ਪਾਕਿਸਤਾਨ ਜੇਲ੍ਹ ਵਿਚ ਸਰਬਜੀਤ ਦੀ ਮੌਤ ਬਾਰੇ ਅਹਿਮ ਖੁਲਾਸੇ

ਅੰਮ੍ਰਿਤਸਰ: ਸਾਲ 2013 ਵਿਚ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿਚ ਸਾਥੀ ਕੈਦੀਆਂ ਵੱਲੋਂ ਕਤਲ ਕੀਤੇ ਜਾਣ ਮਗਰੋਂ ਭਾਰਤੀ ਸਰਕਾਰ ਤੋਂ ਸ਼ਹੀਦ ਦਾ ਖਿਤਾਬ ਲੈਣ ਵਾਲੇ ਸਰਬਜੀਤ ਸਿੰਘ ਦੇ ਮਾਮਲੇ ਵਿਚ ਉਸ ਨਾਲ ਜੇਲ੍ਹ ‘ਚ ਕੈਦ ਕੱਟ ਚੁੱਕੇ ਇਕ ਪੰਜਾਬੀ ਟਰੱਕ ਡਰਾਈਵਰ ਨੇ ਨਵਾਂ ਖੁਲਾਸਾ ਕੀਤਾ ਹੈ। ਝਬਾਲ ਨਜ਼ਦੀਕ ਪਿੰਡ ਸੋਹਲ ਦਾ ਵਸਨੀਕ ਦਿਲਬਾਗ ਸਿੰਘ ਬਿੱਟੂ ਪੇਸ਼ੇ ਤੋਂ ਟਰੱਕ ਡਰਾਈਵਰ ਹੈ ਤੇ ਪਾਕਿਸਤਾਨ ਨੂੰ ਟਰੱਕ ‘ਤੇ ਮਾਲ ਲਿਜਾਣ ਮੌਕੇ ਵਾਹਗੇ ਨੇੜਿਓਂ 2012 ਵਿਚ ਉਸ ਨੂੰ ਪਾਕਿਸਤਾਨ ਸੁਰੱਖਿਆ ਫੋਰਸਾਂ ਵੱਲੋਂ ਜਾਸੂਸੀ ਦੇ ਦੋਸ਼ ‘ਚ ਫੜ ਲਿਆ ਗਿਆ ਸੀ।

ਅਦਾਲਤ ਨੇ ਉਸ ਨੂੰ 16 ਮਹੀਨੇ ਦੀ ਕੈਦ ਸੁਣਾਉਂਦਿਆਂ ਕੋਟ ਲਖਪਤ ਜੇਲ੍ਹ ਵਿਚ ਭੇਜ ਦਿੱਤਾ। ਇਸੇ ਜੇਲ੍ਹ ‘ਚ ਉਸ ਦੀ ਮੁਲਾਕਾਤ ਸਰਬਜੀਤ ਸਿੰਘ ਨਾਲ ਹੋਈ, ਜੋ ਉਸ ਦੇ ਇਲਾਕੇ ਦਾ ਹੋਣ ਕਾਰਨ ਕਾਫੀ ਘੁਲ-ਮਿਲ ਗਿਆ। ਉਸ ਕੋਲ ਇਕ ਮਣਕਿਆਂ ਦੀ ਮਾਲਾ (ਮੁਤੱਸਵੀ) ਵੀ ਮੌਜੂਦ ਹੈ, ਜੋ ਉਸ ਦੇ ਦਾਅਵੇ ਅਨੁਸਾਰ ਸਰਬਜੀਤ ਨੇ ਆਪ ਬਣਾ ਕੇ ਉਸ ਨੂੰ ਦਿੱਤੀ। ਦਿਲਬਾਗ ਬਿੱਟੂ ਨੇ ਦੱਸਿਆ ਕਿ ਸਰਬਜੀਤ ਸਿੰਘ ਮੌਤ ਦੀ ਸਜ਼ਾ ਪ੍ਰਾਪਤ ਕੈਦੀ ਸੀ ਸੋ ਉਨ੍ਹਾਂ ਦੇ ਸੈੱਲ ਆਮ ਕੈਦੀਆਂ ਤੋਂ ਵੱਖਰੇ ਸਨ ਤੇ ਸਰਬਜੀਤ 7ਵੇਂ ਬਲਾਕ ਦੀ 13 ਨੰਬਰ ਚੱਕੀ ਵਿਚ ਬੰਦ ਸੀ। ਉਸ ਨੂੰ ਭਾਵੇਂ ਦੂਸਰੇ ਕੈਦੀਆਂ ਦੇ ਬਹੁਤਾ ਲਾਗੇ ਨਹੀਂ ਸੀ ਜਾਣ ਦਿੱਤਾ ਜਾਂਦਾ, ਪਰ ਸਰਬਜੀਤ ਆਪਣੇ ਪਿੰਡ ਭਿੱਖੀਵਿੰਡ ਦੇ ਨੇੜੇ ਦਾ ਹੋਣ ਕਾਰਨ ਬਿੱਟੂ ਨੂੰ ਆਮ ਕਰ ਕੇ ਮੁਲਾਕਾਤ ਲਈ ਬੁਲਾ ਲੈਂਦਾ ਸੀ। ਉਸ ਦੀ ਭੈਣ ਦਲਬੀਰ ਕੌਰ ਵੱਲੋਂ ਭਾਰਤ ‘ਚ ਉਸ ਦੀ ਰਿਹਾਈ ਲਈ ਜਾਰੀ ਲੜਾਈ ਉਤੇ ਸਰਬਜੀਤ ਦੀ ਉਮੀਦ ਟਿਕੀ ਹੋਈ ਸੀ।
ਬਿੱਟੂ ਅਨੁਸਾਰ ਕੋਟ ਲਖਪਤ ਜੇਲ੍ਹ ਵਿਚ ਮੁਸਲਮਾਨ ਕੈਦੀ, ਸਰਬਜੀਤ ਨਾਲ ਨਫਰਤ ਕਰਦੇ ਸਨ, ਪਰ ਉਨ੍ਹਾਂ ਦਾ ਬਾਕੀ ਭਾਰਤੀ ਕੈਦੀਆਂ ਪ੍ਰਤੀ ਵਿਵਹਾਰ ਆਮ ਸੀ। ਅਪਰੈਲ 13 ਦੇ ਅਖੀਰ ਵਿਚ ਸਰਬਜੀਤ ਉਤੇ ਜਾਨ ਲੇਵਾ ਹਮਲੇ ਸਮੇਂ ਵੀ ਉਹ ਉਸੇ ਜੇਲ੍ਹ ‘ਚ ਸੀ। ਉਹ ਦੱਸਦਾ ਹੈ ਕਿ ਸਰਬਜੀਤ ਨੂੰ ਮਾਰਨ ਵਾਲੇ ਕੈਦੀ ਵੀ ਮੌਤ ਦੀ ਸਜ਼ਾ ਪ੍ਰਾਪਤ ਸਨ, ਜਿਨ੍ਹਾਂ ਉਸ ਦਿਨ ਦੁਪਹਿਰ ਦੇ ਕਰੀਬ ਢਾਈ ਵਜੇ ਸਰਬਜੀਤ ਲਈ ਵਿਸ਼ੇਸ਼ ਤੌਰ ‘ਤੇ ਆਉਂਦੇ ਦੁੱਧ ‘ਚ ਨਸ਼ੀਲੀਆਂ ਗੋਲੀਆਂ ਮਿਲਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਤੇ ਫਿਰ ਮੱਥੇ ‘ਤੇ ਰਾਡ ਨਾਲ ਹਮਲੇ ਮਗਰੋਂ ਪੀਪਿਆਂ ਦੇ ਪੱਤਰੇ ਤੋਂ ਬਣਾਏ ਬਲੇਡਾਂ ਨਾਲ ਵਿੰਨ੍ਹ ਦਿੱਤਾ। ਸਰਬਜੀਤ ਦੀ ਮੌਤ ਜੇਲ੍ਹ ਵਿਚ ਹੀ ਹੋ ਗਈ ਸੀ ਅਤੇ ਹਸਪਤਾਲ ਭੇਜਣ ਦੀ ਕਿਰਿਆ ਮਹਿਜ਼ ਹਾਲਾਤ ‘ਤੇ ਕਾਬੂ ਪਾਉਣ ਲਈ ਇਕ ਵਿਖਾਵਾ ਸੀ। ਉਸ ਨੇ ਕਿਹਾ ਕਿ ਸਰਬਜੀਤ ਦੀ ਮੌਤ ਮਗਰੋਂ ਉਥੇ ਬੰਦ ਭਾਰਤੀ ਕੈਦੀਆਂ ਨੇ ਕੁਝ ਦਿਨ ਲਈ ਭੁੱਖ ਹੜਤਾਲ ਵੀ ਰੱਖੀ ਸੀ।
ਸੋਹਲ ਪਿੰਡ ਵਿਚ ਹੁਣ ਪਾਕਿਸਤਾਨੀ ਦੇ ਨਾਂ ਨਾਲ ਮਸ਼ਹੂਰ ਬਿੱਟੂ ਨੇ ਦੱਸਿਆ ਕਿ ਕੋਟ ਲਖਪਤ ਜੇਲ੍ਹ ਵਿਚ ਉਸ ਦੀ ਰਿਹਾਈ ਸਮੇਂ ਕਿਰਪਾਲ ਸਿੰਘ (ਜਿਸ ਦੀ ਇਸੇ ਸਾਲ ਅਪਰੈਲ ਵਿਚ ਮੌਤ ਹੋ ਚੁੱਕੀ ਹੈ) ਸਮੇਤ 25 ਦੇ ਕਰੀਬ ਭਾਰਤੀ ਕੈਦੀ ਸਨ, ਜਿਨ੍ਹਾਂ ‘ਚੋਂ ਵਧੇਰੇ ਰਿਹਾਈ ਦੀ ਉਮੀਦ ਨਾ ਹੋਣ ਕਾਰਨ ਦਿਮਾਗੀ ਸੰਤੁਲਨ ਗੁਆ ਚੁੱਕੇ ਹਨ। ਉਸ ਅਨੁਸਾਰ 15 ਦੇ ਕਰੀਬ ਮਾਨਸਿਕ ਪੱਖੋਂ ਖਤਮ ਭਾਰਤੀ ਕੈਦੀਆਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਗੁਆਚੇ ਨਾਨਕ ਸਿੰਘ ਦੇ ਹੋਣ ਦੀ ਵੀ ਸੰਭਾਵਨਾ ਹੈ। ਉਸ ਅਨੁਸਾਰ ਇਸੇ ਜੇਲ੍ਹ ਵਿਚ 25 ਸਾਲ ਦੀ ਕੈਦ ਭੁਗਤ ਰਹੇ ਗੁਜਰਾਤ ਵਾਸੀ ਕੁਲਦੀਪ ਕੁਮਾਰ, ਜੋ ਭਾਰਤੀ ਕੈਦੀਆਂ ਦੀ ਸੇਵਾ ਲਈ ਕਾਫੀ ਸਰਗਰਮ ਹੈ, ਵੱਲੋਂ ਕਈ ਵਾਰ ਮਾਨਸਿਕ ਬਿਮਾਰ ਕੈਦੀਆਂ ‘ਚੋਂ ਨਾਨਕ ਦਾ ਨਾਂ ਦੱਸਿਆ ਜਾਂਦਾ ਸੀ।
_____________________________________
ਸਰਬਜੀਤ ‘ਤੇ ਬਣੀ ਹਿੰਦੀ ਫਿਲਮ ਤੱਥਾਂ ਤੋਂ ਪਰੇ
ਅੰਮ੍ਰਿਤਸਰ: ਅਕਤੂਬਰ 13 ਵਿਚ ਪਾਕਿਸਤਾਨ ਤੋਂ ਰਿਹਾਅ ਹੋ ਕੇ ਆਏ ਬਿੱਟੂ ਨੇ ਦਾਅਵਾ ਕੀਤਾ ਕਿ ਸਰਬਜੀਤ ‘ਤੇ ਬਣੀ ਹਿੰਦੀ ਫਿਲਮ ਤੱਥਾਂ ਤੋਂ ਬਿਲਕੁਲ ਪਰੇ ਹੈ ਅਤੇ ਉਸ ਦੀ ਭੈਣ ਨੇ ਪੈਸੇ ਦੇ ਲਾਲਚ ‘ਚ ਮਨਮਰਜ਼ੀ ਨਾਲ ਕਹਾਣੀ ਬਣਾ ਦਿੱਤੀ ਹੈ। ਉਸ ਨੇ ਦਾਅਵਾ ਕੀਤਾ ਕਿ ਸਰਬਜੀਤ ਦੀ ਭੈਣ ਉਸ ਦੀ ਰਿਹਾਈ ਮਗਰੋਂ ਇਕ ਵਾਰ ਉਸ ਨੂੰ ਮਿਲੀ ਸੀ, ਪਰ ਜੇਲ੍ਹ ਬਾਰੇ ਜਾਣਕਾਰੀ ਨੂੰ ਉਸ ਨੇ ਅਣਸੁਣਿਆ ਕਰ ਦਿੱਤਾ ਸੀ। ਉਸ ਅਨੁਸਾਰ ਸਰਬਜੀਤ ਨਾਲ ਜੁੜੇ ਕਈ ਰਾਜ ਤੇ ਅਸਲ ਕਹਾਣੀ ਉਸ ਕੋਲ ਅਜੇ ਵੀ ਬਾਕੀ ਹੈ।