ਓਲੰਪਿਕ ਵਿਚ ਭਾਰਤ

ਐਤਕੀਂ ਰੀਓ ਓਲੰਪਿਕ ਵਿਚ ਭਾਰਤ ਦੀ ਆਸ ਤੋਂ ਘੱਟ ਕਾਰਗੁਜ਼ਾਰੀ ਇਕ ਵਾਰ ਫਿਰ ਮੀਡੀਆ ਅਤੇ ਆਮ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਵਾਰ ਤਾਂ ਬ੍ਰਾਜ਼ੀਲ, ਜਿਥੇ ਖੇਡਾਂ ਦਾ ਇਹ ਮਹਾਕੁੰਭ ਹੋ ਰਿਹਾ ਹੈ ਤੇ ਕੁਝ ਹੋਰ ਮੁਲਕਾਂ ਦੇ ਮੀਡੀਆ ਨੇ ਵੀ ਭਾਰਤ ਦੀ ਇਸ ਕਾਰਗੁਜ਼ਾਰੀ ਬਾਰੇ ‘ਨੋਟਿਸ’ ਲਿਆ ਹੈ। ਪਿਛਲੀ ਵਾਰ ਲੰਡਨ ਓਲੰਪਿਕ ਵਿਚ ਭਾਰਤੀ ਦਲ ਨੇ ਛੇ ਤਮਗੇ ਜਿੱਤ ਕੇ ਭਾਰਤੀ ਖੇਮੇ ਅਤੇ ਇਸ ਦੇ ਪ੍ਰਸ਼ੰਸਕਾਂ ਨੂੰ ਖੁਸ਼ੀ ਨਾਲ ਖੀਵੇ ਕਰ ਦਿੱਤਾ ਸੀ। ਇਸ ਵਾਰ ਓਲੰਪਿਕ ਪਿੰਡ ਗਿਆ ਭਾਰਤ ਦਲ ਪਹਿਲਾਂ ਦੇ ਮੁਕਾਬਲੇ ਵੱਡਾ ਸੀ ਅਤੇ ਖੇਡਾਂ ਦੀ ਵੰਨਗੀ ਵੀ ਧਿਆਨ ਖਿੱਚਣ ਵਾਲੀ ਸੀ, ਪਰ ਜਿਉਂ ਹੀ ਇਹ ਮਹਾਕੁੰਭ ਸ਼ੁਰੂ ਹੋਇਆ, ਇਕ ਤੋਂ ਬਾਅਦ ਇਕ ਹਾਰ ਨੇ ਭਾਰਤੀ ਦਲ ਦੇ ਹੌਸਲੇ ਪਸਤ ਕਰ ਦਿੱਤੇ ਅਤੇ ਹਰ ਪਾਸੇ ਭਾਰਤ ਦੀ ਮਾੜੀ ਕਾਰਗੁਜ਼ਾਰੀ ਦੀ ਚਰਚਾ ਹੋਣ ਲੱਗ ਪਈ।

ਸਭ ਤੋਂ ਵੱਧ ਨਿਰਾਸ਼ਾ ਹਾਕੀ ਟੀਮ ਦੀ ਕੁਆਰਟਰ ਫਾਈਨਲ ਮੈਚ ਵਿਚ ਹਾਰ ਤੋਂ ਹੋਈ। ਹਾਕੀ ਟੀਮ ਇਸ ਤੋਂ ਪਹਿਲਾਂ ਓਲੰਪਿਕ ਵਿਚ 11 ਤਮਗੇ ਹਾਸਲ ਕਰ ਚੁੱਕੀ ਹੈ। ਇਨ੍ਹਾਂ 11 ਵਿਚੋਂ 8 ਤਮਗੇ ਸੋਨੇ ਦੇ ਹਨ। ਹਾਕੀ ਵਿਚ ਭਾਰਤ ਨੇ ਇਕ ਵਾਰ ਚਾਂਦੀ ਅਤੇ ਦੋ ਵਾਰ ਕਾਂਸੀ ਦੇ ਤਮਗੇ ਹਾਸਲ ਕੀਤੇ ਹਨ। ਅਸਲ ਵਿਚ ਸੰਸਾਰ ਹਾਕੀ, ਭਾਰਤ ਨੂੰ ਖੇਡਦਿਆਂ ਦੇਖ-ਦੇਖ ਕੇ ਕਿਤੇ ਦੀ ਕਿਤੇ ਪੁੱਜ ਗਈ, ਪਰ ਭਾਰਤ ਮੁੜ ਆਪਣੀ ਉਹ ਸ਼ਾਨ ਬਹਾਲ ਨਹੀਂ ਕਰ ਸਕਿਆ। ਬਿਨਾਂ ਸ਼ੱਕ ਇਸ ਵਿਚ ਕੌਮਾਂਤਰੀ ਨੇਮਾਵਲੀ ਨੂੰ ਵੀ ਅਕਸਰ ਅੜਿੱਕਾ ਕਹਿ ਲਿਆ ਜਾਂਦਾ ਹੈ, ਪਰ ਭਾਰਤੀ ਹਾਕੀ ਵਿਚ ਤਿੰਨ-ਚਾਰ ਦਹਾਕੇ ਪਹਿਲਾਂ ਵਰਗਾ ਵੇਗ ਮੁੜ ਦੇਖਣ ਨੂੰ ਨਹੀਂ ਮਿਲਿਆ। ਇਸ ਵਿਚ ਪ੍ਰਬੰਧਾਂ ਦਾ ਵੀ ਖਾਸਾ ‘ਯੋਗਦਾਨ’ ਹੈ। ਐਸਟਰੋਟਰਫ ਦਾ ਹੀ ਮਾਮਲਾ ਹੈ। ਸੰਸਾਰ ਹਰੀ ਅਤੇ ਨੀਲੀ ਐਸਟਰੋਟਰਫ ਤੋਂ ਹੁੰਦਾ ਹੋਇਆ ਹੁਣ ਗੁਲਾਬੀ ਐਸਟਰੋਟਰਫ ‘ਤੇ ਜਾ ਪੁੱਜਾ ਹੈ; ਭਾਵ ਖੇਡ ਦੀ ਸਪੀਡ ਨਿਤ ਦਿਨ ਤੇਜ ਹੋਈ ਜਾਂਦੀ ਹੈ, ਪਰ ਭਾਰਤੀ ਖਿਡਾਰੀ ਅਜਿਹੀਆਂ ਤੇ ਹੋਰ ਸਹੂਲਤਾਂ ਲਈ ਹੀ ਜੂਝੀ ਜਾਂਦੇ ਹਨ। ਇਸ ਵਾਰ ਜਿਹੜੇ ਵੀ ਹਾਕੀ ਮਾਹਿਰਾਂ ਜਾਂ ਖਿਡਾਰੀਆਂ ਨੇ ਭਾਰਤੀ ਹਾਕੀ ਟੀਮ ਦੇ ਸਿਖਲਾਈ ਕੈਂਪਾਂ ਦਾ ਦੌਰਾ ਕੀਤਾ ਸੀ, ਸਭ ਨੇ ਹੀ ਤਸੱਲੀ ਦਾ ਪ੍ਰਗਟਾਵਾ ਕੀਤਾ ਸੀ। ਇਨ੍ਹਾਂ ਦਾ ਦਾਅਵਾ ਸੀ ਅਤੇ ਹੁਣ ਓਲੰਪਿਕ ਵਿਚ ਹਾਰ ਦੇ ਬਾਵਜੂਦ ਦਾਅਵਾ ਕਰ ਰਹੇ ਹਨ ਕਿ ਭਾਰਤੀ ਹਾਕੀ ਇਕ ਅਰਸੇ ਬਾਅਦ ਹੁਣ ਸਹੀ ਦਿਸ਼ਾ ਵੱਲ ਜਾ ਰਹੀ ਹੈ। ਹੁਣ ਸਭ ਨੂੰ ਰਲ ਕੇ ਇਸ ਅੰਦਰ ਸਪੀਡ ਫੂਕਣੀ ਚਾਹੀਦੀ ਹੈ ਅਤੇ ਇਸ ਸਪੀਡ ਲਈ ਖਿਡਾਰੀ ਨੂੰ ਉਹ ਸਾਰਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਜਿਸ ਦੀ ਹਰ ਵਾਰ ਬਹੁਤ ਜ਼ਿਆਦਾ ਲੋੜ ਮਹਿਸੂਸ ਕੀਤੀ ਜਾਂਦੀ ਰਹੀ ਹੈ। ਮੁੱਖ ਕੋਚ ਨੇ ਜਿਸ ਢੰਗ ਨਾਲ ਖਿਡਾਰੀਆਂ ਨੂੰ ਖਿਡਾਇਆ ਅਤੇ ਇਸ ਦੇ ਨਾਲ ਹੀ ਸੰਸਾਰ ਪੱਧਰ ਉਤੇ ਜਿਸ ਤਰ੍ਹਾਂ ਹਾਕੀ ਨੂੰ ਲੀਹੇ ਪਾਉਣ ਲਈ ਰਾਹ ਬਣਾਉਣ ਦਾ ਯਤਨ ਕੀਤਾ, ਉਸ ਦੀਆਂ ਖੂਬ ਸਿਫਤਾਂ ਹੋ ਰਹੀਆਂ ਹਨ। ਉਸ ਨੇ ਖੇਡ ਫਾਰਮੇਸ਼ਨ ਵਿਚ ਮੌਕੇ ਮੁਤਾਬਕ, ਵਾਰ-ਵਾਰ ਤਬਦੀਲੀਆਂ ਕਰ ਕੇ ਨਵੀਂ ਖੇਡ ਲੱਭਣ ਲਈ ਪੂਰਾ ਟਿਲ ਲਾਇਆ। ਇਸੇ ਲਈ ਵਿਸ਼ਲੇਸ਼ਣਕਾਰਾਂ ਦਾ ਆਖਣਾ ਹੈ ਕਿ ਰੀਓ ਵਿਚ ਭਾਵੇਂ ਹਾਕੀ ਟੀਮ ਬਹੁਤ ਪਹਿਲਾਂ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ ਹੈ, ਪਰ ਇਹ ਭਾਰਤੀ ਹਾਕੀ ਨੂੰ ਪਛਾੜ ਨਹੀਂ ਮੰਨੀ ਜਾਣੀ ਚਾਹੀਦੀ।
ਖੇਡਾਂ ਨੂੰ ਪਛਾੜ ਤਾਂ ਭਲਵਾਨਾਂ ਦੀ ਚੋਣ ਦੇ ਮਾਮਲੇ ਵਿਚ ਹੋਈ ਬਦਮਗਜ਼ੀ ਨਾਲ ਪਈ ਸੀ। ਇਸ ਮਾਮਲੇ ਵਿਚ ਸਾਹਮਣੇ ਆਈ ਕੁੱਕੜ-ਖੋਹੀ ਨੇ ਅਸਲ ਵਿਚ ਖੇਡ ਢਾਂਚੇ ਅਤੇ ਇਸ ਦੀਆਂ ਖਾਮੀਆਂ ਹੀ ਉਜਾਗਰ ਕੀਤੀਆਂ ਹਨ। ਨਰਸਿੰਘ ਯਾਦਵ ਅਤੇ ਸੁਸ਼ੀਲ ਕੁਮਾਰ ਵਾਲਾ ਵਿਵਾਦ, ਖੇਡ ਪ੍ਰੇਮੀਆਂ ਨੂੰ ਚਿਰਾਂ ਤਕ ਯਾਦ ਰਹਿਣਾ ਹੈ। ਇਸ ਵਿਵਾਦ ਨੇ ਭਾਰਤੀ ਖੇਡ ਸੰਸਥਾਵਾਂ ਅਤੇ ਇਸ ਦੀ ਪਹੁੰਚ ਦੇ ਬਖੀਏ ਹੀ ਉਧੇੜ ਛੱਡੇ, ਪਰ ਸਿਤਮਜ਼ਰੀਫੀ ਇਹ ਕਿ ਕੋਈ ਵੀ ਧਿਰ ‘ਮੈਂ ਨਾ ਮਾਨੂ’ ਵਾਲੀ ਰਟ ਤੋਂ ਇਕ ਇੰਚ ਵੀ ਪਿਛਾਂਹ ਹਟਣ ਲਈ ਤਿਆਰ ਨਹੀਂ ਹੋਈ। ਇਸ ਨੇ ਖੇਡ ਪ੍ਰਬੰਧਾਂ ਵਿਚ ਸਿਆਸਤ ਦਾ ਦਖਲ ਉਜਾਗਰ ਕਰ ਦਿੱਤਾ। ਖੇਡ ਪ੍ਰਬੰਧਾਂ ਨਾਲ ਜੁੜੇ ਲੋਕ ‘ਆਪਣੇ’ ਖਿਡਾਰੀਆਂ ਦੀ ਚੋਣ ਲਈ ਕਿਥੇ ਤਕ ਜਾ ਸਕਦੇ ਹਨ, ਇਹ ਮਾਮਲਾ ਇਸ ਦੀ ਖਾਸ ਮਿਸਾਲ ਹੋ ਨਿਬੜਿਆ। ਨੇਮ ਤਾਂ ਨੇਮ, ਨੈਤਿਕਤਾ ਤਾਕ ਅੰਦਰ ਰੱਖ ਦਿੱਤੀ ਗਈ। ਇਸ ਸਭ ਦੇ ਬਾਵਜੂਦ ਭਾਰਤੀ ਜਿਮਨਾਸਟ ਦੀਪਾ ਕਰਮਾਕਰ ਭਾਵੇਂ ਤਮਗਾ ਹਾਸਲ ਕਰਨ ਦੇ ਐਨ ਨੇੜੇ ਪਹੁੰਚ ਗਈ ਸੀ, ਪਰ ਤਮਗਾ ਨਾ ਮਿਲਣ ਦੇ ਬਾਵਜੂਦ ਉਸ ਨੇ ਜਿਸ ਢੰਗ ਦਾ ਖੇਡ ਮੁਜ਼ਾਹਰਾ ਕੀਤਾ, ਉਸ ਨੇ ਸਭ ਨੂੰ ਹੈਰਾਨ ਹੀ ਕਰ ਦਿੱਤਾ। ਪਹਿਲਾਂ ਉਸ ਨੇ ਅੱਠਵੇਂ ਸਥਾਨ ‘ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਅਤੇ ਫਿਰ ਬਹੁਤ ਘੱਟ ਫਰਕ (0æ15 ਅੰਕ) ਨਾਲ ਉਹ ਤੀਜੇ ਦੀ ਥਾਂ ਚੌਥੇ ਸਥਾਨ ਉਤੇ ਰਹੀ। ਉਹ ਫਾਈਨਲ ਵਿਚ ਜਾਣ ਵਾਲੀ ਪਹਿਲੀ ਮਹਿਲਾ ਖਿਡਾਰੀ ਤਾਂ ਬਣੀ ਹੀ, ਜਿਮਨਾਸਟਿਕ ਦੇ ਇਤਿਹਾਸ ਵਿਚ ਪ੍ਰੋਡੂਨੋਵਾ ਵਾਲਟ ਕਰਨ ਵਾਲੀ ਸੰਸਾਰ ਦੀ ਪੰਜਵੀਂ ਖਿਡਾਰੀ ਬਣ ਗਈ ਹੈ। ਆਪਣੀ ਇਸ ਕਾਰਗੁਜ਼ਾਰੀ ਤੋਂ ਦੀਪਾ ਬਹੁਤ ਆਸਵੰਦ ਹੈ। ਇਹ ਉਸ ਦੀ ਪਹਿਲੀ ਓਲੰਪਿਕ ਸੀ ਅਤੇ ਉਸ ਦਾ ਕਹਿਣਾ ਹੈ ਕਿ ਹੁਣ ਉਸ ਦਾ ਨਿਸ਼ਾਨਾ ਟੋਕੀਓ-2020 ਵਾਲੀ ਓਲੰਪਿਕ ਹੈ।
ਦੂਜੇ ਬੰਨੇ, ਰੀਓ ਵਿਚ ਭਾਰਤ ਦੇ ਖੇਡ ਮੰਤਰੀ ਵਿਜੇ ਗੋਇਲ ਨੇ ਜੋ ਗੁਲ ਖਿਲਾਏ ਹਨ, ਉਸ ਦੇ ਨਜ਼ਾਰੇ ਭਾਰਤ ਵਾਸੀਆਂ ਨੇ ਹੀ ਨਹੀਂ, ਸਾਰੇ ਸੰਸਾਰ ਨੇ ਦੇਖ ਹੀ ਲਏ ਹਨ। ਮੰਤਰੀ ਨੇ ਵੱਖ-ਵੱਖ ਵਰਗਾਂ ਵਿਚ ਹਿੱਸਾ ਲੈ ਰਹੇ ਖਿਡਾਰੀਆਂ ਨਾਲ ਫੋਟੋਆਂ ਖਿਚਵਾਉਣ ਲਈ ਹਰ ਨੇਮ ਦੀ ਉਲੰਘਣਾ ਕਰ ਮਾਰੀ। ਆਖਰਕਾਰ, ਇਸ ਸਿਲਸਿਲੇ ਵਿਚ ਓਲੰਪਿਕ ਦੇ ਪ੍ਰਬੰਧਕਾਂ ਨੂੰ ਇਸ ਖੇਡ ਮੰਤਰੀ ਨੂੰ ਬਾਕਾਇਦਾ ਚਿਤਾਵਨੀ ਜਾਰੀ ਕਰਨੀ ਪਈ। ਅਸਲ ਵਿਚ ਭਾਰਤੀ ਖੇਡਾਂ ਲਈ ਰਾਹ ਸਿਆਸਤਦਾਨਾਂ ਦੇ ਅਜਿਹੇ ਹੋਛੇਪਣ ਨੂੰ ਤਜ ਕੇ ਹੀ ਬਣਨਾ ਹੈ, ਪਰ ਇਹ ਕਾਰਜ ਕਰੇਗਾ ਕੌਣ, ਫਿਲਹਾਲ ਚਾਨਣ ਦੀ ਕੋਈ ਵੀ ਕਿਰਨ ਨਜ਼ਰੀਂ ਨਹੀਂ ਪੈ ਰਹੀ!