‘ਜਥੇਦਾਰਾਂ’ ਅੱਗੇ ਪੁਲਿਸ ਬੇਵੱਸ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਨਸ਼ਿਆਂ ਤੋਂ ਬਾਅਦ ਹੁਣ ਪੰਜਾਬ ਵਿਚ ਅਮਨ ਕਾਨੂੰਨ ਦੇ ਮਾੜੇ ਹਾਲਾਤ ਹਾਕਮ ਧਿਰ ਖਿਲਾਫ ਵੱਡਾ ਸਿਆਸੀ ਮੁੱਦਾ ਬਣ ਗਿਆ ਹੈ। ਪੰਜਾਬ ਵਿਚ ਕਤਲ ਤੇ ਲੁੱਟ ਖੋਹ ਦੀਆਂ ਵਧ ਰਹੀਆਂ ਵਾਰਦਾਤਾਂ ਨੇ ਹਾਕਮ ਧਿਰ ਨੂੰ ਸਿਆਸੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਲਿਆ ਧਰਿਆ ਹੈ। ਪੰਜਾਬ ਪੁਲਿਸ ਦੇ ਕੰਮ ਕਾਜ ਵਿਚ ਸ਼੍ਰੋਮਣੀ ਅਕਾਲੀ ਦਲ ਦੇ ‘ਜਥੇਦਾਰਾਂ’ ਦੀ ਦਖਲਅੰਦਾਜ਼ੀ ‘ਤੇ ਵੀ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਇਥੋਂ ਤੱਕ ਕਿ ਕਈ ਪੁਲਿਸ ਅਫਸਰ ਹੁਣ ਅਹਿਮ ਅਹੁਦਿਆਂ ‘ਤੇ ਤਾਇਨਾਤੀ ਤੋਂ ਤੌਬਾ ਕਰ ਰਹੇ ਹਨ।

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪੁਲਿਸ ਦੇ ਅਹੁਦੇ ‘ਤੇ ਤਾਇਨਾਤੀ ਦੇ ਹੁਕਮ ਜਾਰੀ ਹੋਣ ਤੋਂ ਪਹਿਲਾਂ ਹੀ ਇਕ ਚੰਗੇ ਅਕਸ ਵਾਲੇ ਅਧਿਕਾਰੀ ਨੇ ਜਵਾਬ ਦੇ ਦਿੱਤਾ। ਪੁਲਿਸ ਅਧਿਕਾਰੀ ਮੰਨਦੇ ਹਨ ਕਿ ਪੰਜਾਬ ਵਿਚ ਕੰਮ ਕਰਨਾ ਮੁਸ਼ਕਿਲ ਹੋ ਗਿਆ ਹੈ।
ਅਪਰਾਧੀਆਂ ਅਤੇ ਨਸ਼ਾ ਤਸਕਰਾਂ ਦੇ ਸਿਆਸੀ ਸੰਪਰਕ ਇੰਨੇ ਡੂੰਘੇ ਹੋ ਗਏ ਹਨ ਕਿ ਬੰਦਾ ਫੜਿਆ ਪਿੱਛੋਂ ਜਾਂਦਾ ਹੈ, ਉਸ ਦੇ ਸਿਆਸੀ ਆਕਾ ਦਾ ਫੋਨ ਪਹਿਲਾਂ ਆ ਜਾਂਦਾ ਹੈ। ਇਹ ਵੀ ਚਰਚਾ ਹੈ ਕਿ ਪੁਲਿਸ ਦਾ ਖੁਫ਼ੀਆ ਵਿੰਗ ਅਪਰਾਧੀਆਂ ਅਤੇ ਅਤਿਵਾਦੀਆਂ ਦੀ ਸੂਹ ਲੈਣ ਦੀ ਥਾਂ ਹੁਕਮਰਾਨ ਧਿਰ ਦੇ ਸਿਆਸੀ ਵਿਰੋਧੀਆਂ ਦੀ ਜਾਸੂਸੀ ਕਰਨ ਲਈ ਵਰਤਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਚੋਣਾਂ ਤੋਂ ਪਹਿਲਾਂ ਪੁਲਿਸ ਅਫਸਰਾਂ ਦੀਆਂ ਧੜਾ ਧੜ ਬਦਲੀਆਂ ਹੋ ਰਹੀਆਂ ਹਨ। ਪੁਲਿਸ ਵਿਚ ਦਲ ਦੇ ‘ਜਥੇਦਾਰਾਂ’ ਦਾ ਇੰਨਾ ਸਹਿਮ ਹੈ ਕਿ ਪਿਛਲੇ ਦਿਨੀਂ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ ਸ਼ਰੇਆਮ ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿਚ ਅੰਮ੍ਰਿਤਸਰ ਦੇ ਡਿਪਟੀ ਮੇਅਰ ਨਾਲ ਹੱਥੋਪਾਈ ਹੋਇਆ ਅਤੇ ਆਪਣੇ ਸੁਰੱਖਿਆ ਗਾਰਡ ਦੀ ਏæਕੇæ-47 ਲੈ ਕੇ ਫਰਾਰ ਹੋ ਗਿਆ, ਪਰ ਕਿਸੇ ਪੁਲਿਸ ਅਧਿਕਾਰੀ ਨੇ ਉਸ ਨੂੰ ਹੱਥ ਪਾਉਣ ਦੀ ਹਿੰਮਤ ਨਾ ਵਿਖਾਈ।
ਬਾਦਲ ਸਰਕਾਰ ਭਾਵੇਂ ਆਏ ਦਿਨ ਅੰਕੜਿਆਂ ਦੀ ਜਾਦੂਈ ਖੇਡ ਰਾਹੀਂ ਅਪਰਾਧਾਂ ਅਤੇ ਡਰੱਗ ਪੱਖੋਂ ਪੰਜਾਬ ਦੀ ਸਥਿਤੀ ਹੋਰ ਸੂਬਿਆਂ ਤੋਂ ਬਿਹਤਰ ਹੋਣ ਦੇ ਦਾਅਵੇ ਕਰਦੀ ਆ ਰਹੀ ਹੈ, ਪਰ ਸੱਚਾਈ ਇਹ ਹੈ ਕਿ ਆਮ ਲੋਕਾਂ ਸਮੇਤ ਅਕਾਲੀ-ਭਾਜਪਾ ਸਰਕਾਰ ਵੀ ਧੁਰ ਅੰਦਰੋਂ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਪ੍ਰਤੀ ਝੰਜੋੜੀ ਗਈ ਹੈ। ਆਰæਐਸ਼ਐਸ਼ ਪੰਜਾਬ ਬਾਰੇ ਸਹਿ-ਸੰਚਾਲਕ ਜਗਦੀਸ਼ ਗਗਨੇਜਾ ਉਤੇ ਦਿਨ-ਦਿਹਾੜੇ ਕਾਤਲਾਨਾ ਹਮਲੇ ਪਿੱਛੋਂ ਕੇਂਦਰ ਵੱਲੋਂ ਵੀ ਬਾਦਲ ਸਰਕਾਰ ਦੀ ਕਾਰਜ ਪ੍ਰਣਾਲੀ ‘ਤੇ ਸਵਾਲ ਉਠਾਏ ਗਏ ਹਨ।
ਇਸ ਪਿੱਛੋਂ ਦੋਵੇਂ ਬਾਦਲਾਂ ਨੇ ਹਾਲਾਤ ਵਿਗੜਨ ਪਿੱਛੇ ਵਿਦੇਸ਼ੀ ਹੱਥ ਹੋਣ ਦਾ ਦਾਅਵਾ ਠੋਕ ਦਿੱਤਾ। ਇਸ ਤੋਂ ਪਹਿਲਾਂ ਚਾਰ ਅਪਰੈਲ ਨੂੰ ਨਾਮਧਾਰੀ ਡੇਰੇ ਦੀ ਮੁੱਖ ਸੰਚਾਲਕ ਮਾਤਾ ਚੰਦ ਕੌਰ ਨੂੰ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਨਾਲ ਹਲਾਕ ਕਰ ਦਿੱਤਾ ਸੀ। ਇਸੇ ਤਰ੍ਹਾਂ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਜਥੇ ‘ਤੇ ਵੀ ਕਾਤਲਾਨਾ ਹਮਲਾ ਹੋ ਚੁੱਕਾ ਹੈ। ਇਹ ਦੋਵੇਂ ਕੇਸ ਅਣਸੁਲਝੇ ਪਏ ਹਨ। 18 ਜਨਵਰੀ ਨੂੰ ਲੁਧਿਆਣਾ ਵਿਚ ਆਰæਐਸ਼ਐਸ਼ ਦੀ ਸ਼ਾਖਾ ਉਪਰ ਗੋਲੀ ਚਲਾ ਕੇ ਇਕ ਕਾਰਕੁਨ ਨੂੰ ਜ਼ਖ਼ਮੀ ਕੀਤਾ ਜਾ ਚੁੱਕਾ ਹੈ।
24 ਅਪਰੈਲ ਨੂੰ ਖੰਨਾ ਵਿਚ ਸ਼ਿਵ ਸੈਨਾ ਦੇ ਆਗੂ ਦੁਰਗਾ ਗੁਪਤਾ ਨੂੰ ਗੋਲੀਆਂ ਨਾਲ ਉਡਾਉਣ ਦੀ ਘਟਨਾ ਵਾਪਰ ਚੁੱਕੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਰਗਾੜੀ ਕਾਂਡ ਨੂੰ ਵੀ ਫਿਲਹਾਲ ਪੁਲਿਸ ਹੱਲ ਕਰਨ ਤੋਂ ਅਸਮਰੱਥ ਰਹੀ ਹੈ।
____________
ਗੈਂਗਵਾਰਾਂ ਵੱਡੀ ਵੰਗਾਰ
ਪੰਜਾਬ ਵਿਚ ਸ਼ੁਰੂ ਹੋਈਆਂ ਗੈਂਗਵਾਰ ਨੇ ਪੁਲਿਸ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਪਿਛਲੇ ਸਮੇਂ ਭਾਵੇਂ ਪੰਜਾਬ ਵਿਚਲੇ ਖਤਰਨਾਕ ਗਰੋਹਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਟੀਮ ਬਣਾਈ ਗਈ ਸੀ, ਪਰ ਤਰਨ ਤਾਰਨ ਵਿਚ ਵਾਪਰੀ ਗੈਂਗਵਾਰ ਦੀ ਤਾਜ਼ਾ ਘਟਨਾ ਨੇ ਮੁੜ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਦੇ ਆਪਣੇ ਅੰਕੜਿਆਂ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਅਜਿਹੇ 57 ਗਰੋਹ ਸਰਗਰਮ ਹਨ, ਜਿਨ੍ਹਾਂ ਦੇ ਕੁੱਲ 423 ਮੈਂਬਰ ਹਨ। ਇਨ੍ਹਾਂ 423 ਅਪਰਾਧੀਆਂ ਵਿਚੋਂ 310 ਜੇਲ੍ਹਾਂ ਅਤੇ ਜ਼ਮਾਨਤਾਂ ਉਤੇ ਹਨ। ਇਨ੍ਹਾਂ ਅੰਕੜਿਆਂ ਅਨੁਸਾਰ ਸੂਬੇ ਵਿਚ ਪੁਲਿਸ ਦੇ ਹੱਥੋਂ ਬਚੇ ਵੱਖ-ਵੱਖ ਗਰੋਹਾਂ ਦੇ ਸਿਰਫ 113 ਮੈਂਬਰ ਹੀ ਸਰਗਰਮ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿਰਫ 113 ਅਜਿਹੇ ਅਪਰਾਧੀਆਂ ਨੇ ਪੰਜਾਬ ਵਿਚ ਦਹਿਸ਼ਤ ਮਚਾਈ ਪਈ ਹੈ, ਜਦੋਂਕਿ ਸਰਕਾਰੀ ਅੰਕੜਿਆਂ ਅਨੁਸਾਰ ਸੂਬੇ ਵਿਚ ਅਮਨ-ਕਾਨੂੰਨ ਵਿਵਸਥਾ ਵਿਚ ਲਗਾਤਾਰ ਸੁਧਾਰ ਹੋਇਆ ਹੈ।