ਵਿਦਿਆ ਨਗਰੀ ਮਾਹਿਲਪੁਰ ਤੋਂ ਖੱਟੀਆਂ-ਮਿੱਠੀਆਂ

ਗੁਲਜ਼ਾਰ ਸਿੰਘ ਸੰਧੂ
ਜ਼ਿਲਾ ਹੁਸ਼ਿਆਰਪੁਰ ਦਾ ਇਕ ਆਮ ਜਿਹਾ ਕਸਬਾ ਮਾਹਿਲਪੁਰ ਵਿਦਿਆ ਦੀ ਅਹਿਮ ਨਗਰੀ ਹੈ। ਇਥੋਂ ਦੇ ਅਗਾਂਹਵਧੂ ਸੋਚ ਵਾਲੇ ਸਿੱਖਾਂ ਨੇ ਜਦੋਂ 1909 ਵਿਚ ਪੰਜਵੀਂ ਸ਼੍ਰੇਣੀ ਤੱਕ ਦੇ ਖਾਲਸਾ ਸਕੂਲ ਦੀ ਸਥਾਪਨਾ ਕੀਤੀ ਤਾਂ ਆਰੀਆ ਸਮਾਜੀ ਸੋਚ ਵਾਲੇ ਇਸ ਤੋਂ ਪਹਿਲਾਂ ਹੀ ਆਰੀਆ ਸਕੂਲ ਸਥਾਪਤ ਕਰ ਚੁੱਕੇ ਸਨ। ਬਹੁਤ ਘਟ ਲੋਕਾਂ ਨੂੰ ਪਤਾ ਹੋਵੇਗਾ ਕਿ ਜ਼ਿਲਾ ਜਲੰਧਰ ਦਾ ਜੰਮਿਆ ਜਾਇਆ ਤੇ ਅਗਾਂਹਵਧੂ ਬਿਰਤੀ ਨੂੰ ਪ੍ਰਣਾਇਆ ਮਾਸਟਰ ਮੋਤਾ ਸਿੰਘ 1914 ਵਿਚ ਖਾਲਸਾ ਸਕੂਲ ਦਾ ਮੁੱਖੀ ਥਾਪਿਆ ਗਿਆ ਜਿਸ ਨੇ ਆਪਣੇ ਵਰਗੀ ਸੋਚ ਵਾਲੀ ਪਨੀਰੀ ਤਿਆਰ ਕਰਨ ਵਿਚ ਕੋਈ ਕਸਰ ਨਾ ਛੱਡੀ।

ਇਹ ਸਕੂਲ ਪ੍ਰਾਇਮਰੀ ਤੋਂ ਮਿਡਲ ਹੋਇਆ ਤੇ ਉਸ ਪਿੱਛੋਂ ਹਾਈ ਸਕੂਲ, ਜਿਸ ਨੂੰ ਚੜ੍ਹਦੀ ਕਲਾ ਵਿਚ ਲਿਜਾਣ ਵਾਲਾ ਧੜੱਲੇਦਾਰ ਵਿਦਿਆ ਸ਼ਾਸਤਰੀ ਹਰਭਜਨ ਸਿੰਘ ਸੀ। ਉਹ ਵਾਹਿਦ ਹਸਤੀ ਸੀ ਜਿਸ ਨੇ 1946 ਵਿਚ ਇਸ ਵਿਦਿਅਕ ਸੰਸਥਾ ਨੂੰ ਕਾਲਜ ਪੱਧਰ ਦੀ ਪੜ੍ਹਾਈ ਤੱਕ ਪਹੁੰਚਾਇਆ। ਅੱਜ ਦੇ ਦਿਨ ਇਸ ਕਾਲਜ ਦੀਆਂ ਪ੍ਰਾਪਤੀਆਂ ਉਤੇ ਝਾਤ ਪਾਈਏ ਤਾਂ ਸੱਚ ਮੁੱਚ ਹੀ ਗੌਰਵਮਈ ਹਨ। ਬਰਸਾਤੀ ਚੋਆਂ ਤੇ ਕੱਕੀ ਰੇਤ ਦੇ ਸ਼ਿਕਾਰ ਇਸ ਖੇਤਰ ਵਿਚ ਮਾਸਟਰ ਮੋਤਾ ਸਿੰਘ ਨੇ ਜਿਹੜੇ ਬੂਟੇ ਲਾਏ, ਉਨ੍ਹਾਂ ਨੂੰ ਬੁਲੰਦੀਆਂ ‘ਤੇ ਪਹੁੰਚਾਣ ਵਾਲਾ ਪ੍ਰਿੰਸੀਪਲ ਹਰਭਜਨ ਸਿੰਘ ਸੀ। ਉਨ੍ਹਾਂ ਸਮਿਆਂ ਵਿਚ ਜਦੋਂ ਕੁੜੀਆਂ ਦਾ ਮੁੰਡਿਆਂ ਦੇ ਸਾਹਮਣਿਓਂ ਲੰਘਣਾ ਵੀ ਮਨ੍ਹਾਂ ਸੀ, ਉਸ ਨੇ ਖਾਲਸਾ ਕਾਲਜ ਸਥਾਪਤ ਕਰਕੇ ਉਸ ਵਿਚ ਮੁੰਡੇ-ਕੁੜੀਆਂ ਦੀ ਸਾਂਝੀ ਵਿਦਿਆ ਦਾ ਪ੍ਰਬੰਧ ਕੀਤਾ। ਭਾਵੇਂ ਮੁੰਡਿਆਂ ਦੇ ਟਾਕਰੇ ਕੁੜੀਆਂ ਪੰਜਾਹ ਵਿਚੋਂ ਪੰਜ ਦੀ ਨਿਸਬਤ ਨਾਲ ਹੀ ਪੜ੍ਹਦੀਆਂ ਸਨ ਪਰ ਕਿਸੇ ਮੁੰਡੇ ਦੀ ਕੀ ਮਜਾਲ ਸੀ ਕਿ ਉਹ ਆਪਣੀ ਜਮਾਤਣ ਨੂੰ ਗਲਤ ਮਲਤ ਗੱਲ ਕਹੇ। ਕੁੜੀਆਂ ਉਚੀ ਧੌਣ ਕਰਕੇ ਅਤੇ ਸਿਰ ਢੱਕ ਕੇ ਟੌਹਰ ਨਾਲ ਤੁਰਦੀਆਂ।
ਪ੍ਰਿੰਸੀਪਲ ਮੁੰਡਿਆਂ ਨੂੰ ਖੇਡ ਦੇ ਮੈਦਾਨ ਵਿਚ ਮੱਲਾਂ ਮਾਰਨ ਲਈ ਪ੍ਰੇਰਦਾ। ਉਸ ਦੇ ਪੜ੍ਹਾਏ ਜਰਨੈਲ ਸਿੰਘ ਤੇ ਗੁਰਦੇਵ ਸਿੰਘ ਅਰਜਨ ਐਵਾਰਡੀ ਹੋਏ। ਸਤੀਸ਼ ਬਤਰਾ ਤੇ ਹੰਸ ਰਾਜ ਸਵੈਨ ਕ੍ਰਮਵਾਰ ਭਾਰਤੀ ਪ੍ਰਸ਼ਾਸਨ ਸੇਵਾ ਤੇ ਭਾਰਤੀ ਪੁਲਿਸ ਸੇਵਾ ਵਿਚ ਉਚੇ ਅਹੁਦਿਆਂ ਉਤੇ ਪਹੁੰਚੇ। ਉਸ ਦੀਆਂ ਪਾਈਆਂ ਪਿਰਤਾਂ ਦਾ ਹੀ ਨਤੀਜਾ ਹੈ ਕਿ ਇਸ ਕਾਲਜ ਤੋਂ ਪੁਲਿਸ ਵਿਚ ਗਏ ਵਿਦਿਆਰਥੀ ਹਰਿਆਣਾ, ਪੰਜਾਬ, ਦਿੱਲੀ ਤੇ ਹਿਮਾਚਲ ਵਿਚ ਹੀ ਨਹੀਂ, ਗੁਜਰਾਤ ਵਿਚ ਵੀ ਪੁਲਿਸ ਮੁਖੀ ਦੀ ਪਦਵੀ ਤੱਕ ਪਹੁੰਚੇ। ਤਿੰਨ ਹੋਰ ਪ੍ਰਸ਼ਾਸਕੀ ਸੇਵਾ, ਦੋ ਮਾਲ ਸੇਵਾ, ਦੋ ਅਦਾਲਤੀ ਸੇਵਾ ਅਤੇ ਬਖਸ਼ੀਸ਼ ਸਿੰਘ ਨਿੱਝਰ ਤੇ ਅਜਾਇਬ ਕਮਲ ਨੇ ਸਾਹਿਤ ਤੇ ਸਭਿਆਚਾਰ ਵਿਚ ਮੱਲਾਂ ਮਾਰੀਆਂ। ਮੈਂ ਖੁਦ ਹਰਭਜਨ ਸਿੰਘ ਤੋਂ ਪੜ੍ਹਿਆ ਹੋਇਆ ਹਾਂ ਤੇ ਮੈਂ ਸਦਾ ਹੀ ਆਪਣੇ ਆਪ ਨੂੰ ਮਾਹਿਲਪੁਰ ਮਹਾ ਵਿਦਿਆਲੇ ਦਾ ਵਿਦਿਆਰਥੀ ਕਹਿੰਦਾ ਤੇ ਮੰਨਦਾ ਆਇਆ ਹਾਂ।
ਅੱਜ ਦੇ ਦਿਨ ਇਸ ਕਾਲਜ ਵਿਚ ਫਿਜ਼ਿਕਸ, ਕੈਮਿਸਟਰੀ, ਮੈਥ ਤੇ ਇਨਸਟਰੂਮੈਂਟੇਸ਼ਨ ਦੀ ਐਮæਐਸਸੀ, ਹਿਸਟਰੀ, ਇਕਨਾਮਿਕਸ, ਪੋਲੀਟੀਕਲ ਸਾਇੰਸ, ਅੰਗਰੇਜ਼ੀ, ਪੰਜਾਬੀ, ਹਿੰਦੀ ਤੇ ਹਿਊਮਨ ਰਾਈਟਸ ਦੀ ਐਮæਏæ ਤੋਂ ਬਿਨਾਂ ਐਮæਕਾਮ ਤੇ ਕੰਪੀਊਟਰ ਨਾਲ ਸਬੰਧਤ ਦੋ ਕੋਰਸਾਂ ਦੀ ਵਿਦਿਆ ਦਾ ਪ੍ਰਬੰਧ ਹੈ। ਡਿਗਰੀ ਪੱਧਰ ਉਤੇ ਵੀ ਪੱਤਰਕਾਰੀ, ਮਨੁੱਖੀ ਅਧਿਕਾਰਾਂ, ਯੋਗ ਆਦਿ ਇੱਕ ਦਰਜਨ ਨਵੇਂ ਕੋਰਸ ਪੜ੍ਹਾਏ ਜਾਂਦੇ ਹਨ।
ਜੇ ਇਸਤਰੀ ਵਿਦਿਆ ਦੇ ਰੁਝਾਨ ਦੀ ਗੱਲ ਕਰੀਏ ਤਾਂ 1915-16 ਵਿਚ ਇਨ੍ਹਾਂ ਕੋਰਸਾਂ ਵਿਚ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ 89 ਵਿਦਿਆਰਥੀਆਂ ਵਿਚੋਂ ਵਿਦਿਆਰਥਣਾਂ ਦੀ ਗਿਣਤੀ ਅੱਸੀ ਹੈ।
ਮੈਨੂੰ ਆਪਣੀ ਸੱਜਰੀ ਮਾਹਿਲਪੁਰ ਫੇਰੀ ਸਮੇਂ ਦੋ ਗੱਲਾਂ ਦਾ ਝਟਕਾ ਵੀ ਲੱਗਿਆ। ਮੇਰੇ ਸਮੇਂ ਦੇ ਖਾਲਸਾ ਹਾਈ ਸਕੂਲ ਦੇ ਮੁੱਖ ਦਰਵਾਜ਼ੇ ਉਤੇ ਬਲਦੇਵ ਸਿੰਘ ਖਾਲਸਾ ਕਾਲਜ ਲਿਖਿਆ ਮਿਲਿਆ ਤੇ ਪ੍ਰਿੰਸੀਪਲ ਹਰਭਜਨ ਸਿੰਘ ਦੇ ਘਰ ਨੂੰ ਜਾਣ ਵਾਲੀ ਸੜਕ ਉਤੇ ਬਲਦੇਵ ਸਿੰਘ ਮਾਰਗ ਦੀ ਫੱਟੀ ਲੱਗੀ ਹੋਈ ਮਿਲੀ। ਬਲਦੇਵ ਸਿੰਘ ਮਾਹਿਲਪੁਰੀ ਬਹੁਤ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਰਿਹਾ ਹੈ ਪਰ ਵਿਦਿਆ ਦੇ ਖੇਤਰ ਵਿਚ ਮਾਸਟਰ ਮੋਤਾ ਸਿੰਘ ਤੇ ਪ੍ਰਿੰਸੀਪਲ ਹਰਭਜਨ ਸਿੰਘ ਦਾ ਸਾਨੀ ਨਹੀਂ। ਇਹ ਦੋਵੇਂ ਅਮਲ ਉਸ ਦੇ ਜਿਊਂਦੇ ਜੀਅ ਨਹੀਂ ਹੋਏ। ਉਹ ਜਾਣਦਾ ਸੀ ਕਿ ਉਹਦੇ ਸਮਿਆਂ ਵਿਚ ਤਾਂ ਅਗਾਂਹਵਧੂ ਸੋਚ ਨੂੰ ਪ੍ਰਣਾਏ ਮਾਹਿਲਪੁਰੀਏ ਸਕੂਲ ਦੇ ਨਾਂ ਨਾਲ ਵੀ ਖਾਲਸਾ ਸ਼ਬਦ ਦੀ ਵਰਤੋਂ ਦੇ ਹੱਕ ਵਿਚ ਨਹੀਂ ਸਨ। ਗਦਰ ਪਾਰਟੀ ਲਹਿਰ ਦੀ ਚੜ੍ਹਤ ਤੋਂ ਪ੍ਰਭਾਵਤ ਉਹ ਲੋਕ ਵਿਦਿਆ ਮੰਦਰ ਨੂੰ ਕਿਸੇ ਧਰਮ ਨਾਲ ਨਹੀਂ ਸੀ ਜੋੜਨਾ ਚਾਹੁੰਦੇ।
ਮੇਰੀ ਫੇਰੀ ਦੇ ਦੂਜੇ ਝਟਕੇ ਨਾਲ ਮੇਰੇ ਨਿੱਜ ਦਾ ਸਬੰਧ ਵੀ। ਮੇਰੇ ਵੇਲੇ ਖਾਲਸਾ ਕਾਲਜ ਦੇ ਮੈਗਜ਼ੀਨ ਦਾ ਨਾਂ Ḕਚਿੱਟਾ ਬਾਜ਼’ ਸੀ। ਇਸ ਨੂੰ Ḕਗੋਬਿੰਦ ਨਿਧੀ’ ਦਾ ਨਾਂ ਦੇਣ ਵਾਲਾ ਹਰਭਜਨ ਸਿੰਘ ਦਾ ਵਾਰਸ ਪ੍ਰਿੰਸੀਪਲ ਹਰਦਿਆਲ ਸਿੰਘ ਸੀ। ਉਸ ਨੇ ਇਹ ਨਹੀਂ ਸੋਚਿਆ ਕਿ ਉਨ੍ਹਾਂ ਦੀ ਸੋਚ ਖਾਲਿਸਤਾਨੀ ਸੋਚ ਨਾਲ ਜਾ ਮਿਲਦੀ ਹੈ। ਜਿਸ ਨੇ ਪਿੱਛੋਂ ਜਾ ਕੇ ਲੰਮਾ ਸਮਾਂ ਪੰਜਾਬ ਵਿਚ ਕਾਲੀ ਹਨੇਰੀ ਫੈਲਾ ਰੱਖੀ ਸੀ। Ḕਚਿੱਟਾ ਬਾਜ਼’ ਨਾਂ ਸਾਹਿਤਕ ਸੀ, ਗੋਬਿੰਦ ਨਿਧੀ ਵਰਗਾ ਫਲੈਟ ਨਹੀਂ। Ḕਚਿੱਟਾ ਬਾਜ਼’ ਦਾ ਸਟੂਡੈਂਟ ਐਡੀਟਰ ਰਿਹਾ ਹੋਣ ਸਦਕਾ ਮੈਂ ਦਿੱਲੀ ਜਾ ਕੇ Ḕਪ੍ਰੀਤਮ’ ਨਾਂ ਦੇ ਉਸ ਰਸਾਲੇ ਦਾ ਐਡੀਟਰ ਰਿਹਾ ਜਿਸ ਨੂੰ ਕਦੀ ਪ੍ਰੀਤਮ ਸਿੰਘ ਸਫੀਰ, ਅਵਤਾਰ ਸਿੰਘ ਆਜ਼ਾਦ ਤੇ ਗੋਪਾਲ ਸਿੰਘ ਦਰਦੀ ਸੰਪਾਦਤ ਕਰਦੇ ਰਹੇ ਸਨ। ਮੇਰਾ ਪੰਜਾਬੀ ਟ੍ਰਿਬਿਊਨ ਦਾ ਐਡੀਟਰ ਚੁਣਿਆ ਜਾਣਾ ਤੇ ਹਰਕਿਸ਼ਨ ਸਿੰਘ ਸੁਰਜੀਤ ਵੱਲੋਂ ਕੱਢੇ ਗਏ ਅਖਬਾਰ Ḕਦੇਸ਼ ਸੇਵਕ’ ਦਾ ਪਹਿਲਾ ਸੰਪਾਦਕ ਥਾਪਿਆ ਜਾਣਾ ਵੀ ਗੁਰੂ ਗੋਬਿੰਦ ਸਿੰਘ ਦੇ Ḕਚਿੱਟਾ ਬਾਜ਼’ ਦੀ ਹੀ ਦੇਣ ਸੀ।
ਮੈਂ ਇਹ ਵੀ ਜਾਣਦਾ ਹਾਂ ਕਿ ਅਜਿਹੇ ਅਮਲਾਂ ਦੇ ਬਾਨੀ ਨਾ ਹੀ ਗੁਰੂ ਗੋਬਿੰਦ ਸਿੰਘ ਨੂੰ ਮਹਿਮਾ ਤੇ ਮਹਤੱਤਾ ਦੀ ਟੀਸੀ ਉਤੇ ਲਿਜਾਂਦੇ ਹਨ ਤੇ ਨਾ ਹੀ ਸਿੱਖੀ ਦਾ ਦਮ ਭਰਨ ਵਾਲੀ ਅਕਾਲੀ ਪਾਰਟੀ ਨੂੰ। ਇਹ ਵੀ ਹੋ ਸਕਦਾ ਹੈ ਕਿ ਅਗਲੇ ਸਮਿਆਂ ਵਿਚ ਇਨ੍ਹਾਂ ਅਮਲਾਂ ਦੇ ਪ੍ਰਤੀਕਰਮ ਵਜੋਂ ਸੌ ਵਰ੍ਹੇ ਤੋਂ ਵੱਧ ਪੁਰਾਣੀ Ḕਗਦਰ ਦੀ ਗੂੰਜḔ ਮਾਹਿਲਪੁਰ ਦੇ ਖੇਤਰ ਨੂੰ ਸੁੱਚੀ ਤੇ ਸੱਚੀ ਜਾਗ੍ਰਿਤੀ ਨਾਲ ਨਿਹਾਲ ਕਰੇ। ਕੋਈ ਵੱਡੀ ਗੱਲ ਨਹੀਂ ਕਿ ਕਦੀ ਮੈਗਜ਼ੀਨ ਦਾ ਨਾਂ ਮੁੜ Ḕਚਿੱਟਾ ਬਾਜ਼’ ਹੋ ਜਾਵੇ।
ਅੰਤਿਕਾ: ਮਾਹਿਲਪੁਰ ਕਾਲਜ ਦੀ ਵਿਦਿਆਰਥਣ ਅਲਕਾ ਠਾਕੁਰ
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ
ਅਸੀਂ ਉਮਰਾਂ ਤੱਕ ਪਛਾਣ ਰਖਦੇ ਹਾਂ।
ਅਸੀਂ ਤਾਂ ਉਹ ਫੁੱਲ ਹਾਂ ਯਾਰਾ
ਜੋ ਟੁੱਟ ਕੇ ਵੀ ਟਾਹਣੀ ਦਾ ਮਾਣ ਰਖਦੇ ਹਾਂ।