ਨਸ਼ਾ ਤਸਕਰੀ ਦੇ 3 ਕੇਸਾਂ ਵਿਚੋਂ ਭੋਲਾ ਸਣੇ 5 ਮੁਲਜ਼ਮ ਬਰੀ

ਜਲੰਧਰ: ਨਸ਼ਿਆਂ ਦੇ ਧੰਦੇ ਵਿਚ ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈਣ ਵਾਲੇ ਜਗਦੀਸ਼ ਭੋਲਾ ਨੂੰ ਅਦਾਲਤ ਵੱਲੋਂ ਹੈਰੋਇਨ ਨਾਲ ਸਬੰਧਤ ਕੇਸ ਵਿਚੋਂ ਬਰੀ ਕਰ ਦਿੱਤਾ ਗਿਆ। ਨਸ਼ੀਲੇ ਪਦਾਰਥਾਂ ਦੇ ਧੰਦੇ ਵਿਚ ਨਾਮਜ਼ਦ ਕੀਤੇ ਜਗਦੀਸ਼ ਭੋਲਾ ਸਮੇਤ ਪੰਜ ਵਿਅਕਤੀਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ ਜਦਕਿ ਅਦਾਲਤ ਨੇ ਇਸ ਕੇਸ ਵਿਚ ਦੋ ਤਸਕਰਾਂ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਥਾਣਾ ਲਾਂਬੜਾ ਦੀ ਪੁਲਿਸ ਵੱਲੋਂ 23 ਦਸੰਬਰ 2013 ਨੂੰ ਤਰਮੇਸ ਸਿੰਘ ਤੇ ਦਲਬੀਰ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਿਨ੍ਹਾਂ ਤੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ ਸੀ।

ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਬਿਆਨਾਂ ਉਤੇ ਡੀæਐਸ਼ਪੀ ਜਗਦੀਸ਼ ਭੋਲਾ ਅਤੇ ਚਾਰ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਸੀ।
ਅਦਾਲਤ ਨੇ ਜਗਦੀਸ਼ ਭੋਲਾ ਦੇ ਨਾਲ ਅਕਾਲੀ ਆਗੂ ਮਨਜਿੰਦਰ ਸਿੰਘ ਬਿੱਟੂ ਵਾਸੀ ਅੰਮ੍ਰਿਤਸਰ, ਕਾਰੋਬਾਰੀ ਜਗਜੀਤ ਸਿੰਘ ਚਾਹਲ ਵਾਸੀ ਬਾਬਾ ਬਕਾਲਾ, ਹੌਲਦਾਰ ਧਰਮਵੀਰ ਅਤੇ ਸੰਦੀਪ ਨੂੰ ਬਰੀ ਕੀਤਾ ਹੈ। ਧਰਮਵੀਰ ਪੁਲਿਸ ਸਟੇਸ਼ਨ ਰਾਮਬਾਗ ਵਿਚ ਤਾਇਨਾਤ ਸੀ ਜਦਕਿ ਸੰਦੀਪ ਯੂਨੀਵਰਸਿਟੀ ਵਿਚ ਜੂਡੋ ਕੋਚ ਸੀ। ਨਸ਼ੇ ਦੇ ਤਸਕਰ ਤਰਸੇਮ ਸਿੰਘ ਵਾਸੀ ਅੰਮ੍ਰਿਤਸਰ ਅਤੇ ਦਲਬੀਰ ਸਿੰਘ ਵਾਸੀ ਕਪੂਰਥਲਾ ਇਸ ਕੇਸ ਵਿਚ ਦੋਸ਼ੀ ਪਾਏ ਗਏ ਹਨ, ਜਿਨ੍ਹਾਂ ਨੂੰ ਅਦਾਲਤ ਨੇ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਪੁਲਿਸ ਨੇ ਸਭ ਤੋਂ ਪਹਿਲਾਂ ਧਰਮਵੀਰ ਅਤੇ ਸੰਦੀਪ ਨੂੰ ਇਸ ਕੇਸ ਫੜਿਆ ਸੀ ਜੋ ਕਿ ਹੈਰੋਇਨ ਲੈਣ ਲਈ ਤਰਸੇਮ ਸਿੰਘ ਅਤੇ ਦਲਬੀਰ ਸਿੰਘ ਦੀ ਉਡੀਕ ਕਰ ਰਹੇ ਹਨ ਤੇ ਇਨ੍ਹਾਂ ਪਾਸੋਂ 70,000 ਰੁਪਏ ਵੀ ਬਰਾਮਦ ਹੋਏ ਸਨ। ਪੁਲਿਸ ਨੇ ਅਦਾਲਤ ਵਿਚ ਦੱਸਿਆ ਸੀ ਕਿ ਤਰਮੇਸ ਸਿੰਘ ਤੇ ਦਲਬੀਰ ਨੇ ਦੱਸਿਆ ਕਿ ਉਹ ਜਗਦੀਸ਼ ਭੋਲਾ ਤੋਂ ਨਸ਼ੇ ਦੀ ਖਰੀਦ ਕਰਦੇ ਸਨ ਤੇ ਇਸ ਬਾਰੇ ਭੋਲੇ ਨੇ ਪੁਲਿਸ ਦੇ ਸਾਹਮਣੇ ਮੰਨਿਆ ਸੀ ਕਿ ਉਸ ਨੇ ਨਸ਼ਾ ਵੇਚ ਕੇ ਗੋਆ, ਗੰਗਾਨਗਰ, ਦਿੱਲੀ ਅਤੇ ਹੋਰ ਥਾਵਾਂ ਉਤੇ ਜਾਇਦਾਦ ਬਣਾਈ ਹੈ। ਭੋਲੇ ਵੱਲੋਂ ਪੁਲਿਸ ਅੱਗੇ ਕੀਤੇ ਖੁਲਾਸੇ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਥਾਵਾਂ ‘ਤੇ ਛਾਪੇ ਵੀ ਮਾਰੇ ਸਨ, ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਾ, ਜਿਸ ਕਾਰਨ ਅਦਾਲਤ ਨੇ ਭੋਲਾ ਅਤੇ ਚਾਰ ਹੋਰ ਵਿਅਕਤੀਆਂ ਨੂੰ ਇਸ ਕੇਸ ਵਿਚ ਬਰੀ ਕਰ ਦਿੱਤਾ ਹੈ। ਇਸ ਸਬੰਧੀ ਪਹਿਲਵਾਨ ਜਗਦੀਸ਼ ਭੋਲਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸੇ ਸਾਜ਼ਿਸ਼ ਕਾਰਨ ਉਸ ਉਤੇ ਨਸ਼ਿਆਂ ਦਾ ਝੂਠਾ ਕੇਸ ਦਰਜ ਕੀਤਾ ਸੀ ਜਦਕਿ ਉਸ ਤੋਂ ਕੋਈ ਵੀ ਚੀਜ਼ ਬਰਾਮਦ ਨਹੀਂ ਹੋਈ ਸੀ।
_____________________________________
ਜਗਦੀਸ਼ ਭੋਲਾ ਦਾ ਕੇਸ ਮੁੜ ਖੋਲ੍ਹਾਂਗੇ: ਆਸ਼ਾ ਕੁਮਾਰੀ
ਜਲੰਧਰ: ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਨਸ਼ਾ ਤਸਕਰ ਜਗਦੀਸ਼ ਭੋਲਾ, ਅਕਾਲੀ ਆਗੂ ਬਿੱਟੂ ਔਲਖ ਤੇ ਤਿੰਨ ਹੋਰਨਾਂ ਦੇ ਬਰੀ ਹੋਣ ਦੇ ਮਾਮਲੇ ਵਿਚ ਕਿਹਾ ਕਿ ਕਾਂਗਰਸ ਦੇ ਸੱਤਾ ਵਿਚ ਆਉਣ ‘ਤੇ ਇਹ ਕੇਸ ਮੁੜ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਕਿਸੇ ਤਰ੍ਹਾਂ ਦੀ ਧੜੇਬੰਦੀ ਨਹੀਂ ਹੈ ਤੇ ਕਾਂਗਰਸ ਹੀ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਜਿੱਤ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਟਿਕਟ ਦਿੱਤੀ ਜਾਵੇਗੀ।