ਟੇਵਾ ਲਾਉਣਾ

ਬਲਜੀਤ ਬਾਸੀ
ਟੇਵਾ ਕਾਗਜ਼ ਦਾ ਉਹ ਪੁਰਜ਼ਾ ਹੁੰਦਾ ਹੈ ਜਿਸ ‘ਤੇ ਬੱਚੇ ਦਾ ਜਨਮ ਤੇ ਲਗਨ ਆਦਿ ਦਰਜ ਕੀਤਾ ਹੋਵੇ। ਇਸ ਨੂੰ ਜਨਮ ਕੁੰਡਲੀ, ਜਨਮ ਪੱਤਰੀ, ਨਿਰਾ ਪੱਤਰੀ ਜਾਂ ਕੁੰਡਲੀ ਵੀ ਕਿਹਾ ਜਾਂਦਾ ਹੈ। ਟੇਵਾ ਸ਼ਬਦ ਪੰਜਾਬ, ਹਰਿਆਣਾ, ਰਾਜਸਥਾਨ ਵਿਚ ਖੂਬ ਚਲਦਾ ਹੈ। ਟੇਵਾ ਬਣਾਉਣ ਵਾਲੇ ਨੂੰ ਟੇਵਾਰੀ ਕਹਿੰਦੇ ਹਨ ਅਤੇ ਇਕ ਸੁਝਾਅ ਅਨੁਸਾਰ ਬ੍ਰਾਹਮਣਾਂ ਦਾ ਤਿਵਾਰੀ/ਤਿਵਾੜੀ ਗੋਤ ਇਸੇ ਤੋਂ ਵਿਗੜ ਕੇ ਬਣਿਆ ਹੈ ਪਰ ਭਰੋਸੇਯੋਗ ਸੂਤਰਾਂ ਅਨੁਸਾਰ ਇਹ ਤ੍ਰਿਪਾਠੀ ਤੋਂ ਬਣਿਆ ਹੈ ਜਿਵੇਂ ਜੋਸ਼ੀ ਜੋਤਸ਼ੀ ਤੋਂ ਬਣਿਆ ਦੱਸਿਆ ਜਾਂਦਾ ਹੈ।

ਟੇਵੇ ਵਾਲੇ ਕਾਗਜ਼ ਉਤੇ ਬੱਚੇ ਦੇ ਜਨਮ ਸਮੇਂ ਰਾਸ਼ੀ ਚੱਕਰ ਤਹਿਤ ਗ੍ਰਹਿਆਂ ਦੀ ਸਥਿਤੀ, ਮਹੂਰਤ ਅਤੇ ਲਗਨ ਆਦਿ ਨੂੰ ਇਕ ਖਾਨੇਦਾਰ ਸ਼ਕਲ ਵਿਚ ਦਰਸਾਇਆ ਗਿਆ ਹੁੰਦਾ ਹੈ। ਇਸ ਦੇ 12 ਖਾਨਿਆਂ ‘ਚ 12 ਰਾਸ਼ੀਆਂ ਦਰਜ ਹੁੰਦੀਆਂ ਹਨ। ਇਨ੍ਹਾਂ ਖਾਨਿਆਂ ਨੂੰ ਭਾਵ ਜਾਂ ਘਰ ਕਿਹਾ ਜਾਂਦਾ ਹੈ। ਜਨਮ ਕੁੰਡਲੀ ਇਕ ਤਰ੍ਹਾਂ ਅਕਾਸ਼ ਦਾ ਨਕਸ਼ਾ ਹੀ ਹੁੰਦਾ ਹੈ। ਕੰਪਿਊਟਰ ਦੀ ਭਾਸ਼ਾ ਵਿਚ ਇਸ ਨੂੰ ਜ਼ਿਪ ਫਾਈਲ ਕਿਹਾ ਜਾ ਸਕਦਾ ਹੈ।
ਜੋਤਿਸ਼ ਅਨੁਸਾਰ ਜਨਮ ਸਮੇਂ ਗ੍ਰਹਿਆਂ ਦੀ ਦਸ਼ਾ ਸਾਡੇ ਜੀਵਨ ‘ਚ ਵਾਪਰਨ ਵਾਲੀਆਂ ਘਟਨਾਵਾਂ ‘ਤੇ ਪ੍ਰਭਾਵੀ ਹੁੰਦੀ ਹੈ। ਇਸ ਵੇਰਵੇ ਤੋਂ ਮਨੁੱਖ ਦੀ ਸ਼ਖਸੀਅਤ ਦਾ ਵੀ ਪਤਾ ਲਗਦਾ ਹੈ, ਇਸ ਤਰ੍ਹਾਂ ਇਹ ਮਨੁੱਖ ਦੇ ਜੀਵਨ ਦਾ ਸ਼ੀਸ਼ਾ ਹੈ। ਜਨਮ ਸਮੇਂ ਜੋ ਰਾਸ਼ੀ ਖਤਿਜ ਅਰਥਾਤ ਪੂਰਬ ਦੀ ਦਿਸ਼ਾ ਵਿਚ ਉਦੈ ਹੋ ਰਹੀ ਹੁੰਦੀ ਹੈ, ਉਹ ਲਗਨ ਕਹਾਉਂਦੀ ਹੈ ਤੇ ਇਸ ਨੂੰ ਪਹਿਲੇ ਘਰ ਵਿਚ ਦਰਜ ਕੀਤਾ ਜਾਂਦਾ ਹੈ, ਬਾਕੀ ਦੀਆਂ ਰਾਸ਼ੀਆਂ ਕ੍ਰਮਵਾਰ ਹੋਰ ਘਰਾਂ ‘ਚ ਦਰਜ ਕੀਤੀਆਂ ਜਾਂਦੀਆਂ ਹਨ। ਹਰ ਲਗਨ ਲਈ ਕੁਝ ਗ੍ਰਹਿ ਸ਼ੁਭ ਹੁੰਦੇ ਹਨ ਤੇ ਕੁਝ ਅਸ਼ੁਭ। ਜੇ ਲਗਨ ਭਾਵ ਵਿਚ ਇਕ ਅੰਕ ਦਰਜ ਹੈ ਤਾਂ ਇਸ ਦਾ ਮਤਲਬ ਹੈ ਕਿ ਵਿਅਕਤੀ ਦਾ ਲਗਨ ਮੇਸ਼ ਹੈ। ਇਸ ਤਰ੍ਹਾਂ ਜਨਮ ਸਮੇਂ ਗ੍ਰਹਿ ਦਸ਼ਾ ਦਾ ਤੁਹਾਡੇ ਭਵਿਖ ‘ਤੇ ਅਸਰ ਪੈਂਦਾ ਹੈ। ਫਰਜ਼ ਕਰੋ ਤੁਹਾਡੇ ਜਨਮ ਸਮੇਂ ਉਦੈ ਹੋ ਰਹੀ ਰਾਸ਼ੀ ਮਕਰ ਹੈ ਤਾਂ ਇਸ ਦਾ ਸਵਾਮੀ ਗ੍ਰਹਿ ਸ਼ਨੀ (ਸਨਿਚਰ) ਹੈ। ਇਸ ਰਾਸ਼ੀ ਵਾਲੇ ਮਿਹਨਤੀ, ਵਫਾਦਾਰ ਤੇ ਕਿਸੇ ਵੀ ਕੰਮ ਨੂੰ ਸਮਰਪਿਤ ਹੁੰਦੇ ਹਨ। ਇਹ ਗੁੱਸੇਖੋਰ, ਹੰਕਾਰੀ ਅਤੇ ਖੁਦਗਰਜ਼ ਵੀ ਹੁੰਦੇ ਹਨ, ‘ਇਹ ਮੁੰਡਾ ਬੜਾ ਸਨਿਚਰ ਏ।’
ਅਗੇਰੀ ਚਰਚਾ ਤੋਂ ਪਹਿਲਾਂ ਏਨਾ ਦੱਸ ਦੇਵਾਂ ਕਿ ਮੇਰਾ ਜਨਮ ਪੱਤਰੀ/ਕੁੰਡਲੀ/ਟੇਵੇ ਆਦਿ ਦੀ ਸੱਚਾਈ ਵਿਚ ਉਕਾ ਵਿਸ਼ਵਾਸ ਨਹੀਂ। ਇਹ ਸਾਰਾ ਘਾਲਾ-ਮਾਲਾ ਪੂਰੀ ਤਰ੍ਹਾਂ ਅਵਿਗਿਆਨਕ ਹੈ। ਸਿਰਫ ਇਕ ਦੋ ਦਲੀਲਾਂ ਹੀ ਦੇਵਾਂਗਾ। ਕੋਈ ਵੀ ਗ੍ਰਹਿ ਸਾਡੇ ਤੋਂ ਕਰੋੜਾਂ ਮੀਲ ਦੂਰ ਹੈ ਤੇ ਉਸ ਦੀ ਰੋਸ਼ਨੀ ਸਾਡੇ ਤੱਕ ਪੁੱਜਣ ਵਿਚ ਕਈ ਮਿੰਟਾਂ ਤੋਂ ਲੈ ਕੇ ਕਈ ਘੰਟਿਆਂ ਤੱਕ ਲਾ ਸਕਦੀ ਹੈ। ਇਸ ਦਾ ਮਤਲਬ ਹੈ, ਪੱਤਰੀ ਵਿਚ ਜੋ ਗ੍ਰਹਿ ਦੀ ਸਥਿਤੀ ਦਰਜ ਹੈ, ਉਹ ਸਿਰਫ ਅੱਖਾਂ ਨੂੰ ਦਿਸਦੀ ਅਰਥਾਤ ਪ੍ਰਤੱਖ ਹੀ ਹੈ, ਅਸਲ ਵਿਚ ਇਹ ਸਥਿਤੀ ਹੋਰ ਹੈ। ਅੱਜ ਕਲ੍ਹ ਬੱਚੇ ਦਾ ਜਨਮ ਅਪਰੇਸ਼ਨ ਨਾਲ ਵੀ ਹੁੰਦਾ ਹੈ ਜਿਸ ਦੀ ਤਰੀਕ ਨਿਸਚਿਤ ਨਹੀਂ। ਡਾਕਟਰ ਜਾਂ ਗਰਭਵਤੀ ਦੀ ਮਰਜ਼ੀ ਤੇ ਸਰੀਰਕ ਲੋੜ ਅਨੁਸਾਰ ਬੱਚੇ ਦਾ ਜਨਮ ਅੱਗੇ ਪਿੱਛੇ ਪਾਇਆ ਜਾ ਸਕਦਾ ਹੈ।
ਖੈਰ, ਆਪਾਂ ਗੱਲ ਟੇਵਾ ਸ਼ਬਦ ਦੀ ਕਰਨੀ ਹੈ। ਟੇਵਾ ਲਈ ਇਕ ਹੋਰ ਸ਼ਬਦ ਟੀਪ ਵੀ ਚਲਦਾ ਹੈ, ਮੁਲਤਾਨੀ ਵਿਚ ਟਿੱਪਨਾ ਹੈ- ਇਹ ਟੇਵਾ ਦੇ ਰੁਪਾਂਤਰ ਹੀ ਹਨ। ਅਸਲ ਵਿਚ ਜਨਮ ਪੱਤਰੀ ਆਦਿ ਲਈ ਟੇਵਾ ਸ਼ਬਦ ਦੀ ਵਰਤੋਂ ਆਮ ਤੌਰ ‘ਤੇ ਵਿਆਹ ਤੋਂ ਪਹਿਲਾਂ ਹੀ ਕੀਤੀ ਜਾਂਦੀ ਹੈ, ਜਦੋਂ ਵਿਆਹੇ ਜਾਣ ਵਾਲੇ ਕੁੜੀ-ਮੁੰਡੇ ਦੀਆਂ ਜਨਮ ਪੱਤਰੀਆਂ ਮਿਲਾਈਆਂ ਜਾਂਦੀਆਂ ਹਨ। ਟੇਵਾ ਭੇਜਣਾ ਦਾ ਮਤਲਬ ਹੈ, ਸਾਹੇ ਦੀ ਚਿੱਠੀ ਭੇਜਣਾ ਜਿਸ ਵਿਚ ਵਿਆਹ ਲਗਨ ਆਦਿ ਦਰਜ ਹੁੰਦਾ ਹੈ। ਟੇਵਾ ਲਾਉਣਾ ਦਾ ਅਰਥ ਹੈ, ਜੋਤਿਸ਼ ਲਾਉਣਾ ਜਾਂ ਭਵਿਖਵਾਣੀ ਕਰਨਾ। ਪੰਡਿਤ ਬੜੀ ਬਾਰੀਕੀ ਨਾਲ ਜਨਮ ਕੁੰਡਲੀ ਦੀਆਂ ਰਾਸ਼ੀਆਂ ਮਿਲਾਉਂਦੇ ਸਨ, ਇਥੋਂ ਹੀ ਮੀਨ-ਮੇਖ ਕਰਨਾ ਮੁਹਾਵਰਾ ਬਣਿਆ, ਮੀਨ ਤੇ ਮੇਖ ਦੋ ਰਾਸ਼ੀਆਂ ਦੇ ਨਾਂ ਹਨ। ਟੇਵਾ ਸ਼ਬਦ ਤੋਂ ਪਹਿਲਾਂ ਟਿੱਪਣੀ ਸ਼ਬਦ ਬਾਰੇ ਕੁਝ ਜਾਣਨਾ ਠੀਕ ਹੋਵੇਗਾ ਕਿਉਂਕਿ ਟੇਵਾ ਸ਼ਬਦ ਦੇ ਸੰਦਰਭ ਟਿੱਪਣੀ ਨਾਲ ਜਾ ਜੁੜਦੇ ਹਨ। ਇਸ ਸਬੰਧ ਵਿਚ ਡਿਪ, ਟਿਪ ਸ਼ਬਦ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿਚ ਦਬਾਉਣ, ਬੰਨ੍ਹਣ, ਕੁਰੇਦਣ, ਲੀਕ ਮਾਰਨ, ਨਿਸ਼ਾਨ ਲਾਉਣ, ਲਿੱਪਣ-ਪੋਚਣ ਦੇ ਭਾਵ ਹਨ। ਨਾਂਵ ਵਜੋਂ ਟਿੱਪ ਦਾ ਅਰਥ ਉਂਗਲੀ ਨਾਲ ਲਾਇਆ ਹੋਇਆ ਰੰਗ ਦਾ ਦਾਗ ਹੈ। ਪੁਰਾਣੇ ਜ਼ਮਾਨੇ ਵਿਚ ਲਿਖਣ ਦਾ ਕੰਮ ਜ਼ਮੀਨ ਜਾਂ ਕੰਧ ‘ਤੇ ਕੁਰੇਦਣ ਨਾਲ ਹੀ ਹੁੰਦਾ ਸੀ। ਜੋਤਿਸ਼ ਗਣਨਾ ਆਦਿ ਦੇ ਪ੍ਰਸੰਗ ਵਿਚ ਟਿਪ, ਡਿਪ ਵਿਚ ਜ਼ਮੀਨ ‘ਤੇ ਆਕਾਰ ਬਣਾਉਣ ਦਾ ਭਾਵ ਸਪੱਸ਼ਟ ਹੋ ਰਿਹਾ ਹੈ। ਇੱਟਾਂ ਦੀਆਂ ਕੰਧਾਂ ਵਿਚ ਗਾਰਾ ਭਰਨ ਦਾ ਕੰਮ ਮੁਢਲੇ ਤੌਰ ‘ਤੇ ਇੱਟਾਂ ਨੂੰ ਆਪਸ ਵਿਚ ਜੋੜਨਾ, ਬੰਨ੍ਹਣਾ ਆਦਿ ਹੀ ਹੈ। ਇੱਟਾਂ ਦੇ ਅਲੱਗ ਅਲੱਗ ਜੋੜ ਮਿਲਣ ਨਾਲ ਇਕ ਵਰਗਾਕਾਰ ਸ਼ਕਲ ਬਣਦੀ ਹੈ। ਟਿੱਪਣ ਦਾ ਇਕ ਅਰਥ ਮੇਸਣਾ, ਮਿਟਾਉਣਾ ਹੈ ਤੇ ਦੂਜਾ ਵਹੀ ਖਾਤੇ ਵਿਚ ਟਿੱਕ ਮਾਰਕ ਕਰਨਾ, ਕਾਟਾ ਲਾਉਣਾ ਹੈ। ਇਸੇ ਪ੍ਰਸੰਗ ਵਿਚ ਟੀਪ ਸ਼ਬਦ ਵਰਤਿਆ ਜਾਂਦਾ ਹੈ ਅਰਥਾਤ ਇੱਟਾਂ ਵਿਚਕਾਰ ਦੀਆਂ ਝਰੀਆਂ ਨੂੰ ਗਾਰੇ ਸੀਮੈਂਟ ਆਦਿ ਦੇ ਮਸਾਲੇ ਨਾਲ ਭਰਨਾ ਮਤਲਬ ਮੇਸਣਾ। ਲਿੱਪਣਾ ਪੋਚਣਾ ਵਿਚ ਵੀ ਅਜਿਹੇ ਭਾਵ ਹਨ। ਟੀਪ ਟਾਪ ਸ਼ਬਦ ਜੁੱਟ ਦਾ ਅਰਥ ਹੈ ਚਿਹਰੇ ਆਦਿ ਦੀ ਓਪਰੀ ਸਜਾਵਟ।
ਮੁਢਲੇ ਤੌਰ ‘ਤੇ ਟਿੱਪਣੀ ਕੀ ਹੁੰਦੀ ਹੈ? ਇਸ ਦੇ ਸ਼ਬਦਕੋਸ਼ੀ ਅਰਥ ਹਨ, ਟੀਕਾ, ਵਿਆਖਿਆ; ਫੁੱਟਨੋਟ। ਮਹਾਨ ਕੋਸ਼ ਦੀ ਸਹਾਇਤਾ ਲਈਏ, ‘ਗ੍ਰੰਥ ਦੇ ਹਾਸ਼ੀਏ ‘ਤੇ ਲਿਖੀ ਸੰਖੇਪ ਕਰਕੇ ਟੀਕਾ।’ ਦਿਲਚਸਪ ਗੱਲ ਹੈ ਕਿ ਪੰਜਾਬੀ ਵਿਚ ਟਿੱਪੀ ( ਚੰਦ ਜਿਹਾ ਚਿੰਨ੍ਹ ) ਨੂੰ ਵੀ ਟਿੱਪਣੀ ਆਖਦੇ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਟਿੱਪਣੀ ਮੂਲ ਤੌਰ ‘ਤੇ ਇਕ ਨਿਸ਼ਾਨ ਹੀ ਹੈ। ਪੁਰਾਣੇ ਜ਼ਮਾਨੇ ਵਿਚ ਗ੍ਰੰਥਾਂ ਬਾਰੇ ਵਿਆਖਿਆ, ਨੋਟ ਜਾਂ ਕੋਈ ਰਾਏ ਗ੍ਰੰਥ ਦੇ ਹਾਸ਼ੀਏ ਵਿਚ ਖਰੜਿਆਂ ਦੇ ਰੂਪ ਵਿਚ ਅੰਕਿਤ ਕੀਤੇ ਜਾਂਦੇ ਸਨ। ਦਰਅਸਲ ਮੁਢਲੇ ਤੌਰ ‘ਤੇ ਵਿਆਖਿਆ ਆਦਿ ਹਿਤ ਹਾਸ਼ੀਏ ਵਿਚ ਲਏ ਨਿਸ਼ਾਨ ਹੀ ਟਿੱਪਣੀ ਕਹਾਉਂਦੇ ਸਨ। ਬਾਅਦ ਵਿਚ ਇ੍ਹਨਾਂ ਹਾਸ਼ੀਆਂ ਵਿਚ ਦਰਜ ਲਿਖਤ ਲਈ ਟਿੱਪਣੀ ਸ਼ਬਦ ਪ੍ਰਚਲਤ ਹੋਇਆ। ਇਨ੍ਹਾਂ ਨਿਸ਼ਾਨਾਂ ਜਾਂ ਟਿੱਪਣੀਆਂ ਵਿਚ ਮੁਸ਼ਕਿਲ ਪਦਾਂ ਜਾਂ ਵਿਚਾਰਾਂ ਦੀ ਵਿਆਖਿਆ ਕੀਤੀ ਜਾਂਦੀ ਸੀ ਤਾਂ ਜੋ ਪੜ੍ਹਨ ਵਾਲਾ ਔਖੀ ਲਿਖਤ ਦੇ ਭਾਵ ਸਮਝ ਸਕੇ। ਇਸੇ ਕਰਕੇ ਇਨ੍ਹਾਂ ਨੂੰ ਭਾਵ ਵੀ ਕਿਹਾ ਜਾਂਦਾ ਹੈ।
ਧਿਆਨ ਦਿਉ, ਟੇਵੇ ਦੇ ਘਰਾਂ ਨੂੰ ਭਾਵ ਕਿਹਾ ਜਾਂਦਾ ਹੈ। ਅੰਗਰੇਜ਼ੀ ਸ਼ਬਦ ੰਅਰਕ ਦਾ ਅਰਥ ਨਿਸ਼ਾਨ ਲਾਉਣਾ ਹੈ ਤੇ ਇਸ ਤੋਂ ਬਣੇ ੍ਰeਮਅਰਕ ਦਾ ਅਰਥ ਟਿੱਪਣੀ ਹੁੰਦਾ ਹੈ। ਇਸੇ ਤਰ੍ਹਾਂ ਅੰਗਰੇਜ਼ੀ ਨੋਟ (ਂੋਟe) ਦਾ ਮੁਢਲਾ ਅਰਥ ਨਿਸ਼ਾਨ ਲਾਉਣਾ ਤੇ ਵਿਕਸਿਤ ਅਰਥ ਟਿੱਪਣੀ ਆਦਿ ਹੈ। ਅਸਲ ਵਿਚ ਅਰਬੀ ਸ਼ਬਦ ਹਾਸ਼ੀਆ ਦਾ ਅਰਥ ਵੀ ਸਮਾਂ ਪਾ ਕੇ ਟਿੱਪਣੀ ਦੇ ਅਰਥ ਦੇਣ ਲੱਗ ਪਿਆ ਹੈ। ਉਰਦੂ ਵਿਚ ‘ਹਾਸ਼ੀਆ ਚੜ੍ਹਾਨਾ’ ਦਾ ਮਤਲਬ ਹੈ, ਟਿੱਪਣੀ ਕਰਨਾ।
ਅਸੀਂ ਦੇਖ ਚੁੱਕੇ ਹਾਂ ਕਿ ਜਨਮ ਕੁੰਡਲੀ ‘ਚ ਰੇਖਾਵਾਂ ਖਿੱਚਣ ਦੀ ਮਹੱਤਤਾ ਹੈ, ਘਰ ਜਾਂ ਭਾਵ ਰੇਖਾਵਾਂ ‘ਟਿੱਪਣ’ ਨਾਲ ਹੀ ਬਣਾਏ ਜਾਂਦੇ ਹਨ। ਧਿਆਨਯੋਗ ਹੈ ਕਿ ਟਿੱਪਣੀ ਦੀ ਤਰ੍ਹਾਂ ਇਨ੍ਹਾਂ ਘਰਾਂ ਵਿਚ ਹੀ ਰਾਸ਼ੀਆਂ ਦਾ ਅੰਕਨ ਕੀਤਾ ਹੁੰਦਾ ਹੈ।
ਇਥੇ ਇਕ ਹੋਰ ਸ਼ਬਦ ‘ਟੇਵ’ ਦਾ ਜ਼ਿਕਰ ਕਰਨਾ ਵੀ ਬਣਦਾ ਹੈ, ਜਿਸ ਦਾ ਅਰਥ ਹੈ, ਸੁਭਾਅ, ਬਾਣ, ਆਦਤ। ਗੁਰੂ ਅਰਜਨ ਦੇਵ ਦੀ ਤੁਕ ਹੈ, ‘ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ॥’ ਅਰਥਾਤ ਜੀਭ ਨਾਲ ਪਰਮਾਤਮਾ ਦੇ ਗੁਣ ਗਾਇਆ ਕਰ, ਇਸ ਤਰ੍ਹਾਂ ਇਹ ਆਦਤ ਹੀ ਬਣ ਜਾਂਦੀ ਹੈ। ਕਈ ਕੋਸ਼ਾਂ ‘ਚ ਇਕੋ ਇੰਦਰਾਜ ਅਧੀਨ ਇਸ ਦੇ ਅਰਥ ਸੁਭਾਅ, ਬਾਣ, ਆਦਤ ਦੇ ਨਾਲ ਨਾਲ ਨਿਸ਼ਾਨ, ਚਿੰਨ੍ਹ ਆਦਿ ਵੀ ਦਿੱਤੇ ਹੋਏ ਹਨ। ਮਿਸਾਲ ਵਜੋਂ ‘ਮਹਾਨ ਕੋਸ਼’ ਪਲੈਟਸ ਦਾ ਹਿੰਦੁਸਤਾਨੀ ਕੋਸ਼ ਆਦਿ। ਪਰ ਦੋਹਾਂ ਸ਼ਬਦਾਂ ਦਾ ਸਰੋਤ ਵੱਖੋ ਵੱਖ ਹੈ। ਨਿਸ਼ਾਨ, ਚਿੰਨ੍ਹ ਵਾਲੇ ਅਰਥਾਂ ਦੀ ਵਿਆਖਿਆ ਤਾਂ ਟੇਵਾ ਦੀ ਚਰਚਾ ਅਧੀਨ ਹੋ ਚੁੱਕੀ ਹੈ। ਉਂਜ ਟੇਵਾ ਲਈ ਕਈ ਥਾਂਵਾਂ ‘ਤੇ ਟੇਵ ਸ਼ਬਦ ਵੀ ਚਲਦਾ ਹੈ। ਆਦਤ ਵਾਲੇ ਟੇਵ ਦਾ ਰਿਸ਼ਤਾ ਟੇਕ ਨਾਲ ਜੋੜਨਾ ਤਾਰਕਿਕ ਲਗਦਾ ਹੈ। ਟੇਕ ਦਾ ਇਕ ਅਰਥ ਆਦਤ, ਸੁਭਾਅ ਹੈ। ਇਸ ਦੇ ਅਰਥਾਂ ਵਿਚ ਸਥਿਰਤਾ ਦਾ ਭਾਵ ਹੈ ਜਿਸ ਨਾਲ ਸ਼ਖਸੀਅਤ ਦਾ ਵਿਕਾਸ ਹੁੰਦਾ ਹੈ। ਪਲੈਟਸ ਅਨੁਸਾਰ ਇਸ ਦਾ ਸਬੰਧ ‘ਸਥਿਤੀ’ ਨਾਲ ਹੈ। ਇਸ ਵਿਚ ਖੜਾ ਕਰਨਾ, ਕਾਇਮ ਕਰਨਾ ਦੇ ਅਰਥਾਂ ਵਾਲਾ ‘ਸਥ’ ਧਾਤੂ ਕੰਮ ਕਰ ਰਿਹਾ ਹੈ। ਸਥ ਤੋਂ ਸਿਥਕ> ਥੇਗ > ਟੇਕ ਜਿਹੇ ਵਿਕਾਸ ਦਾ ਅਨੁਮਾਨ ਲਾਇਆ ਗਿਆ ਹੈ। ਟੇਕ ਦੇ ਅਰਥ ਹਨ, ਮਨ ‘ਚ ਟਿਕੀ ਗੱਲ, ਸੰਕਲਪ, ਠਾਣੀ ਗੱਲ, ਹਠ, ਹਿੰਡ ਤੇ ਇਹੀ ਸ਼ਬਦ ਸਮੇਂ ਨਾਲ ਆਦਤ ਸੁਭਾਅ ਆਦਿ ਦਾ ਅਰਥਾਵਾਂ ਬਣ ਗਿਆ।
ਟੇਕ ਦਾ ਰੁਪਾਂਤਰ ਟੇਵ ਹੈ, ਸ਼ਾਇਦ ਟੇਕ ਤੋਂ ਬਣੇ ਟਿਕਾਵ ਵਿਚੋਂ ‘ਕਾ’ ਧੁਨੀ ਅਲੋਪ ਹੋ ਗਈ। ਟੇਵ ਤੋਂ ਕੁਟੇਵ ਸ਼ਬਦ ਵੀ ਬਣਿਆ ਜਿਸ ਦਾ ਅਰਥ ਹੈ, ਭੈੜੀ ਆਦਤ: “ਤਾਂ ਤ੍ਰਿਯ ਕੀ ਕੁਟੇਵ ਨਹਿ ਜਾਈ ਅਵਰਨ ਸਾਥ ਰਮੈ ਲਪਟਾਈ।” (ਚਰਿਤ੍ਰ 313) ਭਾਵ ਉਸ ਔਰਤ ਦੀ ਨੀਚ ਜਾਤ ਦੇ ਬੰਦੇ ਨਾਲ ਘੁੰਮਣ ਫਿਰਨ ਤੇ ਲਿਪਟਣ ਦੀ ਭੈੜੀ ਆਦਤ ਨਹੀਂ ਜਾਂਦੀ। ਭਾਈ ਗੁਰਦਾਸ ਕਹਿੰਦੇ ਹਨ, “ਬਾਰ ਬਾਰ ਸ੍ਵਾਨ ਜਉ ਪੈ ਗੰਗਾ ਇਸਨਾਨੁ ਕਰੈ ਟਰੈ ਨ ਕੁਟੇਵ ਦੇਵ ਹੋਤ ਨ ਅਗਿਆਨ ਕੈ।” ਭਾਵ ਕੁੱਤਾ ਵਾਰ ਵਾਰ ਗੰਗਾ ਇਸ਼ਨਾਨ ਕਰਨ ਜਾਂਦਾ ਹੈ ਪਰ ਆਪਣੀ (ਛੱਡਿਆ ਭੋਜਨ) ਖਾਣ ਦੀ ਬੁਰੀ ਆਦਤ ਤੋਂ ਬਾਜ਼ ਨਹੀਂ ਆਉਂਦਾ, ਉਹ ਆਪਣੇ ਅਗਿਆਨ ਕਾਰਨ ਪ੍ਰਭੂ ਨੂੰ ਨਹੀਂ ਪਾ ਸਕਦਾ।