ਵੱਖ-ਵੱਖ ਦਲਾਂ ਦੇ ਆਗੂਆਂ ਨੇ ‘ਆਪ’ ਵੱਲ ਵਹੀਰਾਂ ਘੱਤੀਆਂ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੀਆਂ ਰਵਾਇਤੀ ਧਿਰਾਂ ਲਈ ਚੁਣੌਤੀ ਬਣਦੀ ਜਾ ਰਹੀ ਹੈ। ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਜਥੇਬੰਦਕ ਆਗੂ ਦੁਰਗੇਸ਼ ਪਾਠਕ ਵੱਲੋਂ ਪੰਜਾਬ ਦੀ ਸਿਆਸਤ ਉਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪਿਛਲੇ ਤਕਰੀਬਨ ਇਕ ਹਫਤੇ ਵਿਚ ਕਈ ਵੱਡੇ ਸਿਆਸੀ ਆਗੂ ਆਪ ਵੱਲ ਰੁਖ ਕਰ ਚੁੱਕੇ ਹਨ।

ਆਪ ਵੱਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਪਿੱਛੋਂ ਇਸ ਨਵੀਂ ਪਾਰਟੀ ਵਿਚ ਦੂਜੀਆਂ ਧਿਰਾਂ ਵਿਚ ਖੂੰਜੇ ਲੱਗੇ ਆਗੂ ਖਾਸ ਰੁਚੀ ਵਿਖਾ ਰਹੇ ਹਨ। ਅਕਾਲੀ ਦਲ ਨਾਲ ਸਬੰਧਤ ਮਰਹੂਮ ਖਜ਼ਾਨਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਪਤਨੀ ਸਰਬਜੀਤ ਕੌਰ ਤੇ ਧੀ ਮਨਪ੍ਰੀਤ ਕੌਰ ਡੌਲੀ ਆਪ ਵਿਚ ਸ਼ਾਮਲ ਹੋ ਗਏ।
ਦੱਸਣਯੋਗ ਹੈ ਕਿ ਮਨਪ੍ਰੀਤ ਡੌਲੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਈ ਸੀ। ਪੰਜਾਬ ਦੇ ਸਾਬਕਾ ਮੰਤਰੀ ਤੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਤਿੰਨ ਵਾਰ ਅਕਾਲੀ ਦਲ ਦੇ ਵਿਧਾਇਕ ਰਹੇ ਕੈਪਟਨ ਬਲਬੀਰ ਸਿੰਘ ਬਾਠ ਨੇ ਵੀ ਆਪ ਦਾ ਪੱਲਾ ਫੜ ਲਿਆ। ਦੱਸਣਯੋਗ ਹੈ ਕਿ ਕੈਪਟਨ ਬਾਠ ਸ਼੍ਰੋਮਣੀ ਅਕਾਲੀ ਦਲ ਦੇ ਰਵਾਇਤੀ ਆਗੂ ਮੰਨੇ ਜਾਂਦੇ ਹਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਰਹੇ ਅਤੇ ਸੈਕੂਲਰ ਲੋਕ ਰਾਜ ਪਾਰਟੀ ਦੇ ਪ੍ਰਧਾਨ ਹਰਚੰਦ ਸਿੰਘ ਬਰਸਟ ਨੇ ਵੀ ਆਪਣੀ ਪਾਰਟੀ ਨੂੰ ਆਪ ਵਿਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ। ‘ਵੰਗਾਂ ਮੇਚ ਨਾ ਆਈਆਂ’ ਗਾਣੇ ਨਾਲ ਪ੍ਰਸਿੱਧ ਹੋਏ ਗਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਵੀ ਆਪ ਦੀ ਸੁਰ ਵਿਚ ਸੁਰ ਮਿਲਾਉਣ ਦਾ ਐਲਾਨ ਕੀਤਾ। ਇਸ ਮੌਕੇ ਸੰਜੈ ਸਿੰਘ ਨੇ ਕਿਹਾ ਕਿ 10 ਦਿਨਾਂ ਦੌਰਾਨ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪਹਿਲੀ ਸੂਚੀ ਵਿਚ ਐਲਾਨੇ ਉਮੀਦਵਾਰਾਂ ਵਿਰੁੱਧ ਬੋਲਣ ਵਾਲੇ ਕੁਝ ਆਗੂਆਂ ਤੇ ਵਾਲੰਟੀਅਰਾਂ ਨੂੰ ਪਹਿਲਾਂ ਸਮਝਾਇਆ ਜਾਵੇਗਾ ਅਤੇ ਜੇ ਇਸ ਤੋਂ ਬਾਅਦ ਵੀ ਕਿਸੇ ਨੇ ਬਗਾਵਤੀ ਸੁਰਾਂ ਜਾਰੀ ਰੱਖੀਆਂ ਤਾਂ ਉਸ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
___________________
ਕੇਜਰੀਵਾਲ ਖੁਦ ਸੰਭਾਲਣਗੇ ਪੰਜਾਬ ਦੀ ਕਮਾਨ
ਨਵੀਂ ਦਿੱਲੀ: ਸ੍ਰੀ ਕੇਜਰੀਵਾਲ ਨੇ ਪੰਜਾਬ ਦੀ ਕਮਾਂਡ ਖ਼ੁਦ ਸਾਂਭ ਲਈ ਹੈ ਅਤੇ ਗੋਆ ਦੀ ਕਮਾਂਡ ਵਿਚ ਮਨੀਸ਼ ਸਿਸੋਦੀਆ (ਉਪ ਮੁੱਖ ਮੰਤਰੀ ਦਿੱਲੀ) ਤੇ ਸਤਿੰਦਰ ਜੈਨ (ਟਰਾਂਸਪੋਰਟ ਤੇ ਗ੍ਰਹਿ ਮੰਤਰੀ ਦਿੱਲੀ) ਨੂੰ ਦਿੱਤੀ ਗਈ ਹੈ। ਇਸੇ ਤਰ੍ਹਾਂ ਗੁਜਰਾਤ ਵਿਚ ਚੋਣ ਮੁਹਿੰਮ ਨੂੰ ਸਾਬਕਾ ਐਂਕਰ ਆਸ਼ੂਤੋਸ਼ ਤੇ ਦਿੱਲੀ ਦੇ ਭਾਸ਼ਾ, ਸਭਿਆਚਾਰ ਤੇ ਕਲਾ, ਪਾਣੀ ਮੰਤਰੀ ਕਪਿਲ ਮਿਸ਼ਰਾ ਦੇਣਗੇ। ਉਨ੍ਹਾਂ ਆਗੂਆਂ ਨੂੰ ਹਦਾਇਤ ਕੀਤੀ ਹੈ ਕਿ ਸੰਬਧਤ ਰਾਜਾਂ ਵਿਚ ਉਹ ਘੱਟੋ-ਘੱਟ ਦਸ ਦਿਨ ਤਾਂ ਜ਼ਰੂਰ ਲਾਉਣ। ਪੰਜਾਬ ਵਿਚ ਅਕਾਲੀਆਂ ਤੇ ਕਾਂਗਰਸੀਆਂ ਵੱਲੋਂ ਆਪ ਉਪਰ ਕੀਤੇ ਜਾ ਰਹੇ ਸਿਆਸੀ ਹੱਲਿਆਂ ਦੇ ਜਵਾਬ ਲਈ ਪਾਰਟੀ ਹਾਈਕਮਾਂਡ ਨੇ ਕਮਰ ਕੱਸ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸ੍ਰੀ ਕੇਜਰੀਵਾਲ ਪੰਜਾਬ ਵੱਲ ਵਧੇਰੇ ਧਿਆਨ ਕੇਂਦਰਿਤ ਕਰਨਗੇ। ਕੇਜਰੀਵਾਲ ਦੇ ਮੀਡੀਆ ਇੰਚਾਰਜ ਨੇ ਕਿਹਾ ਕਿ ਪਾਰਟੀ ਨੂੰ ਪੰਜਾਬ ਵਿੱਚ ਪ੍ਰਬਲ ਸੰਭਵਾਨਵਾਂ ਦਿਸ ਰਹੀਆਂ ਹਨ ਤੇ ਇਸ ਲਈ ਸ੍ਰੀ ਕੇਜਰੀਵਾਲ ਵੱਲੋਂ ਪੰਜਾਬ ਸਮੇਤ ਗੋਆ ਤੇ ਗੁਜਰਾਤ ਵੱਲ ਤਵੱਜੋ ਦਿੱਤੀ ਜਾ ਰਹੀ ਹੈ।
___________________________________________
‘ਆਪ’ ਨੂੰ ਗਰਮਖਿਆਲੀਆਂ ਦੀ ਹਮਾਇਤ: ਸੁਖਬੀਰ
ਸੰਗਰੂਰ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਦਿੱਲੀ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਅਸਫਲ ਰਹੀ ਆਮ ਆਦਮੀ ਪਾਰਟੀ ਪੰਜਾਬ ਵਿਚ ਨਕਸਲੀਆਂ ਅਤੇ ਗਰਮਖਿਆਲੀਆਂ ਦੀ ਹਮਾਇਤ ਨਾਲ ਸੂਬੇ ਦੀ ਸੱਤਾ ਉਤੇ ਕਾਬਜ਼ ਹੋ ਕੇ ਵਿਕਾਸ ਨੂੰ ਪੁੱਠਾ ਗੇੜਾ ਦੇਣ ਦੀਆਂ ਤਿਆਰੀਆਂ ਵਿਚ ਹੈ। ਉਨ੍ਹਾਂ ਕਿਹਾ ਕਿ ਆਪ ਦੀਆਂ ਇਹ ਤਿਆਰੀਆਂ ਧਰੀਆਂ-ਧਰਾਈਆਂ ਰਹਿ ਜਾਣੀਆਂ ਹਨ ਕਿਉਂਕਿ ਲੋਕ ਪੰਜਾਬ ਦੇ ਵਿਰਸੇ ਅਤੇ ਸਭਿਆਚਾਰ ਤੋਂ ਕੋਰੀ ਇਸ ਪਾਰਟੀ ਨੂੰ ਮੂੰਹ ਨਹੀਂ ਲਾਉਣਗੇ।