ਨਵੀਆਂ ਪੁਰਾਣੀਆਂ ਲੀਹਾਂ

ਜੰਗਲਨਾਮਾ-16
‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ (ਅਸਲ ਨਾਂ ਗੁਰਮੀਤ) ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ ਦੇ ਫਿਕਰਾਂ ਅਤੇ ਉਨ੍ਹਾਂ ਦੇ ਜੁਝਾਰੂ ਜੀਵਨ ਬਾਰੇ ਲੰਮੀ ਬਾਤ ਸੁਣਾਈ ਹੈ। ਇਹ ਬਾਤ ਇਸ ਕਰ ਕੇ ਵਧੇਰੇ ਦਿਲਚਸਪ ਹੋ ਨਿਬੜੀ ਹੈ ਕਿਉਂਕਿ ਪਾਠਕ ਨੂੰ ਇਸ ਵਿਚੋਂ ਵਾਰ-ਵਾਰ ਆਪਣੇ ਹੀ ਜੀਵਨ ਦੇ ਝਲਕਾਰੇ ਦਿਸਦੇ ਹਨ। ਇਹ ਬਾਤ ਸੁਣਾਉਂਦਿਆਂ ਸਤਨਾਮ ਦੀ ਬਿਰਤਾਂਤ-ਜੁਗਤ ਕਮਾਲ ਦੀ ਹੈ। ਇਸ ਬਿਰਤਾਂਤ ਵਿਚੋਂ ਮਾਓਵਾਦੀਆਂ ਦੇ ਘੋਲ ਦੀ ਝਲਕ ਤਾਂ ਮਿਲਦੀ ਹੀ ਹੈ,

ਸਾਹਿਤਕ ਪੱਖ ਤੋਂ ਬਹੁਤ ਥਾਂਈਂ ਰੂਸੀ ਕਲਾਸਿਕ ਰਚਨਾਵਾਂ ਦੇ ਝਉਲੇ ਵੀ ਪੈਂਦੇ ਹਨ। ਪੰਜਾਬੀ ਵਿਚ ਅਜਿਹੀ ਅਨੂਠੀ ਰਚਨਾ ਘੱਟ ਹੀ ਨਜ਼ਰੀਂ ਪੈਂਦੀ ਹੈ। -ਸੰਪਾਦਕ

ਸਤਨਾਮ
ਅਗਲਾ ਪੜਾਅ ਤਕਰੀਬਨ ਸਾਰਾ ਦਿਨ ਚੱਲਦੇ ਰਹਿਣ ਪਿੱਛੋਂ ਆਇਆ। ਸੁਬਹ ਤੋਂ ਸ਼ਾਮ ਤੱਕ ਪਠਾਰੀ ਧਰਤੀ ਉਤੇ ਚੱਲਦੇ ਅਸੀਂ ਜਿਸ ਪਿੰਡ ਪਹੁੰਚੇ, ਉਹ ਕਬਾਇਲੀ ਪੈਮਾਨੇ ਮੁਤਾਬਕ ਵਿਸ਼ਾਲ ਪਿੰਡ ਸੀ। ਤਕਰੀਬਨ ਅੱਸੀ ਘਰਾਂ ਦਾ ਉਹ ਪਿੰਡ ਇਲਾਕੇ ਦੇ ਵੱਡੇ ਪਿੰਡਾਂ ਵਿਚ ਗਿਣਿਆ ਜਾਂਦਾ ਸੀ। ਆਮ ਤੌਰ ‘ਤੇ ਕਿਸੇ ਵੀ ਪਿੰਡ ਵਿਚ ਘਰਾਂ ਦੀ ਗਿਣਤੀ ਵੀਹ ਤੋਂ ਸੱਠ ਦੇ ਦਰਮਿਆਨ ਹੁੰਦੀ ਹੈ। ਪਹੁੰਚਦੇ ਤੱਕ ਹਰ ਕੋਈ ਥੱਕ ਕੇ ਚੂਰ ਹੋ ਚੁੱਕਾ ਸੀ, ਇਸ ਲਈ ਹਰ ਕਿਸੇ ਨੇ ਜਾਂਦਿਆਂ ਹੀ ਕਿੱਟ ਉਤਾਰ ਕੇ ਡਿੱਗਣ ਦੀ ਕੀਤੀ।
“ਅੱਜ ਤਾਂ ਤੇਰੀ ਟੀਮ ਬੁਰੀ ਤਰ੍ਹਾਂ ਥੱਕ ਗਈ।”
“ਅਠਾਰਾਂ ਕਿਲੋਮੀਟਰ ਪਹਾੜੀਆਂ ਦੇ ਵਿਚੋਂ ਦੀ ਚੱਲੇ ਹਾਂ ਈਸ਼ਵਰ ਦਾਦਾ! ਪਰ ਜਦ ਪਿੰਡ ਵਾਲੇ ਇਕੱਠੇ ਹੋ ਗਏ ਤਾਂ ਸਾਰੇ ਹੀ ਨੱਚਣ ਗਾਉਣ ਲਈ ਤਿਆਰ ਹੋ ਜਾਣਗੇ।” ਚੰਦਨ ਆਪ ਵੀ ਥੱਕਿਆ ਪਿਆ ਸੀ, ਪਰ ਕਮਾਂਡਰ ਥੱਕ ਕੇ ਵੀ ਡਿੱਗਦਾ ਨਹੀਂ ਹੈ। ਚੰਦਨ ਆਪਣੀ ਜ਼ਿੰਮੇਦਾਰੀ ਤੋਂ ਭਲੀ-ਭਾਂਤ ਵਾਕਿਫ਼ ਸੀ। ਉਸ ਨੇ ਦੋ ਜਣਿਆਂ ਨੂੰ ਚਾਹ ਬਣਾਉਣ ਤੇ ਖਾਣਾ ਤਿਆਰ ਕਰਨ ਦੀ ਜ਼ਿੰਮੇਦਾਰੀ ਸੌਂਪੀ। ਉਨ੍ਹਾਂ ਨੇ ਥੱਕੇ-ਟੁੱਟੇ ਹੋਣ ਦੇ ਬਾਵਜੂਦ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਖੜ੍ਹਾ ਕੀਤਾ ਤੇ ਚਾਹ ਬਣਾਉਣ ਵਿਚ ਰੁਝ ਗਏ। ਖਾਣਾ ਬਣਾਉਣ ਦੀ ਜ਼ਿੰਮੇਦਾਰੀ ਵਾਰੀ ਸਿਰ ਹਰ ਕੋਈ ਨਿਭਾਉਂਦਾ ਹੈ। ਐਨਾ ਥੱਕ ਜਾਣ ਤੋਂ ਬਾਅਦ ਕੋਈ ਵੀ ਨਹੀਂ ਚਾਹੇਗਾ ਕਿ ਉਸ ਦੀ ਖਾਣਾ ਬਣਾਉਣ ਦੀ ਜ਼ਿੰਮੇਦਾਰੀ ਲੱਗੇ, ਪਰ ਜੇ ਖਾਣਾ ਨਹੀਂ ਬਣੇਗਾ ਤਾਂ ਕਿਸੇ ਦੀ ਵੀ ਥਕਾਵਟ ਦੂਰ ਨਹੀਂ ਹੋਵੇਗੀ। ਸੋ, ਜਿਸ ਉਤੇ ਜ਼ਿੰਮੇਦਾਰੀ ਆਣ ਪੈਂਦੀ ਹੈ, ਉਹ ਫ਼ੌਰਨ ਆਪਣੇ ਕੰਮ ਵਿਚ ਰੁਝ ਜਾਂਦਾ ਹੈ।
ਰਾਤ ਪੈਂਦਿਆਂ ਹੀ ਨਾਚਾਂ ਦਾ ਹੜ੍ਹ ਜਿਹਾ ਆ ਗਿਆ। ਲੋਕਾਂ ਅਤੇ ਕਲਚਰਲ ਟੀਮ ਨੇ ਮਿਲ ਕੇ ਉਹ ਭੂਚਾਲ ਲਿਆਂਦਾ ਕਿ ਮੈਂ ਦੰਗ ਰਹਿ ਗਿਆ। ਰੰਗੰਨਾ ਦੇ ਅੰਦਰੋਂ ਵੀ ਲੂਹਰੀ ਉਠੀ। ਉਸ ਨੇ ਆਪਣੀ ਬੰਦੂਕ ਕਿਸੇ ਹੋਰ ਦੇ ਹੱਥ ਫੜਾਈ ਤੇ ਨਾਚ ਘੇਰੇ ਵਿਚ ਜਾ ਸ਼ਾਮਲ ਹੋਇਆ। ਕਈ ਘੰਟੇ ਉਹ ਭੁੱਲਿਆ ਹੀ ਰਿਹਾ ਕਿ ਉਸ ਦਾ ਕੰਮ ਵੱਖਰੀ ਕਿਸਮ ਦਾ ਹੈ। ਇਕ ਇਕ ਕਰ ਕੇ ਨਾਚ-ਗੀਤ, ਪੈਰਾਂ ਦੀ ਤਾਲ, ਹਾਸਿਆਂ ਦੀ ਛਣਕਾਰ, ਫਿਰ ਸੁਰਾਂ ਦਾ ਮੇਲਾ। ਕਈ ਵਾਰ ਆਲਮ ਇਹ ਬਣ ਜਾਂਦਾ ਜਿਵੇਂ ਹਰ ਕੋਈ ਵਜਦ ਵਿਚ ਆ ਗਿਆ ਹੋਵੇ। ਕੋਈ ਸੋਚ ਵੀ ਨਹੀਂ ਸਕਦਾ ਕਿ ਇਹ ਟੋਲੀ ਅਠਾਰਾਂ ਕਿਲੋਮੀਟਰ ਦਾ ਔਖਾ ਪੈਂਡਾ ਕਰ ਕੇ, ਭੁੱਖੀ, ਤਿਹਾਈ, ਥਕਾਵਟ ਤੇ ਪਸੀਨੇ ਦੀ ਭਰੀ ਹੋਈ ਪਹੁੰਚੀ ਸੀ ਅਤੇ ਬਿਨਾਂ ਖਾਧੇ-ਪੀਤੇ ਹੀ ਸੌਂ ਜਾਣਾ ਚਾਹੁੰਦੀ ਸੀ। ਕੋਈ ਸਟੇਜ ਨਹੀਂ, ਕੋਈ ਪੱਧਰ ਮੈਦਾਨ ਨਹੀਂ, ਰੌਸ਼ਨੀਆਂ ਦਾ ਜਮਘਟਾ ਨਹੀਂ। ਐਨ ਵਿਚਕਾਰ ਬਲ ਰਹੀ ਅੱਗ ਹੀ ਰੌਸ਼ਨੀ ਦਾ ਕੰਮ ਦਿੰਦੀ ਹੈ ਜਿਸ ਨਾਲ ਸਾਰਾ ਦ੍ਰਿਸ਼ ਕਈ ਸਦੀਆਂ ਘੁੰਮ ਕੇ ਪਿਛਾਂਹ ਚਲਾ ਜਾਂਦਾ ਹੈ। ਇਹ ਵਜਦ, ਇਹ ਲੋਰ, ਅਭੇਦ ਹੋ ਜਾਣ ਦੀ ਇਹ ਤਾਂਘ ਵਿਲੱਖਣ ਚੀਜ਼ ਹੈ। ਸਮੁੱਚਾ ਮੰਜ਼ਰ ਹੈਰਤਅੰਗੇਜ਼ ਮਾਹੌਲ ਨੂੰ ਜਨਮ ਦੇ ਦਿੰਂਦਾ ਹੈ, ਵੱਖਰੀ ਹੀ ਦੁਨੀਆਂ ਵਿਚ ਵਟ ਜਾਂਦਾ ਹੈ। ਪਰੀ ਕਹਾਣੀਆਂ ਜਿਹੀ ਦੁਨੀਆਂ ਵਿਚ!
ਅਜਿਹੇ ਮੌਕੇ ਇਹ ਅਸੰਭਵ ਸੀ ਕਿ ਮੈਂ ਕਿਸੇ ਨੂੰ ਆਵਾਜ਼ ਦੇਵਾਂ ਅਤੇ ਉਸ ਨੂੰ ਕਹਾਂ ਕਿ ਮੈਨੂੰ ਦੱਸ ਕਿ ਇਨ੍ਹਾਂ ਗੀਤਾਂ ਵਿਚ ਕੀ ਹੈ। ਕੋਈ ਨਹੀਂ ਰੁਕੇਗਾ। ਕੋਈ ਨਹੀਂ ਦੱਸੇਗਾ। ਹਰ ਕਿਸੇ ਦੇ ਪੈਰ, ਉਸ ਦਾ ਸਮੁੱਚਾ ਜਿਸਮ, ਦਿਮਾਗ਼ ਲੋਰ ਵਿਚ ਜਕੜੇ ਹੋਏ ਹਨ, ਨਸ਼ਿਆਏ ਪਏ ਹਨ। ਕੋਈ ਵੀ ਇਸ ਆਲਮ ਵਿਚ ਵਿਘਨ ਪੈਂਦਾ ਹੋਇਆ ਨਹੀਂ ਦੇਖਣਾ ਚਾਹੁੰਦਾ, ਕੋਈ ਖ਼ਤਾ ਗਵਾਰਾ ਨਹੀਂ ਕਰ ਸਕਦਾ। ਮੈਂ ਰੰਗੰਨਾਂ ਵਲੋਂ ਛੱਡੇ ਗਏ ਗਾਰਡ ਨੂੰ ਕਹਿੰਦਾ ਹਾਂ, “ਤੂੰ ਵੀ ਜਾਹ! ਬੰਦੂਕ ਮੇਰੇ ਕੋਲ ਪਈ ਰਹਿਣ ਦੇ।” ਮੁਸਕਰਾਉਂਦਾ ਹੋਇਆ ਤੇ Ḕਨਹੀਂ ਨਹੀਂ’ ਕਹਿੰਦਾ ਹੋਇਆ ਉਹ ਉਸ ਹੜ੍ਹ ਵਿਚ ਜਾ ਲੋਪ ਹੁੰਦਾ ਹੈ। ਬੰਦੂਕ ਉਸ ਮਾਹੌਲ ਵਿਚ ਪਰਾਈ ਚੀਜ਼ ਜਾਪਦੀ ਸੀ ਜਿਸ ਦਾ ਉਥੋਂ ਦੀ ਕਿਸੇ ਚੀਜ਼ ਨਾਲ ਤਾਲਮੇਲ ਨਹੀਂ ਸੀ ਬੈਠਦਾ। ਕੁਝ ਵਾਪਰ ਵੀ ਗਿਆ ਤਾਂ ਇਕ ਬੰਦੂਕ ਇਥੇ ਕੀ ਕਰੇਗੀ?
ਇਸ ਸਾਰੇ ਕੁਝ ਦੇ ਬਾਵਜੂਦ ਪਿੰਡ ਦੇ ਚਾਰਾਂ ਪਾਸਿਆਂ ਉਤੇ ਧੁਰ ਜੰਗਲ ਵਿਚ ਪਹਿਰੇਦਾਰ ਤਾਇਨਾਤ ਸਨ। ਉਹ ਜ਼ਿੰਮੇਦਾਰੀ ਬਦਸਤੂਰ ਜਾਰੀ ਰਹੀ। ਕਿਸੇ ਹੋਰ ਪਿੰਡ ਵਿਚ ਉਹ ਸਾਰੇ ਪਿੜ ਦਾ ਹਿੱਸਾ ਹੋਣਗੇ ਤੇ ਕੋਈ ਦੂਸਰੇ ਉਨ੍ਹਾਂ ਦੀ ਥਾਵੇਂ ਨਜ਼ਰ ਰੱਖਣ ਦਾ ਕਾਰਜ ਨਿਭਾਉਣਗੇ।
ਅੱਧੀ ਰਾਤ ਚਿਰੋਕਣੀ ਗੁਜ਼ਰ ਚੁੱਕੀ ਸੀ। ਵਕਤ ਢਾਈ ਤਿੰਨ ਦੇ ਕਰੀਬ ਹੋਵੇਗਾ, ਜਦ ਚੰਦਨ ਨੇ ਲੰਬੀ ਵਿਸਲ ਮਾਰਨ ਦਾ ਫ਼ੈਸਲਾ ਕੀਤਾ।
“ਕੈਸੀ ਰਹੀ ਈਸ਼ਵਰ ਭਾਈ! ਕਿਥੇ ਗਈ ਥਕਾਵਟ? ਇਸ ਨੂੰ ਕਹਿੰਦੇ ਨੇ ਏਂਦਨਾ! ਨੱਚਣਾ। ਡਾਕਾ! ਕਦਮ ਤਾਲ ਮਿਲਾਉਣਾ। ਇਹ ਹੈ ਰਿਦਮ, ਇਹ ਹੈ ਲੋਰ, ਇਹ ਹੈ ਵਜਦ! ਇਹ ਜੰਗਲ ਦਾ ਨਾਚ ਹੈ। ਮੇਰਾ ਕੰਮ ਹੈ ਇਸ ਨੂੰ ਤਾਂਡਵ ਦੇ ਰੂਪ ਵਿਚ ਢਾਲ ਦੇਣਾ। ਗੁੰਡਾਧੂਰ ਦਾ ਤਾਂਡਵ, ਭੂਮਕਾਲ ਦੀ ਬਗ਼ਾਵਤ! ਨਹੀਂ ਤਾਂ ਸ਼ਹਿਰ ਇਸ ਨੂੰ ਖਾ ਜਾਵੇਗਾ, ਸਿਨੇਮਾ ਇਸ ਨੂੰ ਨਿਗਲ ਜਾਵੇਗਾ। ਮੈਂ ਇਸੇ ਨੂੰ ਉਠਾਵਾਂਗਾ। ਨੋ ਮਿਕਸਿੰਗ। ਨੋ ਬਾਂਬੇ ਐਂਡ ਹਾਲੀਵੁੱਡ। ਨੋ ਪੌਪ ਇਨ ਜੰਗਲ ਧੁਨ। ਆਈ ਨੀਡ ਟਰਾਂਸਫਾਰਮੇਸ਼ਨ! ਨਵੀਂ, ਅਲੱਗ ਤੇ ਉਚੇਰੀ ਚੀਜ਼! ਬੱੱਟ, ਨੋ ਮਿਕਸਿੰਗ, ਨੈਵਰ!”
ਸਭਿਆਚਾਰਕ ਟੋਲੀ ਦਾ ਇਹ ਕਮਾਂਡਰ ਦਸ ਸਾਲ ਦੀ ਉਮਰੇ ਹੀ ਵਾਰੰਗਲ ਸ਼ਹਿਰ ਤੋਂ ਜੰਗਲ ਵਿਚ ਚਲਾ ਆਇਆ ਸੀ। ਚੌਦਾਂ ਸਾਲ ਤੋਂ ਉਹ ਇਸੇ ਤਰ੍ਹਾਂ ਘੁੰਮ ਰਿਹਾ ਹੈ। ਪੜ੍ਹਦਾ ਹੈ, ਲਿਖਦਾ ਹੈ, ਗਾਉਂਦਾ ਹੈ, ਨੱਚਦਾ ਹੈ। ਉਹ ਅਜੇ ਕੀ ਕੀ ਹੋਰ ਕਰੇਗਾ, ਮੈਨੂੰ ਨਹੀਂ ਪਤਾ; ਪਰ ਉਹ ਅਣਥੱਕ ਕਾਮਾ ਹੈ, ਆਪਣੇ ਮਿਸ਼ਨ ਨੂੰ ਪ੍ਰਨਾਇਆ ਹੋਇਆ। ਡੇਢ ਸਾਲ ਤੋਂ ਉਹ ਬਸਤਰ ਦੇ ਜੰਗਲਾਂ ਵਿਚ ਹੈ ਜਿਥੇ ਉਸ ਨੇ ਨਵਾਂ ਮੰਚ ਸ਼ੁਰੂ ਕੀਤਾ ਹੈ।
“ਕਬਾਇਲੀ ਨਾਚਾਂ ਵਿਚ ਮੈਨੂੰ ਤੇਜ਼ੀ ਦਿਖਾਈ ਨਹੀਂ ਦਿੱਤੀ।” ਮੈਂ ਉਸ ਨੂੰ ਆਪਣੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਾ ਹਾਂ। “ਢੋਲ ਹੈ, ਪਰ ਧਮਕ ਨਹੀਂ ਹੈ। ਲੋਰ ਹੈ, ਪਰ ਕਹਿਰ ਨਹੀਂ ਹੈ। ਲੰਬੀ ਹੇਕ ਹੈ, ਪਰ ਚੁਣੌਤੀ ਨਹੀਂ ਹੈ। ਇਨ੍ਹਾਂ ਦੇ ਸਾਜ਼ਾਂ ਵਿਚ ਨਗਾਰਾ ਨਹੀਂ ਹੈ?”
“ਹੈ! ਨਗਾਰਾ ਵੀ ਹੈ। ਨਾਂਗੋਰ! ਡਮ ਡਮ ਡਮ ਡਮ! ਜਦ ਕਿਸੇ ਖ਼ਤਰੇ ਦੀ ਖ਼ਬਰ ਦੇਣੀ ਹੁੰਦੀ ਹੈ, ਜਾਂ ਲੋਕਾਂ ਨੂੰ ਇਕੱਠੇ ਕਰਨਾ ਹੁੰਦਾ ਹੈ ਤਾਂ ਨਗਾਰਾ ਵੱਜਦਾ ਹੈ, ਪਰ ਜੰਗੀ ਨਾਚ ਨਹੀਂ ਹੈ। ਜ਼ਰੂਰ ਹੁੰਦਾ ਹੋਵੇਗਾ ਕਦੇ। ਮੈਂ ਲੱਭਾਂਗਾ, ਤੇ ਫਿਰ ਤੋਂ ਸ਼ੁਰੂ ਕਰਾਂਗਾ। ਅਸੀਂ ਵਿੱਲ ਖਾੜ ਨਾਚ ਸ਼ੁਰੂ ਕੀਤਾ ਹੈ। ਤੀਰ ਕਮਾਨ ਦਾ ਜੰਗੀ ਨਾਚ। ਮਿਲੀਸ਼ੀਏ ਦਾ ਨਾਚ। ਨਵੀਆਂ ਚੀਜ਼ਾਂ ਜਨਮ ਲੈ ਰਹੀਆਂ ਹਨ। ਨਵੇਂ ਗੀਤ, ਨਵੇਂ ਨਾਚ, ਨਵੀਆਂ ਅਦਾਵਾਂ, ਨਵੇਂ ਸੰਕੇਤ, ਨਵੇਂ ਹਾਵ-ਭਾਵ। ਦਿਖਾਵਾਂਗੇ ਕਿਸੇ ਦਿਨ ਪੇਨਪਾਂਡੁਮ ਵੀ। ḔḔਵੱਡਿਆਂ’ ਦਾ ਨਾਚ। ਜਾਦੂ ਟੂਣੇ ਕਰਨ ਵੇਲੇ Ḕਵੱਡੇ’ ਜਿਹੜੇ ਨਾਚ ਨੱਚਦੇ ਹਨ, ਉਨ੍ਹਾਂ ਵਿਚ ਗੁੱਸਾ ਹੈ, ਕਹਿਰ ਹੈ, ਸਪੈੱਲ ਹੈ। ਲੋਕ-ਨਾਚ ਸ਼ਾਂਤ ਹਨ, ਧੀਮੇ ਹਨ, ਸਰੂਰ ਭਰੇ ਹਨ। ਫੁੱਲ ਚੁਗਣਾ, ਫ਼ਲ ਤੋੜਨਾ, ਧਾਨ ਕੱਟਣਾ ਤੇ ਫਿਰ ਖੇੜੇ ਵਿਚ ਪਹੁੰਚ ਜਾਣਾ। ਇਨ੍ਹਾਂ ਵਿਚ ਮਿਹਨਤ ਦੇ ਰੂਪ ਵੀ ਹਨ, ਖ਼ੁਸ਼ੀ ਵੀ ਹੈ ਅਤੇ ਤਾੜੀ ਦੀ ਸ਼ਰਾਬ ਦਾ ਅਸਰ ਵੀ। ਗੁੱਸਾ ਤੇ ਪਿਆਰ, ਹਲੀਮੀ ਤੇ ਕਹਿਰ, ਜੰਗਲ ਵਿਚ ਦੋਵੇਂ ਤਰ੍ਹਾਂ ਦੀਆਂ ਚੀਜ਼ਾਂ ਮੌਜੂਦ ਹਨ। ਅਸੀਂ ਦੋਵਾਂ ਦੀ ਹੀ ਵਰਤੋਂ ਕਰਾਂਗੇ, ਇਸੇ ਜ਼ਮੀਨ ਤੋਂ ਹੀ ਸਾਰਾ ਕੁਝ ਉਠਾਵਾਂਗੇ।”
ਗੱਲਾਂ ਕਰਦੇ ਕਰਦੇ ਸਵੇਰ ਹੋਣ ਦਾ ਵਕਤ ਨਜ਼ਦੀਕ ਆਣ ਪਹੁੰਚਾ। ਚਾਰ ਵਜ ਚੁੱਕੇ ਸਨ। ਪੰਜ ਵਜੇ ਫਿਰ ਉਠਣ ਦੀ ਸੀਟੀ ਦਾ ਵੇਲਾ ਹੋ ਜਾਣਾ ਸੀ। ਇਕ ਘੰਟਾ ਨੀਂਦ ਲੈ ਲਈ ਜਾਵੇ ਤਾਂ ਕੱਲ੍ਹ ਨੂੰ ਥੋੜ੍ਹੀ ਸੌਖ ਰਹੇਗੀ, ਸੋਚ ਕੇ ਅਸੀਂ ਆਪੋ-ਆਪਣੇ Ḕਬਿਸਤਰੇ’ ਉਤੇ ਜਾ ਬਿਰਾਜੇ। ਸਵੇਰ ਦੀ ਸੀਟੀ ਵੱਜਣ ਸਮੇਂ ਇਹ ਯਾਦ ਰੱਖਣਾ ਮੁਸ਼ਕਿਲ ਹੋ ਗਿਆ ਕਿ ਅਸੀਂ ਰਾਤ ਨੂੰ ਸੁੱਤੇ ਵੀ ਸੀ ਕਿ ਨਹੀਂ। ਸੀਟੀ ਵੱਜਣ ਸਾਰ ਹੀ ਸਾਰੇ ਜਣੇ ਉਠ ਪਏ। ਅਗਲੇ ਦਿਨ ਦੇ ਕਾਰਜ ਸ਼ੁਰੂ ਹੋ ਗਏ।
ਚਾਹ ਦਾ ਸਮਾਂ ਹੋਇਆ ਤਾਂ ਦੇਖਿਆ ਕਿ ਇਕ ਚੁੱਲ੍ਹਾ ਤਾਂ ਅਜੇ ਤੱਕ ਠੰਢਾ ਪਿਆ ਸੀ। ਦੂਸਰੇ ਉਤੇ ਜਾਵਾ ਤਿਆਰ ਹੋ ਰਿਹਾ ਸੀ। ਸੋ, ਅੱਜ ਚਾਹ ਨਹੀਂ ਬਣੇਗੀ।
ਦੁੱਧ ਤੇ ਸ਼ੱਕਰ ਦੋਨੋਂ ਖ਼ਤਮ ਸਨ। ਨਾਰੰਗ ਭਾਈ, ਜਿਹੜਾ ਖੇਤੀ ਵਿਕਾਸ ਕੰਮਾਂ ਨੂੰ ਜਥੇਬੰਦ ਕਰਨ ਅਤੇ ਉਨ੍ਹਾਂ ਦੀ ਦੇਖ-ਰੇਖ ਕਰਨ ਦੀ ਜ਼ਿੰਮੇਦਾਰੀ ਨਿਭਾਉਂਦਾ ਹੈ, ਨੇ ਬੀਤੀ ਰਾਤ ਪਹੁੰਚਣਾ ਸੀ। ਦੁੱਧ ਤੇ ਸ਼ੱਕਰ ਦਾ ਪ੍ਰਬੰਧ ਉਸ ਨੇ ਹੀ ਕਰ ਕੇ ਆਉਣਾ ਸੀ। ਨਾਰੰਗ ਸਵੇਰ ਤੱਕ ਨਹੀਂ ਸੀ ਪਹੁੰਚ ਸਕਿਆ। ਸੋ, ਚਾਹ ਵਾਲਾ ਚੁੱਲ੍ਹਾ ਮਸਤ ਹੀ ਪਿਆ ਸੀ।
“ਬਿਨਾਂ ਦੁੱਧ ਸ਼ੱਕਰ ਦੇ ਚੱਲੇਗੀ? ਨਿੰਬੂ ਵਾਲੀ?” ਚੰਦਨ ਨੇ ਪੁੱਛਿਆ।
“ਚੱਲੇਗੀ। ਸ਼ੱਕਰ ਨਹੀਂ ਹੈ ਤਾਂ ਅੱਜ ਓਵੜ ਦਾ ਹੀ ਤਜਰਬਾ ਹੋ ਜਾਵੇ।” ਮੈਂ ਨਮਕ ਵਾਸਤੇ ਜਾਣ ਬੁਝ ਕੇ ਗੌਂਡ ਸ਼ਬਦ ਇਸਤੇਮਾਲ ਕੀਤਾ।
ਚੰਦਨ ਨੇ ਉਸੇ ਵਕਤ ਛੋਟੇ ਪਤੀਲੇ ਵਿਚ ਕਾਹਵਾ ਤਿਆਰ ਕਰਨ ਲਈ ਪਾਣੀ ਉਬਲਣਾ ਰੱਖ ਦਿੱਤਾ। ਸਿਰਫ਼ ਦੋ ਕੱਪ। ਉਸ ਦੇ ਯੂਨਿਟ ਵਿਚੋਂ ਹੋਰ ਕੋਈ ਵੀ ਅਜਿਹੀ ਚੀਜ਼ ਦਾ ਸ਼ੌਕੀਨ ਨਹੀਂ ਸੀ। ਕਈ ਜਣੇ ਤਾਂ ਦੁੱਧ ਵਾਲੀ ਚਾਹ ਵੀ ਨਹੀਂ ਸਨ ਪੀਂਦੇ। ਕਾਲਾ ਕਾਹਵਾ ਕਿਸ ਦੇ ਪਸੰਦ ਆਉਂਦਾ! ਨਿੰਬੂ ਨਮਕ ਵਾਲੀ ਚਾਹ ਬੁਰੀ ਨਹੀਂ ਲੱਗੀ। ਸੰਕਟ ਦੀ ਹਾਲਤ ਵਿਚ ਚੱਲ ਸਕਦੀ ਸੀ।
ਉਸੇ ਸਮੇਂ ਪਤਾ ਲੱਗਾ ਕਿ ਨਾਰੰਗ ਭਾਈ, ਜਿਸ ਨੂੰ ਸਾਰੇ ਜਣੇ ਅੱਨਾ ਕਹਿੰਦੇ ਸਨ, ਆ ਗਿਆ ਹੈ। ਨਾਰੰਗ ਬਵਿੰਜਾ-ਤਰਵਿੰਜਾ ਸਾਲ ਦਾ ਗੌਂਡ ਪਿਛੋਕੜ ਦਾ ਕਬਾਇਲੀ ਹੈ। ਵਾਲ ਅਜੇ ਤਕ ਸਾਰੇ ਹੀ ਕਾਲੇ ਹਨ। ਸਿਹਤਮੰਦ ਹੈ। ਝੋਲਾ ਮੋਢੇ ਉਤੇ ਪਾਈ ਉਹ ਆਪਣੇ ਦੋ ਸਾਥੀਆਂ ਨਾਲ ਪਹੁੰਚ ਗਿਆ।
ਬਰਾਬਰ ਦੀ ਉਮਰ ਵਾਲੇ ਅਸੀਂ ਦੋਵੇਂ ਇਤਫ਼ਾਕ ਨਾਲ ਮਿਲੇ। ਨਾਰੰਗ ਭਾਈ ਕਈ ਬੱਚਿਆਂ ਦਾ ਦਾਦਾ ਵੀ ਹੈ, ਨਾਨਾ ਵੀ। ਸਭ ਝਮੇਲਿਆਂ ਤੋਂ ਸੁਰਖ਼ਰੂ ਹੋ ਚੁੱਕਾ ਹੈ। ਹੱਥ ‘ਚ ਡਾਂਗ ਲੈ ਕੇ ਤੇ ਮੋਢੇ ਉਤੇ ਪਰਨਾ ਸੁੱਟੀ ਉਹ ਪਿੰਡ ਪਿੰਡ ਘੁੰਮਦਾ ਰਹਿੰਦਾ ਹੈ। ਕਦੇ ਸਬਜ਼ੀਆਂ ਦੇ ਬੀਜ ਵੰਡਦਾ ਹੈ, ਕਦੇ ਗੋਡੀ ਕਰਨ ਦੀ ਜਾਚ ਸਿਖਾਉਂਦਾ ਹੈ, ਕਦੇ ਕਿਆਰੀਆਂ ਤਿਆਰ ਕਰਨ ਦਾ ਵੱਲ ਦੱਸਦਾ ਹੈ। ਹਿੰਦੀ, ਗੌਂਡੀ, ਤੈਲਗੂ ਤਿੰਨੇ ਬੋਲੀਆਂ ਜਾਣਦਾ ਹੈ, ਪਰ ਲਿਖਣਾ ਨਹੀਂ ਸਿੱਖਿਆ ਹੋਇਆ। ਪੜ੍ਹ ਲੈਂਦਾ ਹੈ। ਕੋਈ ਵੀ ਜ਼ਿੰਮੇਦਾਰੀ ਨਿਭਾਉਣੀ ਪੈ ਜਾਵੇ, ਉਹ ਹਰ ਵਕਤ ਤਤਪਰ ਰਹਿੰਦਾ ਹੈ। ਰਾਤ ਭਰ ਤੁਰਦਾ ਰਹਿ ਸਕਦਾ ਹੈ। ਕੋਈ ਡਰ ਭੈਅ ਉਸ ਦੇ ਚਿਹਰੇ ਉਤੇ ਕਦੇ ਨਹੀਂ ਆਉਂਦਾ। ਹਰ ਸਮੇਂ ਉਸ ਦੇ ਬੁੱਲ੍ਹਾਂ ਉਤੇ ਤੁਸੀਂ ਮੁਸਕਰਾਹਟ ਤੈਰਦੀ ਹੋਈ ਦੇਖੋਗੇ। ਉਸ ਦੇ ਖੇਤਰ ਦੇ ਸਭ ਪਿੰਡਾਂ ਦੇ ਲੋਕ ਉਸ ਦਾ ਆਦਰ ਕਰਦੇ ਹਨ, ਕਿਉਂਕਿ ਉਹ ਉਮਰ ਵਿਚ ਵੀ ਵੱਡਾ ਹੈ ਅਤੇ ਚੰਗੇ ਕੰਮ ਵੀ ਸਿਖਾਉਂਦਾ ਹੈ। ਸਿਰੜੀ ਐਨਾ ਹੈ ਕਿ ਇਕ ਵਾਰ ਬੁਖ਼ਾਰ ਨਾਲ ਚਾਰ ਦਿਨ ਜੰਗਲ ਵਿਚ ਪਿਆ ਰਿਹਾ। ਨਾ ਦਵਾ, ਨਾ ਬੂਟੀ, ਨਾ ਕੋਈ ਨੇੜੇ ਨਾ ਤੇੜੇ। ਨਦੀ ਦਾ ਪਾਣੀ ਪੀਂਦਾ ਤੇ ਪੈ ਜਾਂਦਾ। ਜਦ ਥੋੜ੍ਹਾ ਚੱਲਣ ਜੋਗਾ ਹੋਇਆ ਤਾਂ ਡਿਗਦੇ ਢਹਿੰਦੇ ਕਿਸੇ ਪਿੰਡ ਜਾ ਪਹੁੰਚਿਆ। ਜਾਵੇ ਤੇ ਨੂਕੇ ਨੇ ਉਸ ਨੂੰ ਫਿਰ ਖੜ੍ਹਾ ਕਰ ਦਿੱਤਾ ਤੇ ਉਸ ਨੇ ਫਿਰ ਤੋਂ ਆਪਣਾ ਕੰਮ ਸਾਂਭ ਲਿਆ। ਹੁਣ ਉਹ ਇਕੱਲਾ ਨਹੀਂ ਹੈ। ਦੋ ਨੌਜਵਾਨਾਂ ਨੂੰ ਉਸ ਨੇ ਆਪਣੇ ਨਾਲ ਤੋਰ ਲਿਆ ਹੈ। ਹੁਣ ਉਸ ਵਾਸਤੇ ਖੇਤੀ ਵਿਕਾਸ ਦੇਖਣਾ ਪਹਿਲਾਂ ਨਾਲੋਂ ਆਸਾਨ ਹੋ ਗਿਆ ਹੈ।
“ਨਾਰੰਗ ਅੱਨਾ! ਤੇਰੇ ਦੁੱਧ ਸ਼ੱਕਰ ਉਡੀਕਦੇ ਉਡੀਕਦੇ ਅਸੀਂ ਬੁੱਢੇ ਹੋ ਗਏ।” ਮੰਡਲੀ ਦਾ ਇਕ ਕਲਾਕਾਰ ਨਾਰੰਗ ਭਾਈ ਨੂੰ ਜੱਫੀ ਵਿਚ ਲੈਂਦਾ ਹੈ।
“ਇਹੀ ਤਾਂ ਮੈਂ ਚਾਹੁੰਨਾਂ ਕਿ ਕਬਾਇਲੀ ਵੱਡੀ ਉਮਰ ਹੰਢਾਉਣ ਲੱਗਣ। ਬੁੱਢੇ ਹੋ ਜਾਇਆ ਕਰਨ, ਬਹੁਤ ਬੁੱਢੇ।” ਨਾਰੰਗ ਭਾਈ ਉਸ ਨੌਜਵਾਨ ਨੂੰ ਕਲਾਵੇ ਵਿਚ ਲੈਂਦਾ ਹੈ।
ਨਾਰੰਗ ਦੀ ਗੱਲ ਉਤੇ ਸਾਰੇ ਹੱਸ ਪੈਂਦੇ ਹਨ। ਵੱਡੀ ਉਮਰ ਦੇ ਲੋਕ ਬਸਤਰ ਵਿਚ ਪਹਿਲਾਂ ਹੀ ਬਹੁਤ ਘੱਟ ਦਿਖਾਈ ਦਿੰਦੇ ਹਨ। ਅੱਸੀ ਘਰਾਂ ਦੇ ਇਸ ਪਿੰਡ ਵਿਚ ਸਿਰਫ਼ ਤਿੰਨ ਵਿਅਕਤੀ ਅਜਿਹੇ ਹਨ ਜਿਨ੍ਹਾਂ ਨੂੰ ਬੁੱਢੇ ਹੋਣ ਦਾ ਮਾਣ ਹਾਸਲ ਹੈ। ਦੋ ਔਰਤਾਂ ਅਤੇ ਇਕ ਆਦਮੀ। ਤਿੰਨੇ ਹੀ ਪੁਰਾਣੇ ਯੁੱਗ ਦੀ ਤਰਜਮਾਨੀ ਕਰਦੇ ਹਨ। ਦੋਵੇਂ ਔਰਤਾਂ ਪਿੰਡਾਂ ਢੱਕਣ ਦੀ ਵੀ ਪਰਵਾਹ ਨਹੀਂ ਕਰਦੀਆਂ, ਤੇੜ ਪਰਨਾ ਲਪੇਟੀ ਰਖਦੀਆਂ ਹਨ। ਆਦਮੀ ਇਕ ਗਿੱਠ ਕੱਪੜਾ ਹੀ ਤੇੜ ਬੰਨ੍ਹਦਾ ਹੈ, ਬਾਕੀ ਕਿਸੇ ਚੀਜ਼ ਦੀ ਉਸ ਨੂੰ ਜ਼ਰੂਰਤ ਨਹੀਂ ਹੈ। ਉਨ੍ਹਾਂ ਸਾਰੀ ਉਮਰ ਇਸੇ ਤਰ੍ਹਾਂ ਗੁਜ਼ਾਰੀ ਹੈ; ਸੋ, ਹੁਣ ਆਖ਼ਰੀ ਸਾਲਾਂ ਵਿਚ ਪਹੁੰਚ ਕੇ ਉਹ ਆਪਣੀ ਜ਼ਿੰਦਗੀ ਦਾ ਢੰਗ ਬਦਲਣ ਵਾਸਤੇ ਤਿਆਰ ਨਹੀਂ ਹਨ। ਨਵੀਂ ਪੀੜ੍ਹੀ ਕੱਪੜੇ ਪਹਿਨਣ ਲੱਗੀ ਹੈ, ਪਰ ਇਸ ਨੂੰ ਵੀ ਜ਼ਿਆਦਾ ਸਮਾਂ ਨਹੀਂ ਹੋਇਆ। ਜਦ ਤੋਂ ਦਾਦਾ ਲੋਕ ਆਏ ਹਨ, ਉਹ ਪਤਾ ਨਹੀਂ ਕਿਧਰੋਂ ਕੱਪੜਿਆਂ ਦੇ ਜਹਾਜ਼ ਲੱਦ ਕੇ ਲਿਆਏ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਹਰ ਕਿਸੇ ਨੂੰ ਵੰਡਿਆ ਹੈ। ਕੁੜੀਆਂ ਬਲਾਊਜ਼ ਤੇ ਸਾੜ੍ਹੀ ਪਹਿਨਣ ਲੱਗੀਆਂ ਹਨ, ਔਰਤਾਂ ਅਜੇ ਵੀ ਪਰਨੇ ਨਾਲ ਆਪਣੇ ਮੋਢੇ ਢਕਦੀਆਂ ਹਨ ਅਤੇ ਦੂਸਰੇ ਨੂੰ ਤੇੜ ਲਵ੍ਹੇਟ ਲੈਂਦੀਆਂ ਹਨ। ਕੁੜੀਆਂ ਦੀ ਸਾੜ੍ਹੀ ਉਨ੍ਹਾਂ ਦੇ ਜੰਗਲ ਵਿਚਲੇ ਦਿਨ ਭਰ ਦੇ ਕੰਮ ਵਿਚ ਉਲਝਾਅ ਪੈਦਾ ਕਰਦੀ ਹੈ, ਸੋ ਉਹ ਉਸ ਨੂੰ ਗਿੱਟਿਆਂ ਤੋਂ ਇਕ ਡੇਢ ਗਿੱਠ ਉਚਾ ਹੀ ਬੰਨ੍ਹਦੀਆਂ ਹਨ। ਜਦ ਕੋਈ ਪਾਂਡੁਮ, ਮੰਡਈ, ਤਿਓਹਾਰ ਜਾਂ ਮੇਲਾ ਹੋਵੇ ਜਾਂ ਜਨਤਕ ਸੰਗਠਨਾਂ ਦਾ ਇਕੱਠ ਹੋਵੇ ਤਾਂ ਵੱਡੀਆਂ ਔਰਤਾਂ ਦੀ ਵੀ ਕਾਫ਼ੀ ਗਿਣਤੀ ਸਾੜ੍ਹੀ ਬਲਾਊਜ਼ ਪਹਿਨ ਲੈਂਦੀ ਹੈ।
ਔਰਤਾਂ ਵੱਲੋਂ ਕੱਪੜੇ ਨਾ ਪਹਿਨਣ ਦੇ ਰਿਵਾਜ ਪਿੱਛੇ ਗਰੀਬੀ ਤੋਂ ਇਲਾਵਾ ਇਕ ਕਾਰਨ ਇਹ ਵੀ ਹੈ ਕਿ ਆਦਮੀ ਉਨ੍ਹਾਂ ਨੂੰ ਕੱਪੜੇ ਪਹਿਨਣ ਤੋਂ ਇਸ ਲਈ ਮਨ੍ਹਾ ਕਰਦੇ ਹਨ ਕਿ ਉਹ ਚੰਗੀਆਂ ਲੱਗਣ ਲੱਗ ਪੈਣਗੀਆਂ ਤੇ ਖ਼ਰਾਬ ਹੋ ਜਾਣਗੀਆਂ। ਇਹ ਤਰੀਕਾ ਮੁੱਲਾ ਲੋਕਾਂ ਦੇ ਤਰੀਕੇ ਤੋਂ ਬਿਲਕੁਲ ਉਲਟ ਹੈ ਜਿਹੜੇ ਔਰਤ ਸਰੀਰ ਦੇ ਹਰ ਹਿੱਸੇ ਨੂੰ ਇਸੇ ਕਾਰਨ ਹੀ ਢੱਕ ਕੇ ਰੱਖਣਾ ਚਾਹੁੰਦੇ ਹਨ। ਦੋਵਾਂ ਪਿੱਛੇ ਇੱਕੋ ਹੀ ਤਰਕ ਹੈ, ਇਕੋ ਹੀ ਮਕਸਦ ਹੈ। ਦੋਵੇਂ ਪਾਸੇ ਆਦਮੀ ਹੀ ਪਹਿਰਾਵੇ ਸਬੰਧੀ ਹੁਕਮਾਂ ਨੂੰ ਲਾਗੂ ਕਰਦੇ ਹਨ। ਦੂਸਰੇ ਪਾਸੇ ਪੱਛਮ ਤੋਂ ਆਈ ਫੈਸ਼ਨ ਸਨਅਤ ਦਾ ਤਰੀਕਾ ਹੈ ਜਿਹੜਾ ਔਰਤ ਸਰੀਰ ਨੂੰ ਪੈਸਾ ਕਮਾਉਣ ਦੇ ਸੰਦ ਵਜੋਂ ਇਸਤੇਮਾਲ ਕਰਨਾ ਚਾਹੁੰਦਾ ਹੈ। ਤਿੰਨੇ ਧਿਰਾਂ ਮਰਦ-ਪ੍ਰਧਾਨ ਸੋਚ ਦੇ ਧਰਾਤਲ ਉਤੇ ਖੜ੍ਹੇ ਹੋ ਕੇ ਔਰਤ ਜਿਸਮ ਦਾ ਇਸਤੇਮਾਲ ਕਰਦੀਆਂ ਹਨ। ਇਸੇ ਸੋਚ ਪ੍ਰਬੰਧ ਨੂੰ ਔਰਤਾਂ ਦੇ ਵੱਡੇ ਹਿੱਸੇ ਨੇ ਵੀ ਅਪਣਾ ਲਿਆ ਹੋਇਆ ਹੈ।
ਫਿਰ ਵੀ, ਕਬਾਇਲੀ ਔਰਤ ਉਪਰ ਨਾ ਤਾਂ ਤਾਲਿਬਾਨ ਜਿਹਾ ਜਬਰ ਹੈ, ਨਾ ਪੱਛਮ ਦੇ ਨਿਘਾਰ ਦਾ ਅਸਰ। ਲਹਿਰ ਦੇ ਦਖ਼ਲ ਨੇ ਉਨ੍ਹਾਂ ਅੰਦਰ ਹਾਂ-ਪੱਖੀ ਗਤੀ ਛੇੜੀ ਹੈ। ਕੁੜੀਆਂ ਯੁੱਗਾਂ ਪੁਰਾਣੇ ਰਿਵਾਜਾਂ ਨੂੰ ਤੇਜ਼ੀ ਨਾਲ ਭੰਨ ਰਹੀਆਂ ਦਿਖਾਈ ਦਿੰਦੀਆਂ ਹਨ। ਇਥੋਂ ਤਕ ਕਿ ਗੁਰੀਲਾ ਸਫ਼ਾਂ ਦਾ ਤਕਰੀਬਨ ਅੱਧਾ ਹਿੱਸਾ ਕੁੜੀਆਂ ਦਾ ਹੈ ਜਿਹੜੀਆਂ ਫ਼ੌਜੀ ਵਰਦੀ ਵਿਚ ਰਹਿੰਦੀਆਂ ਹਨ ਅਤੇ ਮੋਢੇ ਉਤੇ ਬੰਦੂਕ ਉਠਾਈ ਪਿੰਡ ਪਿੰਡ ਘੁੰਮਦੀਆਂ ਨਜ਼ਰ ਆਉਂਦੀਆਂ ਹਨ। ਆਮ ਔਰਤ ਵੀ ਤਬਦੀਲੀ ਦੀ ਇਸ ਹਵਾ ਦੇ ਹੱਕ ਵਿਚ ਸਰਗਰਮ ਹੋਈ ਹੋਈ ਨਜ਼ਰ ਆਉਂਦੀ ਹੈ ਜਿਸ ਦਾ ਅੰਦਾਜ਼ਾ ਉਨ੍ਹਾਂ ਇਕੱਠਾਂ ਤੋਂ ਹੁੰਦਾ ਹੈ ਜਿਹੜੇ ਜੰਗਲ ਅਤੇ ਆਲੇ-ਦੁਆਲੇ ਦੇ ਕਸਬਿਆਂ ਤੇ ਸ਼ਹਿਰਾਂ ਵਿਚ ਹਰ ਥੋੜ੍ਹੇ ਸਮੇਂ ਬਾਅਦ ਹੁੰਦੇ ਰਹਿੰਦੇ ਹਨ।
ਦਾਦਾ ਲੋਗ ਸਭਿਆਚਾਰ ਵਿਚ ਤਬਦੀਲੀ ਦੀ ਕਾਹਲ ਵਿਚ ਨਹੀਂ ਹਨ। ਇਸ ਨੂੰ ਉਨ੍ਹਾਂ ਨੇ ਜ਼ਿੰਦਗੀ ਦੀ ਸਮੁੱਚੀ ਤੋਰ ਦੇ ਬਦਲ ਜਾਣ ਦੇ ਪ੍ਰਸੰਗ ਨਾਲ ਹੀ ਜੋੜਿਆ ਹੋਇਆ ਹੈ। ਨਵੀਆਂ ਜ਼ਰੂਰਤਾਂ ਆਪਣੇ ਆਪ ਹੀ ਨਵੇਂ ਤੌਰ-ਤਰੀਕਿਆਂ, ਨਵੇਂ ਪਹਿਰਾਵਿਆਂ, ਵਿਚਾਰਾਂ ਅਤੇ ਰੀਤਾਂ ਨੂੰ ਜਨਮ ਦਿੰਦੀਆਂ ਜਾ ਰਹੀਆਂ ਹਨ। ਵਾਪਰ ਚੁੱਕੀ ਤੇ ਵਾਪਰ ਰਹੀ ਤਬਦੀਲੀ ਸਾਹਮਣੇ ਦਿਖਾਈ ਦਿੰਦੀ ਹੈ।
ਨਾਰੰਗ ਭਾਈ ਦੀ ਬੁੱਢੇ ਹੋਣ ਸਬੰਧੀ ਗੱਲ ਉਸ ਡੂੰਘੀ ਇੱਛਾ ਦਾ ਇਜ਼ਹਾਰ ਹੈ ਜਿਹੜੀ ਕਬਾਇਲੀਆਂ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ। ਨਾਰੰਗ ਭਾਈ ਦੇ ਆਪਣੇ ਹਾਣੀ ਦੁਨੀਆਂ ਤੋਂ ਕੂਚ ਕਰ ਗਏ ਹੋਏ ਹਨ ਜਿਨ੍ਹਾਂ ਨੂੰ ਉਸ ਨੇ ਆਪਣੇ ਹੱਥੀਂ ਮਿੱਟੀ ਦੇ ਸਪੁਰਦ ਕਰਨ ਦਾ ਦੁੱਖ ਝੱਲਿਆ ਹੈ। ਉਹ ਆਪਣੀ ਉਮਰ ਤੋਂ ਛੋਟਿਆਂ ਅਤੇ ਬੱਚਿਆਂ ਤੱਕ ਨੂੰ ਧਰਤੀ ਵਿਚ ਦਫ਼ਨ ਕਰਨ ਦੇ ਸੰਤਾਪ ਨੂੰ ਹੰਢਾਉਂਦਾ ਰਿਹਾ ਹੈ। ਉਹ ਇਸ ਮਾਨਸਿਕ ਪੀੜਾ ਨੂੰ ਹੋਰ ਨਹੀਂ ਝੱਲਣਾ ਚਾਹੁੰਦਾ। ਉਹ ਕਬਾਇਲੀ ਉਮਰ ਦੇ ਨਿੱਕੇ ਅਰਸੇ ਨੂੰ ਕੁਦਰਤੀ ਦੇਣ ਨਹੀਂ ਮੰਨਦਾ ਅਤੇ ਹੋਰ ਥਾਈਂ ਇਸ ਦੇ ਕਾਰਨ ਦੇਖਦਾ ਹੈ। ਕੁਦਰਤੀ ਦੇਣ ਮੰਨ ਲੈਣ ਕਾਰਨ ਆਮ ਕਬਾਇਲੀ ਮੌਤ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦਾ ਅਤੇ ਇਸੇ ਤਰ੍ਹਾਂ ਜ਼ਿੰਦਗੀ ਨੂੰ ਵੀ ਐਡੀ ਵੱਡੀ ਚੀਜ਼ ਨਹੀਂ ਸਮਝਦਾ। ਮੌਤ ਉਸ ਵਾਸਤੇ ਆਮ ਘਟਨਾ ਹੈ। ਇਸੇ ਲਈ ਮੌਤ ਭਾਵੇਂ ਵੱਡਿਆਂ ਦੀ ਹੋਵੇ, ਭਾਵੇਂ ਜਵਾਨਾਂ ਦੀ ਅਤੇ ਭਾਵੇਂ ਬੱਚਿਆਂ ਦੀ, ਉਹ ਬਹੁਤਾ ਸੋਗ ਨਹੀਂ ਮਨਾਉਂਦਾ। ਪਹਿਲੀ ਨਜ਼ਰੇ ਦੇਖਿਆਂ ਇੰਜ ਹੀ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੇ ਰਿਸ਼ਤਿਆਂ ਵਿਚ ਨਿੱਜੀ ਜਜ਼ਬਾਤੀ ਸਾਂਝ ਜ਼ਿਆਦਾ ਨਹੀਂ ਹੈ। ਯਕੀਨਨ, ਇੰਜ ਹੀ ਹੈ। ਮੌਤ ਉਤੇ ਉਸ ਦਾ ਕਿਸੇ ਤਰ੍ਹਾਂ ਦਾ ਵੱਸ ਨਹੀਂ ਹੈ। ਬਿਮਾਰ ਵਾਸਤੇ ਇਲਾਜ ਨਹੀਂ, ਜ਼ਖ਼ਮੀ ਵਾਸਤੇ ਦਵਾ ਨਹੀਂ। ਉਸ ਦਾ ਮਨ ਇਨ੍ਹਾਂ ਰੋਗਾਂ ਨੂੰ ਚਰਮ ਸੀਮਾ ਵਿਚ ਦੇਖ ਕੇ ਵੀ ਨਹੀਂ ਪਸੀਜਦਾ, ਜਜ਼ਬਾਤੀ ਨਹੀਂ ਹੁੰਦਾ। ਆਦਮੀ ਗ਼ੈਰ-ਕੁਦਰਤੀ ਮੌਤ ਮਰਦਾ ਸਾਹਮਣੇ ਦਿਖਾਈ ਦੇ ਰਿਹਾ ਹੁੰਦਾ ਹੈ, ਪਰ ਉਸ ਨੂੰ ਇਹ ਕੁਦਰਤੀ ਹੀ ਲੱਗਦਾ ਹੈ। ਉਸ ਨੇ ਇਸੇ ਤਰ੍ਹਾਂ ਜੀਣਾ ਸਿੱਖ ਲਿਆ ਹੈ ਤੇ ਇਸੇ ਤਰ੍ਹਾਂ ਢਲ ਗਿਆ ਹੈ, ਪਰ ਨਾਰੰਗ ਵੱਖ ਤਰ੍ਹਾਂ ਦੀ ਸ਼ਖ਼ਸੀਅਤ ਹੈ। ਜਦ ਉਸ ਦੇ ਆਪਣੇ ਬੱਚੇ ਵੱਡੇ ਹੋ ਗਏ ਤਾਂ ਉਹ ਨਾਲ ਦੇ ਸੂਬੇ ਵਿਚੋਂ ਦੋ ਸਾਲ ਦੀ ਅਨਾਥ ਬੱਚੀ ਨੂੰ ਲੈ ਆਇਆ ਅਤੇ ਉਸ ਦੀ ਪਰਵਰਿਸ਼ ਕਰਨ ਲੱਗਾ। ਅਜ ਉਸ ਲੜਕੀ ਦਾ ਆਪਣਾ ਪਰਿਵਾਰ ਹੈ ਅਤੇ ਨਾਰੰਗ ਆਪਣੀ ਇਸ ਇਨਸਾਨੀ ਪ੍ਰਾਪਤੀ ਉਤੇ ਅੰਤਾਂ ਦਾ ਖ਼ੁਸ਼ ਹੈ। ਉਹ ਇਨਸਾਨੀ ਜ਼ਿੰਦਗੀ ਨੂੰ ਬਦਲਿਆ ਹੋਇਆ ਦੇਖਣਾ ਚਾਹੁੰਦਾ ਹੈ ਅਤੇ ਇਸ ਅਮਲ ਵਿਚ ਉਸ ਨੇ ਆਪਣੇ ਆਪ ਨੂੰ ਇਸ ਉਮਰੇ ਵੀ ਝੋਕ ਦਿੱਤਾ ਹੈ।
ਨਾਰੰਗ ਭਾਈ ਦੀ ਕਹੀ ਗੱਲ ਉਤੇ ਜਦ ਸਾਰੇ ਹੱਸ ਪਏ ਸਨ ਤਾਂ ਉਹ ਮੁਸਕਰਾਇਆ ਅਤੇ ਬਹੁਤ ਖ਼ੁਸ਼ ਹੋਇਆ ਸੀ। ਉਸ ਨੇ ਕਿਹਾ ਕਿ ਹੁਣ ਦੁੱਧ ਤੇ ਸ਼ੱਕਰ ਆ ਗਏ ਹਨ, ਉਹ ਸਾਰੇ ਫਿਰ ਤੋਂ ਜਵਾਨ ਹੋ ਜਾਣ। ਇਸ ਗੱਲ ਨਾਲ ਹਾਸੇ ਦੀ ਤਰੰਗ ਛਿੜ ਪੈਂਦੀ ਹੈ।
“ਰਾਤ ਨੂੰ ਨਹੀਂ ਪਹੁੰਚ ਸਕੇ ਨਾਰੰਗ ਭਾਈ?” ਚਾਹ ਪੀਂਦਿਆਂ ਮੈਂ ਉਸ ਨਾਲ ਗੱਲੀਂ ਲੱਗ ਜਾਂਦਾ ਹਾਂ।
“ਮੁੰਡੇ ਸਾਮਾਨ ਲੈ ਕੇ ਸ਼ਹਿਰ ਤੋਂ ਹੀ ਨਹੀਂ ਸਨ ਮੁੜੇ। ਕਈ ਵਾਰ ਇੰਜ ਹੋ ਜਾਂਦੈ। ਸਾਨੂੰ ਵਲ ਪਾ ਕੇ ਸਾਮਾਨ ਢੋਣਾ ਪੈਂਦੈ, ਪਰ ਸਭ ਕੁਝ ਠੀਕ ਠਾਕ ਹੀ ਰਿਹਾ।” ਨਾਰੰਗ ਬੱਚਿਆਂ ਬਾਰੇ ਫ਼ਿਕਰਮੰਦ ਰਹਿੰਦਾ ਹੈ। ਉਨ੍ਹਾਂ ਦੇ ਸਹੀ ਸਲਾਮਤ ਪਰਤ ਆਉਣ ਦੀ ਉਸ ਨੂੰ ਖ਼ੁਸ਼ੀ ਹੈ।
“ਸਾਮਾਨ ਖਰੀਦਣ ਉਤੇ ਵੀ ਪਾਬੰਦੀ ਲਗਾ ਦਿੱਤੀ ਉਨ੍ਹਾਂ ਨੇ?”
“ਪਾਬੰਦੀ ਹੀ ਹੈ। ਪੁਲਿਸ ਚਾਹ, ਸ਼ੱਕਰ ਤੇ ਸਾਬਣ ਵਗੈਰਾ ਵੀ ਰੋਕ ਦੇਣਾ ਚਾਹੁੰਦੀ ਹੈ। ਸਾਨੂੰ ਹਰ ਚੀਜ਼ ਖ਼ੁਦ ਹੀ ਬਣਾਉਣੀ ਪਵੇਗੀ, ਪਰ ਚਾਹ ਪੱਤੀ ਤਾਂ ਬਾਹਰੋਂ ਲਿਆਉਣੀ ਹੀ ਹੋਵੇਗੀ। ਇਸੇ ਤਰ੍ਹਾਂ ਕੱਪੜਾ ਵੀ।” ਨਾਰੰਗ ਗੰਭੀਰ ਲਹਿਜ਼ੇ ਵਿਚ ਕਹਿੰਦਾ ਹੈ।
ਨਾਰੰਗ ਦੀ ਗੱਲ ਸਹੀ ਹੈ। ਜੋ ਕੁਝ ਉਹ ਬਣਾ ਸਕਦੇ ਹਨ, ਉਸ ਨੂੰ ਬਣਾਉਣਾ ਹੀ ਪਵੇਗਾ। ਇਹ ਉਨ੍ਹਾਂ ਦੀ ਲਹਿਰ ਦੀ ਮਜ਼ਬੂਤੀ ਦਾ ਆਧਾਰ ਬਣੇਗਾ। ਹਾਕਮ ਕਦ ਚਾਹੁੰਦੇ ਹਨ ਕਿ ਕੁਝ ਅਜਿਹਾ ਹੋਂਦ ਵਿਚ ਆਵੇ ਜਿਸ ਨਾਲ ਲੋਕ ਆਪਣੇ ਇਨਸਾਨ ਹੋਣ ਦਾ ਅਹਿਸਾਸ ਕਰ ਸਕਣ ਅਤੇ ਇਸ ਦਾ ਹੱਕ ਜਤਾ ਸਕਣ। ਨਾਰੰਗ ਕਹਿੰਦਾ ਹੈ ਕਿ ਹੌਲੀ ਹੌਲੀ ਉਹ ਸਾਰਾ ਕੁਝ ਕਰਨਗੇ। ਉਹ ਜ਼ਿਆਦਾ ਜਾਣਦਾ ਨਹੀਂ ਹੈ ਕਿ ਇਹ ਕਿਵੇਂ ਹੋਵੇਗਾ, ਪਰ ਉਸ ਨੂੰ ਯਕੀਨ ਹੈ ਕਿ ਇਹ ਹੁੰਦਾ ਜਾਵੇਗਾ।
ਰਾਜੂ ਨਾਰੰਗ ਭਾਈ ਨੂੰ ਤਾਲਾਬ ਦੀ ਉਹ ਘਟਨਾ ਸੁਣਾਉਂਦਾ ਹੈ ਅਤੇ ਲੋਕਾਂ ਦੇ ਵਿਚਾਰਾਂ ਬਾਰੇ ਜਾਣੂ ਕਰਵਾਉਂਦਾ ਹੈ। ਲੋਕ ਵੱਡੀ ਮੱਛੀ ਤਾਂ ਹੀ ਖਾਣਗੇ, ਜੇ ਉਨ੍ਹਾਂ ਨੂੰ ਸਵਾਦ ਲੱਗੇਗੀ। ਇਹ ਵੀ ਕਿ ਮੱਛੀ ਫੜਨ ਵਾਸਤੇ ਜੁਗਾੜ ਵੀ ਬਣਾਉਣੇ ਪੈਣਗੇ ਤਾਂ ਕਿ ਪਾਣੀ ਤੇ ਮੱਛੀ ਦੋਵੇਂ ਜ਼ਾਇਆ ਨਾ ਹੋਣ। ਉਹ ਮੱਛੀਆਂ ਦਾ ਕਈ ਕਿਸਮ ਦਾ ਬੀਜ ਹਾਸਲ ਕਰਨ ਸਬੰਧੀ ਗੱਲਬਾਤ ਕਰਦੇ ਹਨ।
ਦੂਰ ਤੋਂ ਮੱਛੀ ਦਾ ਤਰ੍ਹਾਂ ਤਰ੍ਹਾਂ ਦਾ ਬੀਜ ਲੈ ਕੇ ਆਉਣਾ ਆਸਾਨ ਕੰਮ ਨਹੀਂ ਹੈ। ਨਾਰੰਗ ਭਵਾਂ ਸੁੰਗੇੜਦਾ ਹੈ ਅਤੇ ਦਿਮਾਗ਼ ਉਤੇ ਜ਼ੋਰ ਪਾ ਕੇ ਹੱਲ ਤਲਾਸ਼ ਕਰਦਾ ਹੈ। ਉਸ ਨੂੰ ਖ਼ੁਦ ਹੀ ਬੀਜ ਤਿਆਰ ਕਰਨ ਅਤੇ ਉਨ੍ਹਾਂ ਨੂੰ ਵੱਖ ਵੱਖ ਤਾਲਾਬਾਂ ਵਿਚ ਪਾਉਣ ਦਾ ਹੱਲ ਕੱਢਣਾ ਹੋਵੇਗਾ। ਮੱਛੀ ਪਾਲਣ ਦੀ ਯੋਜਨਾ ਨਾਰੰਗ ਨੇ ਸਾਲ ਪਹਿਲਾਂ ਹੀ ਸ਼ੁਰੂ ਕੀਤੀ ਸੀ। ਉਹ ਕਿਸੇ ਕਿਸੇ ਤਾਲਾਬ ਵਿਚ ਹੀ ਸਿਰੇ ਚੜ੍ਹੀ ਸੀ ਜਦ ਕਿ ਜ਼ਿਆਦਾ ਤਾਲਾਬਾਂ ਵਿਚ ਬੀਜ ਮਰ ਗਿਆ ਸੀ। ਜਿਥੇ ਜਿਥੇ ਇਹ ਸਿਰੇ ਚੜ੍ਹੀ, ਉਥੇ ਪਿੰਡ ਵਾਸੀਆਂ ਨੂੰ ਮੱਛੀ ਮੁਫ਼ਤ ਮੁਹੱਈਆ ਕੀਤੀ ਗਈ, ਕੁਝ ਹਿੱਸਾ ਮੰਡੀ ਵਿਚ ਵੇਚ ਦਿੱਤਾ ਗਿਆ ਸੀ।
(ਚਲਦਾ)