ਵੰਡ

ਸੰਤਾਲੀ ਦੀ ਵੰਡ ਵਾਲਾ ਦਰਦ ਪੀੜ੍ਹੀ-ਦਰ-ਪੀੜ੍ਹੀ ਪੰਜਾਬੀਆਂ ਦੇ ਦਿਲਾਂ ਅੰਦਰ ਅਕਸਰ ਹੌਲ ਪਾਉਂਦਾ ਰਹਿੰਦਾ ਹੈ। ਵਰਜੀਨੀਆ (ਅਮਰੀਕਾ) ਵੱਸਦੀ ਦਵਿੰਦਰ ਕੌਰ ਗੁਰਾਇਆ ਨੇ ਆਪਣੀ ਇਸ ਰਚਨਾ ‘ਵੰਡ’ ਵਿਚ ਇਸੇ ਦਰਦ ਦੀ ਹੂਕ ਬਿਆਨ ਕੀਤੀ ਹੈ। 1947 ਵਿਚ ਆਜ਼ਾਦੀ ਲਈ ਪੰਜਾਬੀਆਂ, ਖਾਸ ਕਰ ਕੇ ਔਰਤਾਂ ਨੂੰ ਬਹੁਤ ਵੱਡੀ ਕੀਮਤ ਤਾਰਨੀ ਪਈ।

ਉਨ੍ਹਾਂ ਨਾਲ ਜੋ ਹੋਈਆਂ-ਬੀਤੀਆਂ, ਉਸ ਬਾਰੇ ਅੱਜ ਵੀ ਪੜ੍ਹ-ਸੁਣ ਕੇ ਕਾਂਬੇ ਛਿੜਦੇ ਹਨ। -ਸੰਪਾਦਕ

ਦਵਿੰਦਰ ਕੌਰ ਗੁਰਾਇਆ, ਵਰਜੀਨੀਆ
ਫੋਨ: 571-315-9543

ਜਿਹੜੀ ਸਹੇਲੀ ਦਾ ਜ਼ਿਕਰ ਬੀਜੀ ਅਕਸਰ ਕਰਦੀ ਸੀ, ਅੱਜ ਉਸ ਬਾਰੇ ਸਾਰੀ ਵਿਥਿਆ ਸੁਣਨ ਨੂੰ ਦਿਲ ਕਰਦਾ ਸੀ। ਚਾਹ ਪੀਂਦਿਆਂ ਮੈਂ ਬੀਜੀ ਨੂੰ 1947 ਦੀ ਵੰਡ ਬਾਰੇ ਉਹ ਸੱਚੀ ਕਹਾਣੀ ਬਿਆਨ ਕਰਨ ਲਈ ਆਖਿਆ।
“ਤੂੰ ਉਸ ਨੂੰ ਵੰਡ ਆਖਦੀ ਏਂ? ਉਹ ਕਾਹਦੀ ਵੰਡ ਸੀ? ਉਹ ਤਾਂ ਕੋਈ ਹਨ੍ਹੇਰ ਸੀ, ਕਹਿਰ ਸੀ।” ਬੀਜੀ ਨੇ ਐਨਕਾਂ ਲਾਹ ਕੇ ਅੱਖਾਂ ਪੂੰਝਦਿਆਂ ਆਖਿਆ।
æææਸਾਡੇ ਹੀ ਪਿੰਡ ਦੀ ਗੱਲ ਹੈ, ਉਂਜ ਹਰ ਥਾਂ ਇਸ ਤਰ੍ਹਾਂ ਹੋ ਰਿਹਾ ਸੀ, ਪਰ ਜੋ ਅੱਖੀਂ ਦੇਖਿਆ, ਉਹ ਕਿਥੇ ਭੁੱਲਦੈ। ਤੈਨੂੰ ਦੱਸਿਆ ਸੀ ਨਾ ਪਹਿਲਾਂ ਵੀ, ਮੇਰੀ ਸਹੇਲੀ ਸੀ ਮੁਸਲਮਾਨਾਂ ਦੀ ਕੁੜੀ ਮੱਖੋ। ਉਸ ਬਾਰੇ ਤਾਂ ਪਤਾ ਹੀ ਨਹੀਂ ਲੱਗਾ, ਉਥੇ ਹੀ ਮਰ-ਖਪ ਗਈ ਹੋਵੇਗੀ, ਜਾਂ ਰੱਬ ਜਾਣੇ ਕਿਤੇ ਜਿਉਂਦੀ ਹੋਵੇ! ਸਾਡਾ ਬੜਾ ਪਿਆਰ ਸੀ। ਇਕੱਠੀਆਂ ਖੇਡਦੀਆਂ-ਮੌਲਦੀਆਂ ਜਵਾਨ ਹੋਈਆਂ ਸਾਂ। ਉਸ ਦੇ ਵੱਡੇ ਭਰਾ ਦਾ ਵਿਆਹ ਹੋਇਆ। ਕਿਤੇ ਵਹੁਟੀ ਸੀ ਆਈ! ਜਿਵੇਂ ਕੋਈ ਹੂਰ ਹੋਵੇ। ਹੱਥ ਲਾਇਆਂ ਮੈਲੀ ਹੁੰਦੀ ਸੀ। ਉਂਜ ਮੁਸਲਮਾਨੀਆਂ ਤਾਂ ਹੁੰਦੀਆਂ ਹੀ ਬੜੀਆਂ ਸੋਹਣੀਆਂ ਨੇ, ਪਰ ਮੱਖੋ ਦੀ ਭਰਜਾਈ ਤਾਂ ਕੋਈ ਅਲੋਕਾਰ ਰੂਪ ਸੀ। ਮੈਂ ਵੀ ਉਸ ਨੂੰ ਭਾਬੀ ਆਖਦੀ। ਉਸ ਦਾ ਵੀ ‘ਬੀਬੀ’ ਆਖਦੀ ਦਾ ਮੂੰਹ ਨਹੀਂ ਸੀ ਸੁੱਕਦਾ। ਹੱਸਦਿਆਂ-ਖੇਡਦਿਆਂ ਸਾਲ ਬੀਤ ਗਿਆ। ਇਕ ਦਿਨ ਭਾਬੀ ਨੂੰ ਰੋਟੀ ਨਾ ਹਜ਼ਮ ਹੋਈ ਤੇ ਉਸ ਨੇ ਉਲਟੀ ਕਰ ਦਿੱਤੀ। ਮੱਖੋ ਦੀ ਮਾਂ ਸਾਨੂੰ ਆਖਣ ਲੱਗੀ ਕਿ ਅਸੀਂ ਭੂਆ ਬਣਨ ਵਾਲੀਆਂ ਹਾਂ। ਹੁਣ ਮੱਖੋ ਦੀ ਭਾਬੀ ਦਾ ਰੂਪ ਦਿਨ-ਬ-ਦਿਨ ਨਿਖਰਨ ਲੱਗਾ ਤੇ ਫਿਰ ਕੁੜੀ ਨੇ ਜਨਮ ਲਿਆ। ਕੁੜੀ ਸੀ ਕਿਤੇæææਜਿਵੇਂ ਰਬੜ ਦਾ ਬਾਵਾ ਹੋਵੇ। ਮਾਂ ਤੋਂ ਵੀ ਚਾਰ ਰੱਤੀਆਂ ਉਪਰ ਸੀ ਰੂਪ ਉਸ ਦਾ।
ਦੋ ਸਾਲ ਦੀ ਸੀ ਜਦੋਂ ਰੌਲੇ ਪਏ। ਹਰ ਵੇਲੇ ਵਿਹੜੇ ਵਿਚ ਛਣ-ਛਣ ਕਰਦੀ ਫਿਰਦੀ। ਪੈਰੀਂ ਚਾਂਦੀ ਦੀਆਂ ਝਾਂਜਰਾਂ, ਹੱਥੀਂ ਬੋਰਾਂ ਵਾਲੇ ਚਾਂਦੀ ਦੇ ਕੜੇ ਤੇ ਗਲ ਪਤਲੀ ਸੋਨੇ ਦੀ ਚੇਨੀ ਵਿਚ ਕਾਲਾ ਤਵੀਤ। ਸਭ ਦਾ ਮਨ ਮੋਹ ਲੈਂਦੀ। ਕਿਤੇ ਉਸ ਨੂੰ ਚੁੱਕਣ ਦੀ ਵਾਰੀ ਨਹੀਂ ਸੀ ਆਉਂਦੀ। ਇਕ ਉਤਾਰਦਾ, ਦੂਜਾ ਚੁੱਕ ਲੈਂਦਾ।
ਉਸ ਬਾਲੜੀ ਦੀ ਤਸਵੀਰ ਚਿਤਰਦਿਆਂ ਬੀਜੀ ਦੀਆਂ ਅੱਖਾਂ ਨਮ ਹੋ ਗਈਆਂ। ਉਨ੍ਹਾਂ ਪਾਣੀ ਦਾ ਘੁੱਟ ਪੀ ਕੇ ਡੂੰਘਾ ਸਾਹ ਲਿਆ ਤੇ ਅੱਗੇ ਕਹਿਣਾ ਸ਼ੁਰੂ ਕੀਤਾ, “ਚਿੱਤ ਨਾ ਚੇਤਾ, ਵਾਹਰਾਂ ਫਿਰ ਗਈਆਂ ਕਿ ਪਾਕਿਸਤਾਨ ਬਣ ਗਿਆ ਏ। ਮੁਸਲਮਾਨਾਂ ਨੂੰ ਸਿੱਖਾਂ ਤੇ ਹਿੰਦੂਆਂ ਤੋਂ ਅਲੱਗ ਕਰ ਦਿੱਤਾ ਗਿਆ। ਪਿੰਡ ਖਾਲੀ ਕਰਨ ਲਈ ਹੋਕਾ ਫਿਰਨ ਲੱਗਾ। ਜਦੋਂ ਕਿਤੇ ਉਹ ਸੀਨ ਅੱਖਾਂ ਅੱਗੇ ਆਉਂਦਾ ਏ, ਕਲੇਜਾ ਪਾਟਣ ਨੂੰ ਕਰਦਾ ਏ। ਹਨ੍ਹੇਰਗਰਦੀ ਮੱਚ ਗਈ। ਇਕ-ਦੂਜੇ ਲਈ ਜਾਨ ਵਾਰਨ ਵਾਲੇ ਪਲਾਂ-ਛਿਣਾਂ ਵਿਚ ਜਾਨ ਦੇ ਦੁਸ਼ਮਣ ਬਣ ਗਏ। ਬੱਸ ਇਸ ਗੱਲ ਦੀ ਸਮਝ ਨਹੀਂ ਆਈ ਕਿ ਜਿਹੜਾ ਕੰਮ ਸੁਲ੍ਹਾ-ਸਫਾਈ ਨਾਲ ਹੋ ਸਕਦਾ ਸੀ, ਉਸ ਲਈ ਇਹ ਖੂਨ-ਖਰਾਬਾ, ਇੰਨੀ ਦੁਸ਼ਮਣੀ ਕਿਉਂ?”
ਬੀਜੀ ਦਾ ਚਿਹਰਾ ਬੀਤੇ ਦੀਆਂ ਪੀੜਾਂ ਨਾਲ ਦੁਖੀ ਤੇ ਕ੍ਰੋਧਵਾਨ ਲੱਗ ਰਿਹਾ ਸੀ, “ਸੁਣੀਂਦਾ ਏ ਕਿ ਰਾਜ ਕਰਨ ਵਾਲੇ ਅਮੀਰ ਲੋਕਾਂ ਨੇ ਇਹ ਸਭ ਕੁਝ ਕਰਵਾਇਆ, ਪਰ ਉਹੀ ਹੁਣ ਰਾਜ ਕਰੀ ਜਾਂਦੇ ਨੇ। ਗਰੀਬਾਂ ਨੂੰ ਕਦੀ ਕੋਈ ਇਨਸਾਫ ਨਹੀਂ ਮਿਲਿਆ। ਉਜੜ ਕੇ ਵੱਸਣਾ ਸੌਖਾ ਨਹੀਂ ਹੁੰਦਾ, ਉਮਰ ਲੱਗ ਜਾਂਦੀ ਏ ਘਰ ਬਣਾਉਂਦਿਆਂ। ਕਈ ਤਾਂ ਅੱਜ ਤੱਕ ਥਾਂ ਸਿਰ ਨਹੀਂ ਆ ਸਕੇ। ਚਲੋ, ਜੇ ਆ ਵੀ ਜਾਣ, ਅੰਦਰ ਦੇ ਜ਼ਖ਼ਮ ਤਾਂ ਕਦੀ ਨਹੀਂ ਭਰਦੇ। ਜੋ ਉਜੜ ਗਏ, ਮਰ ਗਏ; ਉਨ੍ਹਾਂ ਦੀ ਯਾਦ ਤਾਂ ਸੂਲਾਂ ਬਣ-ਬਣ ਉਗਦੀ ਹੈ।” ਮੈਂ ਦੇਖਿਆ, ਕਿਸੇ ਦੇ ਵਿਛੜ ਜਾਣ ਦਾ ਗਮ ਬੀਜੀ ਦੀਆਂ ਯਾਦਾਂ ਵਿਚ ਘੁਲ ਮਿਲ ਕੇ ਕੀਰਨੇ ਪਾ ਰਿਹਾ ਸੀ।
ਮੈਂ ਬੀਜੀ ਨੂੰ ਸਹੇਲੀ ਵਾਲੀ ਕਹਾਣੀ ਅੱਗੇ ਦੱਸਣ ਲਈ ਆਖਦੀ ਹੋਰ ਨੇੜੇ ਹੋ ਕੇ ਬੈਠ ਗਈ,
“ਵੱਡੇ ਵੇਲੇ ਰੌਲਾ ਪੈ ਗਿਆ, ਘਰ ਖਾਲੀ ਕਰ ਦਿਓ, ਮੁਸਲਮਾਨਾਂ ਨੂੰ ਬਾਹਰ ਕੱਢ ਦਿਓ। ਤੈਨੂੰ ਪਤਾ ਏ ਨਾ, ਤੇਰੇ ਨਾਨਕਿਆਂ ਨਾਲ ਲੱਗਦਾ ਪਿੰਡ ਵੀਹਲਾਂ, ਜਿਥੇ ਆਪਣੇ ਪਿੰਡ ਦੀ ਕੁੜੀ ਵਿਆਹੀ ਹੋਈ ਹੈ, ਮਜ਼੍ਹਬੀਆਂ ਦੀ ਦਾਤੋ। ਬੜਾ ਬਦਮਾਸ਼ਾਂ ਦਾ ਪਿੰਡ ਸੀ ਉਹ ਉਸ ਵੇਲੇ। ਤੈਨੂੰ ਪਤੈ, ਤੇਰੀ ਮਾਸੀ ਦੀ ਕੁੜੀ ਦਾ ਰਿਸ਼ਤਾ ਵੀ ਦਾਤੋ ਲੈ ਗਈ ਸੀ ਉਸੇ ਪਿੰਡ। ਉਹ ਮੁੰਡਾ ਵੀ ਬਲੈਕੀਆ ਜਿਹਾ ਸੀ। ਵਿਚਾਰੀ ਕੁੜੀ ਦੇ ਕੋਈ ਬਾਲ-ਬੱਚਾ ਹੀ ਨਹੀਂ ਹੋਇਆ, ਤਾਂ ਦੂਜਾ ਵਿਆਹ ਕਰ ਲਿਆ। ਜੌੜੇ ਬੱਚੇ ਹੋਏ ਤੇ ਵਹੁਟੀ ਮਰ ਗਈ। ਵਿਚਾਰੀ ਕੰਤੋ ਮਾਂ-ਮਹਿੱਟਰ ਬੱਚੇ ਪਾਲਦੀ ਬੁੱਢੀ ਹੋ ਗਈ। ਬੜਾ ਦੁੱਖ ਏ ਉਸ ਦਾ ਵੀ, ਮੂੰਹ-ਬੋਲੀ ਭੈਣ ਦੀ ਧੀ ਏ ਮੇਰੀ।”
ਵੰਡ ਬਾਰੇ ਗੱਲ ਕਰੋ ਨਾ। ਮੈਂ ਫਿਰ ਬੀਜੀ ਨੂੰ ਵਾਪਸ ਆਉਣ ਬਾਰੇ ਆਖਿਆ।
“ਹਾਂ! ਇਨ੍ਹਾਂ ਗੱਲਾਂ ਦਾ ਤਾਂ ਤੈਨੂੰ ਪਹਿਲਾਂ ਵੀ ਪਤਾ ਏ, ਮੈਂ ਈ ਭੁੱਲ ਜਾਨੀ ਆਂ। ਫਿਰ ਕੀ ਸੀæææਪਿੰਡ ਦੇ ਮੁਸਲਮਾਨਾਂ ਨੂੰ ਹੱਥਾਂ-ਪੈਰਾਂ ਦੀਆਂ ਪੈ ਗਈਆਂ, ਕੀ ਬੰਨ੍ਹਣ ਤੇ ਕੀ ਛੱਡਣ! ਕਿਸੇ ਨੇ ਕੋਈ ਟੂੰਬ-ਛੱਲਾ ਬੰਨ੍ਹ ਲਿਆ ਪੱਲੇ, ਤੇ ਕਿਸੇ ਨੇ ਪੈਸਾ-ਧੇਲਾ। ਜਾਨਾਂ ਦੇ ਲਾਲੇ ਪਏ ਹੋਏ ਸਨ। ਸਾਮਾਨ ਵੱਲ ਤਾਂ ਕਿਸੇ ਦਾ ਧਿਆਨ ਹੀ ਨਹੀਂ ਸੀ। ਸਾਡੇ ਪਿੰਡ ਦੇ ਵੱਡੇ ਬਾਬੇ ਸ਼ਮਸ਼ੇਰ ਸਿੰਘ ਹੁਰਾਂ ਫੈਸਲਾ ਕੀਤਾ ਕਿ ਮੁਸਲਮਾਨਾਂ ਨੂੰ ਸੁਰੱਖਿਆ ਨਾਲ ਢਾਬ ਪਾਰ ਕਰਾ ਆਈਏ। ਢਾਬ ਤੱਕ ਬੜਾ ਖਤਰਾ ਸੀ। ਧੀਆਂ-ਭੈਣਾਂ ਦੀ ਇੱਜ਼ਤ ਤੇ ਲੁੱਟ-ਖੋਹ ਦਾ ਖਤਰਾ। ਵੀਹਲੇ ਪਿੰਡ ਦੇ ਲੋਕ ਹਰ ਤਰ੍ਹਾਂ ਦਾ ਐਬ ਕਰਨ ਲਈ ਮਸ਼ਹੂਰ ਸਨ।
ਮੱਖੋ ਦਾ ਟੱਬਰ ਵੀ ਤੁਰ ਪਿਆ। ਬੜਾ ਰੋਈ ਸੀ ਧਾਹਾਂ ਮਾਰ-ਮਾਰ, ਗਲ ਨੂੰ ਚੁੰਬੜਦੀ ਆਖਦੀ ਸੀ-ਮੈਨੂੰ ਆਪਣੇ ਘਰ ਰੱਖ ਲੈ। ਮੈਂ ਵੀ ਪੱਥਰ ਹੋ ਗਈ ਸਾਂ, ਪਰ ਕਿੱਦਾਂ ਰੱਖਦੀ? ਪਿੰਡ ਦਾ ਫੈਸਲਾ ਸੀ, ਸਹੀ ਸਲਾਮਤ ਸਭ ਨੂੰ ਪਿੰਡੋਂ ਤੋਰਨਾ। ਮੱਖੋ ਦੀ ਭਰਜਾਈ ਜੈਨੇਫਰ ਵੀ ਕੁੜੀ ਨੂੰ ਕੁੱਛੜ ਚੁੱਕ ਕੇ ਤੁਰ ਪਈ। ਚੰਗੀ-ਭਲੀ ਵਿਹੜੇ ਵਿਚ ਖੇਡ ਰਹੀ ਸੀ, ਚੰਦਰੀ ਨੂੰ ਪਤਾ ਹੀ ਨਹੀਂ ਸੀ ਕਿ ਮਾਂ ਉਸ ਨੂੰ ਕਿਥੇ ਲੈ ਚੱਲੀ ਹੈ। ਨਿੱਕੇ-ਨਿੱਕੇ ਗੁੱਡੀਆਂ-ਪਟੋਲੇ ਵਿਹੜੇ ਵਿਚ ਖਿੱਲਰੇ ਪਏ ਸਨ। ਕੁੜੀ ਮੁੜ-ਮੁੜ ਆਪਣੀਆਂ ਖੇਡਾਂ ਵੱਲ ਦੇਖ ਰੋ ਰਹੀ ਸੀ। ਉਸ ਦੇ ਨਿੱਕੇ-ਨਿੱਕੇ ਹੱਥ ਤੇ ਬਾਂਹਾਂ ਅੱਜ ਵੀ ਨਹੀਂ ਭੁੱਲਦੀਆਂ। ਘਰ ਵੱਲ ਹੱਥ ਉਲਾਰਦੀ ਉਹ ਅੱਖਾਂ ਤੋਂ ਉਹਲੇ ਹੋ ਗਈ।”
ਬੀਜੀ ਨੇ ਖਾਲੀ ਹੋ ਗਈ ਬੋਤਲ ਵਿਚ ਪਾਣੀ ਭਰਨ ਲਈ ਆਖਿਆ। ਮੈਂ ਪਾਣੀ ਭਰਦੀ ਸੋਚ ਰਹੀ ਸਾਂ, ਢਾਬ ਪਾਰ ਕਰ ਕੇ ਬੀਜੀ ਦੀ ਸਹੇਲੀ ਦਾ ਪਰਿਵਾਰ ਪਾਕਿਸਤਾਨ ਪਹੁੰਚ ਗਿਆ ਹੋਵੇਗਾ? ਜਾਂæææ?
ਬੀਜੀ ਨੇ ਪਾਣੀ ਦਾ ਘੁਟ ਭਰਿਆ ਤੇ ਕਹਿਣ ਲੱਗੀ, “ਬੜੀ ਤਸੱਲੀ ਦੇ ਕੇ ਪਿੰਡ ਦੇ ਬੰਦੇ ਮੁਸਲਮਾਨ ਪਰਿਵਾਰਾਂ ਨੂੰ ਲੈ ਕੇ ਤੁਰੇ ਸਨ। ਉਨ੍ਹਾਂ ਨੂੰ ਵੀ ਬੜਾ ਇਤਬਾਰ ਸੀ। ਹੁੰਦਾ ਵੀ ਕਿਉਂ ਨਾ? ਕੋਈ ਦੁਸ਼ਮਣ ਥੋੜ੍ਹੇ ਸਨ। ਭੈਣਾਂ-ਭਰਾਵਾਂ ਵਾਂਗ ਇਕ ਪਿੰਡ ਵਿਚ ਵੱਸਦੇ ਸਾਂ, ਪਰ ਰੱਬ ਦਾ ਭਾਣਾ! ਅਜੇ ਢਾਬ ਲਾਗੇ ਪਹੁੰਚੇ ਹੀ ਸਨ ਕਿ ਜਥਾ ਪੈ ਗਿਆ ਵੀਹਲੇ ਤੋਂ। ਸ਼ਮਸ਼ੇਰ ਸਿੰਘ ਹੁਰਾਂ ਬੜਾ ਆਖਿਆ, ਇਹ ਸਾਡੇ ਪਿੰਡ ਦੇ ਲੋਕ ਨੇ, ਸਾਡੇ ਵਰਗੇ ਨੇ, ਇਨ੍ਹਾਂ ਦਾ ਕੀ ਕਸੂਰ? ਇਨ੍ਹਾਂ ਨੂੰ ਜਾਣ ਦਿਓ, ਪਰ ਉਹ ਨਾ ਮੰਨੇ। ਆਖਦੇ ਸਨ- ਮੁਸਲਮਾਨਾਂ ਨੇ ਸਾਡੇ ਪਿੰਡ ਦੇ ਕਈ ਸਿੱਖਾਂ ਨੂੰ ਮਾਰ ਦਿੱਤਾ ਏ। ਜੇ ਤੁਸੀਂ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਵੀ ਮਾਰੇ ਜਾਉਗੇ। ਜਾਨ ਕਿਸ ਨੂੰ ਪਿਆਰੀ ਨਹੀਂ। ਸਭ ਚੁੱਪ-ਚਾਪ ਪਿੰਡ ਪਰਤ ਆਏ। ਲਾæææਆæææਲਾæææਲਾæææਆæææਲਾ ਮੱਚ ਗਈ। ਵੀਹਲੇ ਦੇ ਜਥੇ ਨੇ ਬਜ਼ੁਰਗਾਂ ਨੂੰ ਮਾਰ ਦਿੱਤਾ, ਬੱਚਿਆਂ ਨੂੰ ਮਾਂਵਾਂ ਤੋਂ ਖੋਹ ਕੇ ਪੈਲੀਆਂ ਵਿਚ ਸੁੱਟ ਦਿੱਤਾ ਤੇ ਜਵਾਨ ਕੁੜੀਆਂ ਤੇ ਵਹੁਟੀਆਂ ਨੂੰ ਕਮਾਦ ਵਿਚ ਲੈ ਗਏ। ਉਨ੍ਹਾਂ ਦੀ ਇੱਜ਼ਤ ਨੂੰ ਲੀਰੋ-ਲੀਰ ਕਰ ਕੇ ਕਈਆਂ ਨੂੰ ਮਾਰ ਦਿੱਤਾ ਤੇ ਕਈਆਂ ਨੂੰ ਘਰ ਲੈ ਆਏ। ਖੌਰੇ ਮੱਖੋ ਵੀæææ।” ਤੇ ਬੀਜੀ ਨੇ ਇਹ ਆਖਦਿਆਂ ਧੁਰ ਅੰਦਰ ਦੀਆਂ ਪੀੜਾਂ ਨਾਲ ਅੱਖਾਂ ਮੀਟ ਲਈਆਂ।
“ਕੋਈ ਸੰਤਾਪ ਸੀ ਉਹ। ਰੱਬ ਕਿਸੇ ਵੈਰੀ ਨੂੰ ਵੀ ਇਹੋ ਜਿਹੇ ਦਿਨ ਨਾ ਵਿਖਾਏ।” ਬੀਜੀ ਨੇ ਦੋਹਾਂ ਹੱਥਾਂ ਨੂੰ ਸੀਨੇ ਤੇ ਘੁੱਟ ਕੇ ਅੱਗੇ ਦੱਸਿਆ, “ਜੈਨੇਫਰ ਦੇ ਕੁੱਛੜੋਂ ਕੁੜੀ ਖੋਹ ਲਈ ਤੇ ਕਮਾਦ ਦੀ ਵੱਟ ‘ਤੇ ਵਗ੍ਹਾ ਸੁੱਟੀ। ਬੜਾ ਕਲਪੀ ਭਾਬੀ ਜੈਨੇਫਰ, ਪਰ ਕੌਣ ਸੁਣਦਾ ਸੀ ਉਸ ਵੇਲੇ। ਕੋਈ ਲੈ ਆਇਆ ਸੀ ਉਸ ਨੂੰ ਆਪਣੀ ਜਾਇਦਾਦ ਸਮਝ ਕੇ। ਉਸ ਨੂੰ ਰੱਖ ਲਏ, ਭਾਵੇਂ ਵੇਚ ਦੇਵੇ! ਵਸਤੂ ਵਾਂਗ ਹੀ ਤਾਂ ਸੀ ਉਹ। ਉਹ ਸਮਾਂ ਚੰਗਾ ਨਹੀਂ ਸੀ, ਔਰਤ ਬੇਜਾਨ ਚੀਜ਼ ਸਮਝੀ ਜਾਂਦੀ ਸੀ। ਅੱਜ ਫਿਰ ਵੀ ਚੰਗਾ ਹੈ, ਲੜਕੀਆਂ ਵਿਚ ਬੋਲਣ ਦੀ ਹਿੰਮਤ ਤਾਂ ਹੈ। ਚੁੱਪ-ਚਾਪ ਤਾਂ ਨਹੀਂ ਨਾ ਸਹਿੰਦੀਆਂ ਜੁਰਮ।”
ਫਿਰ ਕੀ ਹੋਇਆ? ਮੈਂ ਪੁੱਛਿਆ ਤੇ ਦੇਖਿਆ ਕਿ ਬੀਜੀ ਦੇ ਮੱਥੇ ਦੀਆਂ ਨਾੜਾਂ ਵਿਚ ਖੂਨ ਦੀ ਹਰਕਤ ਤੇਜ਼ ਹੋ ਗਈ ਸੀ।
“ਫਿਰ ਕੁਝ ਦਿਨ ਬਾਅਦ ਜਦੋਂ ਠੰਢ-ਠੇਰ ਹੋ ਗਈ ਤਾਂ ਪਤਾ ਲੱਗਾ ਕਿ ਜੈਨੇਫਰ ਸਾਡੇ ਹੀ ਪਿੰਡ ਵਿਚ ਹੈ। ਲਹਿੰਦੀ ਪੱਤੀ ਦੇ ਕਿਸੇ ਆਦਮੀ ਨੇ ਵੀਹਲੇ ਦੇ ਬਦਮਾਸ਼ਾਂ ਤੋਂ ਖਰੀਦ ਲਈ ਸੀ। ਤੇਰੀ ਨਾਨੀ ਦੱਸਦੀ ਸੀ, ਉਹ ਚਾਰ ਭਰਾ ਨੇ ਤੇ ਅਜੇ ਕੋਈ ਵੀ ਨਹੀਂ ਵਿਆਹਿਆ। ਚਲੋ ਚੰਗਾ ਹੋਇਆ, ਉਨ੍ਹਾਂ ਦੀ ਰੋਟੀ ਪੱਕਦੀ ਹੋ ਗਈ। ਨਾਲੇ ਚੰਗੇ ਘਰ ਪਹੁੰਚ ਗਈ। ਫਿਰ ਇਕ ਦਿਨ ਮੈਂ ਮਾਤਾ ਨਾਲ ਭਾਬੀ ਜੈਨੇਫਰ ਨੂੰ ਮਿਲਣ ਗਈ। ਬੜਾ ਰੋਈ ਉਹ, ਪਰ ਇੰਨੀ ਡਰੀ ਹੋਈ ਸੀ ਕਿ ਉਸ ਦੀ ਆਵਾਜ਼ ਨਹੀਂ ਸੀ ਨਿਕਲਦੀ। ਮੈਂ ਕੁੜੀ ਬਾਰੇ ਪੁੱਛਿਆ ਤਾਂ ਉਸ ਨੇ ਢਿੱਡ ਵਿਚ ਮੁੱਕੀਆਂ ਮਾਰ ਕੇ ਖੁਦਾ ਨੂੰ ਉਲਾਂਭਾ ਦਿੱਤਾ ਸੀ। ਮੱਖੋ ਬਾਰੇ ਪੁੱਛਿਆ ਤਾਂ ਮੇਰਾ ਹੱਥ ਛੱਡ ਕੇ ਆਖਣ ਲੱਗੀ, “ਨੀ ਬੀਬੀਏ! ਤੂੰ ਰੱਖ ਕਿਉਂ ਨਾ ਲਿਆ ਉਸ ਨੂੰ?” ਫਿਰ ਅਸੀਂ ਚੁੱਪ-ਚਾਪ ਰੋਂਦੀਆਂ ਰਹੀਆਂ, ਸ਼ਾਂਤ ਸਮੁੰਦਰ ਵਾਂਗ। ਲੱਖਾਂ ਸਵਾਲਾਂ-ਜਵਾਬਾਂ ਵਿਚ ਘਿਰੀਆਂ ਬੇਜ਼ਾਨ-ਬੇਵੱਸ ਮਨੁੱਖਤਾ ਦੀ ਦਰਿੰਦਗੀ ਨੂੰ ਕੋਸਦੀਆਂ, ਖੰਭ-ਕਟੇ ਪੰਛੀਆਂ ਵਾਂਗ ਫੜ-ਫੜਾਉਂਦੀਆਂ ਰਹੀਆਂ। ਜੈਨੇਫਰ ਭਾਬੀ ਦੱਸਦੀ ਸੀ-ਜਦ ਕੁੜੀ ਨੂੰ ਖੋਹ ਕੇ ਕਮਾਦ ਦੀ ਵੱਟ ‘ਤੇ ਸੁੱਟ ਦਿੱਤਾ ਤਾਂ ਉਹ ਘਾਹ ਦੀਆਂ ਤਿੜ੍ਹਾਂ ਨਾਲ ਖੇਡਣ ਲੱਗ ਪਈ ਸੀ। ਜਦ ਤੱਕ ਨਜ਼ਰ ਆਉਂਦੀ ਰਹੀ, ਮੁੜ-ਮੁੜ ਕੇ ਦੇਖਦੀ ਰਹੀ ਸਾਂ, ਤੇ ਫਿਰ ਸੂਰਜ ਛੁਪ ਗਿਆ ਸੀ! ਦਿਓ-ਕੱਦ ਕਾਲੀ ਰਾਤ ਪਸਰ ਆਈ ਸੀ। ਮੇਰਾ ਸਰੀਰ ਬੇਜਾਨ ਹੋ ਗਿਆ। ਉਸ ਘਰ ਦੇ ਕਮਰੇ ਵਿਚ ਬੇਸ਼ੁਮਾਰ ਮਰਦਾਂ ਦੀਆਂ ਆਵਾਜ਼ਾਂ ਆਉੇਣ ਲੱਗੀਆਂ, ਪਰ ਕਿਸੇ ਦਾ ਚਿਹਰਾ ਨਹੀਂ ਸੀ ਦਿਸਦਾ। ਸਭ ਪਰਛਾਵੇਂ ਸਨ, ਕੰਧਾਂ ਨਾਲ ਲਿਪਟੇ ਪਰਛਾਵੇਂ, ਮੇਰੇ ਜਿਸਮ ਨਾਲ ਲਿਪਟੇ ਪਰਛਾਵੇਂ। ਪਰਛਾਵੇਂ ਜੋ ਆਪਣੀ ਹੋਂਦ ਛੁਪਾਉਣ ਲਈ ਰੋਸ਼ਨੀ ਤੋਂ ਡਰਦੇ ਹਨ!”
ਫਿਰ ਕੀ ਹੋਇਆ? ਮੈਂ ਪੁਛਿਆ,
“ਫਿਰ ਪਤਾ ਨਹੀਂ ਕਿਉਂ, ਉਸ ਆਦਮੀ ਨੇ ਜੈਨੇਫਰ ਨੂੰ ਦੂਸਰੀ ਪੱਤੀ ਦੇ ਕਿਸੇ ਆਦਮੀ ਕੋਲ ਵੇਚ ਦਿੱਤਾ। ਲੋਕ ਆਖਦੇ ਸਨ, ਭਰਾਵਾਂ ਵਿਚ ਕੋਈ ਝਗੜਾ ਹੋ ਗਿਆ ਸੀ। ਇਹ ਕੋਈ ਭਲਾ ਬੰਦਾ ਸੀ। ਫਿਰ ਵੇਖੋ ਰੱਬ ਦਾ ਭਾਣਾ! ਪੰਦਰਾਂ ਕੁ ਦਿਨਾਂ ਬਾਅਦ ਜੈਨੇਫਰ ਦਾ ਘਰਵਾਲਾ ਤੇ ਛੋਟਾ ਭਰਾ ਵਾਪਸ ਆ ਗਏ। ਉਸ ਆਦਮੀ ਨੇ ਖੁਦ ਪਹੁੰਚ ਕਰ ਕੇ ਆਖਿਆ- ਤੂੰ ਜੈਨੇਫਰ ਨੂੰ ਘਰ ਲੈ ਜਾæææ।”
ਫਿਰæææ?
ਫਿਰ ਕੀ, ਲੈ ਆਇਆ ਮੱਖੋ ਦਾ ਭਰਾ ਉਸ ਨੂੰ ਆਪਣੇ ਘਰ, “ਪਰ ਉਹ ਘਰ ਨਹੀਂ ਸੀ ਰਿਹਾ, ਕਿੰਨੀਆਂ ਲਾਸ਼ਾਂ ਦਾ ਭਾਰ ਲਈ ਖੜ੍ਹੀ ਛੱਤ ਥੱਲੇ ਨੀਂਦ ਨਾਂ ਆਉਂਦੀ। ਪਿੰਡ ਦੇ ਲੋਕਾਂ ਬੜੀ ਹਮਦਰਦੀ ਵਿਖਾਈ, ਪਰ ਸਭ ਨੂੰ ਡਰ ਸੀ, ਇਸ ਘਰ ਦੇ ਮੁੜ ਉਜੜ ਜਾਣ ਦਾ। ਬੜੀਆਂ ਯਾਦਾਂ ਇਸ ਘਰ ਦੇ ਵਿਹੜੇ ਵਿਚ ਦਫ਼ਨ ਹੋ ਗਈਆਂ। ਮੈਂ ਅਕਸਰ ਭਾਬੀ ਜੈਨੇਫਰ ਨੂੰ ਮਿਲਣ ਜਾਂਦੀ। ਇਕ ਵਾਰ ਆਖਣ ਲੱਗੀ, “ਬੀਬੀ ਮੈਨੂੰ ਕਦੀ-ਕਦੀ ਸਿਧਰੀ ਦੇ ਪੈਰਾਂ ਦੀਆਂ ਝਾਂਜਰਾਂ ਦੀ ਆਵਾਜ਼ ਸੁਣਦੀ ਏ। ਲੱਗਦੈ, ਹੁਣੇ ਆ ਕੇ ਗਲ ਨਾਲ ਚੁੰਬੜ ਜਾਏਗੀ। ਬੀਬੀ, ਮੱਖੋ ਆਖਦੀ ਸੁਣਾਈ ਦਿੰਦੀ ਏ-ਭਾਬੀ ਜਦ ਮੈਂ ਸਹੁਰੇ ਤੁਰ ਗਈ ਤਾਂ ਉਦਾਸ ਨਾ ਹੋਈਂ, ਘਰ ਵਿਚ ਦਿਲ ਲਾ ਕੇ ਰਹੀਂ। ਭਲਾ ਮੈਂ ਉਸ ਦਾ ਆਖਿਆ ਕਦੀ ਮੋੜਿਆ ਸੀ ਜੋ ਅੱਜ ਮੋੜਾਂਗੀ? ਜੈਨੇਫਰ ਨੇ ਦੱਸਿਆ ਕਿ ਅਸਾਂ ਆਪਣਾ ਧਰਮ ਬਦਲ ਲੈਣਾ ਏਂ, ਪਰ ਇਹ ਪਿੰਡ, ਇਹ ਘਰ ਨਹੀਂ ਛੱਡਣਾ। ਇਥੇ ਮੇਰੀ ਸਿਧਰੀ ਦੇ ਕਦਮਾਂ ਦੇ ਨਿਸ਼ਾਨ ਨੇ, ਮੇਰੀ ਬੀਬੀ ਮੱਖੋ ਦੀਆਂ ਆਵਾਜ਼ਾਂ ਨੇ।”
ਫਿਰæææ? ਮੈਂ ਪਾਣੀ ਦੀ ਬੋਤਲ ਬੀਜੀ ਨੂੰ ਫੜਾਉਂਦਿਆਂ ਆਖਿਆ।
“ਉਨ੍ਹਾਂ ਸੱਚ ਹੀ ਧਰਮ ਬਦਲ ਲਿਆ, ਅੰਮ੍ਰਿਤ ਛਕ ਲਿਆ। ਜੈਨੇਫਰ ਭਾਬੀ ਦੱਸਦੀ ਸੀ, ਉਹ ਪਾਠ ਕਰਦੇ ਨੇ ਤੇ ਨਮਾਜ਼ ਵੀ ਪੜ੍ਹਦੇ ਨੇ। ਆਖਦੀ, ਮਰਨ ਵਾਲੇ ਤਾਂ ਮੁਸਲਮਾਨ ਹੀ ਸਨ ਨਾ, ਉਨ੍ਹਾਂ ਲਈ ਨਮਾਜ਼ ਪੜ੍ਹਦੇ ਹਾਂ ਤੇ ਆਪਣੇ ਲਈ ਪਾਠ ਕਰਦੇ ਹਾਂ।”
ਮੈਂ ਟੋਕ ਕੇ ਆਖਿਆ, ਬੀਜੀ ਮੈਨੂੰ ਨਫਰਤ ਹੈ ਐਸੇ ਸਮਾਜ ਤੋਂ, ਜਿਥੇ ਬੱਸ ਧਰਮ ਕਰ ਕੇ ਇਨਸਾਨ ਦੀ ਪਛਾਣ ਹੁੰਦੀ ਹੈ।
“ਚਲੋ, ਮੁੱਢ-ਕਦੀਮ ਤੋਂ ਚਲਿਆ ਆਇਆ ਏ, ਤੇਰੇ ਜਾਂ ਮੇਰੇ ਮੰਨਣ ਜਾਂ ਨਾ ਮੰਨਣ ਨਾਲ ਤਾਂ ਕੁਝ ਨਹੀਂ ਬਦਲ ਸਕਦਾ! ਸਭ ਦੀ ਸਲਾਹ ਇਕ ਹੋਵੇ ਤਾਂ ਕੰਮ ਸਿਰੇ ਚੜ੍ਹਦਾ ਏæææਆਖਦਾ ਹੁੰਦਾ ਸੀ ਨਿਰਮਲ਼ææਇਕ ਦਿਨ ਐਸਾ ਆਏਗਾ, ਸਭ ਗਰੀਬਾਂ-ਅਮੀਰਾਂ ਦਾ ਝਗੜਾ ਮੁੱਕ ਜਾਏਗਾ। ਬਰਾਬਰ ਹੋਣਗੇ ਸਾਰੇ। ਸਾਰੇ ਧਰਮਾਂ ਦਾ ਇਕੋ ਜਿਹਾ ਮਾਣ-ਸਨਮਾਨ ਹੋਵੇਗਾ। ਬਥੇਰਾ ਪੜ੍ਹਿਆ-ਲਿਖਿਆ ਸੀ। ਕੀ ਨਹੀਂ ਸੀ ਕਰ ਸਕਦਾ? ਖੌਰੇ ਕਾਹਦੀ ਕਾਹਲੀ ਪੈ ਗਈ, ਤੁਰ ਗਿਆ ਸਭ ਅੱਧ-ਅਧੂਰਾ ਛੱਡ ਕੇæææ।”
ਬੀਜੀ ਦੇ ਚਿਹਰੇ ‘ਤੇ ਸਮਾਜਿਕ ਅਨਿਆਂ, ਨਾ-ਬਰਾਬਰੀ ਦੇ ਨਾਲ ਆਂਦਰਾਂ ਦੀਆਂ ਪੀੜਾਂ ਦਾ ਦਰਦ ਵੀ ਖੂਨ ਦੇ ਤੁਪਕੇ ਬਣ-ਬਣ ਚੋਅ ਰਿਹਾ ਸੀ।
ਫਿਰæææ?
“ਫਿਰ ਇਕ ਦਿਨ ਲੌਢੇ ਵੇਲੇ ਦੀ ਰੋਟੀ ਖਾ ਕੇ ਬੈਠੇ ਹੀ ਸਾਂ ਕਿ ਰੌਲਾ ਪੈ ਗਿਆ-ਇਧਰੋਂ ਮੁਸਲਮਾਨਾਂ ਨੂੰ ਉਧਰ ਤੇ ਉਧਰੋਂ ਇਧਰ ਪਹੁੰਚਾਉਣ ਲਈ ਟਰੱਕ ਲੱਗ ਗਏ ਹਨ। ਲੋਕ ਕੈਂਪਾਂ ਵਿਚ ਇਕੱਠੇ ਹੋਣ ਲੱਗੇ। ਹੋਕਾ ਦਿੱਤਾ ਗਿਆ ਕਿ ਪਿੰਡ ਵਿਚ ਰਹਿੰਦੇ ਸਾਰੇ ਮੁਸਲਮਾਨ ਭਰਾ, ਬਾਬੇ ਸ਼ਮਸ਼ੇਰ ਸਿੰਘ ਦੀ ਹਵੇਲੀ ਇਕੱਠੇ ਹੋ ਜਾਣ।
ਭਾਬੀ ਜੈਨੇਫਰ ਤੇ ਮੱਖੋ ਦੇ ਭਰਾ ਵੀ ਹਵੇਲੀ ਪਹੁੰਚ ਗਏ ਸਨ। ਬਾਬੇ ਸ਼ਮਸ਼ੇਰ ਸਿੰਘ ਨੇ ਭਰੇ ਗਲੇ ਨਾਲ ਸਭ ਨੂੰ ਸਮਝਾਇਆ ਕਿ ਇਸੇ ਵਿਚ ਸਭ ਦਾ ਭਲਾ ਹੈ, ਹਕੂਮਤ ਦਾ ਫੈਸਲਾ ਹੈ, ਮੰਨਣਾ ਹੀ ਪਏਗਾ। ਸਭ ਚੁੱਪ-ਚਾਪ ਕੈਂਪ ਵੱਲ ਚਲੇ ਗਏ, ਪਰ ਭਾਬੀ ਜੈਨੇਫਰ ਘਰ ਨੂੰ ਪਰਤ ਆਈ। ਲੋਕ ਸੋਚਣ ਲੱਗੇ, ਆਪਣਾ ਕੁਝ ਸਾਮਾਨ ਲੈਣ ਗਈ ਹੈ, ਆ ਜਾਏਗੀ; ਪਰ ਉਹ ਨਹੀਂ ਆਈ। ਮੱਖੋ ਦਾ ਭਰਾ ਉਡੀਕ ਕੇ ਮਗਰ ਗਿਆ ਤਾਂ ਵੇਖਿਆ ਅੰਦਰ (ਕਮਰੇ) ਦਾ ਬੂਹਾ ਬੰਦ ਸੀ। ਬੜੀਆਂ ਆਵਾਜ਼ਾਂ ਮਾਰੀਆਂ। ਭਾਬੀ ਜੈਨੇਫਰ ਨੇ ਆਵਾਜ਼ ਨਹੀਂ ਦਿੱਤੀ। ਅਖੀਰ ਰੌਲਾ ਸੁਣ ਕੇ ਕੁਝ ਹੋਰ ਲੋਕ ਇਕੱਠੇ ਹੋ ਗਏ ਤੇ ਬੂਹਾ ਤੋੜ ਦਿੱਤਾ। ਦੇਖਿਆ, ਅੰਦਰ ਮੱਖੋ ਦੀ ਚੁੰਨੀ ਗਲ ਵਿਚ ਪਾਈ ਸ਼ਤੀਰ ਨਾਲ ਲਟਕ ਰਹੀ ਸੀ। ਭਾਬੀ ਜੈਨੇਫਰ ਨੇ ਦੋਹਾਂ ਹੱਥਾਂ ਵਿਚ ਸਿਧਰੀ ਦੀ ਗੁੱਡੀ ਘੁੱਟ ਕੇ ਫੜੀ ਹੋਈ ਸੀ। ਇਹ ਉਹ ਗੁੱਡੀ ਸੀ ਜਿਸ ਨੂੰ ਘਰੋਂ ਤੁਰਨ ਲੱਗਿਆਂ ਜ਼ਮੀਨ ‘ਤੇ ਪਈ ਨੂੰ ਉਹ ਤਰਸਾਈਆਂ ਅੱਖਾਂ ਨਾਲ ਵੇਖਦੀ ਚਲੀ ਗਈ ਸੀ।”
ਫਿਰ ਕੀ ਹੋਇਆ? ਮੈਂ ਅੱਖਾਂ ਪੂੰਝਦਿਆਂ ਪੁੱਛਿਆ।
“ਹੋਣਾ ਕੀ ਸੀ, ਇਸ ਧਰਮ ਨੇ ਤਾਂ ਮਰ ਕੇ ਵੀ ਉਸ ਦਾ ਖਹਿੜਾ ਨਾ ਛੱਡਿਆ। ਉਸ ਦੀ ਮੌਤ ਦੇ ਦੁੱਖ ਨਾਲੋਂ ਲੋਕਾਂ ਨੂੰ ਆਪਣਾ ਧਰਮ ਬਚਾਉਣ ਦਾ ਫਿਕਰ ਜ਼ਿਆਦਾ ਸੀ। ਕੋਈ ਆਖੇ, ਉਸ ਨੇ ਧਰਮ ਬਦਲ ਲਿਆ ਸੀ, ਇਸ ਲਈ ਉਸ ਨੂੰ ਸਾੜਿਆ ਜਾਏ; ਕੋਈ ਆਖੇ, ਉਹ ਜਨਮ ਤੋਂ ਤਾਂ ਮੁਸਲਮਾਨ ਸੀ, ਦਫ਼ਨਾਇਆ ਜਾਏ। ਬੜਾ ਰੌਲਾ ਪਿਆ। ਵਿਚਾਰੀ ਭਾਬੀ ਜੈਨੇਫਰ ਦੀ ਮੌਤ ਤਾਂ ਪਿੰਡ ਵਾਲਿਆਂ ਰੋਲ ਹੀ ਦਿੱਤੀ।
ਮੱਖੋ ਦਾ ਭਰਾ ਚੁੱਪ-ਚਾਪ ਸਭ ਦੇ ਮੂੰਹਾਂ ਵੱਲ ਵੇਖ ਰਿਹਾ ਸੀ। ਉਹ ਨਾ ਰੋਂਦਾ ਸੀ, ਨਾ ਕੁਝ ਬੋਲਦਾ ਸੀ। ਫਿਰ ਚੁੱਪ ਕਰ ਕੇ ਘਰੋਂ ਬਾਹਰ ਹਵੇਲੀ ਵਿਚ ਚਲਾ ਗਿਆ। ਸਭ ਨੇ ਦੇਖਿਆ ਕਿ ਉਹ ਹਵੇਲੀ ਦੀ ਨੁਕਰੇ ਕਹੀ ਫੜ ਕੇ ਮਿੱਟੀ ਪੁੱਟਣ ਲੱਗ ਪਿਆ। ਸਭ ਸੋਚਣ, ਬਸ਼ੀਰਾ ਚਾਹੁੰਦਾ ਹੈ ਜੈਨੇਫਰ ਨੂੰ ਦਫਨਾਇਆ ਜਾਏæææਪਰ ਉਹ ਮੋਟੀ ਸਾਰੀ ਟਿੰਗ ਚੁੱਕ ਕੇ ਅੰਦਰ ਚਲਾ ਗਿਆ। ਕੁਝ ਹੀ ਪਲਾਂ ਵਿਚ ਭਾਬੀ ਜੈਨੇਫਰ ਦੀ ਲਾਸ਼ ਅੱਗ ਵਾਂਗ ਬਲਣ ਲੱਗੀ। ਵੀਰ ਬਸ਼ੀਰਾ ਉਚੀ-ਉਚੀ ਹੱਸ ਰਿਹਾ ਸੀ। ਅੰਦਰ ਜਾ ਕੇ ਦੇਖਿਆ, ਭਾਬੀ ਜੈਨੇਫਰ ਦੇ ਸਰੀਰ ‘ਤੇ ਮਿੱਟੀ ਦੀ ਟਿੰਗ ਰੱਖੀ ਹੋਈ ਸੀæææਜੋ ਬਲਦੀ ਅੱਗ ਦੇ ਸੇਕ ਨਾਲ ਅੱਗ ਦਾ ਹੀ ਰੂਪ ਧਾਰਨ ਕਰੀ ਜਾਂਦੀ ਸੀ।”
ਤੇ ਮੱਖੋ ਦਾ ਵੀਰ? ਮੈਂ ਪੁੱØਛਿਆ।
ਵੀਰ ਬਸ਼ੀਰੇ ਦੇ ਅੰਦਰੋਂ ਜਵਾਲਾ ਫੁੱਟ ਪਿਆ ਸੀ। ਉਚੀ-ਉਚੀ ਕਦੀ ਰੋਂਦਾ ਤੇ ਕਦੀ ਹੱਸਦਾ ਆਖ ਰਿਹਾ ਸੀ-ਇਹ ਜੈਨੇਫਰ ਨਹੀਂ, ਦੋ ਮਜ਼੍ਹਬ ਦਫਨ ਹੋ ਰਹੇ ਨੇ, ਸੜ ਰਹੇ ਨੇ। ਮੈਨੂੰ ਇਹੋ ਜਿਹੇ ਧਰਮ ਨਹੀਂ ਚਾਹੀਦੇ ਜੋ ਇਨਸਾਨ ਨੂੰ ਨਾ ਜਿਊਣ ਦਿੰਦੇ ਨੇ ਤੇ ਨਾ ਮਰਨæææ। ਮੈਂ ਆਜ਼ਾਦ ਹਿੰਦੋਤਸਾਨ ਤੇ ਆਜ਼ਾਦ ਪਾਕਿਸਤਾਨ ਦਾ ਆਜ਼ਾਦ ਬਸ਼ੀਰਾ ਹਾਂ। ਮੈਂ ਨਾ ਹਿੰਦੂ, ਸਿੱਖ, ਈਸਾਈ ਹਾਂ ਤੇ ਨਾ ਮੁਸਲਮਾਨ ਹਾਂ। ਫਿਰ ਉਸ ਨੇ ਕਿਰਪਾਨ ਗਲੋਂ ਲਾਹ ਕੇ ਵਿਹੜੇ ਵਿਚ ਵਗ੍ਹਾ ਮਾਰੀ।”
ਫਿਰ?
“ਫਿਰ ਰੌਲਾ ਮੱਚ ਗਿਆ ਕਿ ਉਸ ਨੇ ਸਿੱਖ ਧਰਮ ਦੀ ਬੇਅਦਬੀ ਕੀਤੀ ਹੈ, ਪਰ ਵੀਰ ਬਸ਼ੀਰਾ ਨਹੀਂ ਡਰਿਆ, ਆਖਦਾ ਸੀ-ਮਾਰ ਦਿਓ ਮੈਨੂੰæææਮੈਂ ਮੌਤ ਤੋਂ ਨਹੀਂ ਡਰਦਾ। ਮੈਂ ਤਾਂ ਬੱਸ ਧਰਮ, ਮਜ਼੍ਹਬ ਤੋਂ ਡਰਦਾ ਸਾਂæææਹੁਣ ਮੇਰਾ ਕੋਈ ਮਜ਼੍ਹਬ ਨਹੀਂ ਰਿਹਾ। ਹੱਦਾਂ ਵੰਡ ਲਵੋæææਮੁਲਕ ਵੰਡ ਲਵੋæææਪਰ ਮੈਨੂੰ ਵੰਡ ਕੇ ਦੱਸੋæææ? ਬੱਸ ਕੁਰਲਾਉਂਦਾ ਵਿਰਲਾਪ ਕਰਦਾ ਢਾਬ ਵਾਲੇ ਪਾਸੇ ਦੌੜ ਗਿਆ ਸੀ।”
ਬੀਜੀ ਦਾ ਚਿਹਰਾ ਸ਼ਾਂਤ ਸਮੁੰਦਰ ਵਾਂਗ ਲੱਗ ਰਿਹਾ ਸੀ। ਉਸੇ ਤਰ੍ਹਾਂ ਜਿਵੇਂ ਬੜੇ ਵੱਡੇ ਤੂਫਾਨ ਤੋਂ ਬਾਅਦ ਸਭ ਕੁਝ ਸ਼ਾਂਤ ਹੋ ਜਾਂਦਾ ਹੈ। -0-