ਭਾਰਤ-ਪਾਕਿਸਤਾਨ ਫਿਰ ਟਕਰਾਅ ਦੇ ਰਾਹ

ਸ੍ਰੀਨਗਰ: ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਨੂੰ ਮੁਕਾਬਲੇ ਵਿਚ ਮਾਰ ਮੁਕਾਉਣ ਤੋਂ ਬਾਅਦ ਕਸ਼ਮੀਰ ‘ਚ ਤਣਾਅ ਦਾ ਮਾਹੌਲ ਜਿਉਂ ਦਾ ਤਿਉਂ ਹੈ। ਫੌਜ ਨਾਲ ਟਕਰਾਅ ਵਿਚ ਹੁਣ ਤੱਕ 63 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਘਟਨਾਵਾਂ ਨੇ ਭਾਰਤ ਪਾਕਿਸਤਾਨ ਵਿਚ ਤਣਾਅ ਹੋਣ ਵਧਾ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਖੁੱਲ੍ਹ ਕੇ ਕਸ਼ਮੀਰੀ ਲੋਕਾਂ ਦੀ ‘ਆਜ਼ਾਦੀ’ ਲਈ ਅੱਗੇ ਆਇਆ ਹੈ। ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਲੋਚਿਸਤਾਨ ਵਿਚ ਪਾਕਿਸਤਾਨ ਸਰਕਾਰ ਵੱਲੋਂ ਕੀਤੀਆ ਜਾ ਰਹੀਆਂ ਕਥਿਤ ਜ਼ਿਆਦਤੀਆਂ ਦਾ ਮੁੱਦਾ ਉਭਾਰ ਦਿੱਤਾ ਹੈ।

ਇਸ ਨਾਲ ਦੋਹਾਂ ਮੁਲਕਾਂ ਵਿਚ ਹੋਰ ਟਕਰਾਅ ਪੈਦਾ ਹੋ ਗਿਆ ਹੈ।
ਇਸੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵੱਲੋਂ ਕਸ਼ਮੀਰ ਦੇ ਹਾਲਾਤ ਬਾਰੇ ਬਿਆਨ ਦੇਣ ਤੋਂ ਬਾਅਦ ਦੋਹਾਂ ਮੁਲਕਾਂ ਵਿਚਕਾਰ ਸ਼ਬਦ ਜੰਗ ਤੇਜ਼ ਹੋ ਗਈ ਹੈ। ਪਾਕਿਸਤਾਨ ਨੇ ਵਾਨੀ ਨੂੰ ਸ਼ਹੀਦ ਦਾ ਰੁਤਬਾ ਦਿੰਦਿਆਂ ਕਸ਼ਮੀਰ ਮਸਲੇ ਨੂੰ ਕੌਮਾਂਤਰੀ ਪੱਧਰ ‘ਤੇ ਉਠਾਉਣ ਦੀ ਕੋਸ਼ਿਸ਼ ਕੀਤੀ ਸੀ, ਜਦਕਿ ਭਾਰਤ ਆਖਦਾ ਆ ਰਿਹਾ ਹੈ ਕਿ ਵਾਦੀ ਵਿਚ ਖਰਾਬ ਹਾਲਾਤ ਦੀ ਜੜ੍ਹ ਪਾਕਿਸਤਾਨ ਵੱਲੋਂ ਅਤਿਵਾਦ ਨੂੰ ਸ਼ਹਿ ਦੇਣਾ ਹੈ। ਪਾਕਿਸਤਾਨ ਦੇ ਭਾਰਤ ਵਿਚ ਸਫੀਰ ਅਬਦੁੱਲ ਬਾਸਿਤ ਵੱਲੋਂ ਨਵੀਂ ਦਿੱਲੀ ਵਿਚ ਸਮਾਗਮ ਦੌਰਾਨ ਆਪਣੇ ਆਜ਼ਾਦੀ ਦਿਹਾੜੇ ਨੂੰ ਕਸ਼ਮੀਰ ਦੀ ‘ਆਜ਼ਾਦੀ’ ਲਈ ਸਮਰਪਿਤ ਕਰਨ ਦੇ ਐਲਾਨ ਨੇ ਦੋਵਾਂ ਦੇਸ਼ਾਂ ਵਿਚ ਕੜੱਤਣ ਹੋਰ ਵਧਾ ਦਿੱਤੀ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਉਹ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਕੂਟਨੀਤਕ, ਸਿਆਸੀ ਅਤੇ ਨੈਤਿਕ ਪੱਧਰ ਉਤੇ ਹਮਾਇਤ ਦੇਣਾ ਜਾਰੀ ਰੱਖੇਗਾ। ਉਧਰ, ਭਾਰਤ ਵਿਚ ਵੀ ਖੱਬੇ ਪੱਖੀ ਦਲਾਂ ਨੇ ਕਸ਼ਮੀਰ ਵਿਚ ਸਾਰੀਆਂ ਧਿਰਾਂ ਨਾਲ ਗੱਲਬਾਤ ਅਤੇ ਪੈਲੇਟ ਗੰਨਾਂ ਦੀ ਵਰਤੋਂ ਬੰਦ ਕਰਨ ਲਈ ਆਵਾਜ਼ ਉਠਾਈ ਹੈ। ਦਿੱਲੀ ਵਿਚ ਸਰਬ ਪਾਰਟੀ ਮੀਟਿੰਗ ਵਿਚ ਕਸ਼ਮੀਰ ਮਸਲੇ ‘ਤੇ ਖੁੱਲ੍ਹ ਕੇ ਚਰਚਾ ਹੋਈ। ਦੋਵਾਂ ਦੇਸ਼ਾਂ ਵਿਚ ਵਧੇ ਤਣਾਅ ਕਾਰਨ ਵਿੱਤ ਮੰਤਰੀ ਅਰੁਣ ਜੇਤਲੀ ਦੇ ਅਗਲੇ ਹਫਤੇ ਇਸਲਾਮਾਬਾਦ ਵਿਚ ਹੋਣ ਵਾਲੇ ਸਾਰਕ ਦੇਸ਼ਾਂ ਦੀ ਬੈਠਕ ਵਿਚ ਹਿੱਸਾ ਲੈਣ ‘ਤੇ ਵੀ ਸੁਆਲੀਆ ਨਿਸ਼ਾਨ ਲੱਗ ਗਏ ਹਨ। ਸਰਕਾਰੀ ਹਲਕਿਆਂ ਮੁਤਾਬਕ ਵਿੱਤ ਮੰਤਰੀ ਅਰੁਣ ਜੇਤਲੀ 25 ਤੇ 26 ਅਗਸਤ ਨੂੰ ਇਸਲਾਮਾਬਾਦ ਵਿਚ ਹੋਣ ਵਾਲੇ ਸਾਰਕ ਦੇਸ਼ਾਂ ਦੇ ਵਿੱਤ ਮੰਤਰੀਆਂ ਦੀ ਬੈਠਕ ‘ਚ ਸ਼ਿਰਕਤ ਨਹੀਂ ਕਰਨਗੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਬਲੋਚਿਸਤਾਨ, ਮਕਬੂਜ਼ਾ ਕਸ਼ਮੀਰ ਅਤੇ ਗਿਲਗਿਤ ਤੇ ਬਾਲਟਿਸਤਾਨ ਵਿਚ ਪੈਦਾ ਹੋ ਰਹੇ ਵਿਦਰੋਹ ਬਾਰੇ ਦਿੱਤੇ ਬਿਆਨ ਤੋਂ ਪਾਕਿਸਤਾਨ ਭੜਕ ਉਠਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦਾਅਵਾ ਕੀਤਾ ਸੀ ਕਿ ਜਦੋਂ ਦਾ ਉਨ੍ਹਾਂ ਨੇ ਇਨ੍ਹਾਂ ਖਿੱਤਿਆਂ ਵਿਚ ਲੋਕਾਂ ਉਤੇ ਜ਼ੋਰ-ਜ਼ੁਲਮ ਦਾ ਮੁੱਦਾ ਚੁੱਕਿਆ ਹੈ, ਉਦੋਂ ਤੋਂ ਉਨ੍ਹਾਂ ਨੂੰ ਇਨ੍ਹਾਂ ਲੋਕਾਂ ਤੋਂ ਵਧਾਈ ਸੰਦੇਸ਼ ਮਿਲ ਰਹੇ ਹਨ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤ ਇਨ੍ਹਾਂ ਖਿੱਤਿਆਂ ਵਿਚ ਮਾਹੌਲ ਵਿਗਾੜ ਰਿਹਾ ਹੈ।
ਉਧਰ, ਭਾਰਤ ਦੇ ਦਾਅਵਿਆਂ ਦੇ ਬਾਵਜੂਦ ਕਸ਼ਮੀਰ ਵਿਚ ਹਿੰਸਕ ਘਟਨਾਵਾਂ ਜਾਰੀ ਹਨ। ਕਸ਼ਮੀਰ ਦੇ ਬਡਗਾਮ ਤੇ ਅਨੰਤਨਾਗ ਜ਼ਿਲ੍ਹਿਆਂ ਵਿਚ ਪਥਰਾਅ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਦਸਤਿਆਂ ਵਿਚਾਲੇ ਤਾਜ਼ਾ ਹਿੰਸਾ ਵਿਚ ਮੰਗਲਵਾਰ ਨੂੰ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 63 ਹੋ ਗਈ। ਵਾਦੀ ਵਿਚ ਕਰਫਿਊ, ਪਾਬੰਦੀਆਂ ਤੇ ਵੱਖਵਾਦੀਆਂ ਦੀ ਹੜਤਾਲ ਕਾਰਨ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਪੂਰੇ ਸ੍ਰੀਨਗਰ ਜ਼ਿਲ੍ਹੇ ਤੇ ਦੱਖਣੀ ਕਸ਼ਮੀਰ ਦੇ ਆਨੰਤਨਾਗ ਸ਼ਹਿਰ ਵਿਚ ਕਰਫਿਊ ਜਾਰੀ ਹੈ। ਪੂਰੀ ਵਾਦੀ ਵਿਚ ਇੰਟਰਨੈੱਟ ਤੇ ਮੋਬਾਈਲ ਸੇਵਾਵਾਂ ਬੰਦ ਹਨ।