ਸ੍ਰੀ ਹਰਿਮੰਦਰ ਸਾਹਿਬ ਦੇ ਸੋਨੇ ਦੀ ਸਫਾਈ ਲਈ ਸੇਵਾ ਅਰੰਭ

ਅੰਮ੍ਰਿਤਸਰ: ਸਿੱਖਾਂ ਦਾ ਸਰਵਉਚ ਧਾਰਮਿਕ ਅਸਥਾਨ ਹੋਣ ਦੇ ਨਾਲ-ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਭਰ ਦੇ ਸੈਲਾਨੀਆਂ ਵਿਚ ਵੀ ਖਿੱਚ ਦਾ ਕੇਂਦਰ ਹੈ, ਜਿਸ ਦੀ ਮਨਮੋਹਕ ਇਮਾਰਤੀ ਦਿੱਖ ਕਾਰਨ ਰੋਜ਼ਾਨਾ ਲੱਖਾਂ ਸ਼ਰਧਾਲੂ ਤੇ ਸੈਲਾਨੀ ਸੰਸਾਰ ਭਰ ਤੋਂ ਇਥੇ ਪੁੱਜਦੇ ਹਨ, ਪਰ ਇਸ ਸੁਨਹਿਰੀ ਮੁਜੱਸਮੇ ਦੇ ਚੁਗਿਰਦੇ ਵਿਚ ਕੁੱਝ ਵਰ੍ਹਿਆਂ ਤੋਂ ਵਧ ਰਹੇ ਘਾਤਕ ਪ੍ਰਦੂਸ਼ਣ ਨਾਲ ਸੋਨੇ ਦੀ ਚਮਕ ਨੂੰ ਹੋ ਰਹੇ ਨੁਕਸਾਨ ‘ਤੇ ਰੋਕ ਬਾਰੇ ਯਤਨ ਅਜੇ ਵੀ ਸੀਮਤ ਹਨ।

ਸੋਨੇ ਦੀ ਚਮਕ ਨੂੰ ਮੱਠਾ ਪਾ ਰਹੀ ਪ੍ਰਦੂਸ਼ਣ ਦੀ ਕਾਲੀ ਪਰਤ ਨੂੰ ਸਾਫ ਕਰਨ ਹਿੱਤ ਭਾਈ ਮਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਇੰਗਲੈਂਡ) ਦੀ ਅਗਵਾਈ ਵਿਚ ਸੋਨੇ ਦੀ ਧੁਆਈ ਦੀ ਸੇਵਾ ਆਰੰਭ ਹੋ ਗਈ ਹੈ। 1830 ਵਿਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਥੇ ਲਗਵਾਏ ਗਏ ਬਾਹਰੀ ਸੁਨਿਹਰੀ ਪੱਤਰੇ 170 ਸਾਲ ਬਾਅਦ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਮੌਕੇ 1999 ‘ਚ ਪਹਿਲਾਂ ਵੀ ਭਾਈ ਮਹਿੰਦਰ ਸਿੰਘ ਵੱਲੋਂ ਸੰਗਤ ਦੇ ਸਹਿਯੋਗ ਨਾਲ ਅੱਠ ਕੁਇੰਟਲ ਨਵਾਂ ਸੋਨਾ ਚੜ੍ਹਵਾ ਕੇ ਬਦਲੀ ਕੀਤੇ ਗਏ ਸਨ। ਉਪਰੰਤ ਦੋ ਵਾਰ ਚਮਕ ਲਈ ਪਾਲਿਸ਼ ਵੀ ਕੀਤੀ ਜਾ ਚੁੱਕੀ ਹੈ ਅਤੇ ਹਰੇਕ ਵਰ੍ਹੇ ਇਨ੍ਹਾਂ ਦੀ ਸਫਾਈ ਕਰਵਾਈ ਜਾਂਦੀ ਹੈ, ਪਰ ਫਿਰ ਵੀ ਸੁਨਿਹਰੀ ਪੱਤਰਿਆਂ ਉਤੇ ਕਾਲਾਪਨ ਲਗਾਤਾਰ ਜੰਮ ਰਿਹਾ ਹੈ।
ਪਹਿਲਾਂ ਵੀ ਕੇਂਦਰੀ ਇਕਾਈਆਂ ਅਤੇ ਪੰਜਾਬ ਪ੍ਰਦੂਸ਼ਣ ਰੋਕੂ ਵਿਭਾਗ ਵੱਲੋਂ ਇਥੇ ਕੀਤੇ ਗਏ ਸਰਵੇਖਣਾਂ ਦੌਰਾਨ ਇਹ ਸਪੱਸ਼ਟ ਰੂਪ ਵਿਚ ਸਾਹਮਣੇ ਆਇਆ ਹੈ ਕਿ ਖੇਤਰ ਵਿਚ ਆਵਾਜਾਈ ਲਈ ਵਰਤੇ ਜਾ ਰਹੇ ਵਾਹਨ ਪ੍ਰਦੂਸ਼ਣ ਲਈ ਮੁੱਖ ਰੂਪ ਵਿਚ ਜ਼ਿੰਮੇਵਾਰ ਹਨ। ਇਸ ਤੋਂ ਇਲਾਵਾ ਚੌਗਿਰਦੇ ਨੇੜੇ ਯਾਤਰੀ ਨਿਵਾਸ ਅਤੇ ਹੋਟਲਾਂ, ਢਾਬਿਆਂ ਦੀ ਭਰਮਾਰ ਕਾਰਨ ਜਨਰੇਟਰਾਂ, ਭੱਠੀਆਂ ਆਦਿ ਤੋਂ ਨਿਕਲਦਾ ਜ਼ਹਿਰੀਲਾ ਧੂੰਆਂ, ਗੁਰੂ ਬਾਜ਼ਾਰ ਵਿਚ ਸਦੀਆਂ ਤੋਂ ਸੋਨੇ ਦਾ ਕਾਰੀਗਰਾਂ ਵੱਲੋਂ ਢਲਾਈ ਲਈ ਵਰਤੀ ਜਾਂਦੀ ਕੋਲੇ ਦੀ ਤਪਸ਼, ਗੁਰੂ ਰਾਮਦਾਸ ਲੰਗਰ ਘਰ ‘ਚ ਬਾਲੀ ਜਾਂਦੀ ਲੱਕੜੀ ਵੀ ਪ੍ਰਦੂਸ਼ਣ ਦਾ ਕਾਰਨ ਹੈ। ਪ੍ਰਦੂਸ਼ਣ ਬਾਰੇ ਕੌਮਾਂਤਰੀ ਸੂਚਕ ਅੰਕ ਅਨੁਸਾਰ ਗੁਰੂ ਨਗਰੀ ਦੇ ਅੰਦਰੂਨੀ ਹਿੱਸੇ ‘ਚ ਹਵਾ ਪ੍ਰਦੂਸ਼ਣ 89æ29/100 ਤਹਿਤ ਬਹੁਤ ਨਾਜ਼ੁਕ ਦੀ ਮਿਥ ‘ਤੇ ਆ ਰਿਹਾ ਹੈ ।
ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵੱਲੋਂ ਹੋਏ ਫੈਸਲੇ ਅਨੁਸਾਰ ਇਸ ਵਾਰ ਮੁੜ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਸੇਵਾ ਸੌਂਪੀ ਗਈ ਸੀ। ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵੱਲੋਂ ਸੇਵਾ ਕਰ ਰਹੇ ਗੁਰਸਿੱਖ ਸੇਵਾਦਾਰਾਂ ਨੇ ਦੱਸਿਆ ਕਿ ਰੇਠਿਆਂ ਦੇ ਪਾਣੀ ਨਾਲ ਸੋਨੇ ਦੀ ਧੁਆਈ ਹੋਵੇਗੀ।
_________________________________________________________
ਪੀਲੀਭੀਤ ਪੀੜਤਾਂ ਦੀ ਮਾਲੀ ਸਹਾਇਤਾ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਨੇ ਪੀਲੀਭੀਤ (ਯੂæਪੀæ) ਵਿਚ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਯਾਤਰੀਆਂ ਨੂੰ ਇਕ-ਇਕ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਕੀਤਾ ਗਿਆ। ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ 1991 ਨੂੰ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ, ਤਖਤ ਪਟਨਾ ਸਾਹਿਬ ਤੇ ਤਖਤ ਹਜ਼ੂਰ ਸਾਹਿਬ ਸਮੇਤ ਹੋਰ ਗੁਰਦੁਆਰਿਆਂ ਦੀ ਯਾਤਰਾ ਕਰ ਕੇ ਪਰਤ ਰਹੇ 25 ਸਿੱਖ ਯਾਤਰੀਆਂ ਦੇ ਜਥੇ ਵਿਚੋਂ 10 ਸਿੱਖ ਯਾਤਰੀਆਂ ਨੂੰ ਪੁਲਿਸ ਨੇ ਬੱਸ ਵਿਚੋਂ ਉਤਾਰ ਲਿਆ ਸੀ ਅਤੇ ਤਿੰਨ ਥਾਣਾ ਖੇਤਰਾਂ ਵਿਚ ਪੁਲਿਸ ਮੁਕਾਬਲਾ ਦਿਖਾ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਸਿੱਖ ਯਾਤਰੀਆਂ ਦੇ ਪਰਿਵਾਰਾਂ ਦੀ ਹਾਲਤ ਬਹੁਤ ਖਸਤਾ ਹੋਣ ਕਾਰਨ ਉਨ੍ਹਾਂ ਵਿਚੋਂ ਛੇ ਪੀੜਤ ਪਰਿਵਾਰਾਂ ਵੱਲੋਂ ਮਾਇਕ ਮਦਦ ਵਾਸਤੇ ਅਪੀਲ ਕੀਤੀ ਗਈ ਸੀ, ਜਿਸ ਦੇ ਆਧਾਰ ‘ਤੇ ਅੰਤ੍ਰਿੰਗ ਕਮੇਟੀ ਵਿਚ ਹੋਏ ਫੈਸਲੇ ਅਨੁਸਾਰ ਇਨ੍ਹਾਂ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।
______________________________________
ਪਾਣੀ ਦੀ ਸੰਭਾਲ ਲਈ ਮੁਹਿੰਮ ਵਿੱਢੇਗੀ ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਮੀਂਹ ਦੇ ਪਾਣੀ ਨੂੰ ਸੰਭਾਲਣ ਦੇ ਮੰਤਵ ਨਾਲ ਆਪਣੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਵਿਚ ਵਾਟਰ ਸੇਵ ਟਰੀਟਮੈਂਟ ਪਲਾਂਟ ਲਾਉਣ ਦੀ ਯੋਜਨਾ ਬਣਾਈ ਗਈ ਹੈ, ਜਿਸ ਤਹਿਤ ਪਹਿਲੇ ਪੜਾਅ ਵਿਚ ਏ-ਸ਼੍ਰੇਣੀ ਦੇ ਗੁਰਦੁਆਰਿਆਂ ਵਿਚ ਇਹ ਪਲਾਂਟ ਲਾਏ ਜਾਣਗੇ। ਇਸ ਯੋਜਨਾ ਨੂੰ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਪ੍ਰਵਾਨਗੀ ਦਿੱਤੀ ਗਈ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਵਾਤਾਵਰਣ ਅਤੇ ਪਾਣੀ ਨੂੰ ਬਚਾਉਣ ਲਈ ਆਪਣੇ ਪੱਧਰ ਉਤੇ ਯਤਨ ਸ਼ੁਰੂ ਕੀਤੇ ਗਏ ਹਨ। ਪਹਿਲਾਂ ਨੰਨ੍ਹੀ ਛਾਂ ਯੋਜਨਾ ਹੇਠ ਲੱਖਾਂ ਦੀ ਗਿਣਤੀ ਵਿਚ ਬੂਟੇ ਪ੍ਰਸ਼ਾਦਿ ਦੇ ਰੂਪ ਵਿਚ ਲੋਕਾਂ ਨੂੰ ਵੰਡੇ ਗਏ ਸਨ ਅਤੇ ਆਪਣੇ ਪ੍ਰਬੰਧ ਹੇਠਲੀਆਂ ਸੰਸਥਾਵਾਂ ਦੀ ਜ਼ਮੀਨ ਵਿਚ ਬੂਟੇ ਲਾਏ ਜਾਂਦੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਕੁਦਰਤੀ ਖੇਤੀ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਖੇਤੀ ਰਾਹੀਂ ਪੈਦਾ ਹੋਈਆਂ ਉਪਜਾਂ ਨੂੰ ਇਥੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਚ ਸੰਗਤ ਦੇ ਲੰਗਰ ਲਈ ਵਰਤਿਆ ਜਾ ਰਿਹਾ ਹੈ।
ਸਿੱਖ ਸੰਸਥਾ ਵੱਲੋਂ ਹੁਣ ਬਾਰਸ਼ ਦੇ ਪਾਣੀ ਨੂੰ ਬਚਾਉਣ ਤੇ ਸੰਭਾਲਣ ਦੇ ਮੰਤਵ ਨਾਲ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਵਾਟਰ ਹਾਰਵੈਸਟਿੰਗ ਦੇ ਚਾਰ ਬੋਰ ਕੀਤੇ ਹੋਏ ਹਨ, ਜਿਸ ਰਾਹੀਂ ਬਾਰਸ਼ ਦੇ ਪਾਣੀ ਨੂੰ ਜ਼ਮੀਨ ਹੇਠਾਂ ਭੇਜਣ ਦਾ ਪ੍ਰਬੰਧ ਕੀਤਾ ਗਿਆ। ਹੁਣ ਇਸੇ ਯੋਜਨਾ ਦਾ ਹੋਰ ਵਿਸਥਾਰ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਆਉਂਦੇ ਏ-ਸ਼੍ਰੇਣੀ ਦੇ ਤਕਰੀਬਨ 30 ਤੋਂ 35 ਗੁਰਦੁਆਰਿਆਂ ਵਿਚ ਵਾਟਰ ਸੇਵ ਟਰੀਟਮੈਂਟ ਪਲਾਂਟ ਲਾਉਣ ਦੀ ਯੋਜਨਾ ਹੈ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਯੋਜਨਾ ਦੇ ਪਹਿਲੇ ਪੜਾਅ ਹੇਠ 30 ਤੋਂ 35 ਗੁਰਦੁਆਰਿਆਂ ਵਿਚ ਇਹ ਪਲਾਂਟ ਸਥਾਪਤ ਕੀਤੇ ਜਾਣਗੇ ਅਤੇ ਹਰੇਕ ਪਲਾਂਟ ਉਤੇ ਲਗਪਗ ਦੋ ਲੱਖ ਰੁਪਏ ਖਰਚ ਹੋਣਗੇ। ਇਹ ਪਲਾਂਟ ਸਥਾਪਤ ਹੋਣ ਨਾਲ ਇਨ੍ਹਾਂ ਗੁਰਦੁਆਰਿਆਂ ਵਿਚ ਬਾਰਸ਼ ਦੇ ਪਾਣੀ ਨੂੰ ਸੰਭਾਲਿਆ ਜਾ ਸਕੇਗਾ। ਇਹ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਇਕ ਛੋਟਾ ਉਪਰਾਲਾ ਹੋਵੇਗਾ। ਇਸ ਦੀ ਸ਼ੁਰੂਆਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਕੀਤੀ ਜਾਵੇਗੀ।