ਰੀਓ ਓਲੰਪਿਕ ਵਿਚ ਭਾਰਤ ਦੇ ਪੱਲੇ ਪਈ ਨਮੋਸ਼ੀ

ਰੀਓ ਡੀ ਜਨੇਰੋ: ਰੀਓ ਓਲੰਪਿਕ ਖੇਡਾਂ ਦੀ ਮੈਡਲ ਸੂਚੀ ਵਿਚ ਭਾਰਤ ਦਾ ਨਾਮ ਨੇੜੇ-ਤੇੜੇ ਵੀ ਨਹੀਂ ਰਿਹਾ। ਭਾਰਤ ਨੇ ਐਤਕੀਂ ਰੀਓ ਓਲੰਪਿਕ ਵਿਚ ਸਭ ਤੋਂ ਵੱਡਾ 118 ਮੈਂਬਰੀ ਖੇਡ ਦਲ ਭੇਜਿਆ ਸੀ, ਪਰ ਦਲ ਵਿਚੋਂ ਜ਼ਿਆਦਾਤਰ ਖਿਡਾਰੀ ਬਾਹਰ ਹੋ ਚੁੱਕੇ ਹਨ। ਤੀਰਅੰਦਾਜ਼ੀ, ਮੁੱਕੇਬਾਜ਼ੀ, ਹਾਕੀ, ਪੁਰਸ਼ ਗੋਲਫ, ਜਿਮਨਾਸਟਕ, ਜੂਡੋ, ਰੋਇੰਗ, ਨਿਸ਼ਾਨੇਬਾਜ਼ੀ, ਤੈਰਾਕੀ, ਟੇਬਲ ਟੈਨਿਸ, ਟੈਨਿਸ ਤੇ ਵੇਟ ਲਿਫਟਿੰਗ ਵਿਚ ਭਾਰਤੀ ਚੁਣੌਤੀ ਖਤਮ ਹੋ ਚੁੱਕੀ ਹੈ। ਭਾਰਤ ਨੂੰ ਸਭ ਤੋਂ ਵੱਧ ਨਿਰਾਸ਼ਾ ਨਿਸ਼ਾਨੇਬਾਜ਼ੀ ਵਿਚ ਮਿਲੀ। ਭਾਰਤ ਨੇ ਪਿਛਲੇ ਤਿੰਨ ਓਲੰਪਿਕ ਵਿਚ ਇਸੇ ਈਵੈਂਟ ਵਿਚ ਤਗਮੇ ਫੁੰਡੇ ਸਨ।

ਰੀਓ ਵਿਚ ਉਤਰੇ 12 ਨਿਸ਼ਾਨੇਬਾਜ਼ਾਂ ਵਿਚੋਂ ਸਿਰਫ ਜੀਤੂ ਰਾਇ ਅਤੇ ਅਭਿਨਵ ਬਿੰਦਰਾ ਵੀ ਫਾਈਨਲ ਵਿਚ ਪੁੱਜ ਸਕੇ। ਭਾਰਤ ਨੂੰ ਇਸ ਵਾਰ ਆਪਣੇ ਭਲਵਾਨਾਂ ਤੋਂ ਵੱਡੀਆਂ ਉਮੀਦਾਂ ਸਨ, ਪਰ ਰਵਿੰਦਰ ਖੱਤਰੀ ਤੋਂ ਬਾਅਦ ਹਰਦੀਪ ਸਿੰਘ ਰੀਓ ਓਲੰਪਿਕ ਦੇ ਕੁਸ਼ਤੀ ਮੁਕਾਬਲਿਆਂ ਵਿਚ ਤੁਰਕੀ ਦੇ ਇਲਦੇਮ ਸੇਂਕ ਅੱਗੇ ਟਿਕ ਨਾ ਸਕੇ। ਵਿਕਾਸ ਕ੍ਰਿਸ਼ਨ ਮੁੱਕੇਬਾਜ਼ੀ ‘ਚ ਭਾਰਤ ਦੀ ਇਕਲੌਤੀ ਉਮੀਦ ਬਚੇ ਸਨ ਜੋ ਉਜ਼ਬੇਕਿਸਤਾਨ ਦੇ ਬੈਕਤੈਮਿਰ ਮੈਲੀਕੁਜ਼ੀਐਵ ਤੋਂ ਮਾਤ ਖਾ ਗਏ।
ਮੁੱਕੇਬਾਜ਼ੀ ‘ਚ ਭਾਰਤ ਨੂੰ ਦੂਜੀ ਨਾਕਾਮੀ ਦਾ ਸਾਹਮਣਾ ਉਸ ਵੇਲੇ ਕਰਨਾ ਪਿਆ ਸੀ ਜਦ ਰਾਊਂਡ ਆਫ 16 ਵਿਚ ਮਨੋਜ ਕੁਮਾਰ ਆਪਣਾ ਮੁਕਾਬਲਾ ਹਾਰ ਗਏ ਸਨ। ਭਾਰਤ ਨੂੰ ਮੁੱਕੇਬਾਜ਼ੀ ਵਿਚ ਪਹਿਲੀ ਹਾਰ ਸ਼ਿਵਾ ਥਾਪਾ ਦੇ ਰੂਪ ਵਿਚ ਮਿਲੀ ਸੀ। ਉਹ ਪਹਿਲੇ ਦੌਰ ਦਾ ਮੈਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਸਨ। ਕਿਊਬਾ ਦੇ ਚੋਟੀ ਦੇ ਮੁੱਕੇਬਾਜ਼ ਰੌਬਿਸੇ ਰਾਮੀਰੇਜ਼ ਨੇ ਭਾਰਤ ਦੇ ਸ਼ਿਵਾ ਥਾਪਾ ਨੂੰ ਇਕਪਾਸੜ ਮੁਕਾਬਲੇ ਵਿਚ 3-0 ਨਾਲ ਮਾਤ ਦਿੱਤੀ ਸੀ। ਭਾਰਤ ਦੀ ਲਲਿਤਾ ਬਾਬਰ ਮਹਿਲਾਵਾਂ ਦੀ 3000 ਮੀਟਰ ਸਟੀਪਲਚੇਜ਼ ਈਵੈਂਟ ਵਿਚ ਫਾਈਨਲ ‘ਚ ਦਾਖਲ ਹੋਈ, ਪਰ ਜਿੱਤ ਬਰਕਰਾਰ ਨਹੀਂ ਰੱਖ ਸਕੀ। ਪੀæਟੀæ ਊਸ਼ਾ ਤੋਂ ਬਾਅਦ ਲਲਿਤਾ ਦੇਸ਼ ਦੀ ਪਹਿਲੀ ਮਹਿਲਾ ਖਿਡਾਰਨ ਹੈ ਜੋ ਅਥਲੈਟਿਕਸ ਦੇ ਟਰੈਕ ਈਵੈਂਟ ਦੇ ਫਾਈਨਲ ਵਿਚ ਦਾਖਲਾ ਕਰਨ ‘ਚ ਕਾਮਯਾਬ ਹੋਈ।
ਇਸ ਤੋਂ ਪਹਿਲਾਂ ਭਾਰਤੀ ਜਿਮਨਾਸਟਿਕ ਦੀਪਾ ਕਰਮਾਕਰ ਵਾਲਟ ਫਾਈਨਲ ਮੁਕਾਬਲੇ ‘ਚ ਮੈਡਲ ਦਿਵਾਉਣ ਵਿਚ ਨਕਾਮ ਰਹੀ।; ਹਾਲਾਂਕਿ ਉਸ ਤੋਂ ਵੱਡੀਆਂ ਆਸਾਂ ਸਨ, ਪਰ ਉਹ ਥੋੜ੍ਹੇ ਫਰਕ ਨਾਲ ਖੁੰਝ ਗਈ। ਜਿਮਨਾਸਟਿਕ ਦੀ ਹਰ ਵਿਦਿਆ ‘ਚ ਮੁਹਾਰਤ ਰੱਖਣ ਵਾਲੀ ਤੇ ਦੋ ਵਾਰ ਉਲੰਪਿਕ ਤਗਮਾ ਜੇਤੂ ਅਮਰੀਕਾ ਦੀ ਸਿਮੋਨ ਬਾਈਲਸ (ਔਸਤ ਸਕੋਰ 15æ966) ਨੇ ਟਾਪ ਕੀਤਾ। ਦੂਸਰੇ ਨੰਬਰ ‘ਤੇ ਮਾਰੀਆ ਪਸੇਕਾ (ਔਸਤ ਸਕੋਰ 15æ253) ਰਹੀ। ਹਾਕੀ ਦੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਭਾਰਤ ਨੂੰ ਬੈਲਜੀਅਮ ਪਾਸੋਂ 3-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਭਾਰਤੀ ਹਾਕੀ ਟੀਮ ਦੀ ਓਲੰਪਿਕ ਮੁਹਿੰਮ ਵੀ ਖਤਮ ਹੋ ਗਈ।
ਭਾਰਤੀ ਓਲੰਪਿਕ ਦਲ ਨੂੰ ਉਦੋਂ ਵੱਡਾ ਝਟਕਾ ਲੱਗਿਆ, ਜਦੋਂ ਤਗਮੇ ਦੀ ਦਾਅਵੇਦਾਰ ਸਾਇਨਾ ਨੇਹਵਾਲ ਮਹਿਲਾ ਸਿੰਗਲਜ਼ ਦੇ ਗਰੁੱਪ ਜੀ ਦੇ ਆਪਣੇ ਦੂਜੇ ਮੈਚ ਵਿਚ ਘੱਟ ਦਰਜਾਬੰਦੀ ਵਾਲੀ ਯੂਕਰੇਨ ਦੀ ਮਾਰੀਆ ਓਲੀਤੀਨਾ ਖਿਲਾਫ਼ ਸਿੱਧੇ ਗੇਮ ਵਿਚ ਹਾਰ ਕੇ ਰੀਓ ਖੇਡਾਂ ਤੋਂ ਬਾਹਰ ਹੋ ਗਈ। ਇਸ ਦੌਰਾਨ ਬੈਡਮਿੰਟਨ ਪੁਰਸ਼ ਸਿੰਗਲਜ਼ ਵਿਚ ਕਿਦੰਬੀ ਸ਼੍ਰੀਕਾਂਤ ਪ੍ਰੀ-ਕੁਆਰਟਰ ਫਾਈਨਲ ਵਿਚ ਪੁੱਜ ਗਿਆ। ਸ਼੍ਰੀਕਾਂਤ ਨੇ ਸਵੀਡਨ ਦੇ ਹੈਨਰੀ ਹਰਸਕੈਨਨ ਨੂੰ 33 ਮਿੰਟ ਵਿਚ 21-6, 21-18 ਨਾਲ ਹਰਾ ਦਿੱਤਾ। ਲੰਡਨ ਓਲੰਪਿਕ ਦੀ ਕਾਂਸੀ ਦਾ ਤਗਮਾ ਜੇਤੂ ਅਤੇ ਦੁਨੀਆਂ ਦੀ ਪੰਜਵੇਂ ਨੰਬਰ ਦੀ ਖਿਡਾਰਨ ਸਾਇਨਾ ਨੂੰ ਪਵੀਲੀਅਨ ਚਾਰ ਰੀਓ ਸੈਂਟਰ ਵਿਚ 39 ਮਿੰਟ ਚੱਲੇ ਮੁਕਾਬਲੇ ਵਿਚ ਦੁਨੀਆਂ ਦੀ 61ਵੇਂ ਨੰਬਰ ਦੀ ਖਿਡਾਰਨ ਵਿਰੁੱਧ 18-21, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੁਨੀਆ ਦੀ ਸਾਬਕਾ ਨੰਬਰ ਇਕ ਭਾਰਤੀ ਖਿਡਾਰਨ ਨੇ ਇਸ ਤੋਂ ਪਹਿਲਾਂ 11 ਅਗਸਤ ਨੂੰ ਬ੍ਰਾਜ਼ੀਲ ਦੀ ਵਿਸੇਂਟੇ ਲੋਹਾਨੀ ਵਿਰੁੱਧ ਆਪਣਾ ਪਹਿਲਾ ਮੈਚ ਜਿੱਤਿਆ ਸੀ। ਵਿਸੇਂਟੇ ਨੂੰ ਪਹਿਲੇ ਮੈਚ ਵਿਚ ਹਰਾਉਣ ਵਾਲੀ ਮਾਰੀਆ ਨੇ ਸਾਇਨਾ ਅਤੇ ਬ੍ਰਾਜ਼ੀਲ ਦੀ ਖਿਡਾਰਨ ਨੂੰ ਪਛਾੜਦਿਆਂ ਗਰੁੱਪ ਜੀ ਤੋਂ ਨਾਕ ਆਊਟ ਵਿਚ ਥਾਂ ਬਣਾਈ। ਸਾਇਨਾ ਨੇ ਚੰਗੀ ਸ਼ੁਰੂਆਤ ਕੀਤੀ, ਪਰ ਉਹ ਲੈਅ ਵਿਚ ਨਜ਼ਰ ਨਹੀਂ ਆ ਰਹੀ ਸੀ। ਪਹਿਲੇ ਗੇਮ ਵਿਚ ਇਕ ਸਮੇਂ 6-1 ਦੀ ਲੀਡ ਬਣਾਉਣ ਦੇ ਬਾਵਜੂਦ ਉਨ੍ਹਾਂ ਯੂਕਰੇਨ ਦੀ ਖਿਡਾਰੀ ਨੂੰ 8-8 ਦੀ ਬਰਾਬਰੀ ਹਾਸਲ ਕਰਨ ਦਾ ਮੌਕਾ ਦਿੱਤਾ। ਸਾਇਨਾ ਨੇ ਇਸ ਦੌਰਾਨ ਕੁਝ ਸ਼ਾਟ ਬਾਹਰ ਮਾਰੇ, ਪਰ ਬਰੇਕ ਤੱਕ ਉਹ 11-9 ਨਾਲ ਅੱਗੇ ਚੱਲ ਰਹੀ ਸੀ। ਇਸ ਇਲਾਵਾ ਕਾਂਸੀ ਦੇ ਤਗਮੇ ਲਈ ਚੈੱਕ ਰਿਪਬਲਿਕ ਦੇ ਲੂਸੀ ਹਰਾਦੇਕਾ ਅਤੇ ਰਾਦੇਕ ਸਤੇਪਾਨੇਕ ਨਾਲ ਹੋਏ ਟੈਨਿਸ ਮਿਕਸਡ ਡਬਲਜ਼ ਮੁਕਾਬਲੇ ਵਿਚ ਭਾਰਤ ਦੀ ਸਾਨੀਆ ਮਿਰਜ਼ਾ ਤੇ ਰੋਹਨ ਬੋਪੰਨਾ ਦੀ ਜੋੜੀ ਹਾਰ ਗਈ।
________________________________________________
23 ਸੋਨ ਤਗਮਿਆਂ ਪਿੱਛੋਂ ਫੈਲਪਸ ਦੀ ਅਲਵਿਦਾ
ਰੀਓ ਡੀ ਜਨੇਰੋ: ਰੀਓ ਵਿਚ ਆਪਣੇ ਪੰਜਵੇਂ ਅਤੇ ਓਲੰਪਿਕ ਵਿਚ ਰਿਕਾਰਡ 23 ਸੋਨ ਤਗਮੇ ਜਿੱਤਣ ਤੋਂ ਬਾਅਦ ਇਨ੍ਹਾਂ ਖੇਡਾਂ ਨੂੰ ਅਲਵਿਦਾ ਕਹਿਣ ਵਾਲੇ ਵਿਸ਼ਵ ਦੇ ਚੋਟੀ ਦੇ ਤੈਰਾਕ ਅਮਰੀਕਾ ਦੇ ਮਾਈਕਲ ਫੈਲਪਸ ਦਾ ਕਹਿਣਾ ਹੈ ਕਿ ਉਸ ਨੇ ਜੋ ਕੀਤਾ ਹੈ, ਉਹ ਕੋਈ ਹੋਰ ਨਹੀਂ ਕਰ ਸਕਦਾ। ਫੈਲਪਸ ਨੇ ਰੀਓ ਵਿਚ ਆਪਣੇ ਆਖਰੀ ਚਾਰ ਗੁਣਾ 100 ਮੀਟਰ ਮੈਡਲੇ ਰਿਲੇਅ ਮੁਕਾਬਲੇ ਵਿਚ ਸੋਨੇ ਦਾ ਤਗਮਾ ਜਿੱਤਿਆ ਜੋ ਉਸ ਦਾ ਰੀਓ ਵਿਚ ਪੰਜਵਾਂ ਸੋਨ ਤਗਮਾ ਹੈ। ਉਨ੍ਹਾਂ ਇਸ ਮੁਕਾਬਲੇ ਨਾਲ ਓਲੰਪਿਕ ਖੇਡਾਂ ਨੂੰ ਅਲਵਿਦਾ ਕਹਿ ਦਿੱਤਾ। ਫੈਲਪਸ ਨੇ ਕਿਹਾ ਕਿ ਇਹ ਸਭ ਬੱਚੇ ਦੇ ਸੁਪਨੇ ਨਾਲ ਸ਼ੁਰੂ ਹੋਇਆ ਸੀ, ਜਿਸ ਨੇ ਹੁਣ ਤੈਰਾਕੀ ਦੇ ਮਾਅਨਾ ਬਦਲ ਦਿੱਤਾ ਹੈ। ਰੀਓ ਓਲੰਪਿਕ ਵਿਚ ਪੰਜ ਸੋਨ ਤਗਮਿਆਂ ਨਾਲ ਫੈਲਪਸ ਹੁਣ ਤੱਕ 23 ਓਲੰਪਿਕ ਸੋਨ ਤਗਮੇ ਜਿੱਤ ਚੁੱਕਿਆ ਹੈ। ਓਲੰਪਿਕ ਇਤਿਹਾਸ ਵਿਚ ਉਹ ਸਭ ਤੋਂ ਜ਼ਿਆਦਾ ਸੋਨ ਤਗਮੇ ਜਿੱਤਣ ਵਾਲੇ ਖਿਡਾਰੀ ਬਣ ਗਿਆ ਹੈ।
_______________________________________________
ਤਗਮੇ ਤੋਂ ਖੁੰਝੀ ਦੀਪਾ ਕਰਮਾਕਰ
ਜਿਮਨਾਸਟਕ ਦੀ ਮਹਿਲਾ ਵਾਲਟ ਈਵੈਂਟ ਦੇ ਫਾਈਨਲ ‘ਚ ਭਾਰਤ ਦੀ ਦੀਪਾ ਕਰਮਾਕਰ ਚੌਥੇ ਸਥਾਨ ਉਤੇ ਰਹਿ ਕੇ ਓਲੰਪਿਕ ਵਿਚ ਤਗਮੇ ਤੋਂ ਖੁੰਝ ਗਈ, ਪਰ ਉਸ ਦੇ ਚੰਗੇ ਖੇਡ ਪ੍ਰਦਰਸ਼ਨ ਦੀ ਚਰਚਾ ਹੈ। ਸੋਸ਼ਲ ਮੀਡੀਆ ‘ਤੇ ਭਾਰਤ ਦੀਆਂ ਨਾਮੀ ਹਸਤੀਆਂ ਵੱਲੋਂ ਉਸ ਨੂੰ ਵਧਾਈਆਂ ਮਿਲ ਰਹੀਆਂ ਹਨ। ਉਸ ਦਾ ਸਕੋਰ 15æ066 ਰਿਹਾ ਅਤੇ ਤੀਜੇ ਸਥਾਨ ‘ਤੇ ਰਹੀ ਸਵਿਟਜ਼ਰਲੈਂਡ ਦੀ ਜੀ ਸਟੀਨਗਰੱਬਰ (15æ216) ਤੋਂ ਉਹ ਕੁਝ ਅੰਕਾਂ ਨਾਲ ਪਛੜ ਗਈ ਸੀ। ਉਂਜ ਦੀਪਾ ਨੇ ਪ੍ਰੋਡੂਨੋਵਾ ਵਿਚ ਕਮਾਲ ਕੀਤਾ ਅਤੇ ਭਾਰਤ ਲਈ ਜਿਮਨਾਸਟਕ ‘ਚ ਇਤਿਹਾਸ ਬਣਾਇਆ। ਦੀਪਾ ਕਰਮਾਕਰ ਨਿਰਾਸ਼ ਨਹੀਂ ਹੈ ਤੇ ਉਸ ਨੇ ਹੁਣ ਤੋਂ ਹੀ ਟੋਕੀਓ ਓਲੰਪਿਕ 2020 ਵਿਚ ਸੋਨ ਤਗਮਾ ਜਿੱਤਣ ਨੂੰ ਆਪਣਾ ਅਗਲਾ ਨਿਸ਼ਾਨਾ ਮਿੱਥ ਲਿਆ ਹੈ। ਅਮਰੀਕੀ ਜਿਮਨਾਸਟ ਸੀਮੋਨ ਬਾਇਲਸ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਤਗਮੇ ਦੀ ਦੌੜ ਵਿਚ ਉਹ ਤੀਜੇ ਤੋਂ ਚੌਥੇ ਸਥਾਨ ‘ਤੇ ਖਿਸਕ ਗਈ ਸੀ।
______________________________________________
ਓਲੰਪਿਕ ਖੇਡਾਂ ਵਿਚ ਭਾਰਤ
ਓਲੰਪਿਕ ਖੇਡਾਂ ਦਾ ਇਤਿਹਾਸ ਯੂਨਾਨ (ਗਰੀਸ) ਵਿਚ ਕਈ ਸਦੀਆਂ ਪਹਿਲਾਂ, ਓਲੰਪੀਆ ਵਿਚ ਹੁੰਦੀਆਂ ਖੇਡਾਂ ਨਾਲ ਜੁੜਿਆ ਹੋਇਆ ਹੈ, ਪਰ 1896 ਵਿਚ ਆਧੁਨਿਕ ਓਲੰਪਿਕ ਖੇਡਾਂ ਸ਼ੁਰੂ ਹੋਣ ਤੋਂ ਬਾਅਦ, ਭਾਰਤ ਨੇ ਪਹਿਲੀ ਵਾਰ 1900 ਵਾਲੀਆਂ ਖੇਡਾਂ ਵਿਚ ਹਿੱਸਾ ਲਿਆ। ਉਦੋਂ ਭਾਰਤ ਉਤੇ ਅੰਗਰੇਜ਼ਾਂ ਦੀ ਹਕੂਮਤ ਸੀ ਅਤੇ ਭਾਰਤ ਵੱਲੋਂ ਇਕਲੌਤੇ ਖਿਡਾਰੀ ਨੌਰਮਨ ਪ੍ਰਿਟਸ਼ਰਡ ਨੇ ਅਥਲੈਟਿਕਸ ਵਿਚ ਚਾਂਦੀ ਦੇ ਦੋ ਤਗਮੇ ਜਿੱਤੇ ਸਨ। 1904, 1908, 1912 ਅਤੇ 1916 ਵਾਲੀਆਂ ਖੇਡਾਂ ਵਿਚ ਹਿੱਤਾ ਨਹੀਂ ਲਿਆ। ਇਸ ਤੋਂ ਬਾਅਦ 1920 ਵਾਲੀਆਂ ਖੇਡਾਂ ਲਈ ਛੇ ਅਤੇ 1924 ਲਈ 15 ਖਿਡਾਰੀਆਂ ਦਾ ਦਲ ਗਿਆ, ਪਰ ਕੋਈ ਤਗਮਾ ਨਹੀਂ ਜਿੱਤਿਆ ਸਕਿਆ। 1928 ਵਿਚ ਹਾਕੀ ਟੀਮ ਨੇ ਸੋਨੇ ਦਾ ਤਗਮਾ ਫੁੰਡ ਕੇ ਇਤਿਹਾਸ ਰਚਿਆ।
ਇਸ ਤੋਂ ਬਾਅਦ ਹਾਕੀ ਟੀਮ ਨੇ ਲਗਾਤਾਰ 1932, 1936, 1948 ਤੇ 1952 ਚਾਰ ਹੋਰ ਸੋਨ ਤਗਮੇ ਜਿੱਤੇ। ਦੂਜੇ ਸੰਸਾਰ ਜੰਗ ਕਰ ਕੇ 1940 ਅਤੇ 1944 ਵਾਲੀਆਂ ਖੇਡਾਂ ਹੋ ਨਹੀਂ ਸਨ ਸਕੀਆਂ। ਹਾਕੀ ਟੀਮ ਨੇ ਫਿਰ 1952 ਵਿਚ ਸੋਨ, 1960 ਵਿਚ ਚਾਂਦੀ, 1964 ਵਿਚ ਸੋਨ, 1968 ਤੇ 1972 ਵਿਚ ਕਾਂਸੀ ਅਤੇ 1980 ਵਿਚ ਸੋਨ ਤਗਮੇ ਜਿੱਤੇ। ਹਾਕੀ ਦੇ ਅੱਠ ਸੋਨ ਤਗਮਿਆਂ ਤੋਂ ਇਲਾਵਾ 2008 ਵਿਚ ਸ਼ੂਟਰ ਅਭਿਨਵ ਬਿੰਦਰਾ ਨੇ ਇਕਲੌਤਾ ਸੋਨੇ ਦਾ ਤਗਮਾ ਹਾਸਲ ਕੀਤਾ।
ਇਉਂ ਭਾਰਤ 2012 ਵਾਲੀ ਖੇਡਾਂ ਤਕ ਸੋਨੇ ਦੇ 9, ਚਾਂਦੀ ਦੇ 4 ਅਤੇ ਕਾਂਸੀ ਦੇ 11 ਤਗਮਿਆਂ ਸਮੇਤ ਕੁੱਲ 24 ਤਗਮੇ ਹਾਸਲ ਕਰ ਚੁੱਕਿਆ ਹੈ। ਭਾਰਤ ਨੂੰ 1992, 1988, 1984, 1976, 1924 ਅਤੇ 1920 ਵਿਚ ਤਗਮੇ ਤੋਂ ਬਗੈਰ ਹੀ ਸਬਰ ਕਰਨਾ ਪਿਆ। ਸਭ ਤੋਂ ਵੱਧ, ਛੇ ਤਗਮੇ 2012 ਵਾਲੀ ਲੰਡਨ ਓਲੰਪਿਕ ਵਿਚ ਮਿਲੇ ਸਨ। ਭਾਰਤ ਨੂੰ 2008 ਵਿਚ ਤਿੰਨ ਅਤੇ 1952 ਵਿਚ ਦੋ ਤਗਮੇ ਮਿਲੇ। ਬਾਕੀ ਸਾਰੀਆਂ ਖੇਡਾਂ ਵਿਚ ਇਕ-ਇਕ ਤਗਮਾ ਹੀ ਮਿਲ ਸਕਿਆ ਸੀ।