ਅਕਾਲੀ ਦਲ ਦਾ ਨਵਾਂ ਮੁਹਾਂਦਰਾ: ਪੰਥ ਗਾਇਬ, ਹੁੱਲੜਬਾਜ਼ ਭਾਰੂ

ਨਿਰਮਲ ਸੰਧੂ ਚੰਡੀਗੜ੍ਹ ਤੋਂ ਛਪਦੀ ਅੰਗਰੇਜ਼ੀ ਅਖਬਾਰ ‘ਦਿ ਟ੍ਰਿਬਿਊਨ’ ਵਿਚ ਐਸੋਸੀਏਟ ਐਡੀਟਰ ਹਨ। ਨਿਘਰੀ ਹੋਈ ਸਿਆਸਤ ਕਾਰਨ ਰਸਾਤਲ ਵੱਲ ਜਾ ਰਹੇ ਪੰਜਾਬ ਬਾਰੇ ਉਨ੍ਹਾਂ ਨੇ ਪਹਿਲਾਂ ਵੀ ਆਪਣੀ ਕਲਮ ਚਲਾਈ ਹੈ, ਪਰ ਐਤਕੀਂ ਉਨ੍ਹਾਂ ਪੰਜਾਬ ਵਿਚ ਦਸ ਸਾਲ ਤੋਂ ਰਾਜ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਿਉ-ਪੁੱਤਰ ਦੀ ਸਿਆਸਤ ਬਾਰੇ ਬੜੀ ਜ਼ੋਰਦਾਰ ਟਿੱਪਣੀ ਕੀਤੀ ਹੈ।

ਦਲੀਲਾਂ ਸਹਿਤ ਕੀਤੀ ਇਸ ਟਿੱਪਣੀ ਵਿਚ ਸੂਬੇ ਦੇ ਹੁਣ ਵਾਲੇ ਹਾਲਾਤ ਦੇ ਪ੍ਰਸੰਗ ਉਭਾਰੇ ਗਏ ਹਨ ਅਤੇ ਨਾਲ ਹੀ ਇਨ੍ਹਾਂ ਆਗੂਆਂ ਵੱਲੋਂ ਕੀਤੀ ਜਾ ਰਹੀ ਸੌੜੀ ਸਿਆਸਤ ਬਾਰੇ ਗੱਲ ਤੋਰੀ ਗਈ ਹੈ। ਉਨ੍ਹਾਂ ਦੀ ਇਹ ਟਿੱਪਣੀ ਇਸ ਲਈ ਵੀ ਖਾਸ ਹੋ ਨਿਬੜੀ ਹੈ ਕਿਉਂਕਿ ਬਾਦਲ ਸਰਕਾਰ ਨੇ ਅਦਾਰੇ ਨੂੰ ਇਸ਼ਤਿਹਾਰ ਦੇਣੇ ਤੁਰੰਤ ਬੰਦ ਕਰ ਦਿੱਤੇ ਹਨ। -ਸੰਪਾਦਕ

ਨਿਰਮਲ ਸੰਧੂ
ਫੋਨ: +91-98721-16633
ਮੋਨੇ ਅਕਾਲੀ ਆਗੂ ਹਾਲੇ ਵੀ ਅੱਖਾਂ ਨੂੰ ਨਹੀਂ ਸੁਖਾਉਂਦੇ, ਇਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਨਾਤਾ ਜੋੜਨਾ ਔਖਾ ਲੱਗਦਾ ਹੈ। ਪਿਛਲੇ ਵੀਰਵਾਰ ਨਵਦੀਪ ਸਿੰਘ ਗੋਲਡੀ ਜਦੋਂ ਅੰਮ੍ਰਿਤਸਰ ਦੇ ਡਿਪਟੀ ਮੇਅਰ ਨਾਲ ਹੱਥੋਪਾਈ ਹੋਇਆ ਅਤੇ ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿਚ ਉਸ ਨੇ ਬੰਦੂਕ ਤਾਣੀ ਤਾਂ ਉਸ ਦੇ ਅਕਾਲੀ ‘ਕਾਕਾ’ ਹੋਣ ਬਾਰੇ ਸਾਰੇ ਭਰਮ-ਭੁਲੇਖੇ ਕਾਫੂਰ ਹੋ ਗਏ। ਹਾਲੀਆ ਕੁਝ ਵਰ੍ਹਿਆਂ ਤੋਂ ਅਕਾਲੀ ਸਿਆਸੀ ਸਭਿਆਚਾਰ ਵਿਚ ਹੁਲੜਬਾਜ਼ ਬਿਰਤੀ ਵਾਲੇ ਅਜਿਹੇ ਅਨਸਰ ਖ਼ੂਬ ਫਲਦੇ-ਫੁਲਦੇ ਆ ਰਹੇ ਹਨ।
ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣਾ, ਪ੍ਰਸ਼ਾਸਨ ਨੂੰ ਪੈਰਾਂ ਹੇਠ ਰੋਲਣਾ, ਹਿੱਕ ਦੇ ਜ਼ੋਰ ਨਾਲ ਮਸਲੇ ਹੱਲ ਕਰਨੇ ਅਤੇ ਆਪਣੀ ਹਰ ਗੱਲ ਮੰਨਵਾ ਕੇ ਰਹਿਣਾ ਨੌਜਵਾਨ ਅਕਾਲੀਆਂ ਦੀਆਂ ਵਿਸ਼ੇਸ਼ ‘ਖ਼ੁਬੀਆਂ’ ਹਨ। ਗੋਲਡੀ ਆਪਣੇ ਸੁਰੱਖਿਆ ਗਾਰਡ ਦੀ ਏæਕੇæ-47 ਲੈ ਕੇ ਫ਼ਰਾਰ ਹੋ ਗਿਆ। ਆਪਣੇ ਸਾਹਮਣੇ ਪੂਰੀ ਘਟਨਾ ਵਾਪਰਨ ਦੇ ਬਾਵਜੂਦ ਡਿਪਟੀ ਕਮਿਸ਼ਨਰ ਉਸ ਨੂੰ ਫੌਰੀ ਤੌਰ ‘ਤੇ ਗ੍ਰਿਫ਼ਤਾਰ ਕਰਵਾਉਣ ਦੀ ਹਿੰਮਤ ਨਹੀਂ ਜੁਟਾ ਸਕਿਆ। ਪੁਲਿਸ ਗੋਲਡੀ ਨੂੰ ਅਜੇ ਤਕ ਫੜ ਨਹੀਂ ਸਕੀ। ਉਲਟਾ ਵਟਸਐਪ ‘ਤੇ ਸ਼ੇਰ ਨਾਲ ਫੋਟੋ ਪਾ ਕੇ ਗੋਲਡੀ ਕਹਿੰਦਾ ਹੈ: ‘ਗਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ, ਕਹਿੰਦੇ ਸ਼ੇਰ ਮਾਰਨਾ।’
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਜੇ ਵੀ ਉਸ ਯੁੱਗ ਨਾਲ ਜੁੜੇ ਹੋਏ ਹਨ ਜਦੋਂ ਰੁੱਖਾ ਬੋਲਣ ਨੂੰ ਹਿਕਾਰਤ ਨਾਲ ਦੇਖਿਆ ਜਾਂਦਾ ਸੀ। ਅੱਜ ਦਾ ਅਕਾਲੀ ਦਲ ਸੁਖਬੀਰ ਬਾਦਲ ਅਧੀਨ ਮੌਲ ਰਿਹਾ ਹੈ ਅਤੇ ਇਸ ਦਾ ਹਰ ਤਹਿਸੀਲ ਅਤੇ ਜ਼ਿਲ੍ਹਾ ਪੱਧਰ ਦਾ ਆਗੂ ਉਪ ਮੁੱਖ ਮੰਤਰੀ ਵਾਂਗ ਗੁਸਤਾਖ਼, ਜਾਰਿਹਾਨਾ ਅਤੇ ‘ਬਲਸ਼ਾਲੀ’ ਹੋਣਾ ਆਪਣਾ ਜਨਮ-ਸਿੱਧ ਅਧਿਕਾਰ ਸਮਝਦਾ ਹੈ। ਗੋਲਡੀ ਅਕਾਲੀ ਸਿਆਸਤ ਦੇ ਇਸੇ ਨਵੇਂ ਮੁਹਾਂਦਰੇ ਦੀ ਨੁਮਾਇੰਦਗੀ ਕਰਦਾ ਹੈ। ਕਿਸੇ ਸਮੇਂ ਅਕਾਲੀ ਦਲ ਦਾ ਮੈਂਬਰ ਹੋਣਾ ਸੁਭਾਗ ਮੰਨਿਆ ਜਾਂਦਾ ਸੀ ਅਤੇ ਲੋਕ ਸੇਵਾ ਕਰਨੀ ਫ਼ਰਜ਼ ਹੁੰਦਾ ਸੀ, ਪਰ ਅੱਜ ਇਸ ਨੂੰ ਕਾਨੂੰਨ ਤੋੜਨ ਤੇ ਪ੍ਰਸ਼ਾਸਨ ਨੂੰ ਲਤਾੜਨ ਦਾ ਲਾਇਸੈਂਸ ਸਮਝਿਆ ਜਾਂਦਾ ਹੈ।
ਕਿਸੇ ਵੀ ਸਿਆਸੀ ਪਾਰਟੀ ਅਤੇ ਸਰਕਾਰ ਨੂੰ ਸਰਕਾਰੀ ਕਾਨੂੰਨਾਂ ਅਤੇ ਜਮਹੂਰੀ ਨਿਯਮਾਂ ਮੁਤਾਬਕ ਚਲਾਉਣਾ ਪੈਂਦਾ ਹੈ, ਪਰ ਨਾ ਤਾਂ ਅਕਾਲੀ ਦਲ ਅਤੇ ਨਾ ਹੀ ਇਸ ਦੀ ਅਗਵਾਈ ਵਾਲੀ ਸਰਕਾਰ ਆਪਣਾ ਲੋਟ ਲਾਉਣ ਲਈ ਕਾਨੂੰਨ ਦੀ ਕੁੱਕੜ ਵਾਂਗ ਧੌਣ ਮਰੋੜਨ ਤੋਂ ਝਿਜਕਦੀ ਹੈ। ਜਦੋਂ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਰਗੇ ਸਿਖ਼ਰਲੇ ਆਗੂ ਹੀ ਧੌਂਸਵਾਦੀ ਸਿਆਸਤ ਕਰਨਗੇ ਤਾਂ ਪਾਰਟੀ ਵਰਕਰਾਂ ਦੇ ਨਿਮਰ, ਬੀਬੇ ਤੇ ਸੁਹਜਮਈ ਬਣਨ ਦੀ ਤਵੱਕੋ ਕਿਵੇਂ ਕੀਤੀ ਜਾ ਸਕਦੀ ਹੈ?
ਇੱਕ ਦੌਰ ਸੀ ਜਦੋਂ ਪਿੰਡਾਂ ਦੇ ਲੋਕਾਂ, ਖ਼ਾਸ ਤੌਰ ‘ਤੇ ਅੰਮ੍ਰਿਤਧਾਰੀ ਸਿੱਖਾਂ ਵਿਚ ਅਕਾਲੀ ਦਲ ਦਾ ਵਿਸ਼ੇਸ਼ ਸਨਮਾਨ ਅਤੇ ਰੁਤਬਾ ਹੁੰਦਾ ਸੀ। ਸੰਤ ਕਰਤਾਰ ਸਿੰਘ ਦੇ ਪ੍ਰਭਾਵ ਕਾਰਨ ਖੇਮਕਰਨ-ਪੱਟੀ-ਖਡੂਰ ਸਾਹਿਬ-ਤਰਨ ਤਾਰਨ ਸਿੱਖੀ ਆਨ-ਬਾਨ ਦੇ ਇਸ ਕਿਸਮ ਦੇ ਗੜ੍ਹ ਸਨ ਕਿ ਅਕਾਲੀ ਉਮੀਦਵਾਰ ਹਰ ਚੋਣ ਸਹਿਜੇ ਹੀ ਜਿੱਤ ਜਾਂਦੇ ਸਨ। ਉਦੋਂ ਦੇ ਜਥੇਦਾਰ ਅੱਜ ਵਾਲਿਆਂ ਨਾਲੋਂ ਘੱਟ ਸ਼ਾਤਿਰ ਅਤੇ ਘੱਟ ਹਿਸਾਬੀ ਹੁੰਦੇ ਸਨ, ਪਰ ਉਹ ਕਿਰਦਾਰ ਅਤੇ ਮਰਿਆਦਾ ਦਾ ਮਿਆਰ ਹਰ ਹਾਲ ਕਾਇਮ ਰੱਖਦੇ ਸਨ।
ਹਾਲੀਆ ਕੁਝ ਸਾਲਾਂ ਦੌਰਾਨ ਅਕਾਲੀ ਦਲ ਵਿਚ ਨੈਤਿਕ ਨਿਘਾਰ ਆਇਆ ਹੈ, ਜੋ ਇਸ ਦੇ ਸਰਕਾਰ ਚਲਾਉਣ ਦੇ ਕੰਮ ਢੰਗ ਵਿਚੋਂ ਵੀ ਸਪਸ਼ਟ ਝਲਕ ਰਿਹਾ ਹੈ। ਗਰਾਂਟਾਂ ਦੇ ਰਾਹ ਮੋੜੇ ਜਾ ਰਹੇ ਹਨ, ਆਰਥਿਕ ਅੰਕੜੇ ਤੋੜ-ਮਰੋੜ ਕੇ ਪੇਸ਼ ਕੀਤੇ ਜਾ ਰਹੇ ਹਨ ਅਤੇ ‘ਕੈਗ’ ਦੀ ਨਜ਼ਰਸਾਨੀ ਦੇ ਘੇਰੇ ਵਿਚੋਂ ਬਹੁਤ ਸਾਰੇ ਫੰਡ ਕੱਢ ਕੇ ਜਨਤਕ ਪੈਸਾ ਸਿਆਸੀ ਬਖਸ਼ੀਸ਼ ਵਾਂਗ ਵੰਡਿਆ ਗਿਆ ਹੈ। ਟੈਕਸ ਲੱਦ ਲੱਦ ਕੇ ਲੋਕਾਂ ਦੇ ਕੁੱਬ ਪਾ ਦਿੱਤੇ ਗਏ ਹਨ ਤੇ ਪੰਜਾਬ ਕਰਜ਼ੇ ਨਾਲ ਦੱਬ ਦਿੱਤਾ ਤਾਂ ਜੋ ਬਾਦਲ ਮੁਫ਼ਤ ਆਟਾ-ਦਾਲ, ਮੁਫ਼ਤ ਬਿਜਲੀ ਅਤੇ ਮੁਫ਼ਤ ਧਾਰਮਿਕ ਯਾਤਰਾ ਆਦਿ ਸਕੀਮਾਂ ਦੇ ਸਹਾਰੇ ਚੋਣਾਂ ਜਿੱਤ ਸਕਣ। ਯਾਦਗਾਰਾਂ ਉਸਾਰੀਆਂ ਜਾ ਰਹੀਆਂ ਹਨ ਜਦੋਂਕਿ ਸਕੂਲਾਂ ਅਤੇ ਹਸਪਤਾਲਾਂ ਦੀਆਂ ਇਮਾਰਤਾਂ ਡਿੱਗੂੰ ਡਿੱਗੂੰ ਕਰ ਰਹੀਆਂ ਹਨ।
ਅਜਿਹੀ ਬਦਹਕੂਮਤੀ ਕਾਰਨ ਅਕਾਲੀ ਲੀਡਰਸ਼ਿਪ ਆਮ ਪੇਂਡੂ ਤਬਕੇ ਦੀਆਂ ਹੀ ਨਹੀਂ, ਬਲਕਿ ਅੰਮ੍ਰਿਤਧਾਰੀ ਸਿੱਖਾਂ ਦੀਆਂ ਨਜ਼ਰਾਂ ਵਿਚੋਂ ਵੀ ਡਿੱਗ ਗਈ ਹੈ। ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਪੁਲਿਸ ਅਫ਼ਸਰਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਜਾਣੀ ਅਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਦੀ ਜਾਣੇ-ਪਛਾਣੇ ਹਮਲਾਵਰ ਖ਼ਿਲਾਫ਼ ਸ਼ਿਕਾਇਤ ਨੂੰ ਅਣਗੌਲਿਆ ਕੀਤੇ ਜਾਣ ਨਾਲ ਸਰਕਾਰ ਚਲਾਉਣ ਦੇ ਅਕਾਲੀ ਵਿਧੀ-ਵਿਧਾਨ ਬਾਰੇ ਸਾਰੇ ਭਰਮ ਦੂਰ ਹੋ ਗਏ ਹਨ।
3 ਜੂਨ 2016 ਨੂੰ ਅਰਦਾਸੀਏ ਬਲਬੀਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ। ਬਾਦਲ ਨੇ ਇਸ ਘਟਨਾ ਨੂੰ ਭਾਵੇਂ ਆਈ-ਗਈ ਕਰ ਦਿੱਤਾ, ਪਰ ਇਹ ਸਿੱਖ ਹਿਰਦਿਆਂ ਵਿਚਲੇ ਰੋਸ ਦਾ ਸੰਕੇਤ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਲਬੀਰ ਸਿੰਘ ਨੂੰ ਮੁਆਫ਼ ਨਹੀਂ ਕੀਤਾ, ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਪਰ ਲੋਕਾਂ ਨੇ ਉਸ ਨੂੰ ਹੱਥਾਂ ਉਤੇ ਚੁੱਕ ਲਿਆ। ਲੋਕਾਂ ਨੇ ਇਸ ਕਾਜ ਲਈ ਉਸ ਦਾ ਸਨਮਾਨ ਕੀਤਾ ਅਤੇ ਉਸ ਲਈ ਮਾਇਆ ਵੀ ਇਕੱਤਰ ਕੀਤੀ।
ਅਕਾਲੀ ਦਲ ਦੇ ਅਪਰਾਧੀਕਰਨ ਤੇ ਇਸ ਉਪਰ ਹੁੱਲੜਬਾਜ਼ ਅਨਸਰਾਂ ਦੇ ਭਾਰੂ ਹੋਣ ਦਾ ਅਮਲ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਸ਼ੁਰੂ ਹੋਇਆ। ਕਿਸੇ ਵੀ ਕੀਮਤ ਉਤੇ ਚੋਣਾਂ ਜਿੱਤਣਾ ਉਸ ਦਾ ਇਕਲੌਤਾ ਮਕਸਦ ਸੀ ਅਤੇ ਉਸ ਨੇ ਆਪਣੇ ਇਸ ਕਾਰਜ ਨੂੰ ਐਨੀ ਸੰਜੀਦਗੀ ਨਾਲ ਲਿਆ ਕਿ ਨਾਸਤਿਕਾਂ, ਕਾਨੂੰਨ ਨੂੰ ਟਿੱਚ ਜਾਣਨ ਵਾਲਿਆਂ, ਨਸ਼ੇੜੀਆਂ ਅਤੇ ਇਥੋਂ ਤਕ ਕਿ ਮੁਜਰਮਾਂ ਲਈ ਵੀ ਪਾਰਟੀ ਦੇ ਦਰ ਖੋਲ੍ਹ ਦਿੱਤੇ। ਪਾਰਟੀ ਦੇ ਯੂਥ ਵਿੰਗ ਵਿਚ ਵਿਗੜੈਲ ਤੇ ਨੀਮ-ਵਿਗੜੈਲ ਕਾਕੇ ਭਰਤੀ ਕੀਤੇ ਗਏ ਜਿਹੜੇ ਆਪਣੀਆਂ ਅਭੱਦਰ ਹਰਕਤਾਂ ਨਾਲ ਲਗਾਤਾਰ ਪਾਰਟੀ ਲੀਡਰਸ਼ਿਪ ਲਈ ਨਮੋਸ਼ੀ ਦਾ ਕਾਰਨ ਬਣਦੇ ਆ ਰਹੇ ਹਨ। ਸੌੜੀ ਸੋਚ ਤੇ ਸੌੜੀ ਮੁਰਾਦ ਵਾਲੇ ਲੀਡਰਾਂ ਨੂੰ ਹਲਕਾ ਇੰਚਾਰਜ ਲਾ ਕੇ ਅਤੇ ਥਾਣਿਆਂ ਦੇ ਐਸ਼ਐਚæਓਜ਼ ਦਾ ‘ਵਸ਼ੀਕਰਨ’ ਕਰ ਕੇ ਪੁਲਿਸ-ਤੰਤਰ ਦਾ ਨਾ ਸਿਰਫ਼ ਨਾਸ ਮਾਰ ਦਿੱਤਾ, ਸਗੋਂ ਕਾਨੂੰਨੀ ਹੱਕਾਂ ਦੀ ਗੱਲ ਕਰਨ ਵਾਲੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਅਪਰਾਧ ਅਤੇ ਭ੍ਰਿਸ਼ਟਾਚਾਰ ਅੱਜ ਚੁਫੇਰੇ ਪ੍ਰਧਾਨ ਹੋ ਗਿਆ ਹੈ।
6 ਦਸੰਬਰ 2012 ਨੂੰ ਅਕਾਲੀ ਦਲ ਦੇ ਅਪਰਾਧੀਕਰਨ ਦੀ ਇੱਕ ਤਸਵੀਰ ਉਘੜ ਕੇ ਸਾਹਮਣੇ ਆਈ ਜਦੋਂ ਇੱਕ ਅਕਾਲੀ ਆਗੂ ਨੇ ਅੰਮ੍ਰਿਤਸਰ ਵਿਚ ਸਰ੍ਹੇਬਾਜ਼ਾਰ, ਏæਐਸ਼ਆਈæ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ। ਇਹ ਏæਐਸ਼ਆਈæ ਆਪਣੀ ਧੀ ਦੀ ਆਬਰੂ ਲਈ ਇਸ ਭੂਸਰੇ ਆਗੂ ਨਾਲ ਆਢਾ ਲੈ ਬੈਠਾ ਸੀ। ਇਸ ਤੋਂ ਬਾਅਦ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਤੁੜ ਵਿਚ ਸਾਬਕਾ ਅਕਾਲੀ ਸਰਪੰਚ ਨੇ 13 ਸਾਲਾ ਕੁੜੀ ਨੂੰ ਅਗਵਾ ਕੀਤਾ ਅਤੇ ਉਸ ਨੂੰ ਨਿਰਵਸਤਰ ਕਰ ਕੇ ਪਿੰਡ ਵਿਚ ਘੁੰਮਾਇਆ, ਪਰ ਜਿਵੇਂ ਹੁੰਦਾ ਹੀ ਆ ਰਿਹਾ ਹੈ, ਪੁਲਿਸ ਨੇ ਮੁਲਜ਼ਮ ਦਾ ਹੀ ਪੱਖ ਪੂਰਿਆ।
ਜਿਥੇ ਅਹਿਮ ਕੁਰਸੀਆਂ ਮੱਲੀ ਬੈਠੇ ਗ਼ੈਰ-ਬਾਦਲ ਪਰਿਵਾਰ, ਆਪਣੀ ਅਣਖ ਵੇਚ-ਵੱਟ ਕੇ ਖਾ ਗਏ ਹਨ ਅਤੇ ਮੇਵਾ ਖਾਣ ਵਾਸਤੇ ਉਨ੍ਹਾਂ ਨੂੰ ਜਿਥੇ ਰੱਖਿਆ ਜਾ ਰਿਹਾ ਹੈ, ਉਥੇ ਭਾਣਾ ਮੰਨ ਕੇ ਬੈਠ ਗਏ ਹਨ, ਉਥੇ ਪਰਗਟ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਕੁਝ ਕੁਸਕੇ ਤਾਂ ਜ਼ਰੂਰ ਹਨ, ਭਾਵੇਂ ਦੇਰ ਨਾਲ ਹੀ ਸਹੀ। ਬਾਦਲਾਂ ਨੇ ਆਪਣੇ ਦੁਆਲੇ ਖ਼ੁਦਗਰਜ਼ਾਂ ਅਤੇ ਖ਼ੁਦ-ਅਭਿਲਾਖੀਆਂ ਦੀ ਫ਼ੌਜ ਖੜ੍ਹੀ ਕਰ ਰੱਖੀ ਹੈ। ਉਹ ਮੁਖੋਂ ਉਹੀ ਉਚਾਰਦੇ ਹਨ, ਜੋ ਮਾਲਕ ਸੁਣਨਾ ਚਾਹੁੰਦੇ ਹਨ।
ਭਾਈ-ਭਤੀਜਾਵਾਦ, ਪਰਿਵਾਰਵਾਦ, ਅਕਾਲੀ ਦਲ ਦਾ ਅਪਰਾਧੀਕਰਨ, ਕਾਨੂੰਨ ਨੂੰ ਖੋਰਾ, ਮਾੜਾ ਸ਼ਾਸਨ ਅਤੇ ਸੰਸਥਾਵਾਂ ਦਾ ਨਿਘਾਰ- ਉਹ ਸਭ ਕੁਝ ਹੈ, ਜੋ ਪ੍ਰਕਾਸ਼ ਸਿੰਘ ਬਾਦਲ ਆਪਣੀ ਵਿਰਾਸਤ ਦੇ ਰੂਪ ਵਿਚ ਪਿੱਛੇ ਛੱਡ ਕੇ ਜਾਏਗਾ। ਬਾਦਲ ਪਰਜਾਤੰਤਰਵਾਦੀ ਜਾਂ ਯੋਗਤਾ ਦਾ ਸਤਿਕਾਰ ਕਰਨ ਵਾਲਾ ਆਗੂ ਨਹੀਂ ਹੈ। ਜੇ ਉਸ ਨੇ ਸ਼੍ਰੋਮਣੀ ਕਮੇਟੀ ਵਿਚ ਜਮਹੂਰੀਅਤ ਨੂੰ ਵਿਗਸਣ ਦਿੱਤਾ ਹੁੰਦਾ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਹੋਰ ਨਿਯੁਕਤੀਆਂ ਯੋਗਤਾ ਮੁਤਾਬਕ ਹੋਣ ਦਿੱਤੀਆਂ ਹੁੰਦੀਆਂ ਤਾਂ ਪੰਜਾਬੀਆਂ ਅੰਦਰਲੀ ਬੇਚੈਨੀ ਹੁਣ ਵਾਲੀ ਹੱਦ ਵਾਲੀ ਨਹੀਂ ਸੀ ਹੋਣੀ। ਉਸ ਦੇ ‘ਕਾਬੂ ਕਰੋ ਅਤੇ ਰਾਜ ਕਰੋ’ ਦੀ ਸਿਆਸਤ ਅਤੇ ਕੁਸ਼ਾਸਨ ਨੇ ਨਾ ਸਿਰਫ਼ ਪੰਜਾਬ ਨੂੰ ਗ਼ਰੀਬ ਬਣਾਇਆ ਹੈ ਸਗੋਂ ਵੰਡੀਆਂ ਪਾ ਕੇ ਸਿੱਖਾਂ ਨੂੰ ਵੀ ਕਮਜ਼ੋਰ ਕੀਤਾ ਹੈ। -0-