ਸਪਤ ਸਿੰਧੂ ਦੀ ਤਹਿਜ਼ੀਬ: ਸਿੰਧੂ

ਅਵਤਾਰ ਸਿੰਘ (ਪ੍ਰੋ)
ਫੋਨ: 91-94175-18384
ਨਾ ਮੈਂ ਖਿਡਾਰੀ ਹਾਂ ਤੇ ਨਾ ਖੇਡ ਪ੍ਰੇਮੀ। ਫਿਰ ਵੀ ਕਿਵੇਂ ਨਾ ਕਿਵੇਂ ਰੀਓ ਉਲੰਪਿਕਸ ਵਿਚ ਭਾਰਤ ਲਈ ਰਾਸ਼ਟਰੀ ਵੱਕਾਰ ਦਾ ਸਵਾਲ ਬਣਿਆ ਬੈਡਮਿੰਟਨ ਦਾ ਮੈਚ ਦੇਖਣ ਦਾ ਸਬੱਬ ਬਣ ਗਿਆ। ਮਨ ਵਿਚ ਇੱਕ ਅਜੀਬ ਕਿਸਮ ਦੀ ਖੁਤਖੁਤੀ, ਤੌਖਲਾ ਅਤੇ ਚਾਅ ਸਨ ਕਿ ਸ਼ਾਇਦ ਮੇਰੇ ਵਤਨ ਨੂੰ ਸੋਨ ਤਮਗਾ ਮਿਲ ਹੀ ਜਾਵੇ ਤੇ ਸਾਡੇ ਸੈਂਕੜੇ ਖਿਡਾਰੀਆਂ ਦੀ ਲਾਜ ਰਹਿ ਜਾਵੇ ਅਤੇ ਉਨ੍ਹਾਂ ਦੇ ਹਜ਼ਾਰਾਂ ਪ੍ਰਸ਼ੰਸਕ ਕਿਤੇ ਮੂੰਹ ਦਿਖਾਉਣ ਜੋਗੇ ਰਹਿ ਜਾਣ ਤੇ ਦੇਸ਼ ਕਹਿ ਸਕੇ ਕਿ ਮੈਂ ਦੇਸ਼ ਹਾਂ।

ਮੈਚ ਸ਼ੁਰੂ ਹੋਇਆ। ਸਪੇਨੀ ਖਿਡਾਰਨ ਮੈਰੀਨ ਸ਼ਾਹਾਨਾ ਅੰਦਾਜ਼ ਨਾਲ ਮੈਦਾਨ ਵਿਚ ਆਈ। ਲਹੂ ਜਿਹੇ ਲਾਲ ਰੰਗ ਦੀ ਪੁਸ਼ਾਕ ਵਿਚ ਉਸ ਦੇ ਗੋਰੇ ਰੰਗ ਨੇ ਲਹੂ ਰਹਿਤ ਹੋਣ ਦਾ ਪ੍ਰਭਾਵ ਦਿਤਾ, ਜਿਵੇਂ ਉਹ ਕੋਈ ਕੋਰਾ ਕਾਗ਼ਜ਼ ਹੋਵੇ, ਜਿਸ ‘ਤੇ ਹਾਰ ਜਿੱਤ ਦਾ ਕੋਈ ਹਰਫ ਨਾ ਉਕਰਿਆ ਹੋਵੇ। ਮੈਰੀਨ ਨੂੰ ਤੱਕਦਿਆਂ ਮਹਿਸੂਸ ਹੋਇਆ ਕਿ ਉਹ ਇੱਕ ਅੱਲ੍ਹੜ ਯੁਵਤੀ, ਪ੍ਰੋੜ ਤੇ ਪਰਿਪੱਕ ਖਿਡਾਰਨ ਹੈ। ਮੈਂ ਉਸ ਦੇ ਚਿਹਰੇ ‘ਤੇ ਇਸ ਤਰ੍ਹਾਂ ਦੇ ਪ੍ਰਭਾਵ ਦਾ ਨਿਝੱਕ ਜਲੌ ਦੇਖ ਕੇ ਉਸ ਵੱਲ ਖਿਚਿਆ ਗਿਆ। ਉਹ ਅੱਗੇ ਹੁੰਦੀ ਤਾਂ ਮੈਂ ਖੁਸ਼ ਹੁੰਦਾ, ਪਿਛੇ ਹੁੰਦੀ ਤਾਂ ਮਾਯੂਸ। ਮੇਰੇ ਘਰ ਦੇ ਹੈਰਾਨ ਹੋਏ। ਉਨ੍ਹਾਂ ਨੂੰ ਲੱਗਿਆ ਕਿ ਇਹ ਵਤਨ ਪ੍ਰਸਤ ਨਹੀਂ। ਮੈਂ ਸਪਸ਼ਟ ਕੀਤਾ ਕਿ ਕਿਸੇ ਖਿਡਾਰੀ ਨੂੰ ਇਸ ਕਰਕੇ ਨਾਪਸੰਦ ਕਰਨਾ ਕਿ ਉਹ ਦੂਸਰੇ ਵਤਨ ਦਾ ਹੈ, ਵਤਨ ਪ੍ਰਸਤੀ ਨਹੀਂ ਹੈ। ਦੇਸ਼ ਕੌਮ ਦੀ ਤੰਗ ਨਜ਼ਰੀ ਤੋਂ ਵਿਮੁਕਤ ਰਹਿ ਕੇ ਕੇਵਲ ਖੇਡ ਜਾਂ ਖੇਡਾਰੀ ਪ੍ਰਸਤ ਹੋਣਾ ਹੀ ਚੰਗੇ ਮਨੁੱਖ ਦੀ ਨਿਸ਼ਾਨੀ ਹੈ। ਮੇਰਾ ਮੰਨਣਾ ਹੈ ਕਿ ਬੰਦੇ ਨੂੰ ਕੇਵਲ ਭਗਤ ਹੋਣਾ ਚਾਹੀਦਾ ਹੈ, ਦੇਸ਼ ਭਗਤ ਨਹੀਂ।
ਭਾਰਤੀ ਲੜਕੀ ਪੀæਵੀæ ਸਿੰਧੂ ਦੇ ਤੇਵਰ ਵੀ ਚੜ੍ਹਦੀ ਕਲਾ ਵਾਲੇ ਸਨ। ਬਸੰਤੀ ਰੰਗ ਦੀ ਪੁਸ਼ਾਕ ਵਿਚ ਉਸ ਦਾ ਸਾਂਵਲਾ ਰੰਗ ਜਚ ਸਕਦਾ ਸੀ, ਜੇ ਉਸ ਦੇ ਚਿਹਰੇ ‘ਤੇ ਜਬਰਨ ਰਾਸ਼ਟਰੀ ਖੇਡ ਆਬਰੂ ਦਾ ਭਾਰ ਨਾ ਪਿਆ ਹੁੰਦਾ। ਸਮੁੱਚੇ ਭਾਰਤ ਨੂੰ ਸਿਰਫ ਉਸੇ ‘ਤੋਂ ਸੋਨ ਤਮਗੇ ਦੀ ਉਮੀਦ ਬਚੀ ਸੀ, ਜਿਸ ਲਈ ਉਸ ਦੇ ਮਨ ਵਿਚ ਜੋਸ਼ ਵੀ ਸੀ, ਫਿਕਰ ਵੀ ਤੇ ਮਲਾਲ ਵੀ। ਇੰਜ ਪ੍ਰਤੀਤ ਹੋਇਆ ਜਿਵੇਂ ਉਸ ਦਾ ਜ਼ਿਹਨ ਜੋਸ਼ ਤੇ ਫਿਕਰ ਦਾ ਅਖਾੜਾ ਬਣ ਗਿਆ ਹੋਵੇ, ਜਿਵੇਂ ਜੋਸ਼ ਫਿਕਰ ਨੂੰ ਵਧਾ ਰਿਹਾ ਹੋਵੇ, ਫਿਕਰ ਜੋਸ਼ ਨੂੰ ਤੇ ਦੋਨੋਂ ਮਿਲ ਕੇ ਮਲਾਲ ਨੂੰ। ਉਸ ਦਾ ਰੋਮ ਰੋਮ ਇਹ ਕਹਿੰਦਾ ਪ੍ਰਤੀਤ ਹੋ ਰਿਹਾ ਸੀ ਕਿ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਸਾਡਾ ਫਰਜ਼ ਹੈ, ਪਰ ਉਨ੍ਹਾਂ ਨੂੰ ਆਪਣੀਆਂ ਉਮੀਦਾਂ ਦੇ ਬੋਝ ਨਾਲ ਲੱਦ ਦੇਣਾ ਜਾਂ ਨੱਪ ਲੈਣਾ ਸਰਾਸਰ ਸਿਤਮ ਹੈ। ਸਿੰਧੂ ਇਸ ਤਰ੍ਹਾਂ ਦੇ ਸੂਖਮ ਸਿਤਮ ਦੀ ਮਾਰ ਹੇਠ ਨਜ਼ਰ ਆਈ।
ਭਾਰਤੀ ਸਮਾਜ ਦਾ ਤਾਣਾ-ਬਾਣਾ ਅਜਿਹਾ ਹੈ, ਜੋ ਸਾਡੀਆਂ ਮਾਂਵਾਂ ਨੂੰ ਗਰਭ ਦੌਰਾਨ ਹੀ ਗੁਰਬਤ ਦੀ ਡੋਜ਼ ਦਿੰਦਾ ਰਹਿੰਦਾ ਹੈ, ਜਿਸ ਦੇ ਅਮਿੱਟ ਨਿਸ਼ਾਨ ਬੱਚਿਆਂ ਦੇ ਚਿਹਰਿਆਂ ‘ਤੇ ਉਭਰ ਆਉਂਦੇ ਹਨ। ਸ਼ਾਇਦ ਇਸੇ ਕਰਕੇ ਸਾਡੇ ਦੁੱਧ ਚੁੰਘਦੇ ਬੱਚੇ ਵੀ Ḕਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾḔ ਦੇ ਰਾਗ ਅਲਾਪਦੇ ਹਨ।
ਪਰ, ਸਿੰਧੂ ਇਸ ਤਰ੍ਹਾਂ ਜਾਪੀ ਕਿ ਉਹ ਸਾਰੇ ਭਾਰਤੀ ਖਾਸੇ ਮੈਦਾਨ ਦੇ ਬਾਹਰ ਆਪਣੇ ਬੈਗ ਵਿਚ ਹੀ ਰੱਖ ਆਈ ਹੈ। ਵਾਰੇ ਵਾਰੇ ਜਾਈਏ ਉਸ ਦੀ ਦਲੇਰੀ, ਹੌਸਲੇ ਤੇ ਫੁਰਤੀ ਦੇ ਕਿ ਉਸ ਨੇ ਇਸ ਸਭ ਕਾਸੇ ਦੇ ਬਾਵਜੂਦ ਪਹਿਲੀ ਬਾਜ਼ੀ ਸਹਿਵਨ ਹੀ ਜਿੱਤ ਲਈ। ਉਸ ਦੇ ਚਿਹਰੇ ‘ਤੇ ਕੁਝ ਚਿਰ ਚਿੰਤਾ ਦੇ ਚਿਹਨ ਉਭਰੇ ਤੇ ਨਾਲ ਹੀ ਅਲੋਪ ਹੋ ਗਏ। ਉਹ ਇਕ ਅੱਛੇ ਖਿਡਾਰੀ ਦੇ ਸ਼ੁੱਧ ਮੁਜੱਸਮੇ ਵਿਚ ਖੇਡਦੀ ਨਜ਼ਰ ਆਈ।
ਦੂਸਰੀ ਬਾਜ਼ੀ ਵਿਚ ਸਪੇਨੀ ਬੀਬਾ ਮੈਰੀਨ, ਖਿਡਾਰਨ ਤੋਂ ਵੱਧ, ਇਕ ਹਮਲਾਵਰ ਦਾ ਰੁਖ ਅਖਤਿਆਰ ਕਰ ਗਈ, ਜਿਵੇਂ ਭੁੱਖੀ ਸ਼ੇਰਨੀ ਸ਼ਿਕਾਰ ਮਗਰ ਦੌੜ ਪਈ ਹੋਵੇ। ਦੂਸਰੀ ਬਾਜ਼ੀ ਮੈਰੀਨ ਨੇ ਹਥਿਆ ਲਈ। ਉਸ ਦਾ ਆਤਮ ਬਲ ਅਤੇ ਵਿਸ਼ਵਾਸ ਦੂਣਾ-ਚੌਣਾ ਹੋ ਗਿਆ, ਜਿਵੇਂ ਉਸ ਨੇ ਸਿੰਧੂ ਦੇ ਮੱਥੇ ਤੋਂ ਉਸ ਦੀ ਹਾਰ ਪੜ੍ਹ ਲਈ ਹੋਵੇ ਜਾਂ ਉਸ ਨੂੰ ਆਪਣੇ ਬਾਲਪਣ ਵਿਚ ਗਾਈ ਉਹ ਰਾਈਮ ਚੇਤੇ ਆ ਗਈ ਹੋਵੇ ਕਿ ਰੇਨ ਰੇਨ ਗੋ ਅਵੇ ਲਿਟਲ ਮੈਰੀਨ ਵਾਂਟਸ ਟੂ ਪਲੇ।
ਸਿੰਧੂ ਨੇ ਪੂਰਾ ਤਾਣ ਲਾਇਆ ਪਰ ਵਿਧਾਤਾ ਨੂੰ ਉਸ ਦੀ ਜਿੱਤ ਮਨਜ਼ੂਰ ਨਹੀਂ ਸੀ। ਸਿੰਧੂ ਤੋਂ ਇਕ ਸ਼ਾਟ ਪੁਰਅਸਰ ਨਾ ਖੇਡਿਆ ਗਿਆ, ਜੋ ਆਖਰੀ ਸਾਬਤ ਹੋਇਆ। ਸਿੰਧੂ ਮੈਦਾਨ ‘ਚ ਢੇਰੀ ਹੋ ਗਈ। ਮੈਰੀਨ ਨੇ ਆਪਣੀ ਜਿੱਤ ਦੇਖ ਕੇ ਛਿੱਕਾ ਹੱਥੋਂ ਛੱਡ ਦਿਤਾ ਤੇ ਮੈਦਾਨ ਵਿਚ ਇਵੇਂ ਸਪਾਟ ਲੇਟ ਗਈ, ਜਿਵੇਂ ਕੋਈ ਯੁਵਤੀ ਉਲੰਪਿਕ ਜਿੱਤ ਕੇ ਹੀ ਲੇਟ ਸਕਦੀ ਹੈ। ਜਿਵੇਂ ਉਹ ਮੈਦਾਨ ਨੂੰ ਪੂਰੀ ਦੇਹ ਦਾ ਚੁੰਮਣ ਦੇ ਰਹੀ ਹੋਵੇ! ਜਿਵੇਂ ਮੈਦਾਨ ਨੇ ਉਸ ਨੂੰ ਆਪਣੇ ਵਿਚ ਲਪੇਟ ਲੈਣਾ ਚਾਹਿਆ ਹੋਵੇ! ਜਿਵੇਂ ਉਸ ਦੇ ਮਨ ਵਿਚ ਜਜ਼ਬਿਆਂ ਦਾ ਕੋਹਰਾਮ ਮੱਚ ਉਠਿਆ ਹੋਵੇ! ਉਸ ਦੇ ਤੌਰ ਦੇਖ ਕੇ ਕੁਝ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਰੋਈ ਹੈ, ਹੱਸੀ ਹੈ, ਲੇਟੀ ਹੈ, ਬੈਠੀ ਹੈ, ਹਾਰੀ ਹੈ ਕਿ ਜਿੱਤੀ ਹੈ।
ਉਸੇ ਵਕਤ ਸਿੰਧੂ ਬੇਟੀ ਉਠੀ, ਸੰਭਲੀ ਤੇ ਮੈਰੀਨ ਕੋਲ ਗਈ। ਆਪਣਾ ਛਿੱਕਾ ਜ਼ਮੀਨ ‘ਤੇ ਰੱਖਿਆ, ਮੈਰੀਨ ਨੂੰ ਉਠਾਇਆ, ਜਿਵੇਂ ਉਹ ਆਪ ਜਿੱਤੀ ਹੋਵੇ। ਉਸ ਨਾਲ ਕੁਝ ਪਲ ਬਗਲਗੀਰ ਹੋਈ। ਜਿੱਤ ਨਾਲ ਹਾਲੋ-ਬੇਹਾਲ ਹੋਈ ਮੈਰੀਨ ਨੂੰ ਦਿਲਾਸਾ ਦਿਤਾ, ਜਿਵੇਂ ਕਹਿ ਰਹੀ ਹੋਵੇ ਕਿ ਜਿੱਤ ਹਾਰ ਕੋਈ ਐਡੀ ਗੱਲ ਨਹੀਂ ਹੁੰਦੀ। ਸਿੰਧੂ ਨੇ ਆਪਣਾ ਛਿੱਕਾ ਸੰਭਾਲਿਆ। ਮੈਰੀਨ ਦਾ ਸੁੱਟਿਆ ਛਿੱਕਾ ਵੀ ਚੁੱਕਿਆ ਤੇ ਮੈਦਾਨ ਦੇ ਬਾਹਰ ਇਤਮਿਨਾਨ ਨਾਲ ਰੱਖ ਦਿਤਾ। ਕਿਡਾ ਅਜੀਬ ਛਿੱਕਾ ਸੀ ਇਹ, ਜਿਸ ਨੇ ਮੈਰੀਨ ਨੂੰ ਜਿੱਤ ਬਖਸ਼ਿਸ਼ ਕੀਤੀ, ਪਰ ਉਸ ਨੂੰ ਸਿੰਧੂ ਕੋਲੋਂ ਇਜ਼ਤ ਨਸੀਬ ਹੋਈ। ਇਹ ਕੌਤਕ ਸਭ ਨੇ ਦੇਖਿਆ, ਪਰ ਰਹੱਸ ਕਿਸੇ ਨਾ ਸਮਝਿਆ।
ਇਹ ਭਾਰਤੀ ਤਹਿਜ਼ੀਬ ਹੈ। ਜੰਗ ਦਾ ਮੈਦਾਨ ਹੋਵੇ ਜਾਂ ਖੇਡ ਦਾ, ਯੋਧਿਆਂ ਦੇ ਸ਼ਸਤਰ ਪੂਜਣ ਯੋਗ ਹੁੰਦੇ ਹਨ। ਇਤਨਾ ਸਨਮਾਨ ਦਿਵਾਉਣ ਵਾਲੇ ਖੇਡ ਸ਼ਸਤਰ ਨੂੰ ਇਸ ਤਰ੍ਹਾਂ ਨਹੀਂ ਸੁੱਟਿਆ ਜਾਂ ਛੱਡਿਆ ਜਾ ਸਕਦਾ। ਜਿਸ ਖਿਡਾਰਨ ਨੇ ਤੁਹਾਨੂੰ ਹੁਣੇ ਹੁਣੇ ਸੋਨ ਤਮਗੇ ਤੋਂ ਵਿਰਵਾ ਕਰ ਦਿਤਾ ਹੋਵੇ, ਉਸ ਨਾਲ ਬਗਲਗੀਰ ਹੋਣਾ, ਜਿੱਤ ਦੀ ਮਖਮੂਰੀ ਤੋਂ ਮੁਕਤ ਕਰਨਾ, ਦਿਲਾਸਾ ਦੇਣਾ ਤੇ ਉਸ ਦੇ ਛਿੱਕੇ ਨੂੰ ਵੀ ਇਸ ਤਰ੍ਹਾਂ ਸਤਿਕਾਰ ਨਾਲ ਸਾਂਭਣਾ, ਭਾਰਤੀ ਤਹਿਜ਼ੀਬ ਦੇ ਹਿੱਸੇ ਆਇਆ। ਸਿੰਧੂ ਤੋਂ ਪਤਾ ਲੱਗਾ ਕਿ ਜਿੱਤੇ ਹੋਏ ਨੂੰ ਵੀ ਦਿਲਾਸਾ ਦੇਣ ਦੀ ਜ਼ਰੂਰਤ ਹੁੰਦੀ ਹੈ। ਨਹੀਂ ਤਾਂ ਜਿੱਤ ਵੀ ਖਿਡਾਰੀਆਂ ਨੂੰ ਪਸਤ ਕਰ ਦਿੰਦੀ ਹੈ। ਸੂਫੀ ਕਲਾਮ ਦੀ ਰਮਜ਼ ਦਾ ਭੇਤ ਖੁੱਲਿਆ ਕਿ ਜਿੱਤਣ ਦਾ ਮੁੱਲ ਕੌਡੀ ਪੈਂਦਾ, ਹਾਰਨ ਦਾ ਮੁੱਲ ਹੀਰਾ।
ਸਿੰਧੂ ਬੀਬਾ ਜਿੱਤ ਕੇ ਬੇਸ਼ੱਕ ਆਪਣੇ ਦੇਸ਼ ਦਾ ਨਾਂ ਰੌਸ਼ਨ ਨਾ ਕਰ ਸਕੀ, ਪਰ ਉਸ ਨੇ ਹਾਰ ਕੇ ਆਪਣੀ ਸਭਿਅਤਾ ਅਤੇ ਤਹਿਜ਼ੀਬ ਦੀ ਬੁਲੰਦੀ ਦਰਸਾ ਦਿਤੀ। ਮੈਂ ਆਪਣੇ ਦੇਸ਼ ਨਹੀਂ, ਤਹਿਜ਼ੀਬ ਦਾ ਭਗਤ ਹੋ ਗਿਆ। ਦੇਸ਼ ਮਿੱਟੀ ਹੈ, ਤਹਿਜ਼ੀਬ ਅਭਿਆਸ ਹੈ। ਅਖਬਾਰ ਵਿਚ ਆਇਆ ਕਿ ਜਾਤ ਅਭਿਮਾਨੀ ਅਤੇ ਖਬਤੀ ਲੋਕ ਗੂਗਲ ‘ਤੇ ਲਗਾਤਾਰ ਸਰਚਾਂ ਮਾਰ ਰਹੇ ਹਨ, ਇਹ ਜਾਣਨ ਲਈ ਕਿ ਸਿੰਧੂ ਦੀ ਜਾਤ ਕਿਹੜੀ ਹੈ। ਦਰਅਸਲ ਉਸ ਨੇ ਆਪਣੀ ਜਾਤ ਆਪਣੇ ਅਭਿਆਸ ਰਾਹੀਂ ਦਰਸਾ ਦਿੱਤੀ ਹੈ। ਸਿੰਧੂ ਬੀਬਾ ਸਪਤ ਸਿੰਧੂ ਸਭਿਅਤਾ ਦੀ ਮਲਿਕਾ ਹੈ ਤੇ ਹਿੰਦੁਸਤਾਨੀ ਤਹਿਜ਼ੀਬ ਦੀ ਮਹਾਰਾਣੀ। ਮੈਰੀਨ ਦਾ ਠਾਠ ਸਿੰਧੂ ਦੀ ਤਹਿਜ਼ੀਬ ਸਾਹਮਣੇ ਫਿੱਕਾ ਪੈ ਗਿਆ।