ਪੰਜਾਬ ਵਿਚ ਗਊ ਰਾਖਿਆਂ ਵਿਰੁਧ ਜ਼ੋਰਦਾਰ ਲਾਮਬੰਦੀ ਹੋਈ ਸ਼ੁਰੂ

ਚੰਡੀਗੜ੍ਹ: ਪੰਜਾਬ ਵਿਚ ਗਊ ਰਾਖੀ ਦੇ ਨਾਂ ‘ਤੇ ਸਖਤੀ ਨੇ ਡੇਅਰੀ ਧੰਦੇ ਨੂੰ ਤਬਾਹੀ ਦੇ ਕੰਢੇ ਉਤੇ ਲੈ ਆਂਦਾ ਹੈ। ਇਸ ਧੰਦੇ ਨਾਲ ਜੁੜੇ ਕਿਸਾਨਾਂ ਨੇ ਇਸ ਧੱਕੇਸ਼ਾਹੀ ਵਿਰੁੱਧ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਨੇ ਜਗਰਾਉਂ ਵਿਚ ਇਕ ਵੱਡਾ ਇਕੱਠ ਕਰ ਕੇ ਸ਼ਹਿਰ ਵਿਚ ਫਿਰਦੀਆਂ ਅਵਾਰਾ ਗਊਆਂ ਨੂੰ ਸਥਾਨਕ ਵਿਧਾਇਕ ਦੇ ਘਰ ‘ਚ ਵਾੜ ਕੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਗਊ ਰੱਖਿਆ ਦੇ ਨਾਂ ਉਤੇ ਚੱਲ ਰਹੇ ਗੋਰਖਧੰਦੇ ਤੋਂ ਦੁੱਧ ਦਾ ਵਪਾਰ ਕਰਨ ਵਾਲੇ ਕਿਸਾਨ ਕਿੰਨੇ ਦੁਖੀ ਹੋ ਚੁੱਕੇ ਹਨ।

ਕਿਸਾਨਾਂ ਦਾ ਦੋਸ਼ ਸੀ ਕਿ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਬਾਹਰਲੇ ਦੇਸ਼ਾਂ ਤੋਂ ਗਊਆਂ ਦੇ ਸੀਮਨ ਮੰਗਵਾ ਕੇ ਚੰਗੀ ਨਸਲ ਦੀਆਂ ਗਊਆਂ ਪਾਲੀਆਂ। ਦੇਸ਼ ਦੇ ਦੂਸਰੇ ਸੂਬਿਆਂ ਤੋਂ ਵੀ ਵਪਾਰੀ ਇਹ ਗਊਆਂ ਲਿਜਾ ਕੇ ਜਿਥੇ ਆਪਣੀਆਂ ਗਊਆਂ ਦੀਆਂ ਨਸਲਾਂ ਸੁਧਾਰਨ ਦੇ ਯਤਨ ‘ਚ ਸਨ, ਉਥੇ ਦੇਸ਼ ਭਰ ਵਿਚ ਦੁੱਧ ਦੇ ਇਨਕਲਾਬ ਦੀ ਗੱਲ ਵੀ ਤੁਰੀ ਸੀ, ਪਰ ਇਸ ਵਪਾਰ ਨੂੰ ਅਖੌਤੀ ਗਊ ਰੱਖਿਆ ਦਲਾਂ ਨੇ ਚੌਪਟ ਕਰ ਕੇ ਰੱਖ ਦਿੱਤਾ ਹੈ।
ਪਿਛਲੇ ਦਿਨੀਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸਨ ਕਿ ਵੱਖ-ਵੱਖ ਜ਼ਿਲ੍ਹਿਆਂ ‘ਚ ਆਪੇ ਹੀ ਗਊ ਰੱਖਿਅਕ ਦਲ ਬਣ ਗਏ ਹਨ ਜੋ ਵਪਾਰ ਲਈ ਲਿਜਾਈਆਂ ਜਾ ਰਹੀਆਂ ਗਊਆਂ ਨੂੰ ਰੋਕ ਕੇ ਢੋਆ-ਢੁਆਈ ਕਰਨ ਵਾਲੇ ਟਰੱਕਾਂ ਦੇ ਕਰਮੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਰਹੇ ਹਨ, ਜਿਸ ਨਾਲ ਸਮੁੱਚੇ ਮਾਹੌਲ ਵਿਚ ਦਹਿਸ਼ਤ ਪੈਦਾ ਹੋ ਗਈ। ਗਊਆਂ ਦੇ ਦੁੱਧ ਦੇ ਵਪਾਰ ਉਤੇ ਇਸ ਦਾ ਵੱਡਾ ਅਸਰ ਪਿਆ। ਇਹ ਵੀ ਇਕ ਵੱਡਾ ਕਾਰਨ ਹੈ ਕਿ ਅੱਜ ਲੱਖਾਂ ਹੀ ਗਊਆਂ ਹਰਿਆਣਾ, ਪੰਜਾਬ ਤੇ ਹੋਰ ਸੂਬਿਆਂ ਵਿਚ ਫਿਰਦੀਆਂ ਦਿਖਾਈ ਦੇ ਰਹੀਆਂ ਹਨ। ਇਹ ਵੀ ਖਬਰਾਂ ਸਾਹਮਣੇ ਆਈਆਂ ਹਨ ਕਿ ਗਊ ਰੱਖਿਆ ਦਲਾਂ ਵੱਲੋਂ ਇਸ ਨੂੰ ਆਪਣਾ ਇਕ ਵਪਾਰਕ ਧੰਦਾ ਹੀ ਬਣਾ ਲਿਆ ਗਿਆ ਹੈ ਤੇ ਬਹੁਤੇ ਇਸ ਦੇ ਨਾਂ ਉਤੇ ਵੱਡੀਆਂ ਕਮਾਈਆਂ ਕਰਨ ਲੱਗੇ ਹਨ। ਇਸ ਬਾਰੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਕੋਲ ਸ਼ਿਕਾਇਤਾਂ ਪੁੱਜਦੀਆਂ ਰਹੀਆਂ ਸਨ, ਪਰ ਪ੍ਰਸ਼ਾਸਨ ਉਤੇ ਇਸ ਦਾ ਕੋਈ ਅਸਰ ਨਹੀਂ ਹੋਇਆ, ਜਿਸ ‘ਤੇ ਅਖੌਤੀ ਗਊ ਰੱਖਿਅਕ ਦਲ ਹੋਰ ਵੀ ਹੌਸਲੇ ਵਿਚ ਹੋ ਗਏ ਤੇ ਉਨ੍ਹਾਂ ਨੇ ਇਸ ਬਾਰੇ ਆਪਣੀਆਂ ਜ਼ਿਆਦਤੀਆਂ ਵਧਾ ਦਿੱਤੀਆਂ।
ਇਸੇ ਕਰ ਕੇ ਦੇਸ਼ ਭਰ ‘ਚ ਗਊਆਂ ਨਾਲ ਸਬੰਧਤ ਵਪਾਰ ਕਰਨ ਵਾਲੇ ਪ੍ਰਭਾਵਤ ਵੀ ਹੋਏ ਤੇ ਉਨ੍ਹਾਂ ਨੂੰ ਇਨ੍ਹਾਂ ਦਲਾਂ ਵੱਲੋਂ ਮਾਰਿਆ-ਕੁੱਟਿਆ ਵੀ ਗਿਆ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅਜਿਹੇ ਦਲਾਂ ਵਿਰੁੱਧ ਬੋਲਣ ਪਿੱਛੋਂ ਪੰਜਾਬ ਵਿਚ ਅਜਿਹੇ ਗਊ ਰਾਖਿਆਂ ਵਿਰੁੱਧ ਰੋਹ ਵਧਣ ਲੱਗਾ ਹੈ। ਪ੍ਰਧਾਨ ਮੰਤਰੀ ਵੱਲੋਂ ਲੰਬੇ ਸਮੇਂ ਬਾਅਦ ਇਹ ਚੁੱਪ ਇਸ ਕਰ ਕੇ ਤੋੜੀ ਗਈ ਜਦੋਂ ਉਨ੍ਹਾਂ ਦੇ ਆਪਣੇ ਪ੍ਰਦੇਸ਼ ਗੁਜਰਾਤ ‘ਚ ਇਕ ਮਰੀ ਹੋਈ ਗਾਂ ਦੀ ਖੱਲ ਉਤਾਰਦੇ ਹੋਏ ਕੁਝ ਵਿਅਕਤੀਆਂ ਨੂੰ ਗਊ ਰੱਖਿਅਕਾਂ ਵੱਲੋਂ ਬੁਰੀ ਤਰ੍ਹਾਂ ਮਾਰਿਆ ਗਿਆ, ਜਿਸ ਦੀ ਚਰਚਾ ਤੇ ਸਖਤ ਆਲੋਚਨਾ ਦੇਸ਼ ਭਰ ਵਿਚ ਹੋਈ। ਪ੍ਰਧਾਨ ਮੰਤਰੀ ਵੱਲੋਂ ਅਜਿਹੇ ਚਲ ਰਹੇ ਧੰਦੇ ਨੂੰ ਰੋਕਣ ਦੀਆਂ ਸਪੱਸ਼ਟ ਹਦਾਇਤਾਂ ਤੋਂ ਬਾਅਦ ਕੁਝ ਸੂਬਾ ਸਰਕਾਰਾਂ ਨੂੰ ਜਾਗ ਆਈ ਹੈ ਤੇ ਉਨ੍ਹਾਂ ਨੇ ਇਸ ਸਬੰਧੀ ਆਪਣੀਆਂ ਕੁਝ ਕਾਰਵਾਈਆਂ ਕਰਨੀਆਂ ਸ਼ੁਰੂ ਕੀਤੀਆਂ ਹਨ।
_______________________________________________
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਮੋਦੀ ਨੂੰ ਘੇਰਿਆ
ਨਵੀਂ ਦਿੱਲੀ: ਵਿਸ਼ਵ ਹਿੰਦੂ ਪ੍ਰੀਸ਼ਦ (ਵੀæਐਚæਪੀæ) ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਗਊ ਰਕਸ਼ਕਾਂ ਖਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਸ੍ਰੀ ਮੋਦੀ ਨੇ ਗਊ ਰਕਸ਼ਕਾਂ ਨੂੰ ਸਮਾਜ ਵਿਰੋਧੀ ਗਰਦਾਨ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਨੂੰ ਗਊ ਰੱਖਿਅਕਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਵੀæਐਚæਪੀæ ਦੇ ਕੌਮਾਂਤਰੀ ਵਰਕਿੰਗ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਕਿਹਾ ਕਿ ਸ੍ਰੀ ਮੋਦੀ ਵੱਲੋਂ ਸੂਬਿਆਂ ਨੂੰ ਗਊ ਰੱਖਿਅਕਾਂ ਦੇ ਡੋਜ਼ੀਅਰ ਤਿਆਰ ਕਰਨ ਦੇ ਨਿਰਦੇਸ਼ ਹਿੰਦੂਆਂ ਨੂੰ ‘ਨਸਲੀ ਅਪਰਾਧੀ’ ਸਾਬਤ ਕਰਦੇ ਹਨ ਜਦਕਿ ਉਹ ਗਊ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰ ਰਹੇ ਹਨ। ਉਨ੍ਹਾਂ ਕਿਹਾ ਕਿ ਡੋਜ਼ੀਅਰ ਤਾਂ ਅਤਿਵਾਦੀਆਂ ਅਤੇ ਬਲਾਤਕਾਰੀਆਂ ਦੇ ਕੱਢੇ ਜਾਂਦੇ ਹਨ।
______________________________________________
ਗਊ ਰੱਖਿਅਕ ਸੰਗਠਨਾਂ ਉਤੇ ਪਾਬੰਦੀ ਲਈ ਜ਼ੋਰ
ਨਵੀਂ ਦਿੱਲੀ: ਦਲਿਤਾਂ ਵਿਰੁੱਧ ਦੇਸ਼ ‘ਚ ਵੱਧ ਰਹੇ ਤਸ਼ਦੱਦ ਦੇ ਮਾਮਲਿਆਂ ‘ਤੇ ਨੱਥ ਪਾਉਣ ਵਿਚ ਨਾਕਾਮ ਰਹਿਣ ਲਈ ਸਰਕਾਰ ਨੂੰ ਘੇਰਦਿਆਂ ਵਿਰੋਧੀ ਮੈਂਬਰਾਂ ਨੇ ਲੋਕ ਸਭਾ ਵਿਚ ਮੰਗ ਕੀਤੀ ਕਿ ਗਊ ਰੱਖਿਅਕ ਹਿੰਦੂ ਜਥੇਬੰਦੀਆਂ ਉਤੇ ਪਾਬੰਦੀ ਲਾਈ ਜਾਵੇ। ਮੈਂਬਰਾਂ ਨੇ ਦਾਅਵਾ ਕੀਤਾ ਕਿ ਐਸ਼ਸੀæ ਅਤੇ ਐਸ਼ਟੀæ ਵਰਗਾਂ ਦੇ ਲੋਕ ਭੈਅ ਦੇ ਮਾਹੌਲ ਵਿਚ ਰਹਿ ਰਹੇ ਹਨ। ਕੇæਐਚæ ਮੁਨੀਅੱਪਾ (ਕਾਂਗਰਸ) ਨੇ ਦੋਸ਼ ਲਾਇਆ ਕਿ ਗੁਜਰਾਤ ‘ਚ ਦਲਿਤਾਂ ਉਤੇ ਹਮਲਿਆਂ ਦੀ ਤਾਂ ਹੱਦ ਹੋ ਗਈ ਅਤੇ ਇਤਿਹਾਸ ‘ਚ ਪਹਿਲਾਂ ਅਜਿਹੇ ਹਮਲੇ ਕਦੇ ਨਹੀਂ ਦੇਖੇ ਗਏ। ਪੀæਕੇæ ਬੀਜੂ (ਸੀæਪੀæਆਈæ-ਐਮ) ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੰਵਿਧਾਨ ‘ਚ ਸਾਰੇ ਨਾਗਰਿਕਾਂ ਨੂੰ ਇਕ ਸਮਾਨ ਹੱਕ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਬਰਾਬਰੀ ਦੇ ਹੱਕਾਂ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ।