ਸਿਨੇਮਾ ‘ਚ ਆਧੁਨਿਕਤਾ ਦਾ ਰੰਗ: ਰਾਜਿੰਦਰ ਬੇਦੀ

ਕੁਲਦੀਪ ਕੌਰ
ਰਾਜਿੰਦਰ ਸਿੰਘ ਬੇਦੀ ਮੂਲ ਰੂਪ ਵਿਚ ਕਹਾਣੀਕਾਰ ਤੇ ਨਾਟਕਕਾਰ ਸਨ। ਉਨ੍ਹਾਂ ਦਾ ਜਨਮ ਸਿਆਲਕੋਟ ਦਾ ਸੀ ਤੇ ਪੜ੍ਹਾਈ-ਲਿਖਾਈ ਲਾਹੌਰ ਦੀ। ਫਿਲਮਾਂ ਵਿਚ ਦਾਖਲੇ ਦੇ ਸੰਘਰਸ਼ ਦੇ ਮੁਢਲੇ ਦਿਨਾਂ ਵਿਚ ਉਨ੍ਹਾਂ ਨੇ ਡਾਕਘਰ ਵਿਚ ਕਲਰਕੀ ਕੀਤੀ। ਬਾਅਦ ਵਿਚ ਉਨ੍ਹਾਂ ਆਲ ਇੰਡੀਆ ਰੇਡੀਓ ਵਿਚ ਨੌਕਰੀ ਕਰ ਲਈ। ਉਨ੍ਹਾਂ ਨੇ ਰੇਡੀਓ ਲਈ ਬਹੁਤ ਖੂਬਸੂਰਤ ਅਫਸਾਨੇ ਤੇ ਡਰਾਮੇ ਲਿਖੇ।

ਉਨ੍ਹਾਂ ਦੇ ਲਿਖੇ ਕਈ ਡਰਾਮਿਆਂ ਦੀ ਖਾਸੀਅਤ ਇਨ੍ਹਾਂ ਵਿਚ ਆਧੁਨਕਤਾ ਦੇ ਨਵੀਂ ਤਰ੍ਹਾਂ ਦੇ ਰੰਗ ਸਨ। ਬਹੁ-ਪਰਤੀ ਕਿਰਦਾਰਾਂ ਦੀ ਸੋਚ ਦੇ ਪਲ-ਪਲ ਬਦਲਦੇ ਰੰਗ ਫੜਨ ਵਿਚ ਮਾਹਿਰ ਹੋਣ ਕਾਰਨ ਉਨ੍ਹਾਂ ਦੁਆਰਾ ਲਿਖੀਆਂ ਫਿਲਮੀ ਪਟਕਥਾਵਾਂ ਜਦੋਂ ਸਿਨੇਮਾ ਦੀ ਭਾਸ਼ਾ ਵਿਚ ਢਲਦੀਆਂ ਤਾਂ ਵੱਖਰੀ ਨੁਹਾਰ ਦਰਸ਼ਕਾਂ ਨੂੰ ਨਵੀਂ ਨਰੋਈ ਦੁਨੀਆ ਦਾ ਸੁਪਨਾ ਵੀ ਦਿਖਾਉਂਦੀ ਸੀ।
ਬੇਦੀ ‘ਪ੍ਰੋਗੈਸਿਵ ਰਾਈਟਰਜ਼ ਐਸ਼ੋਸੀਏਸ਼ਨ’ ਨਾਲ ਲੰਬਾ ਸਮਾਂ ਜੁੜੇ ਰਹੇ। ਇਸ ਲਹਿਰ ਨਾਲ ਜੁੜੇ ਹੋਏ ਕੁਝ ਮਹਤੱਵਪੂਰਨ ਨਾਵਾਂ ਵਿਚ ਸ਼ਾਮਿਲ ਸਨ ਡਾਕਟਰ ਮੁਲਕ ਰਾਜ ਆਨੰਦ, ਹਮੀਦ ਅਖਤਰ, ਅਹਿਮਦ ਨਦੀਮ ਕਾਸਮੀ, ਸਆਦਤ ਹਸਨ ਮੰਟੋ, ਇਸਮਤ ਚੁਗਤਾਈ ਆਦਿ। ਸਈਅਦ ਸਾਜਿਦ ਜ਼ਹੀਰ ਇਸ ਸੰਸਥਾ ਦੇ ਰੂਹੇ-ਰਵਾਂ ਸਨ। ਇਸ ਲਹਿਰ ਨੇ ਜਿਥੇ ਸਾਹਿਤ ਅਤੇ ਵਿਚਾਰਧਾਰਾ ਦੇ ਖੇਤਰ ਵਿਚ ਨਵੀਆਂ ਲੀਹਾਂ ਪਾਈਆਂ, ਉਥੇ ਸਿਨੇਮਾ ਵਿਚ ਵੀ ਨਵੀਂ ਰੂਹ ਫੂਕ ਦਿੱਤੀ। ਇਸ ਨਾਲ ਜੁੜਨ ਤੋਂ ਬਾਅਦ ਬੇਦੀ ਨੇ ਕਈ ਫਿਲਮਾਂ ਲਈ ਸਕਰੀਨ-ਪਲੇਅ ਅਤੇ ਸੰਵਾਦ-ਲੇਖਕ ਵਜੋਂ ਕੰਮ ਕੀਤਾ। ਉਨ੍ਹਾਂ ਦੀ ਪਹਿਲੀ ਮਹਤੱਵਪੂਰਨ ਫਿਲਮ ਸੀ- ਦਾਗ। 1952 ਵਿਚ ਰਿਲੀਜ਼ ਹੋਈ ਇਸ ਫਿਲਮ ਵਿਚ ਮੁੱਖ ਭੂਮਿਕਾਵਾਂ ਦਲੀਪ ਕੁਮਾਰ ਅਤੇ ਨਿੰਮੀ ਨੇ ਅਦਾ ਕੀਤੀਆਂ ਸਨ। ਫਿਲਮ ਸਫਲ ਰਹੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ ‘ਗਰਮ ਕੋਟ’ ਲਿਖੀ ਜੋ ਉਨ੍ਹਾਂ ਦੇ ਮਸ਼ਹੂਰ ਡਰਾਮੇ ‘ਗਰਮ ਕੋਟ’ ਉਤੇ ਹੀ ਆਧਾਰਿਤ ਸੀ। ਇਹ ਡਰਾਮਾ ਤਾਂ ਦਰਸ਼ਕਾਂ ਵਿਚ ਬਹੁਤ ਮਕਬੂਲ ਹੋਇਆ ਸੀ, ਪਰ ਫਿਲਮ ਦੀ ਹਾਲਤ ਪਤਲੀ ਰਹੀ। ਇਸ ਤੋਂ ਬਾਅਦ ਬੇਦੀ ਨੇ ਸੋਹਰਾਬ ਮਿਰਜ਼ਾ ਦੀ ਫਿਲਮ ‘ਮਿਰਜ਼ਾ ਗਾਲਿਬ’ ਦੇ ਸੰਵਾਦ ਲਿਖੇ। 1955 ਵਿਚ ਆਈ ਬਿਮਲ ਰਾਏ ਦੁਆਰਾ ਨਿਰਦੇਸ਼ਿਤ ਫਿਲਮ ‘ਦੇਵਦਾਸ’ ਨੇ ਸਾਰੇ ਫਿਲਮ ਜਗਤ ਵਿਚ ਉਨ੍ਹਾਂ ਦੇ ਲਿਖੇ ਸੰਵਾਦਾਂ ਦੀਆੂਂ ਧੁੰਮਾਂ ਪਾ ਦਿੱਤੀਆਂ। ਉਨ੍ਹਾਂ ਦੇ ਲਿਖੇ ਸੰਵਾਦਾਂ ਵਿਚੋਂ ਦਲੀਪ ਕੁਮਾਰ ਦੁਆਰਾ ਬੋਲਿਆ ਡਾਇਲਾਗ ‘ਕੌਨ ਕਮਬਖਤ ਹੈ ਜੋ ਬਰਦਾਸ਼ਤ ਕਰਨੇ ਕੇ ਲੀਏ ਪੀਤਾ ਹੈ। ਮੈਂ ਤੋਂ ਪੀਤਾ ਹੂੰ ਕਿ ਸਾਂਸ ਲੇ ਸਕੂੰ’ ਭਾਰਤੀ ਫਿਲਮ ਸੰਵਾਦ-ਲੇਖਨ ਵਿਚ ਮਿਸਾਲ ਸਮਝਿਆ ਜਾਂਦਾ ਹੈ। ਇਸ ਤੋਂ ਬਾਅਦ ਬਿਮਲ ਰਾਏ ਦੁਆਰਾ ਨਿਰਦੇਸ਼ਤ ਫਿਲਮ ‘ਮਧੂਮਤੀ’ ਦੀ ਸਫਲਤਾ ਵਿਚ ਵੀ ਬੇਦੀ ਦੇ ਸੰਵਾਦਾਂ ਦਾ ਵੱਡਾ ਹੱਥ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਪ੍ਰਤਿਭਾ ਦੀ ਅਸਲ ਪਰਖ ਰਿਸ਼ੀਕੇਸ਼ ਮੁਖਰਜੀ ਨਾਲ ਜੁੜ ਕੇ ਹੋਈ ਜਿਨ੍ਹਾਂ ਦੀਆਂ ਜ਼ਿਆਦਾਤਰ ਫਿਲਮਾਂ ਦੀ ਪਟਕਥਾ ਵਿਚ ਰੋਮਾਂਸ ਦੇ ਨਾਲ-ਨਾਲ ਸਮਾਜਿਕ ਹਾਲਾਤ ‘ਤੇ ਵੀ ਵਿਅੰਗ ਕੀਤਾ ਹੁੰਦਾ ਸੀ। ਉਨ੍ਹਾਂ ਦੀਆਂ ਫਿਲਮਾਂ ‘ਅਨੁਰਾਧਾ’, ‘ਅਨੁਪਮਾ’, ‘ਸੱਤਿਆਕਾਮ’, ‘ਅਭਿਮਾਨ’ ਬੇਦੀ ਦੀਆਂ ਲਿਖੀਆਂ ਹੋਈਆਂ ਸਨ। ਆਪਣੀ ਲੇਖਣੀ ਬਾਰੇ ਦਿੱਤੀ ਇੰਟਰਵਿਊ ਵਿਚ ਬੇਦੀ ਫਿਲਮ ਲਿਖਣ ਦੀ ਵੱਖਰੀ ਸ਼ੈਲੀ ਦਾ ਜ਼ਿਕਰ ਕਰਦਿਆਂ ਆਖਦੇ ਹਨ, “ਮੈਂ ਨਿਮਨ-ਮੱਧ ਸ਼ੇਣੀ ਦਾ ਬੰਦਾ ਸਾਂ। ਫਿਲਮਾਂ ਵਿਚ ਆਉਣ ਤੋਂ ਪਹਿਲਾਂ ਮੈਂ ਇਸੇ ਸ਼੍ਰੇਣੀ ਬਾਰੇ ਲਿਖਦਾ ਰਿਹਾ ਸਾਂ। ਇੱਕ ਦੌਰ ਆਇਆ ਜਦੋਂ ਮੈਨੂੰ ਸਥਾਪਿਤ ਫਿਲਮ ਲੇਖਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਨਵੇਂ ਪੈਦਾ ਹੋ ਰਹੇ ਉਚ-ਵਰਗ ਦਾ ਹਿੱਸਾ ਬਣਨਾ ਚਾਹੀਦਾ ਹੈ। ਉਸ ਦੀ ਸਿਆਸਤ ਤੇ ਸਮਾਜਿਕਤਾ ਦੀ ਗੱਲ ਲਿਖਣੀ ਚਾਹੀਦੀ ਹੈ। ਜਦੋਂ ਕਦੇ ਅਜਿਹਾ ਮੌਕਾ ਆਇਆ ਕਿ ਮੇਰਾ ਇਸ ਵਰਗ ਨਾਲ ਟਕਰਾਉ ਸਾਹਮਣੇ ਆਇਆ, ਤਾਂ ਮੈਂ ਲਿਖਣਾ ਬੰਦ ਕਰ ਦਿੱਤਾ। ਫਿਰ ਮੈਨੂੰ ਲੱਗਿਆ ਕਿ ਮੈਂ ਉਨ੍ਹਾਂ ਲੋਕਾਂ ਲਈ ਕਿਉਂ ਨਹੀਂ ਲਿਖਦਾ ਜਿਨ੍ਹਾਂ ਨਾਲ ਮੈਂ ਜੰਮਿਆ-ਪਲਿਆ ਹਾਂ, ਜਿਸ ਤਰ੍ਹਾਂ ਦੀ ਮੇਰੀ ਜ਼ਿੰਦਗੀ ਰਹੀ ਹੈ, ਤਾਂ ਮੈਂ ਦੁਬਾਰਾ ਲਿਖਣਾ ਸ਼ੁਰੂ ਕਰ ਦਿੱਤਾ।” -0-