ਸੱਤ ਪੱਤਣਾਂ ਦਾ ਤਾਰੂ ਮਾਈਕਲ ਫੈਲਪਸ

ਪ੍ਰਿੰæ ਸਰਵਣ ਸਿੰਘ
ਸੱਤ ਪੱਤਣਾਂ ਦੇ ਤਾਰੂ ਮਾਈਕਲ ਫੈਲਪਸ ਨੂੰ ‘ਫਲਾਈਂਗ ਫਿਸ਼’ ਕਿਹਾ ਜਾਂਦੈ। ਉਡਣਾ ਤੈਰਾਕ। ਉਹਦੀਆਂ ਤਾਰੀਆਂ ਭੁਚਾਲ ਲਿਆ ਦਿੰਦੀਐਂ ਤੈਰਨ ਤਲਾਵਾਂ ‘ਚ। ਅੱਗ ਲਾ ਦਿੰਦੀਐਂ ਪਾਣੀਆਂ ਨੂੰ। ਉਸ ਨੂੰ ‘ਪਾਣੀਆਂ ਦਾ ਚੈਂਪੀਅਨ’ ਤੇ ‘ਬਾਲਟੀਮੋਰ ਬੁਲੇਟ’ ਦੇ ਖਿਤਾਬ ਮਿਲੇ ਹਨ। ਉਸ ਨੇ ਖੇਡਾਂ ਦੀ ਦੁਨੀਆਂ ਵਿਚ ਉਹ ਕੁਝ ਕਰ ਵਿਖਾਇਐ ਜਿਸ ਨੂੰ ਕੁਦਰਤ ਦਾ ਕੌਤਕ ਹੀ ਕਿਹਾ ਜਾ ਸਕਦੈ। ਹੈਰਾਨ ਹੋਈਦੈ ਕਿ ਅਜਿਹੇ ਅਫਲਾਤੂਨ ਵੀ ਧਰਤੀ ਉਤੇ ਹਨ! ਤੇ ਉਹ ਵੀ ਆਮ ਲੋਕਾਂ ‘ਚੋਂ। ਜਿੰਨਾ ਤੇਜ਼ ਉਹ ਤੈਰਦੈ, ਆਮ ਬੰਦਾ ਤਾਂ ਵਗ ਕੇ ਵੀ ਨਹੀਂ ਰਲ ਸਕਦਾ। ਸੌ ਮੀਟਰ ਦੀ ਤਾਰੀ ਉਸ ਨੇ 47æ51 ਸੈਕੰਡ ਵਿਚ ਲਾ ਵਿਖਾਈ ਹੈ! ਕੀ ਕਹੀਏ ਅਜਿਹੇ ਤੈਰਾਕ ਬਾਰੇ?

ਉਸ ਨੇ ਓਲੰਪਿਕ ਖੇਡਾਂ ਦੇ 28 ਤਮਗੇ ਜਿੱਤੇ ਹਨ! ਓਲੰਪਿਕ ਖੇਡਾਂ ‘ਚੋਂ ਤਾਂ ਇਕ ਤਮਗਾ ਜਿੱਤ ਲੈਣਾ ਹੀ ਮਾਣ ਨਹੀਂ ਹੁੰਦਾ। ਭਾਰਤ ਵਿਚ ਹੁਣ ਇਕੋ ਓਲੰਪਿਕ ਮੈਡਲ ਜਿੱਤਣ ਵਾਲੇ ਨੂੰ ਕਰੋੜਾਂ ਰੁਪਏ ਦੇ ਇਨਾਮ ਤੇ ਪਦਮ ਸਨਮਾਨ ਮਿਲਦੇ ਹਨ। ਫੈਲਪਸ ਨੇ ਓਲੰਪਿਕ ਖੇਡਾਂ ‘ਚੋਂ 23 ਸੋਨੇ, 3 ਚਾਂਦੀ ਤੇ 2 ਤਾਂਬੇ ਦੇ ਤਮਗੇ ਜਿੱਤੇ ਹਨ। ਉਹ ਓਲੰਪਿਕ ਖੇਡਾਂ ਦੇ ਇਤਿਹਾਸ ਦਾ ਸਭ ਤੋਂ ਵੱਧ ਮੈਡਲ ਜਿੱਤਣ ਵਾਲਾ ਖਿਡਾਰੀ ਹੈ। ਉਸ ਨੇ ਵਿਸ਼ਵ ਚੈਂਪੀਅਨਸ਼ਿਪਾਂ, ਓਲੰਪਿਕ ਖੇਡਾਂ ਤੇ ਪੈਨਮ ਖੇਡਾਂ ‘ਚੋਂ 83 ਮੈਡਲ ਜਿੱਤੇ ਹਨ ਅਤੇ 39 ਵਰਲਡ ਰਿਕਾਰਡ ਨਵਿਆਏ ਹਨ। ਬੋਹਲ ਲਾ ਦਿੱਤੈ ਮੈਡਲਾਂ ਦਾ ਉਸ ਨੇ। ਬੀਜਿੰਗ-2008 ਦੀਆਂ ਓਲੰਪਿਕ ਖੇਡਾਂ ‘ਚੋਂ 8 ਗੋਲਡ ਮੈਡਲ ਜਿੱਤਣ ਨਾਲ 7 ਵਿਸ਼ਵ ਰਿਕਾਰਡ ਤੇ 1 ਓਲੰਪਿਕ ਰਿਕਾਰਡ ਨਵਿਆ ਕੇ ਦੁਨੀਆ ਦੰਗ ਕਰ ਦਿੱਤੀ ਸੀ ਓਸ ਨੇ!
ਭਾਰਤ ਨੇ 1896 ਤੋਂ 2012 ਤਕ ਓਲੰਪਿਕ ਖੇਡਾਂ ‘ਚੋਂ ਮਸੀਂ 9 ਗੋਲਡ ਮੈਡਲ ਜਿੱਤੇ ਹਨ। ਸੋਚੋ, ਜੇ ਕਿਤੇ ਫੈਲਪਸ ਭਾਰਤ ਵਿਚ ਜੰਮਿਆ ਹੁੰਦਾ ਤਾਂ ਕੀ ਹੁੰਦਾ? ਬੀਜਿੰਗ ਦੀਆਂ ਓਲੰਪਿਕ ਖੇਡਾਂ ਦੇ ਦਿਨੀਂ ਸ਼ੁਰਲੀਆਂ ਛੱਡੀਆਂ ਗਈਆਂ, ਪਈ ਅਮਰੀਕਾ ਭਾਰਤ ਦੇ ਸਾਰੇ ਖਿਡਾਰੀ ਲੈ ਲਵੇ ਤੇ ਬਦਲੇ ਵਿਚ ਭਾਰਤ ਨੂੰ ਇਕੋ ਮਾਈਕਲ ਫੈਲਪਸ ਦੇ ਦੇਵੇ। ਫਿਰ ਦੇਖੇ ਭਾਰਤ ਦੇ ਹੱਥ!
ਫੈਲਪਸ ਨੇ 11 ਅਗਸਤ 2008 ਨੂੰ ਬੀਜਿੰਗ ਵਿਚ 4+100 ਮੀਟਰ ਦੀ ਰੀਲੇਅ ਤਾਰੀ ਤਰਦਿਆਂ ਆਪਣੇ ਹਿੱਸੇ ਦੀ ਤਾਰੀ 47æ51 ਸੈਕੰਡ ਵਿਚ ਲਾ ਵਿਖਾਈ ਸੀ। 200 ਮੀਟਰ ਉਹ 1:42æ96 ਸੈਕੰਡ ‘ਚ ਤਰਿਆ ਤੇ 400 ਮੀਟਰ 3:47æ79 ਸੈਕੰਡ ਵਿਚ। ਪੰਜ ਵਾਰ ਉਸ ਨੇ ਓਲੰਪਿਕ ਖੇਡਾਂ ਵਿਚ ਭਾਗ ਲਿਆ। ਸੱਤ ਵਾਰ ਉਹ ਵਿਸ਼ਵ ਦਾ ਸਰਬੋਤਮ ਤੈਰਾਕ ਐਲਾਨਿਆ ਜਾਂਦਾ ਰਿਹਾ। 2001 ਤੋਂ 16 ਤਕ ਉਸ ਨੇ ਵਿਸ਼ਵ ਪੱਧਰ ‘ਤੇ 83 ਤਮਗੇ ਜਿੱਤ ਕੇ ਮੈਡਲਾਂ ਦਾ ਬੋਹਲ ਲਾ ਦਿੱਤੈ।
ਮਾਈਕਲ ਨੇ ਤੈਰਨ ਦੇ ਨਾਲ ਨਾਲ ਦੋ ਕਿਤਾਬਾਂ ਵੀ ਲਿਖੀਆਂ ਹਨ। ਇਕ ਦਾ ਨਾਂ ਹੈ ‘ਬਿਨੀਤ ਦੀ ਸਰਫੇਸ’ ਤੇ ਦੂਜੀ ਦਾ ‘ਨੋ ਲਿਮਿਟਸ: ਦੀ ਵਿੱਲ ਟੂ ਸਕਸੀਡ।’ ਬੌਬ ਨੇ ਉਸ ਦੀ ਜੀਵਨੀ ਵੀ ਲਿਖੀ ਹੈ, ‘ਮਾਈਕਲ ਫੈਲਪਸ, ਦੀ ਅਨਟੋਲਡ ਸਟੋਰੀ ਆਫ ਏ ਚੈਂਪੀਅਨ।’ ਫੈਲਪਸ ਦਾ ਕਹਿਣਾ ਹੈ ਕਿ ਰਿਕਾਰਡ ਕਿੱਡੇ ਵੀ ਵੱਡੇ ਰੱਖੇ ਜਾਣ, ਆਖਰ ਟੁੱਟਣ ਲਈ ਹੁੰਦੇ ਹਨ। ਉਸ ਨੇ ਖੁਦ ਪਹਿਲੇ ਤਾਰੂਆਂ ਦੇ ਰਿਕਾਰਡ ਤੋੜੇ ਤੇ ਕੋਈ ਵਜ੍ਹਾ ਨਹੀਂ ਕਿ ਉਸ ਦੇ ਰਿਕਾਰਡ ਨਾ ਟੁੱਟਣ। ਇਹ ਵੱਖਰੀ ਗੱਲ ਹੈ ਕਿ ਸਮਾਂ ਵੱਧ ਲੱਗੇ ਜਾਂ ਘੱਟ। ਉਹ ਆਸ਼ਾਵਾਦੀ ਹੈ ਪਰ ਫੈਂਟਰ ਨਹੀਂ ਮਾਰਦਾ ਤੇ ਨਾ ਜਿੱਤ ਦੇ ਅਫਰੇਵੇਂ ਵਿਚ ਹੈਂਕੜ ਵਿਖਾਉਂਦੈ। ਉਸ ਨੇ ਮਿਸ਼ੀਗਨ ਯੂਨੀਵਰਸਿਟੀ, ਐਨ ਆਰਬਰ ਵਿਚ ਚਾਰ ਸਾਲ ਲਾਏ ਸਨ ਜਿਥੇ ਪੰਜਾਬੀ ਦੇ ਪ੍ਰਸਿੱਧ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਉਚੇਰੀ ਪੜ੍ਹਾਈ ਕੀਤੀ ਸੀ। ਗੁਰਬਖਸ਼ ਸਿੰਘ ਇੰਜੀਨੀਅਰਿੰਗ ਦਾ ਵਿਦਿਆਰਥੀ ਸੀ। ਫੈਲਪਸ ਸਪੋਰਟਸ ਮਾਰਕੀਟਿੰਗ ਐਂਡ ਮੈਨੇਜਮੈਂਟ ਦੇ ਕੋਰਸ ਦਾ ਵਿਦਿਆਰਥੀ ਰਿਹਾ।
ਲੰਡਨ-2012 ਦੀਆਂ ਓਲੰਪਿਕ ਖੇਡਾਂ ‘ਚ ਭਾਗ ਲੈ ਕੇ ਫੈਲਪਸ ਤੈਰਾਕੀ ਤੋਂ ਰਿਟਾਇਰ ਹੋ ਗਿਆ ਸੀ। ਬਾਅਦ ਵਿਚ ਖਬਰਾਂ ਆਈਆਂ ਕਿ ਸੰਭਵ ਹੈ ਉਹ 2016 ਵਿਚ ਰੀਓ ਡੀ ਜਨੇਰੋ ਦੀਆਂ ਓਲੰਪਿਕ ਖੇਡਾਂ ਵਿਚ ਵੀ ਭਾਗ ਲੈ ਲਵੇ। 31 ਸਾਲ ਦੀ ਉਮਰ ਵਿਚ ਉਸ ਨੇ ਸੱਚਮੁੱਚ ਰੀਓ ਦੀਆਂ ਓਲੰਪਿਕ ਖੇਡਾਂ ‘ਚ ਭਾਗ ਲਿਆ ਅਤੇ 5 ਸੋਨੇ ਤੇ 1 ਚਾਂਦੀ ਦਾ ਤਮਗਾ ਜਿੱਤ ਕੇ ਤੈਰਾਕੀ ਤੋਂ ਰਿਟਾਇਰ ਹੋਇਆ। ਪਰ ਕੀ ਪਤਾ ਰੀਓ ਵਾਂਗ ਟੋਕੀਓ ਓਲੰਪਿਕਸ ਵਿਚ ਵੀ ਤੈਰਨ ਦੀ ਉਮੰਗ ਜਾਗ ਪਵੇ?
ਉਹਦਾ ਪੂਰਾ ਨਾਂ ਮਾਈਕਲ ਫਰੈਡ ਫੈਲਪਸ ਦੂਜਾ ਹੈ। ਉਸ ਦਾ ਜਨਮ 30 ਜੂਨ 1985 ਨੂੰ ਅਮਰੀਕਾ ਦੀ ਮੈਰੀਲੈਂਡ ਸਟੇਟ ਦੇ ਸ਼ਹਿਰ ਬਾਲਟੀਮੋਰ ਨਜ਼ਦੀਕ ਟਾਊਸਨ ਵਿਚ ਹੋਇਆ। ਉਹ ਦੋ ਭੈਣਾਂ ਦਾ ਛੋਟਾ ਭਰਾ ਹੈ। ਵੱਡੀ ਭੈਣ ਵਿਟਨੀ 78 ‘ਚ ਜੰਮੀ ਸੀ ਤੇ ਛੋਟੀ ਭੈਣ ਹਿਲੈਰੀ 80 ਵਿਚ। ਉਨ੍ਹਾਂ ਦੀ ਮਾਂ ਮਿਡਲ ਸਕੂਲ ਦੀ ਪ੍ਰਿੰਸੀਪਲ ਸੀ। ਪਿਤਾ ਫੁੱਟਬਾਲ ਦਾ ਸ਼ੌਂਕੀ ਸੀ ਤੇ ਲਹਿਰੀ ਸੁਭਾਅ ਦਾ ਬੰਦਾ ਸੀ। ਫੈਲਪਸ 9 ਸਾਲਾਂ ਦਾ ਸੀ ਜਦੋਂ ਉਹਦਾ ਪਿਤਾ ਉਸ ਦੀ ਮਾਂ ਨੂੰ ਤਲਾਕ ਦੇ ਕੇ ਚਲਾ ਗਿਆ ਤੇ ਕਿਸੇ ਹੋਰ ਨਾਲ ਸ਼ਾਦੀ ਕਰ ਲਈ। ਬੱਚਿਆਂ ਦੀ ਪਾਲਣਾ ਪੋਸਣਾ ਤੇ ਪੜ੍ਹਾਈ ਮਾਂ ਨੇ ਕਰਾਈ। ਫੈਲਪਸ ਦਾ ਪਿਛੋਕੜ ਇੰਗਲਿਸ਼, ਆਇਰਸ਼, ਸਕਾਟਿਸ਼, ਵੈਲਿਸ਼ ਤੇ ਜਰਮਨ ਦੀ ਅੰਸ਼-ਵੰਸ਼ ਦਾ ਹੈ। ਉਹਦੇ ‘ਚ ਦੋਗਲੀਆਂ ਨਸਲਾਂ ਦਾ ਲਹੂ ਤਾਰੀਆਂ ਲਾਉਂਦੈ!
ਫੈਲਪਸ ਨੂੰ ਨਿੱਕੇ ਹੁੰਦਿਆਂ ਅਟੈਨਸ਼ਨ ਡੈਫੀਸਿਟ ਡਿਸਆਰਡਰ ਦੀ ਬਿਮਾਰੀ ਸੀ। ਉਸ ਵਿਚ ਲੋਹੜੇ ਦੀ ਊਰਜਾ ਸੀ ਜੋ ਉਸ ਨੂੰ ਟਿਕਾਅ ਨਹੀਂ ਸੀ ਲੈਣ ਦਿੰਦੀ। ਉਹਦੇ ਮਾਪਿਆਂ ਨੂੰ ਡਾਕਟਰਾਂ ਨੇ ਸਲਾਹ ਦਿੱਤੀ ਕਿ ਇਹਨੂੰ ਤੈਰਨ ਲਾਓ। ਫੈਲਪਸ ਪਾਣੀ ‘ਚ ਸਿਰ ਡਬੋਣ ਤੋਂ ਡਰਦਾ ਸੀ। ਉਸ ਨੂੰ ਸੇਫਟੀ ਜੈਕਟ ਪੁਆ ਕੇ ਪਾਣੀ ‘ਚ ਉਤਾਰਿਆ ਗਿਆ ਤਾਂ ਉਸ ਨੇ ਪੁੱਠੀ ਤਾਰੀ ਲਾਈ। ਉਹ 7 ਸਾਲਾਂ ਦਾ ਸੀ ਜਦੋਂ ਭੈਣਾਂ ਨੂੰ ਤੈਰਦੀਆਂ ਵੇਖ ਕੇ ਤੈਰਨ ਲੱਗ ਪਿਆ। ਫਿਰ ਕੋਚ ਬੌਬ ਬਾਊਮੈਨ ਦੀਆਂ ਨਜ਼ਰਾਂ ਵਿਚ ਆ ਗਿਆ ਜਿਸ ਨੇ ਉਸ ਨੂੰ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ। ਉਹ ਹਾਲੇ 15 ਸਾਲਾਂ ਦਾ ਸੀ ਕਿ ਸਿਡਨੀ-2000 ਦੀਆਂ ਓਲੰਪਿਕ ਖੇਡਾਂ ਲਈ ਅਮਰੀਕਾ ਦੀ ਰਿਲੇਅ ਟੀਮ ਵਿਚ ਚੁਣਿਆ ਗਿਆ। 70 ਸਾਲਾਂ ਵਿਚ ਪਹਿਲੀ ਵਾਰ ਸੀ ਕਿ ਏਨੀ ਛੋਟੀ ਉਮਰ ਦਾ ਤੈਰਾਕ ਅਮਰੀਕਾ ਦੀ ਟੀਮ ਵਿਚ ਚੁਣਿਆ ਗਿਆ। ਸਿਡਨੀ ਵਿਚ ਉਹ ਕੋਈ ਤਮਗਾ ਤਾਂ ਨਾ ਜਿੱਤਿਆ ਪਰ ਨਵਾਂ ਉਤਸ਼ਾਹ ਲੈ ਕੇ ਜ਼ਰੂਰ ਮੁੜਿਆ।
ਫਿਰ 15 ਸਾਲ 9 ਮਹੀਨੇ ਦੀ ਛੋਟੀ ਉਮਰ ਵਿਚ ਉਸ ਨੇ 200 ਮੀਟਰ ਬਟਰ ਫਲਾਈ ਤਾਰੀ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ! ਉਹਦੀ ਹੋਣਹਾਰੀ ਦੀਆਂ ਧੁੰਮਾਂ ਪੈ ਗਈਆਂ। 2001 ਵਿਚ ਉਸ ਨੇ 400 ਮੀਟਰ ਫਰੀ ਸਟਾਈਲ ਤਾਰੀ ਦਾ ਵੀ ਨਵਾਂ ਵਰਲਡ ਰਿਕਾਰਡ ਰੱਖਿਆ। ਇਸ ਪਿੱਛੋਂ ਉਸ ਦੀਆਂ ਜਿੱਤਾਂ ਦਾ ਦੌਰ ਸ਼ੁਰੂ ਹੋ ਗਿਆ। ਉਸ ਦਾ ਕੱਦ 6 ਫੁੱਟ 4 ਇੰਚ ਹੈ ਤੇ ਵਜ਼ਨ 88 ਕਿਲੋਗਰਾਮ। ਲੱਤਾਂ ਬਾਹਾਂ ਲੰਮੀਆਂ ਹਨ, ਲੱਕ ਪਤਲਾ, ਮੋਢੇ ਚੌੜੇ ਤੇ ਜੁੱਸਾ ਗੁੰਦਵਾਂ। ਧੌਣ ਲੰਮੀ ਹੈ, ਠੋਡੀ ਚੌੜੀ, ਸਿਰ ਦਾ ਆਕਾਰ ਛੋਟਾ ਜਿਸ ਕਰਕੇ ਧੌਣ ਵਰਗਾ ਹੀ ਲੱਗਦੈ। ਚਿਹਰਾ ਲੰਮੂਤਰਾ ਹੈ, ਅੱਖਾਂ ਨਸਵਾਰੀ ਤੇ ਸਿਹਲੀਆਂ ਸੰਘਣੀਆਂ। ਹੱਸਦਾ ਹੈ ਤਾਂ ਗੋਲ ਬੁੱਲ੍ਹਾਂ ‘ਚੋਂ ਚਿੱਟੇ ਦੰਦ ਚਮਕ ਉਠਦੇ ਹਨ। ਪਿੰਡੇ ‘ਤੇ ਵਾਲ ਨਾਂਮਾਤਰ, ਹੱਥ ਚੌੜੇ ਚਪਟੇ ਚੱਪੂਆਂ ਵਰਗੇ, ਕੰਨ ਵੱਡੇ ਤੇ ਸਿਰ ਦੇ ਵਾਲ ਛੋਟੇ।
ਉਸ ਨੇ 2003 ਵਿਚ ਟਾਊਸਨ ਦੇ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਸੀ। 2004 ਤੋਂ 8 ਤਕ ਉਹ ਐਨ ਆਰਬਰ ਰਿਹਾ ਜਿਥੇ ਉਸ ਦਾ ਕੋਚ ਬੌਬ ਬਾਊਮਨ ਮਿਸ਼ੀਗਨ ਯੂਨੀਵਰਸਿਟੀ ਦਾ ਨਵਾਂ ਕੋਚ ਸੀ। ਉਹੀ ਉਸ ਨੂੰ ਉਥੇ ਲੈ ਗਿਆ ਸੀ। ਚਾਰ ਸਾਲਾਂ ਬਾਅਦ ਕੋਚ ਬਾਲਟੀਮੋਰ ਮੁੜਿਆ ਤਾਂ ਉਹ ਵੀ ਨਾਲ ਈ ਮੁੜ ਪਿਆ। 2003 ਵਿਚ ਤੈਰਾਕੀ ਦੀ ਵਿਸ਼ਵ ਚੈਂਪੀਅਨਸ਼ਿਪ ‘ਚੋਂ ਉਸ ਨੇ 4 ਗੋਲਡ ਤੇ 2 ਸਿਲਵਰ ਮੈਡਲ ਜਿੱਤੇ। ਏਥਨਜ਼-2004 ਦੀਆਂ ਓਲੰਪਿਕ ਖੇਡਾਂ ‘ਚੋਂ ਉਹਨੇ 6 ਸੋਨੇ ਤੇ 2 ਤਾਂਬੇ ਦੇ ਤਮਗੇ ਜਿੱਤਦਿਆਂ 3 ਓਲੰਪਿਕ ਤੇ 2 ਵਰਲਡ ਰਿਕਾਰਡ ਤੋੜੇ। ਇੰਜ ਉਸ ਨੇ ਇਕੋ ਓਲੰਪਿਕਸ ਵਿਚੋਂ ਸੋਵੀਅਤ ਰੂਸ ਦੇ ਜਿਮਨਾਸਟ ਅਲੈਗਜ਼ੈਂਡਰ ਦਿਤੀਆਤਿਨ ਦੇ ਮਾਸਕੋ-1980 ਦੀਆਂ ਓਲੰਪਿਕ ਖੇਡਾਂ ਵਿਚ ਜਿੱਤੇ 8 ਮੈਡਲਾਂ ਦੀ ਬਰਾਬਰੀ ਕਰ ਲਈ। 2005 ਦੀ ਵਰਲਡ ਚੈਂਪੀਅਨਸ਼ਿਪ ‘ਚ ਉਸ ਨੇ ਇਕ ਸਿਲਵਰ ਤੇ 5 ਗੋਲਡ ਮੈਡਲ ਜਿੱਤੇ। 2007 ਦੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਵਿਚ ਉਹ 7 ਸੋਨੇ ਦੇ ਤਮਗੇ ਜਿੱਤਣ ਨਾਲ 5 ਵਿਸ਼ਵ ਰਿਕਾਰਡ ਰੱਖ ਗਿਆ!
ਏਥਨਜ਼-2004 ਦੀਆਂ ਓਲੰਪਿਕ ਖੇਡਾਂ ‘ਚ ਉਹ 200 ਮੀਟਰ ਫਰੀ ਸਟਾਈਲ ਤਾਰੀ ਵਿਚ ਆਸਟ੍ਰੇਲੀਆ ਦੇ ਤੈਰਾਕ ਇਆਨ ਥੋਰਪੇ ਤੋਂ ਹਾਰ ਗਿਆ ਸੀ। 2008 ਵਿਚ ਬੀਜਿੰਗ ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਇਆਨ ਥੋਰਪੇ ਨੇ ਭਵਿੱਖਵਾਣੀ ਕੀਤੀ ਸੀ ਕਿ ਕੋਈ ਤੈਰਾਕ ਇਕੋ ਓਲੰਪਿਕਸ ਵਿਚੋਂ ਅਮਰੀਕਾ ਦੇ ਤੈਰਾਕ ਮਾਰਕ ਸਪਿਟਜ਼ ਦਾ 7 ਸੋਨ ਤਗਮੇ ਜਿੱਤਣ ਦਾ ਰਿਕਾਰਡ ਕਦੇ ਨਹੀਂ ਤੋੜ ਸਕੇਗਾ। ਪਰ ਮਾਈਕਲ ਫੈਲਪਸ ਨੇ ਬੀਜਿੰਗ ਤੋਂ 8 ਗੋਲਡ ਮੈਡਲ ਜਿੱਤ ਕੇ ਥੋਰਪੇ ਦੀ ਭਵਿੱਖਵਾਣੀ ਝੁਠਲਾ ਦਿੱਤੀ। ਉਥੇ ਉਸ ਨੇ 8 ਸੋਨ ਤਗਮਿਆਂ ਨਾਲ 1 ਓਲੰਪਿਕ ਤੇ 7 ਵਿਸ਼ਵ ਰਿਕਾਰਡ ਵੀ ਰੱਖੇ। ਅਜਿਹਾ ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ!
ਲੰਡਨ-2012 ਦੀਆਂ ਓਲੰਪਿਕ ਖੇਡਾਂ ‘ਚ ਮਾਈਕਲ ਫੈਲਪਸ ਤੇ ਉਸੈਨ ਬੋਲਟ ਦੀ ਚਰਚਾ ਸਭ ਤੋਂ ਵੱਧ ਸੀ। ਲੰਡਨ ਦੀ ਗਲੀ ਗਲੀ ਵਿਚ ਉਨ੍ਹਾਂ ਦੀਆਂ ਗੱਲਾਂ ਹੁੰਦੀਆਂ ਸਨ। ਸੁਆਲ ਸੀ, ਕੀ ਉਹ ਬੀਜਿੰਗ ਦੀਆਂ ਜਿੱਤਾਂ ਨੂੰ ਦੁਹਰਾ ਸਕਣਗੇ? ਉਥੇ ਮੁੱਢਲੀ ਹਾਰ ਤੋਂ ਬਾਅਦ ਫੈਲਪਸ ਨੇ 4 ਸੋਨੇ ਤੇ 2 ਚਾਂਦੀ ਦੇ ਤਮਗੇ ਜਿੱਤੇ। ਇੰਜ ਉਹਦੇ ਓਲੰਪਿਕ ਖੇਡਾਂ ਵਿਚ ਜਿੱਤੇ ਤਮਗਿਆਂ ਦੀ ਗਿਣਤੀ 22 ਹੋ ਗਈ।
ਕਈਆਂ ਨੇ ਸ਼ੱਕ ਪ੍ਰਗਟ ਕੀਤਾ ਕਿ ਫੈਲਪਸ ਕਿਤੇ ਲੁਕਵੀਂ ਛਿਪਵੀਂ ਡੋਪਿੰਗ ਨਾ ਕਰਦਾ ਹੋਵੇ। ਵਰਜਿਤ ਡਰੱਗ ਨਾ ਲੈਂਦਾ ਹੋਵੇ। ਵਾਡਾ ਵੱਲੋਂ ਉਸ ਦਾ 9 ਵਾਰ ਡੋਪ ਟੈਸਟ ਹੋਇਆ ਤੇ ਉਹ ਹਰ ਵਾਰ ਖਰਾ ਖਿਡਾਰੀ ਸਾਬਤ ਹੋਇਆ। ਉਹ ਮੈਂਡੇਟਰੀ ਡੋਪ ਟੈਸਟਾਂ ਤੋਂ ਬਿਨਾਂ ਖੁਦ ਵਾਧੂ ਟੈਸਟਾਂ ਲਈ ਵੀ ਆਪਣੇ ਆਪ ਨੂੰ ਪੇਸ਼ ਕਰਦਾ ਰਿਹਾ। ਇਹ ਵੱਖਰੀ ਗੱਲ ਹੈ ਕਿ 19 ਸਾਲ ਦੀ ਉਮਰ ਵਿਚ ਇਕ ਵਾਰ ਉਹ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਸੀ। ਉਹ ਏਥਨਜ਼-2004 ਦੀਆਂ ਓਲੰਪਿਕ ਖੇਡਾਂ ਤੋਂ 8 ਮੈਡਲ ਜਿੱਤ ਕੇ ਮੁੜਿਆ ਸੀ ਕਿ ਸ਼ਰਾਬ ਦੇ ਸਰੂਰ ਵਿਚ ਆਪਣੇ ਸ਼ਹਿਰ ਨੇੜੇ ਸੈਲਿਸਬਰੀ ਦੇ ਇਕ ‘ਸਟਾਪ’ ਸਾਈਨ ‘ਤੇ ਨਾ ਰੁਕਿਆ। ਸਿੱਧਾ ਲੰਘ ਜਾਣ ‘ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ 250 ਡਾਲਰ ਜੁਰਮਾਨਾ ਹੋਇਆ ਤੇ 18 ਮਹੀਨੇ ਦੀ ਪ੍ਰੋਬੇਸ਼ਨ ਲੱਗੀ। ਉਸ ਨੂੰ ਸਕੂਲ ਦੇ ਬੱਚਿਆਂ ਸਾਹਮਣੇ, ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਔਗਣਾਂ ਬਾਰੇ ਭਾਸ਼ਨ ਦੇਣ ਦੀ ਸਜ਼ਾ ਭੁਗਤਣੀ ਪਈ। ਡਰਿੰਕ ਐਂਡ ਡਰਾਈਵ ਦੇ ਖਿਲਾਫ ਮਾਂਵਾਂ ਦੀ ਸਭਾ ਵਿਚ ਹਾਜ਼ਰੀ ਭਰਨੀ ਪਈ। ਉਸ ਨੇ ਮੰਨਿਆ ਕਿ ਇਸ ਗਲਤੀ ਨਾਲ ਉਸ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਦਾ ਸਿਰ ਨੀਵਾਂ ਹੋਇਆ ਹੈ। ਅੱਗੋਂ ਉਹ ਅਜਿਹੀ ਗਲਤੀ ਨਹੀਂ ਕਰੇਗਾ।
ਮਾਈਕਲ ਦੇ ਕੋਚ ਦਾ ਕਹਿਣਾ ਹੈ ਕਿ ਫੈਲਪਸ ਬੜਾ ਮਿਹਨਤੀ ਤੇ ਇਰਾਦੇ ਦਾ ਪੱਕਾ ਹੈ। ਉਹ ਕੋਚਿੰਗ ਦੇ ਸਬਕ ਸਮਝਦਾ ਤੇ ਦਿਲ ਜਾਨ ਨਾਲ ਅਭਿਆਸ ਕਰਦਾ ਹੈ। ‘ਸਪੀਡ’ ਨੇ ਉਸ ਨੂੰ ਸਪਾਂਸਰ ਕੀਤਾ ਹੋਇਐ। ਤੈਰਨ ਵੇਲੇ ਉਸ ਦੀਆਂ ਐਨਕਾਂ ‘ਤੇ ‘ਸਪੀਡ’ ਦੇ ਅੱਖਰ ਚਮਕਦੇ ਨੇ। ਫੈਲਪਸ ਦਿਲ ਦਾ ਦਿਆਲੂ ਹੈ ਜੋ ਹੋਰਨਾਂ ਦੇ ਕੰਮ ਆ ਕੇ ਖੁਸ਼ ਹੁੰਦੈ। ਉਸ ਨੇ ‘ਸਪੀਡ’ ਤੋਂ ਮਿਲੇ ਦਸ ਲੱਖ ਡਾਲਰਾਂ ਦੇ ਵਜੀਫੇ ਨਾਲ ਆਪਣੇ ਸ਼ਹਿਰ ਵਿਚ ਮਾਈਕਲ ਫੈਲਪਸ ਫਾਊਂਡੇਸ਼ਨ ਬਣਾਈ ਹੈ ਜੋ ਬੱਚਿਆਂ ਨੂੰ ਚੰਗੀ ਸਿਹਤ ਬਣਾਉਣ, ਤੈਰਾਕੀ ਦੀ ਕੋਚਿੰਗ ਦੇਣ ਤੇ ਵਧੀਆ ਇਨਸਾਨ ਬਣਨ ਦੀ ਲਗਨ ਲਾਉਣ ਲਈ ਹੈ। ਸ਼ਹਿਰ ਵਾਸੀਆਂ ਨੇ ਇਕ ਸੜਕ ਦਾ ਨਾਂ ‘ਮਾਈਕਲ ਫੈਲਪਸ ਵੇਅ’ ਰੱਖ ਦਿੱਤਾ ਹੈ। ਉਹ ਜੀਂਦੇ ਜੀਅ ਮਿੱਥ ਬਣ ਗਿਆ ਹੈ।
ਉਸ ਨੂੰ ਬੇਅੰਤ ਇਨਾਮ ਸਨਮਾਨ ਮਿਲੇ ਹਨ। 2003, 4, 6, 7, 8, 9 ਤੇ 12 ਵਿਚ ਉਹ ਵਿਸ਼ਵ ਦੇ ਸਰਬੋਤਮ ਤੈਰਾਕ ਦਾ ਅਵਾਰਡ ਲੈ ਚੁੱਕੈ। ਮੈਰੀਲੈਂਡ ਦੀ ਅਸੰਬਲੀ ਨੇ ਉਹਦਾ ਉਚੇਚਾ ਮਾਣ ਸਨਮਾਨ ਕੀਤਾ। ਉਹਦੇ ਮਾਨਾਂ ਸਨਮਾਨਾਂ ਦੀ ਗਿਣਤੀ ਦਰਜਨਾਂ ਵਿਚ ਹੈ। ਉਹ ਅਮਰੀਕਾ ਹੀ ਨਹੀਂ, ਵਿਸ਼ਵ ਦਾ ਵਿਸ਼ੇਸ਼ ਵਿਅਕਤੀ ਹੈ। ਉਸ ਨੇ ਆਪਣੇ ਖੇਡ ਕੈਰੀਅਰ ਵਿਚ 39 ਵਿਸ਼ਵ ਰਿਕਾਰਡ ਰੱਖੇ ਜਿਨ੍ਹਾਂ ਵਿਚ 29 ਨਿਜੀ ਤੇ 10 ਰਿਲੇਅ ਟੀਮਾਂ ਦੇ ਹਨ। ਉਸ ਤੋਂ ਪਹਿਲਾਂ ਮਾਰਕ ਸਪਿਟਜ਼ ਨੇ 33 ਵਿਸ਼ਵ ਰਿਕਾਰਡ ਰੱਖੇ ਸਨ ਜਿਨ੍ਹਾਂ ਵਿਚ 26 ਨਿਜੀ ਤੇ 7 ਰਿਲੇਅ ਟੀਮਾਂ ਦੇ ਸਨ। ਲੰਡਨ ਦੀਆਂ ਓਲੰਪਿਕ ਖੇਡਾਂ ਪਿੱਛੋਂ ਉਸ ਨੇ ਕਿਹਾ ਸੀ ਕਿ ਹੁਣ ਉਹਦਾ ਪੂਲ ਦੇ ਪਾਣੀਆਂ ਤੋਂ ਜੀਅ ਭਰ ਗਿਆ ਹੈ ਤੇ ਉਹ ਸਾਗਰਾਂ ‘ਚ ਤੈਰਨ ਦੇ ਸੁਫਨੇ ਲੈ ਰਿਹੈ। ਸਾਗਰਾਂ ਦੀ ਸੈਰ ਕਰਦਾ ਫਿਰ ਕਹਿਣ ਲੱਗ ਪਿਆ, ਪਤਾ ਨਹੀਂ ਮੈਂ ਕੀ ਕਰਨ ਲੱਗ ਪਵਾਂ? ਰੀਓ ਦੇ ਓਲੰਪਿਕ ਪੂਲ ਵਿਚ ਤਾਂ ਉਸ ਨੂੰ ਵੇਖ ਹੀ ਲਿਐ, ਕੀ ਪਤਾ ਟੋਕੀਓ ਦੇ ਪੂਲ ਵਿਚ ਫਿਰ ਫਲਾਈਂਗ ਫਿਸ਼ ਬਣਿਆ ਵੇਖ ਲਈਏ?