਨੀ ਰੂਹ ਘੁੰਗਰੂ ਬੰਨ, ਅੰਤਰੀਵ ਨਾਲ ਇਕਸੁਰ ਹੋਈ, ਸਾਈਂ ਸਾਈਂ ਕੂਕਦੀ ਹੈ ਤਾਂ ਬੁੱਲੇ ਸ਼ਾਹ ਦਾ ਸਾਖਸ਼ਾਤ ਸਰੂਪ ਸਾਹਮਣੇ ਆਉਂਦਾ।
ਸੋਚ-ਸਮਝ ਕੇ ਕਦਮ ਉਠਾਉਣ ਵਾਲੇ, ਕਦਮ-ਦਰ-ਕਦਮ ਰਾਹਾਂ ਦੀ ਨਿਸ਼ਾਨਦੇਹੀ ਕਰਦੇ ਜਿਨ੍ਹਾਂ ਦੇ ਮੱਥੇ ‘ਤੇ ਉਗਮਦਾ ਸੁਪਨਿਆਂ ਦੀ ਸੰਪੂਰਨਤਾ ਦਾ ਸੁਲੱਗ ਅਤੇ ਸੁਜੱਗ ਸਰੂਪ। ਜੀਵਨ ਨੂੰ ਸੁੰਦਰਤਾ ਬਖਸ਼ਣ ਵਾਲੇ ਰਾਹਾਂ ਦੀ ਧੂੜ ਬਣਨ ਦੀ ਲੋਚਾ ਜਦ ਜਨਮਦੀ ਤਾਂ ਇਕ ਮਨੁੱਖਵਾਦੀ ਦ੍ਰਿਸ਼ਟੀਕੋਣ ਸੋਚ ‘ਚ ਪੈਦਾ ਹੁੰਦਾ ਜਿਸ ਦੀ ਅਜੋਕੇ ਸਮਿਆਂ ਵਿਚ ਸਭ ਤੋਂ ਵੱਧ ਲੋੜ।
ਲੱਤਾਂ ਜਦ ਮਿੱਟੀ-ਮੋਹ ਪਾਲਦੀਆਂ, ਮਿੱਟੀ ‘ਚ ਮਿੱਟੀ ਹੁੰਦੀਆਂ ਤਾਂ ਮਿੱਟੀ ਬਣਦੀ ਸੋਨੇ-ਰੰਗੀਆਂ ਫਸਲਾਂ। ਲੱਤਾਂ ਦੀ ਲਿਸ਼ਕ, ਸ਼ਗਨ-ਨਸੀਬ। ਇਨ੍ਹਾਂ ਦੀ ਸੁਡੌਲਤਾ, ਛੋਹਲਾਪਣ ਤੇ ਸੁਹੱਪਣ, ਸੁਖਨ-ਸਫਰ।
ਲੱਤਾਂ, ਸਫਰ ਦੀਆਂ ਹੈਨ ਅਮਾਨਤ, ਸਫਰ ਨੇ ਕਦਮੀਂ ਰਹਿਣਾ। ਇਨ੍ਹਾਂ ਨੂੰ ਕਦੇ ਚੈਨ ਨਾ ਮਿਲਦੀ, ਟਿਕ ਕਦੇ ਨਾ ਬਹਿਣਾ। ਲੱਤਾਂ ਸਦਾ ਹੀ ਰਹਿਣ ਸਲਾਮਤ ਇਹ ਹਮਾਰਾ ਗਹਿਣਾ, ਪੈੜਾਂ ਬਾਝੋਂ ਇਸ ਦੇ ਮੱਥੇ ਕੀ ਲਿਖਣਾ ਕੀ ਰਹਿਣਾ?