ਹੱਥਾਂ ਦੀ ਹਰਫ-ਬੰਦਨਾ

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਹ ਇਸ ਤੋਂ ਪਹਿਲਾਂ ਨੈਣਾਂ ਦੇ ਤੀਰ ਚਲਾ ਚੁਕੇ ਹਨ ਤੇ ਦਿਲ ਦੀਆਂ ਬਾਤਾਂ ਪਾ ਚੁਕੇ ਹਨ ਅਤੇ ਕੰਨਾਂ ‘ਚ ਪਾਈਆਂ ਨੱਤੀਆਂ, ਮੁਰਕੀਆਂ, ਬੁੰਦੇ, ਝੁਮਕੇ ਆਦਿ ਸ਼ਖਸੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਦੀ ਬਾਤ ਸੁਣਾ ਚੁਕੇ ਹਨ।

ਫਿਰ ਉਨ੍ਹਾਂ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਵਾਲਿਆਂ ਨੂੰ ਨਸੀਹਤ ਦਿੱਤੀ ਸੀ ਕਿ ਮੂੰਹ ਦੀਆਂ ਲੁਭਾਉਣੀਆਂ ਲੱਜਤਾਂ ਵਿਚ ਗੁਆਚਣ ਦੀ ਬਜਾਏ, ਇਸ ਦੀਆਂ ਨਿਆਮਤਾਂ ਨੂੰ ਅਪਨਾਉਣ ਅਤੇ ਤਰਕਸੰਗਤੀ ਰਾਹਾਂ ਨੂੰ ਮੰਜ਼ਲ-ਮਾਰਗ ਬਣਾਉਣ ਵੰਨੀਂ ਕਦਮ ਜਰੂਰ ਪੁੱਟਣਾ, ਤੁਹਾਨੂੰ ਮੂੰਹ ਮੰਗੀਆਂ ਮੁਰਾਦਾਂ ਮਿਲਣਗੀਆਂ। ਡਾæ ਭੰਡਾਲ ਨੇ ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕਰਦਿਆਂ ਨਸੀਹਤ ਕੀਤੀ ਸੀ, ਜ਼ੁਬਾਨ ਵਿਚੋਂ ਨਿਕਲੇ ਕੌੜੇ ਬੋਲ, ਤੀਰ ਨਾਲੋਂ ਤਿੱਖੇ, ਤੋਪ ਦੇ ਗੋਲੇ ਨਾਲੋਂ ਜ਼ਿਆਦਾ ਵਿਨਾਸ਼ਕਾਰੀ, ਅੱਗਾਂ ਲਾਉਂਦੇ, ਘਰਾਂ ਦੇ ਘਰ ਉਜਾੜਦੇ ਅਤੇ ਵਿਨਾਸ਼ਤਾ ਦਾ ਰੂਪ ਧਾਰਦੇ। ਪਿਛਲੇ ਲੇਖ ਵਿਚ ਉਨ੍ਹਾਂ ਕਿਹਾ ਸੀ ਕਿ ਜੀਵਨ ਦੇ ਰਾਂਗਲੇ ਪਹਿਰ ਵਿਚ ਜੀਵਨ-ਸਾਥੀ ਦੀ ਛੋਹ, ਵਿਸਮਾਦੀ ਤਰੰਗ ਹੁੰਦੀ ਜਿਸ ਵਿਚੋਂ ਅਸੀਮ ਖੁਸ਼ੀਆਂ ਦਾ ਚਸ਼ਮਾ ਫੁੱਟਦਾ ਜੋ ਜੀਵਨ-ਮਾਰੂਥਲ ਨੂੰ ਸਿੰਜ, ਚਾਅ-ਬਗੀਚੇ ਦੀ ਬਹਾਰ ਬਣਦਾ। ਹਥਲੇ ਲੇਖ ਵਿਚ ਹੱਥਾਂ ਦੀ ਦਾਸਤਾਨ ਸੁਣਾਉਂਦਿਆਂ ਉਨ੍ਹਾਂ ਕਿਹਾ ਹੈ ਕਿ ਹੱਥ ਕਾਰ ਵੱਲ ਅਤੇ ਦਿਲ ਯਾਰ ਵੱਲ ਦਾ ਮੀਰੀ ਗੁਣ ਜਦ ਕਿਸੇ ਸੋਚ-ਜਮੀਂ ਵਿਚ ਪੁੰਗਰਦਾ ਤਾਂ ਜੀਵਨ ਦੀ ਸਾਰਥਿਕਤਾ ਵਿਚੋਂ ਅਸੀਮ ਪ੍ਰਾਪਤੀਆਂ ਦਾ ਮੁੱਢ ਬੱਝਦਾ। ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ

ਹੱਥ, ਕਿਰਤ-ਸਾਧਨਾ ਦਾ ਹਰਫ, ਬੰਦਨਾ ਦੀ ਤਸ਼ਬੀਹ, ਕਲਾ ਦਾ ਸਬੱਬ ਅਤੇ ਧਰਤ ਦਾ ਕਿਰਤੀ ਰੱਬ।
ਹੱਥ, ਹਵਾਵਾਂ ਨੂੰ ਰੁਮਕਾਉਣ ਦੀ ਸਦਾਅ, ਤਾਰਾਂ ‘ਚ ਸੁਗਮ-ਸੰਗੀਤ ਉਪਜਾਉਣ ਦੀ ਅਦਾ ਅਤੇ ਕਰਮ ਰੇਖਾਵਾਂ ਨੂੰ ਉਘੜਾਉਣ ਦੀ ਕਲਾ।
ਹੱਥ, ਹਮਰੁੱਬਾ ਸੰਗ ਸਾਂਝ ਦਾ ਪ੍ਰਤੀਕ, ਮੁਹੱਬਤ ਦਾ ਉਗਮਦਾ ਗੀਤ ਅਤੇ ਯੁੱਗ-ਲੰਮੇਰੇ ਰਾਹਾਂ ‘ਤੇ ਇਕਸੁਰਤਾ ਨਾਲ ਤੁਰਨ ਦੀ ਰੀਤ। ਹੱਥ, ਕਰੰਗੜੀ ਬਣ ਕੇ ਹਮਸਫਰਾਂ ਦੇ ਮੁੱਖੜੇ ‘ਤੇ ਹਾਸਿਆਂ ਦਾ ਜਲੌਅ ਅਤੇ ਵਕਤ ਦੀ ਤਲੀ ‘ਤੇ ਉਮਰਾਂ ਤੀਕ ਜਿਊਣ ਦਾ ਵਾਅਦਾ।
ਹੱਥ ਹਥੌੜਾ ਤੇ ਹੱਥ ਹੱਥਠੋਕਾ। ਹੱਥ ਹੁੰਗਾਰਾ ਤੇ ਹੱਥ ਹੋਕਾ। ਹੱਥ ਹੰਭਲਾ ਤੇ ਹੱਥ ਹੱਲਾਸ਼ੇਰੀ। ਹੱਥ ਹਲੀਮੀ ਤੇ ਹੱਥ ਹੰਕਾਰ। ਹੱਥ ਹਾੜਾ ਤੇ ਹੱਥ ਹੁਲਾਰ। ਹੱਥ ਹਮ-ਸੰਗਤਾ ਤੇ ਹੱਥ ਹੱਠ-ਧਰਮੀ। ਹੱਥ ਹੱਥਖੱਡੀ ਤੇ ਹੱਥ ਹੱਡ-ਹਰਾਮੀ।
ਹੱਥ, ਮਨੁੱਖੀ ਭਾਵਨਾਵਾਂ ਦੀ ਅਬੋਲ ਜੁਬਾਨ, ਮਨੋਭਾਵਨਾਵਾਂ ਦਾ ਮੁਹਾਂਦਰਾ। ਯਾਦ ਰੱਖਣਾ ਹੱਥ ਅਤੇ ਹੱਥਾਂ ਦੀ ਹਰਕਤ, ਤੁਹਾਡੀ ਸ਼ਖਸੀਅਤ ਬਾਰੇ ਬਹੁਤ ਕੁਝ ਕਹਿੰਦੇ। ਡਰ, ਖੁਸ਼ੀ, ਪਿਆਰ, ਹੁਲਾਸ, ਹੀਣ-ਭਾਵਨਾ, ਸਵੈ-ਵਿਸ਼ਵਾਸ਼, ਭਰੋਸਾ ਆਦਿ ਹੱਥਾਂ ਦੀ ਹਿੱਲਜੁਲ ਤੋਂ ਪੜ੍ਹਿਆ ਜਾ ਸਕਦਾ। ਹੱਥ ਹਰਕਤ ਵਿਚ ਹੁੰਦੇ ਤਾਂ ਬੰਦਾ ਜਿਉਂਦਾ, ਰੁਕ ਜਾਣ ਤਾਂ ਸੱਥਰ। ਗਤੀਸ਼ੀਲ ਰਹਿਣ ਹੱਥ ਅਤੇ ਦਿੰਦੇ ਰਹਿਣ ਮਨੁੱਖੀ ਭਾਵਨਾਵਾਂ ਨੂੰ ਜੁਬਾਨ।
ਨਿੱਕੇ ਨਿੱਕੇ ਹੱਥ ਜਦ ਮਾਂ ਦੀਆਂ ਉਂਗਲਾਂ ਨੂੰ ਛੂੰਹਦੇ ਤਾਂ ਸੁੱਚੇ ਮੋਹ ਦੀ ਮਮਤਾਈ ਤਰੰਗ ਮਾਂ ਦੇ ਜਿਸਮ ‘ਚ ਝਰਨਾਹਟ ਛੇੜਦੀ ਜੋ ਬਣ ਜਾਂਦੀ ਹੁਲਾਸ ਦਾ ਦਰਿਆ।
ਨਿੱਕੇ ਨਿੱਕੇ ਖਿਡੌਣਿਆਂ, ਗੁੱਡੀਆਂ-ਪਟੋਲਿਆਂ ਅਤੇ ਖੇਡਾਂ ਵਿਚ ਰੁੱਝੇ ਨਿੱਕੜੇ ਹੱਥ ਹੀ ਹੁੰਦੇ ਨੇ ਜਿਹੜੇ ਖਿਆਲੀ ਘਰ ਬਣਾਉਂਦੇ ਅਤੇ ਜੀਵਨ ਨੂੰ ਸੁਚੱਜੇ ਰੂਪ ਵਿਚ ਜਿਉਣ ਦੀ ਤਾਂਘ ਮਨ ‘ਚ ਉਪਜਾਉਂਦੇ, ਵੱਡੇ ਘਰਾਂ ਦੇ ਅਰਥ ਬਣ ਜਾਂਦੇ।
ਨਿੱਕੇ ਜਿਹੇ ਹੱਥ ਜਦ ਬਾਪ ਦੀ ਉਂਗਲ ਫੜ੍ਹ ਕੇ ਤੁਰਨ ਦੀ ਜਾਚ ਸਿਖਦੇ ਤਾਂ ਉਨ੍ਹਾਂ ਦੇ ਪੈਰਾਂ ਵਿਚ ਮੰਜਿਲਾਂ ਵਿਛਦੀਆਂ ਅਤੇ ਨਵੀਆਂ ਪੈੜਾਂ ਉਨ੍ਹਾਂ ਦੀ ਪੈਰ-ਛੋਹ ਮਾਣਦੀਆਂ।
ਕਲਮ ਫੜ੍ਹਦੇ ਹੱਥ, ਹਰਫ-ਗਿਆਨ ਮਸਤਕ ਦੇ ਨਾਮ ਕਰਦੇ, ਪੂਰਨੇ ਪਾਉਂਦੇ, ਮੁਹਾਰਨੀ ਪੜ੍ਹਦੇ ਅਤੇ ਹਰਫ-ਜੋਤ ਤੋਂ ਜੀਵਨ-ਗਿਆਨ ਦਾ ਰਾਹ ਅਪਨਾਉਂਦੇ।
ਹਲ ਨਾਲ ਸਿੱਧੇ ਸਿਆੜ ਪਾਉਂਦਾ ਹੱਥ, ਖੇਤਾਂ ਦੀ ਖੁਸ਼ਹਾਲੀ। ਪਰਾਣੀ ਵਾਲਾ ਹੱਥ ਕਦੇ ਡੰਗਰ ਲਈ ਸੇਧ ਅਤੇ ਕਦੀ ਨਾਬਰ ਪੁੱਤ ਲਈ ਚਿਤਾਵਨੀ। ਜੀਵਨ-ਸੇਧਾਂ ਦੀ ਅਰਾਧਨਾ ਪੈਦਾ ਕਰਨ ਵਾਲੇ ਬਜੁਰਗੀ ਹੱਥਾਂ ਨੂੰ ਸਲਾਮ। ਬਾਪ ਦੀ ਘੂਰ, ਦਿਤੀ ਸੇਧ ਅਤੇ ਓਝੜ ਰਾਹਾਂ ‘ਤੇ ਸੰਭਾਵਤ ਖਤਰਿਆਂ ਪ੍ਰਤੀ ਚੇਤਨਾ, ਸਾਡੇ ਲਈ ਮੰਜ਼ਲ ਦਾ ਸਿਰਨਾਵਾਂ ਬਣੀਆਂ।
ਕਲਾਮਈ ਹੱਥ ਜਦ ਨਿਰਜਿੰਦ ਮਿੱਟੀ ਜਾਂ ਧਾਤ ਨੂੰ ਛੋਂਹਦੇ ਤਾਂ ਕਲਾ-ਕ੍ਰਿਤਾਂ ਬੋਲਦੀਆਂ, ਬੁਰਛ-ਛੋਹਾਂ ਪ੍ਰਦਾਨ ਕਰਦੇ ਹੱਥਾਂ ਵਿਚ ਤਸਵੀਰ ਹੁੰਗਾਰਾ ਭਰਦੀ ਅਤੇ ਧੜਕਦੇ ਜਜ਼ਬਾਤ ਨੂੰ ਕਲਾ-ਸੰਵੇਦਨਾ ਮਿਲਦੀ।
ਬੱਚੇ ਦੇ ਹੱਥ ਵਿਚਲੀ ਕਲਮ ਤੇ ਦਵਾਤ, ਪੂਰਨਿਆਂ ਦਾ ਰੰਗ। ਅਧਿਆਪਕ ਦੇ ਹੱਥ ਵਿਚਲਾ ਡੰਡਾ, ਸਿਰੜ-ਪੀਰ। ਡੰਡੇ ਦੀ ਕਰਾਮਾਤ ਹੀ ਹੁੰਦੀ ਜਿਸ ਨਾਲ ਸ਼ਾਗਿਰਦ ਗੁਰੂਆਂ ਦੇ ਸਦੀਵੀ ਮੁਰੀਦ ਬਣ ਜਾਂਦੇ।
ਹੱਥ ਵਿਚ ਕਲਮ ਹੁੰਦੀ ਤਾਂ ਹਰਫਾਂ ਵਿਚ ਜੀਵਨ-ਨਾਦ ਗੂੰਜਦਾ, ਬੰਦੂਕ ਹੁੰਦੀ ਤਾਂ ਅੱਗ ਉਗਲਦੀ ਅਤੇ ਹੱਥਾਂ ਵਿਚ ਪੁਸਤਕ ਹੁੰਦੀ ਤਾਂ ਮਨ ਵਿਚ ਸੰਵੇਦਨਾ ਪੈਦਾ ਹੁੰਦੀ। ਹੱਥ ਵਿਚ ਫੜੀ ਤਲਵਾਰ ਨਿਤਾਣੇ ਦੀ ਰਾਖੀ ਕਰੇ ਤਾਂ ਢਾਲ ਪਰ ਜਨੂੰਨ ਵਿਚ ਡੁੱਬੀ ਖੂਨ ਦੀ ਹੋਲੀ।
ਹੱਥ ਜਦ ਦਰਿਆ ਜਾਂ ਛੱਪੜ ਵਿਚ ਤੈਰਦੀ ਮੱਝ ਦੀ ਪੂਛ ਫੜ੍ਹਦੇ ਤਾਂ ਜੀਵਨ ਮੰਝਧਾਰ ਵਿਚੋਂ ਤੈਰ ਕੇ ਪਾਰ ਕਰਨ ਦਾ ਗੁਰ ਸਾਡਾ ਹਾਸਲ ਬਣਦਾ। ਹੱਥਾਂ ‘ਚ ਸੁਹਾਗੇ ਦਾ ਮੁੰਨਾ, ਜੀਵਨ ਦੇ ਉਬੜ-ਖਾਬੜ ਰਾਹਾਂ ‘ਤੇ ਸਮਤੋਲ ਰੱਖਣ ਦੀ ਜਾਚ।
ਜੁੜੇ ਹੋਏ ਹੱਥ ਪੀਰ ਦੀ ਦੁਆ, ਸਿਰ ‘ਤੇ ਫਿਰਦੇ ਤਾਂ ਅਸੀਸ ਅਤੇ ਬਜੁਰਗੀ ਪਿਆਰ ਨਾਲ ਦੁਲਾਰਨਾ, ਯੁੱਗ-ਜਿਉਣ ਦਾ ਵਰਦਾਨ। ਜਦ ਪਿੱਤਰੀ ਹੱਥ ਬੱਚਿਆਂ ਦੇ ਹੱਥਾਂ ਨੂੰ ਹੱਥਾਂ ਵਿਚ ਲੈ ਕੇ ਇਬਾਦਤ ਕਰਦੇ ਤਾਂ ਬੱਚਿਆਂ ਦੀਆਂ ਬਲਾਵਾਂ ਸਦਾ ਲਈ ਦੂਰ ਹੋ ਜਾਂਦੀਆਂ।
ਜੁਲਫਾਂ ਸੰਵਾਰਦੇ ਹੱਥ, ਜੀਵਨ-ਤੋਰ ਵਿਚਲੀ ਮਦਹੋਸ਼ੀ। ਹੱਥ ਮੀਢੀਆਂ ਗੁੰਦਦੇ ਅਤੇ ਸਿਰ ‘ਤੇ ਡਾਕ ਬੰਗਲਾ ਪਾਉਂਦੇ। ਜੁਲਫਾਂ ‘ਚ ਫਿਰਦੇ ਹੱਥਾਂ ਵਿਚ ਨਜ਼ਾਕਤ ਘੁੰਮਦੀ।
ਹੱਥ ਕਦੇ ਦਰੀਆਂ ‘ਤੇ ਘੁੱਗੀਆਂ-ਤੋਤੇ ਪਾਉਂਦੇ, ਕਦੇ ਖੇਸ-ਖੇਸੀਆਂ ‘ਤੇ ਮਨ ਦੀਆਂ ਵੇਲ-ਬੂਟੀਆਂ ਪਾਉਂਦੇ, ਕਦੇ ਫੁਲਕਾਰੀ ਨੂੰ ਸਜੀਲੇ ਸੁਪਨਿਆਂ ਦੀ ਚਿੱਤਰਕਾਰੀ ਨਾਲ ਸਜਾਉਂਦੇ ਅਤੇ ਕਦੇ ਚਾਦਰਾਂ ‘ਤੇ ਫੁੱਲਾਂ, ਰੰਗਾਂ ਅਤੇ ਮਹਿਕਾਂ ਦੇ ਬਾਗ ਉਗਾਉਂਦੇ।
ਹੱਥਾਂ ਨੂੰ ਜਦ ਮਹਿੰਦੀ ਲੱਗਦੀ ਤਾਂ ਇਸ ਦੇ ਉਘੜਵੇਂ ਰੰਗਾਂ ਵਿਚ ਜੀਵਨ-ਸਤਰੰਗੀ ਉਛਲਦੀ। ਰੰਗਾਂ ਦੀ ਆਬਸ਼ਾਰ ਸੋਚ-ਸਰਦਲ ‘ਤੇ ਸੰਦਲੀ ਪੈੜਾਂ ਦਾ ਸੂਹਾ ਹਰਫ ਬਣ ਜਾਂਦੀ।
ਬਾਪ ਦੇ ਹੱਥੀਂ ਜਦ ਧੀ ਵਿਦਾ ਹੁੰਦੀ ਤਾਂ ਉਸ ਦੇ ਸੰਦਲੀ ਜੀਵਨ ਨੂੰ ਭਾਗ ਲੱਗਦੇ, ਨਵੇਂ ਜੀਵਨ-ਮਾਰਗ ‘ਤੇ ਤਾਰਿਆਂ ਦੀ ਬਾਰਸ਼ ਹੁੰਦੀ। ਮਾਪਿਆਂ ਦੀ ਰਹਿਨੁਮਾਈ ਵਿਚ ਪ੍ਰਵਾਨ ਚੜ੍ਹੀ ਧੀ ਨੂੰ ਸੁਯੋਗ ਸੁਆਣੀ ਅਤੇ ਪੇਕਿਆਂ ਦਾ ਮਾਣ ਬਣਨ ਦਾ ਸ਼ਰਫ ਹਾਸਲ ਹੁੰਦਾ।
ਸਵਾਣੀ ਦੇ ਹੱਥਾਂ ਵਿਚ ਜਦ ਚੁੱਲ੍ਹਾ-ਚੌਕਾ ਲਰਜ਼ਦਾ ਤਾਂ ਪਰਿਵਾਰ ਨੂੰ ਇਤਫਾਕ, ਮੁਹੱਬਤ ਅਤੇ ਪ੍ਰੇਮ ਦੀ ਗੁੜ੍ਹਤੀ ਮਿਲਦੀ। ਮਾਂ ਘਰ ਵਿਚ ਰੱਬ ਦੀ ਹੋਂਦ ਜੋ ਘਰ ਨੂੰ ਘਰ ਦੇ ਅਜ਼ੀਮ ਅਰਥਾਂ ਨਾਲ ਮੁਖਾਤਿਬ ਹੁੰਦੀ।
ਆਦਾਬ ਲਈ ਜੁੜੇ ਹੱਥਾਂ ‘ਚ ਮਾਣ-ਸਤਿਕਾਰ ਦੀ ਭਾਵਨਾ ਭਾਰੂ ਹੁੰਦੀ ਅਤੇ ਇਨ੍ਹਾਂ ਵਿਚੋਂ ਵਡੇਰਿਆਂ ਲਈ ਅਦਬ ਡੁੱਲ੍ਹ-ਡੁੱਲ੍ਹ ਪੈਂਦਾ।
ਹੱਥ ਦੀਆਂ ਲਕੀਰਾਂ ਜੀਵਨ-ਬਿਰਤਾਂਤ। ਕੇਹਾ ਇਤਫਾਕ ਹੈ ਕਿ ਹੱਥ ਹੀ ਹੱਥ ਦੀਆਂ ਲਕੀਰਾਂ ਨੂੰ ਸਿਰਜਣ ਦਾ ਸਭ ਤੋਂ ਉਤਮ ਅਤੇ ਕਾਰਗਰ ਸਬੱਬ ਹਨ।
ਮਹਿਫਿਲੀ ਰੰਗਤ ਵਿਚ ਜਦ ਤਾੜੀ ਵੱਜਦੀ ਤਾਂ ਹਾਸਿਆਂ, ਖੇੜਿਆਂ ਅਤੇ ਚਾਵਾਂ ਦਾ ਨਿਉਂਦਾ ਵਿਹੜੇ ਦੇ ਨਾਮ ਹੁੰਦਾ ਜਿਸ ਵਿਚ ਜਿਉਣ ਜੋਗੀਆਂ ਮਾਂਵਾਂ, ਦਾਦੀਆਂ, ਧੀਆਂ ਅਤੇ ਸਵਾਣੀਆਂ ਦੀਆਂ ਮਨ ਵਿਚ ਦੱਬੀਆਂ ਭਾਵਨਾਵਾਂ ਨੂੰ ਜੁਬਾਨ ਮਿਲਦੀ ਅਤੇ ਇਕ ਸਕੂਨ ਉਨ੍ਹਾਂ ਦੇ ਚਿਹਰਿਆਂ ‘ਤੇ ਫੈਲਦਾ।
ਹੱਥ ਜਦ ਜਗਦੇ ਦੀਵੇ ਨੂੰ ਬੁਝਾਵੇ ਤਾਂ ਸੰਤਾਪਿਆ ਜਾਂਦਾ। ਪਰ ਉਨ੍ਹਾਂ ਹੱਥਾਂ ਨੂੰ ਚੁੰਮਣ ਨੂੰ ਜੀਅ ਕਰਦਾ ਜੋ ਆਪਣੀ ਓਟ ਨਾਲ ਝੱਖੜਾਂ ਵਿਚ ਵੀ ਦੀਵੇ ਦੇ ਜਗਣ ਲਈ ਪਹਿਰੇਦਾਰ ਬਣ ਜਾਂਦੇ।
ਫੁੱਲ ਨੂੰ ਪੱਤੀ ਪੱਤੀ ਕਰਨ ਵਾਲੇ ਹੱਥ ਮਰਸੀਆ ਜਦ ਕਿ ਫੁੱਲਾਂ ਨੂੰ ਹੱਥਾਂ ਨਾਲ ਸਹਿਲਾਉਣ ਵਾਲੇ ਹੱਥਾਂ ਵਿਚ ਜੀਵਨ-ਗੀਤ ਸਰਸਰਾਉਂਦਾ।
ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ।
ਜੱਗ ਦੀ ਮਾਇਆ ਨੂੰ ਆਪਣੇ ਕਬਜ਼ੇ ‘ਚ ਕਰਨ ਵਾਲੇ ਹੱਥ ਜਦ ਮੜ੍ਹੀਆਂ ਦੇ ਸਫਰ ਵੇਲੇ ਹੇਠਾਂ ਲਮਕਦੇ ਤਾਂ ਬਹੁਤ ਕੁਝ ਸਮੇਂ-ਸਿਆਣਪ ਦੀ ਝੋਲੀ ਵਿਚ ਧਰ ਜਾਂਦੇ ਪਰ ਮਨੁੱਖ ਇਸ ਸਿਆਣਪ ਨੂੰ ਅਪਨਾਉਣ ਤੋਂ ਆਕੀ।
ਰੱਬ ਦੀ ਬੰਦਗੀ ਵਿਚ ਜੁੜੇ ਹੱਥਾਂ ‘ਚੋਂ ਗੂੰਜਦੀ ਤਾੜੀ, ਫਿਜ਼ਾ ਵਿਚ ਇਕ ਪਾਕੀਜ਼ਗੀ ਘੋਲ ਕੇ ਸਮੁੱਚੀ ਕਾਇਨਾਤ ਨੂੰ ਪਾਕ ਕਰ ਜਾਂਦੀ।
ਹੱਥ ਕਾਰ ਵੱਲ ਅਤੇ ਦਿਲ ਯਾਰ ਵੱਲ ਦਾ ਮੀਰੀ ਗੁਣ ਜਦ ਕਿਸੇ ਸੋਚ-ਜਮੀਂ ਵਿਚ ਪੁੰਗਰਦਾ ਤਾਂ ਜੀਵਨ ਦੀ ਸਾਰਥਿਕਤਾ ਵਿਚੋਂ ਅਸੀਮ ਪ੍ਰਾਪਤੀਆਂ ਦਾ ਮੁੱਢ ਬੱਝਦਾ।
ਬਜੁਰਗ ਦੇ ਝੁਰੜੀਆਂ ਭਰੇ ਕੰਬਦੇ ਹੱਥਾਂ ਨੂੰ ਹੱਥਾਂ ਵਿਚ ਲੈ ਕੇ ਸਹਿਲਾਉਣਾ, ਬਹੁਤ ਸਾਰੀ ਅਬੋਲ-ਵਿਰਾਸਤ ਤੁਹਾਡੇ ਅੰਤਰੀਵ ਵਿਚ ਖੁਣੀ ਜਾਵੇਗੀ ਜਿਸ ਦੀ ਛੋਹ ਤੁਹਾਡੇ ਅਹਿਸਾਸਾਂ ਨੂੰ ਨਵੇਂ ਅਰਥ ਦੇਵੇਗੀ।
ਘਰਾਂ ਨੂੰ ਤਾਮੀਰ ਕਰਦੇ ਹੱਥ, ਰੱਬ ਨੂੰ ਸਿਜਦਾ ਜਦ ਕਿ ਘਰਾਂ ਦਾ ਉਜਾੜਾ ਕਰਨ ਵਾਲੇ ਹੱਥ, ਤ੍ਰਿਸਕਾਰ ਦੇ ਪਾਤਰ।
ਹੱਥ, ਹੱਥਾਂ ਨਾਲ ਮਿਲ ਕੇ ਮਨੁੱਖੀ ਜੰਜੀਰ ਬਣਦੇ ਜੋ ਅਨਿਆਂ, ਜੁਲਮੀ-ਹਨੇਰੀ, ਕਹਿਰੀ-ਅੰਧਾਰ ਅਤੇ ਤਸ਼ੱਦਦੀ-ਤੂਫਾਨਾਂ ਸਾਹਮਣੇ ਹਿੱਕ ਡਾਹ ਦਿੰਦੀ। ਇਹ ਜੰਜੀਰ ਬਾਕੀ ਜੰਜੀਰਾਂ ਨਾਲੋ ਮਜਬੂਤ ਅਤੇ ਚਿਰ-ਸਦੀਵੀ ਹੁੰਦੀ।
ਹੱਥ ਜਦ ਹੱਥਾਂ ਦੀ ਭਾਸ਼ਾ ਬਣਦੇ, ਹੱਥਾਂ ਦੀ ਬੋਲੀ ਵਿਚ ਗੁਫਤਗੂ ਕਰਦੇ ਅਤੇ ਹੱਥਾਂ ਰਾਹੀਂ ਅਬੋਲ ਭਾਵਨਾਵਾਂ ਦਾ ਵਟਾਂਦਰਾ ਹੁੰਦਾ ਤਾਂ ਫਿਜ਼ਾ ਵਿਚ ਦੋ ਰੂਹਾਂ ਦੀ ਨਿੱਘ ਮਿਲਣੀ ਦਾ ਵਿਸਮਾਦ ਫੈਲ ਜਾਂਦਾ। ਇਨ੍ਹਾਂ ਵਿਸਮਾਦੀ ਪਲਾਂ ਵਿਚੋਂ ਜੀਵਨ-ਤਾਂਘ, ਤਮੰਨਾ ਅਤੇ ਤਰੰਗਤਾ ਦਾ ਇਕ ਅਜਿਹਾ ਆਵੇਸ਼ ਪੈਦਾ ਹੁੰਦਾ ਜੋ ਜੀਵਨ-ਅਰਥਾਂ ਨੂੰ ਉਭਾਰਦਾ ਅਤੇ ਵਿਸ਼ਾਲਦਾ।
ਹੱਥ, ਹੱਥਾਂ ਵਿਚ ਹੀ ਸ਼ੋਭਦੇ। ਹੱਥਾਂ ‘ਚ ਹਸਤ-ਰੇਖਾ ਹੋਰ ਉਘੜਦੀ। ਹੱਥਾਂ ਵਿਚੋਂ ਕਲਾ, ਕ੍ਰਿਸ਼ਮੇ, ਕਰਮ-ਯੋਗਤਾ ਤੇ ਕਿਰਤ-ਸਾਧਨਾ ਪੈਦਾ ਹੁੰਦੀ।
ਹੱਥ ਰਬਾਬ ਛੋਂਹਦੇ ਤਾਂ ਮਰਦਾਨੇ ਦੀ ਰੂਹ ਚੌਗਿਰਦੇ ਨੂੰ ਸਰਸ਼ਾਰ ਕਰ ਜਾਂਦੀ, ਬਾਬੇ ਦੇ ਬਜੁਰਗੀ ਹੱਥ ਹਲ ਦਾ ਮੁੰਨਾ ਫੜ੍ਹਦੇ ਤਾਂ ਕਿਰਤ ਕਰਨ ਦਾ ਸੁਨੇਹਾ ਕਰਤਾਰਪੁਰ ਦੀ ਧਰਤ ਵਿਚ ਉਗਦਾ। ਇਨ੍ਹਾਂ ਹੱਥਾਂ ਨੇ ਹੀ ਤਾਂ ਸੰਗਤਾਂ ਦਾ ਲੜ੍ਹ ਗੁਰੂ ਅੰਗਦ ਦੇਵ ਜੀ ਨੂੰ ਫੜਾਇਆ ਸੀ।
ਹੱਥ ਅਦਾਬੀ, ਹੱਥ ਰਬਾਬੀ। ਹੱਥ ਕਰਤਾਰੀ, ਹੱਥ ਹੁਲਾਰੀ। ਹੱਥ ਪ੍ਰਣਾਮ, ਹੱਥ ਸਨਮਾਨ। ਹੱਥ ਪਿਆਰ, ਹੱਥ ਦੀਦਾਰ। ਹੱਥ ਹੁਨਰ, ਹੱਥ ਹੁਲਾਰ। ਹੱਥ ਹੱਥਾਂ ਦੇ ਹਮਜੋਲੀ, ਹੱਥ ਹੱਥਾਂ ਦੀ ਸਮਝਣ ਬੋਲੀ। ਹੱਥਾਂ ਦੇ ਵਿਚ ਕਾਇਨਾਤ ਵੱਸਦੀ, ਹੱਥਾਂ ਦੇ ਵਿਚ ਕੁਦਰਤ ਹੱਸਦੀ। ਹੱਥਾਂ ਜੇਡ ਵਰਦਾਨ ਨਾ ਕੋਈ, ਹੱਥੀਂ ਅਸੀਸ ਦੇਣ ਵਰਗਾ ਦਾਨ ਨਾ ਕੋਈ। ਹੱਥਾਂ ਨੂੰ ਹੱਥਾਂ ਸੰਗ ਛੋਹੋ, ਹੱਥੀਂ ਤੇਲ ਸ਼ਗ਼ਨਾਂ ਦਾ ਚੋਵੋ। ਹੱਥਾਂ ਵਿਚ ਜੀਵਨ ਦਾ ਰਾਗ, ਹੱਥਾਂ ਦੇ ਵਿਚ ਜਿੰਦ-ਚਿਰਾਗ। ਹੱਥ ਹੁੰਦੇ ਨੇ ਚਾਅ-ਦੁਲਾਰ, ਹੱਥ ਹੁੰਦੇ ਨੇ ਪਿਆਰ-ਅਧਾਰ। ਹੱਥ ਹੱਥਾਂ ਦਾ ਹੁੰਦੇ ਓਹਲਾ, ਜਿੰਦ-ਸਲਾਮਤੀ ਹੱਥ ਦਾ ਕੌਲਾ। ਹੱਥ ਹੱਥਾਂ ਦੀ ਨਬਜ਼ ਪਛਾਣਨ, ਹੱਥ ਹੱਥਾਂ ਨੂੰ ਰਾਹੇ ਪਾਵਣ। ਹੱਥਾਂ ਨੂੰ ਮੱਥੇ ਨਾਲ ਲਾਈਏ, ਸਭ ਨੂੰ ਸੁæਭ-ਸੁਨੇਹਾ ਪਹੂੰਚਾਈਏ। ਹੱਥ ਹੱਥਾਂ ਦੀ ਕਰਨ ਇਬਾਦਤ, ਹੱਥ ਹੱਥਾਂ ਦੀ ਬਣਨ ਇਨਾਇਤ। ਹੱਥਾਂ ਬਾਝੋਂ ਕੀ ਹੈ ਜੀਣਾ, ਹੱਥੀਂ-ਕਾਰ, ਜੀਵਨ-ਜੀਣਾ।
ਅਰਦਾਸ ਵਿਚ ਜੁੜੇ ਹੱਥਾਂ ਨੂੰ ਸਤਿਕਾਰੋ, ਅਸੀਸਾਂ ਦਿੰਦੇ ਹੱਥਾਂ ਨੂੰ ਅਦਬ ਦਿਓ, ਅੱਡੇ ਹੱਥਾਂ ਨੂੰ ਮਨ-ਦਾਨ ਦਿਓ, ਹਿੱਲਦੇ ਹੱਥਾਂ ਨੂੰ ਹਾਕ ਮਾਰੋ, ਬੁਲਾਉਂਦੇ ਹੱਥਾਂ ਦਾ ਹੁੰਗਾਰਾ ਭਰੋ ਅਤੇ ਜਿੰਦਗੀ ਦੇ ਹਰ ਮੋੜ ‘ਤੇ ਮੋਹਵੰਤੇ ਹੱਥ ਹਿਲਾ ਕੇ ਸਭ ਨੂੰ ਖੁਸ਼ਆਮਦੀਦ ਤੇ ਅਲਵਿਦਾ ਕਹੋ। ਤੁਹਾਡੇ ਹੱਥਾਂ ਨੂੰ ਪਾਕੀਜ਼ਗੀ ਦੀ ਰਹਿਮਤ ਮਿਲੇਗੀ।
ਆਦਾਬ।