ਵਰਤਿਆ ਪਾਪੁ ਸਭਸਿ ਜਗਿ ਮਾਂਹੀ

ਡਾæ ਗੁਰਨਾਮ ਕੌਰ ਕੈਨੇਡਾ
ਸੁਮੇਰ ਪਰਬਤ ਤੇ ਗੁਰੂ ਨਾਨਕ ਸਾਹਿਬ ਦੀ ਸਿੱਧਾਂ ਨਾਲ ਵਾਰਤਾਲਾਪ ਜਾਰੀ ਹੈ। ਇਸ 30ਵੀਂ ਪਉੜੀ ਵਿਚ ਉਹ ਸਿੱਧਾਂ ਦੇ ਇਸ ਪ੍ਰਸ਼ਨ ਕਿ ਹੇਠਾਂ ਮਾਤ-ਲੋਕ ਅਰਥਾਤ ਮੁਲਕ ਅੰਦਰ ਕਿਸ ਤਰ੍ਹਾਂ ਚੱਲ ਰਿਹਾ ਹੈ, ਦੇ ਉਤਰ ਵਿਚ ਭਾਰਤ ਦੇ ਧਾਰਮਕ, ਸਮਾਜਕ ਅਤੇ ਰਾਜਸੀ ਹਾਲਾਤ ਦਾ ਜ਼ਿਕਰ ਜਾਰੀ ਰੱਖਦੇ ਹਨ।

ਭਾਈ ਗੁਰਦਾਸ ਦੇ ਸ਼ਬਦਾਂ ਵਿਚ ਗੁਰੂ ਨਾਨਕ ਸਿੱਧਾਂ ਨੂੰ ਅਕਾਲ ਪੁਰਖ ਅੱਗੇ ਅਰਦਾਸ ਦੇ ਹਵਾਲੇ ਨਾਲ ਦੱਸਦੇ ਹਨ ਕਿ ਹੇ ਦੁਨੀਆਂ ਦੇ ਮਾਲਕ! ਇਹ ਕਲਿਯੁਗ ਦਾ ਸਮਾਂ ਅਜਿਹਾ ਆਇਆ ਹੈ ਜਿਸ ਵਿਚ ਮਨੁੱਖ ਦੀ ਮਾਨਸਿਕਤਾ ਕੁੱਤੇ ਦੇ ਮੂੰਹ ਵਰਗੀ ਹੋ ਗਈ ਹੈ ਜਿਸ ਦੇ ਮੂੰਹ ਨੂੰ ਹਮੇਸ਼ਾ ਮੁਰਦੇ ਦਾ ਲਹੂ ਲੱਗਿਆ ਰਹਿੰਦਾ ਹੈ। ਭਾਵ ਜਿਸ ਦੇ ਹੱਥ ਵਿਚ ਤਾਕਤ ਹੈ ਉਹ ਮਨੁੱਖ ਬਹੁਤ ਜ਼ੁਲਮੀ ਹੋ ਗਿਆ ਹੈ। ਇਸ ਦਾ ਹਵਾਲਾ ਭਾਈ ਸਾਹਿਬ ਅਗਲੀ ਪੰਕਤੀ ਵਿਚ ਦਿੰਦੇ ਹਨ ਕਿ ਰਾਜ-ਕਰਤਾ ਦਾ ਫਰਜ਼ ਪਰਜਾ ਦੀ ਰਾਖੀ ਕਰਨਾ ਹੁੰਦਾ ਹੈ, ਪਰ ਇਸ ਕਲਿਯੁਗ ਦੇ ਸਮੇਂ ਵਿਚ ਸਭ ਕੁਝ ਉਲਟ ਹੋ ਰਿਹਾ ਹੈ ਕਿਉਂਕਿ ਰਾਜੇ ਪਰਜਾ ਤੇ ਜ਼ੁਲਮ ਕਰ ਰਹੇ ਹਨ। ਉਹ ਇੱਥੇ ਖੇਤ ਨੂੰ ਕੀਤੀ ਵਾੜ ਦਾ ਦ੍ਰਿਸ਼ਟਾਂਤ ਦਿੰਦੇ ਹਨ ਜੋ ਖੇਤ ਦੁਆਲੇ ਇਸ ਲਈ ਕੀਤੀ ਜਾਂਦੀ ਹੈ ਕਿ ਕੋਈ ਅਵਾਰਾ ਪਸ਼ੂ ਫਸਲ ਨੂੰ ਖਰਾਬ ਨਾ ਕਰ ਦੇਵੇ ਪਰ ਇਸ ਉਲਟੇ ਵਰਤਾਰੇ ਵਿਚ ਵਾੜ ਰਾਖੀ ਕਰਨ ਦੀ ਥਾਂ ਫਸਲ ਦੇ ਉਜਾੜੇ ਦਾ ਸਾਧਨ ਬਣ ਰਹੀ ਹੈ।
ਗੁਰੂ ਨਾਨਕ ਇਸ ਵਰਤਾਰੇ ਵਿਚ ਆਮ ਲੋਕਾਂ ਦਾ ਕਸੂਰ ਵੀ ਦੱਸਦੇ ਹਨ ਕਿ ਲੋਕ ਆਪਣੇ ਹੱਕ ਤੋਂ ਚੇਤੰਨ ਨਹੀਂ ਹਨ, ਅਗਿਆਨੀ ਹਨ। ਗਿਆਨ ਵਿਹੂਣੀ ਪਰਜਾ ਆਪਣੇ ਹੱਕਾਂ ਤੋਂ ਅਣਜਾਣ ਹੈ, ਉਸ ਨੂੰ ਸੱਚਾਈ ਦਾ ਪਤਾ ਹੀ ਨਹੀਂ ਹੈ। ਜਦੋਂ ਕੋਈ ਮਨੁੱਖ ਸੱਚਾਈ ਤੋਂ ਅਣਜਾਣ ਹੁੰਦਾ ਹੈ ਤਾਂ ਜੋ ਦਿਖਾਈ ਦਿੰਦਾ ਹੈ, ਉਸ ਨੂੰ ਸੱਚ ਕਰਕੇ ਜਾਣਦਾ ਹੈ। ਜੇ ਅਗਿਆਨ ਹਨੇਰਾ ਹੈ, ਤਾਂ ਅਗਿਆਨੀ ਪੁਰਸ਼ ਅੰਨ੍ਹਾ ਹੈ ਕਿਉਂਕਿ ਗਿਆਨ ਦੀ ਰੌਸ਼ਨੀ ਨਾ ਹੋਣ ਕਰਕੇ ਉਸ ਨੂੰ ਸੱਚਾਈ ਸਪੱਸ਼ਟ ਨਜ਼ਰ ਨਹੀਂ ਆਉਂਦੀ। ਇਸ ਲਈ ਪਰਜਾ ਗਿਆਨ-ਵਿਹੂਣੀ ਹੋਣ ਕਰਕੇ ਅੰਨ੍ਹੀ ਹੈ ਅਤੇ ਸੱਚਾਈ ਤੋਂ ਅਣਜਾਣ ਹੋਣ ਕਰਕੇ ਝੂਠ ਹੀ ਬੋਲੀ ਜਾਂਦੀ ਹੈ।
ਅੱਗੇ ਆਪਣੀ ਵਾਰਤਾਲਾਪ ਵਿਚ ਗੁਰੂ ਨਾਨਕ ਕਥਿਤ ਗੁਰੂਆਂ ਅਰਥਾਤ ਲੋਕਾਂ ਨੂੰ ਸਿੱਖਿਆ ਦੇਣ ਵਾਲਿਆਂ ਅਤੇ ਉਨ੍ਹਾਂ ਤੋਂ ਸਿੱਖਿਆ ਲੈਣ ਵਾਲੇ ਚੇਲਿਆਂ ਦੀ ਅਸਲੀਅਤ ਦੱਸਦੇ ਹਨ। ਅਸੂਲਨ ਚੇਲੇ ਜਾਂ ਸਿਖਾਂਦਰੂ ਨੇ ਸਿੱਖਿਆ ਪ੍ਰਾਪਤ ਕਰਨ ਲਈ ਚੱਲ ਕੇ ਗੁਰੂ ਪਾਸ ਆਉਣਾ ਹੁੰਦਾ ਹੈ ਅਤੇ ਗੁਰੂ ਦੇ ਇਸ਼ਾਰਿਆਂ ਮੁਤਾਬਕ ਕਾਰਜ ਕਰਨਾ ਹੁੰਦਾ ਹੈ, ਪਰ ਇਸ ਉਲਟੇ ਵਰਤਾਰੇ ਵਿਚ, ਇਸ ਕਲਿਯੁਗ ਦੇ ਸਮੇਂ ਵਿਚ ਚੇਲੇ ਸਾਜ ਵਜਾਉਂਦੇ ਹਨ ਅਤੇ ਗੁਰੂ ਉਨ੍ਹਾਂ ਦੇ ਸਾਜਾਂ ਦੀ ਧੁਨ ‘ਤੇ ਨੱਚ ਰਹੇ ਹਨ ਭਾਵ ਚੇਲਿਆਂ ਦੇ ਇਸ਼ਾਰਿਆਂ ‘ਤੇ ਗੁਰੂ ਆਪਣਾ ਕਾਰਜ ਕਰ ਰਹੇ ਹਨ। ਚੇਲੇ ਗੁਰੂਆਂ ਦੇ ਦਰਵਾਜ਼ੇ ‘ਤੇ ਜਾਣ ਦੀ ਥਾਂ ਆਪਣੇ ਘਰਾਂ ‘ਚ ਬੈਠੇ ਹਨ ਅਤੇ ਗੁਰੂ ਆਪ ਚੱਲ ਕੇ ਉਨ੍ਹਾਂ ਦੇ ਘਰਾਂ ਜਾ ਰਹੇ ਹਨ। ਉਨ੍ਹਾਂ ਸਮਿਆਂ ਵਿਚ ਕਿਉਂਕਿ ਮੁਸਲਮਾਨ ਹਾਕਮਾਂ ਦਾ ਰਾਜ ਸੀ ਇਸ ਲਈ ਬਹੁਤੇ ਫੈਸਲੇ ਕਾਜ਼ੀਆਂ ਤੋਂ ਮਸ਼ਵਰਾ ਲੈ ਕੇ ਕੀਤੇ ਜਾਂਦੇ ਸਨ ਜਿਨ੍ਹਾਂ ਦਾ ਫਰਜ਼ ਧਾਰਮਕ ਹਸਤੀ ਹੋਣ ਕਰਕੇ ਇਨਸਾਫ ਨਾਲ ਖੜ੍ਹਨਾ ਹੁੰਦਾ ਹੈ। ਗੁਰੂ ਨਾਨਕ ਉਲਟੇ ਵਰਤਾਰੇ ਦਾ ਜ਼ਿਕਰ ਕਰਦੇ ਹਨ ਕਿ ਕਾਜ਼ੀ ਰਿਸ਼ਵਤਖੋਰ ਹੋ ਗਏ ਹਨ; ਇਸ ਲਈ ਸੱਚ ਦਾ ਸਾਥ ਦੇਣ ਦੀ ਥਾਂ ਝੂਠ ਦਾ ਸਾਥ ਦੇ ਕੇ ਗਲਤ ਫੈਸਲੇ ਕਰਦੇ ਹਨ ਤੇ ਆਪਣੇ ਅਹੁਦੇ ਤੋਂ ਨੀਵੇਂ ਗਿਰ ਰਹੇ ਹਨ। ਇਸਤਰੀ-ਪੁਰਸ਼ ਦਾ ਰਿਸ਼ਤਾ ਆਪਸੀ ਪ੍ਰੇਮ ‘ਤੇ ਟਿਕਿਆ ਹੁੰਦਾ ਹੈ ਪਰ ਇਸ ਵਿਚ ਵੀ ਲਾਲਚ ਆ ਗਿਆ ਹੈ। ਇਸ ਤਰ੍ਹਾਂ ਦੁਨੀਆਂ ‘ਤੇ ਚਾਰੇ ਪਾਸੇ ਪਾਪ ਅਤੇ ਝੂਠ ਦਾ ਬੋਲਬਾਲਾ ਹੈ:
ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ।
ਰਾਜੇ ਪਾਪੁ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਿਆਨ ਬਿਨੁ ਕੂੜ ਕੁਸਤੁ ਮੁਖਹੁ ਆਲਾਈ।
ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ।
ਚੇਲੇ ਬੈਠਨਿ ਘਰਾਂ ਵਿਚਿ ਗੁਰਿ ਉਠਿ ਘਰੀਂ ਤਿਨਾੜੇ ਜਾਈ।
ਕਾਜੀ ਹੋਏ ਰਿਸਵਤੀ ਵਢੀ ਲੈ ਕੇ ਹਕੁ ਗਵਾਈ।
ਇਸਤ੍ਰੀ ਪੁਰਖੈ ਦਾਮਿ ਹਿਤੁ ਭਾਵੈ ਆਇ ਕਿਥਾਊਂ ਜਾਈ।
ਵਰਤਿਆ ਪਾਪੁ ਸਭਸਿ ਜਗਿ ਮਾਂਹੀ॥੩੦॥
ਪਹਿਲਾਂ ਵੀ ਇਹ ਹਵਾਲਾ ਦਿੱਤਾ ਗਿਆ ਹੈ ਕਿ ਸਿੱਖ ਚਿੰਤਨ ਅਨੁਸਾਰ ਕਲਿਯੁਗ ਸਮੇਂ ਦੀ ਕੋਈ ਖਾਸ ਵੰਡ ਨਹੀਂ ਹੈ। ਕਲਿਯੁਗ ਉਦੋਂ ਵਾਪਰਦਾ ਹੈ ਜਦੋਂ ਮਨੁੱਖ ਦਾ ਸੁਭਾਅ ਬਦੀ ਵਾਲਾ ਹੋ ਜਾਂਦਾ ਹੈ, ਜਦੋਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ ਬਿਰਤੀਆਂ ਮਨੁੱਖ ਦੇ ਸੁਭਾਅ ਵਿਚ ਭਾਰੂ ਹੋ ਜਾਂਦੀਆਂ ਹਨ। ਇਸ ਲਈ ਇਹ ਕਦੇ ਵੀ ਅਤੇ ਕਿਤੇ ਵੀ ਵਾਪਰ ਸਕਦਾ ਹੈ। ਗੁਰੂ ਨਾਨਕ ਇਸੇ ਕਿਸਮ ਦਾ ਖਿਆਲ ਆਪਣੀ ਬਾਣੀ ਵਿਚ ਵੀ ਕਈ ਥਾਂਈਂ ਪ੍ਰਗਟ ਕਰਦੇ ਹਨ ਜਿਵੇਂ Ḕਸਾਰੰਗ ਕੀ ਵਾਰ ਮਹਲਾ ੪’ ਦੇ ਇੱਕ ਸਲੋਕ ਵਿਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਲੋਕਾਂ ਦੇ ਸੁਭਾਅ ਕੁੱਤਿਆਂ ਵਰਗੇ ਹੋ ਗਏ ਹਨ ਜਿਨ੍ਹਾਂ ਨੂੰ ਹਰ ਸਮੇਂ ਖਾਣ ਦਾ ਅਤੇ ਭੌਂਕਣ ਦਾ ਸ਼ੁਦਾ ਕੁੱਦਿਆ ਰਹਿੰਦਾ ਹੈ। ਇਸੇ ਤਰ੍ਹਾਂ ਲੋਕਾਂ ਦਾ ਸੁਭਾਅ ਭੁੱਖਾ, ਬਕਵਾਸੀ ਅਤੇ ਕਮੀਨਾ ਹੋ ਗਿਆ ਹੈ, ਵੱਢੀ ਆਦਿ ਹਰਾਮ ਦਾ ਖਾਣਾ ਉਨ੍ਹਾਂ ਦਾ ਮਨਭਾਉਂਦਾ ਖਾਜਾ ਹੋ ਗਿਆ ਹੈ ਅਤੇ ਉਹ ਸਾਰਾ ਦਿਨ ਝੂਠ ਬੋਲਦੇ ਹਨ; ਜਿਸ ਕਰਕੇ ਧਰਮ ਅਤੇ ਗੁਣਾਂ ਦੀ ਵਿਚਾਰ, ਰੱਬ ਦੀ ਸਿਫਤਿ-ਸਾਲਾਹ ਮੁੱਕ ਗਈ ਹੈ। ਅਜਿਹੇ ਲੋਕਾਂ ਦੀ, ਜਦੋਂ ਤੱਕ ਉਹ ਇਸ ਧਰਤੀ ‘ਤੇ ਜਿਉਂਦੇ ਹਨ, ਕੋਈ ਇੱਜ਼ਤ ਨਹੀਂ ਹੁੰਦੀ, ਕੋਈ ਸਵੈਮਾਣ ਨਹੀਂ ਹੁੰਦਾ ਅਤੇ ਜਦੋਂ ਮਰ ਜਾਂਦੇ ਹਨ ਤਾਂ ਵੀ ਉਨ੍ਹਾਂ ਦੀ ਮੰਦੀ ਸੋਅ ਹੀ ਯਾਦ ਕੀਤੀ ਜਾਂਦੀ ਹੈ:
ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ॥
ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ॥
ਜਿਨ ਜੀਵੰਦਿਆ ਪਤਿ ਨਹੀਂ ਮੁਇਆ ਮੰਦੀ ਸੋਇ॥ (ਪੰਨਾ ੧੨੪੨)
ਇਸੇ ਤਰ੍ਹਾਂ ਆਸਾ ਦੀ ਵਾਰ ਵਿਚ ਗੁਰੂ ਨਾਨਕ ਧਾਰਮਕ ਵਰਤਾਰੇ ਦੀ ਗੱਲ ਕਰਦੇ ਹਨ ਜਿਸ ਵਿਚ ਰਾਸਾਂ ਪਾਈਆਂ ਜਾਂਦੀਆਂ ਹਨ ਅਤੇ ਕ੍ਰਿਸ਼ਨ ਤੇ ਗੋਪੀਆਂ, ਰਾਮ ਚੰਦਰ ਅਤੇ ਸੀਤਾ ਆਦਿ ਦੇ ਸਵਾਂਗ ਰਚਾਏ ਜਾਂਦੇ ਹਨ। ਇਨ੍ਹਾਂ ਰਾਸਾਂ ਵਿਚ ਚੇਲੇ ਸਾਜ ਵਜਾਉਂਦੇ ਹਨ ਅਤੇ ਉਨ੍ਹਾਂ ਸਾਜਾਂ ਦੀ ਧੁਨ ‘ਤੇ ਗੁਰੂ ਆਪਣੇ ਪੈਰ ਹਿਲਾ ਹਿਲਾ ਕੇ ਅਤੇ ਸਿਰ ਫੇਰ ਕੇ ਨੱਚਦੇ ਹਨ। ਨੱਚਣ ਨਾਲ ਧੂੜ ਉਡ ਉਡ ਕੇ ਉਨ੍ਹਾਂ ਦੇ ਸਿਰ ਵਿਚ ਪੈਂਦੀ ਹੈ ਜਿਸ ਨੂੰ ਵੇਖ ਕੇ ਲੋਕ ਘਰ ਜਾ ਕੇ ਹੱਸਦੇ ਹਨ। ਇਹ ਕੋਈ ਧਰਮ-ਕਰਮ ਨਹੀਂ ਹੈ ਬਲਕਿ ਰੋਟੀ ਰੋਜ਼ੀ ਕਮਾਉਣ ਲਈ ਸਾਰਾ ਕੁਝ ਕਰ ਰਹੇ ਹਨ, ਆਪਣੇ ਆਪ ਨੂੰ ਪਟਾਕ ਪਟਾਕ ਧਰਤੀ ‘ਤੇ ਸੁੱਟਦੇ ਹਨ ਅਤੇ ਸਵਾਂਗ ਰਚਾਉਂਦੇ ਹਨ:
ਵਾਇਨਿ ਚੇਲੇ ਨਚਨਿ ਗੁਰ॥
ਪੈਰ ਹਲਾਇਨਿ ਫੇਰਨ੍ਹਿ ਸਿਰ॥
ਉਡਿ ਉਡਿ ਰਾਵਾ ਝਾਟੈ ਪਾਇ॥
ਵੇਖੇ ਲੋਕੁ ਹਸੈ ਘਰਿ ਜਾਇ॥
ਰੋਟੀਆ ਕਾਰਣਿ ਪੂਰਹਿ ਤਾਲ॥
ਆਪੁ ਪਛਾੜਹਿ ਧਰਤੀ ਨਾਲਿ॥
ਗਾਵਨਿ ਗੋਪੀਆ ਗਾਵਨਿ ਕਾਨ੍ਹ॥
ਗਾਵਨਿ ਸੀਤਾ ਰਾਜੇ ਰਾਮ॥ (ਪੰਨਾ ੪੬੫)
ਇਸੇ ਤਰ੍ਹਾਂ ਗੁਰੂ ਨਾਨਕ ਰਾਗ ਧਨਾਸਰੀ ਵਿਚ ਦੱਸਦੇ ਹਨ ਕਿ ਕਾਜ਼ੀ ਜੋ ਇਕ ਪਾਸੇ ਇਸਲਾਮੀ ਧਰਮ ਦਾ ਨੇਤਾ ਹੈ ਅਤੇ ਦੂਸਰੇ ਪਾਸੇ ਉਹ ਹਾਕਮ ਵੀ ਹੈ ਕਿਉਂਕਿ ਉਸ ਦਾ ਫਰਜ਼ ਇਨਸਾਫ ਕਰਨਾ ਵੀ ਹੈ। ਪਰ ਉਹ ਕਰ ਕੀ ਰਿਹਾ ਹੈ? ਰਿਸ਼ਵਤ ਲੈ ਕੇ ਸ਼ਰਈ ਕਾਨੂੰਨ ਬਾਰੇ ਝੂਠ ਬੋਲ ਕੇ ਹਰਾਮ ਦਾ ਮਾਲ ਖਾਂਦਾ ਹੈ ਅਤੇ ਗਲਤ ਫੈਸਲੇ ਕਰਦਾ ਹੈ। ਇਸੇ ਤਰ੍ਹਾਂ ਬ੍ਰਾਹਮਣ ਕਰੋੜਾਂ ਸ਼ੂਦਰ ਕਹੇ ਜਾਣ ਵਾਲੇ ਲੋਕਾਂ ਨੂੰ ਦੁਖੀ ਕਰਦਾ ਹੈ ਅਤੇ ਫਿਰ ਤੀਰਥ ਇਸ਼ਨਾਨ ਵੀ ਕਰਦਾ ਹੈ। ਜੋਗੀ ਅੰਨ੍ਹਾ ਹੈ ਕਿਉਂਕਿ ਉਹ ਜੀਵਨ ਦੀ ਜਾਚ ਨਹੀਂ ਜਾਣਦਾ। ਇਹ ਤਿੰਨੇ ਆਪੋ ਆਪਣੀ ਕਿਸਮ ਦੇ ਧਾਰਮਕ ਆਗੂ ਹਨ, ਧਰਮ ਦੇ ਨੇਤਾ ਹਨ ਪਰ ਤਿੰਨੇ ਉਜਾੜੇ ਦਾ ਸਾਧਨ ਹਨ ਕਿਉਂਕਿ ਇਹ ਗਿਆਨ ਵਿਹੂਣੇ ਅੰਦਰੋਂ ਆਤਮਕ ਤੌਰ ‘ਤੇ ਬਿਲਕੁਲ ਖਾਲੀ ਹਨ, ਇਨ੍ਹਾਂ ਦੇ ਅੰਦਰ ਸੁੰਞ ਵਰਤ ਰਹੀ ਹੈ:
ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਅ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥ (ਪੰਨ ੬੬੨)
ਆਸਾ ਦੀ ਵਾਰ ਵਿਚ ਕਲਿਯੁਗ ਦੇ ਵਰਤਾਰੇ ਨੂੰ ਸਪੱਸ਼ਟ ਕਰਦੇ ਹਨ ਕਿ ਲਾਲਚ ਦੁਨੀਆਂ ‘ਤੇ ਰਾਜ ਕਰ ਰਿਹਾ ਹੈ ਜਿਸ ਦਾ ਵਜ਼ੀਰ ਪਾਪ ਹੈ, ਕੂੜ ਅਰਥਾਤ ਝੂਠ ਉਸ ਦਾ ਸਿੱਕੇ ਬਣਾਉਣ ਵਾਲਾ ਸਰਦਾਰ ਹੈ। ਇਸ ਲੋਭ ਅਤੇ ਪਾਪ ਦੇ ਦਰਬਾਰ ਵਿਚ ਕਾਮ ਨਾਇਬ ਹੈ ਜਿਸ ਨਾਲ ਸਲਾਹ-ਮਸ਼ਵਰਾ ਕੀਤਾ ਜਾਂਦਾ ਹੈ। ਪਰਜਾ ਅਗਿਆਨੀ ਹੋਣ ਕਰਕੇ ਅੰਨ੍ਹੀ ਹੈ ਅਤੇ ਤ੍ਰਿਸ਼ਨਾ ਦੀ ਅੱਗ ਦੀ ਚੱਟੀ ਭਰ ਰਹੀ ਹੈ, ਆਪਣੇ ਆਪ ਨੂੰ ਗਿਆਨੀ ਕਹਾਉਣ ਵਾਲੇ ਲੋਕਾਂ ਨੂੰ ਉਪਦੇਸ਼ ਕਰਨ ਵਾਲੇ ਨੱਚਦੇ ਹਨ, ਵਾਜੇ ਵਜਾਉਂਦੇ ਹਨ ਅਤੇ ਭਾਂਤ ਭਾਂਤ ਦੇ ਸਾਂਗ ਰਚਾਉਂਦੇ ਹਨ, ਸ਼ਿੰਗਾਰ ਕਰਦੇ ਤੇ ਉਚੀ ਉਚੀ ਕੂਕਦੇ ਹਨ, ਯੋਧਿਆਂ ਦੇ ਪ੍ਰਸੰਗ ਸੁਣਾਉਂਦੇ ਤੇ ਉਨ੍ਹਾਂ ਦੀ ਵਿਆਖਿਆ ਕਰਦੇ ਹਨ। ਪੜ੍ਹੇ-ਲਿਖੇ ਮੂਰਖ ਹਨ ਕਿਉਂਕਿ ਉਹ ਸਿਰਫ ਚਲਾਕੀਆਂ ਕਰਨੀਆਂ ਅਤੇ ਦਲੀਲਾਂ ਦੇਣੀਆਂ ਜਾਣਦੇ ਹਨ ਅਤੇ ਮਾਇਆ ਇਕੱਠੀ ਕਰਨ ਵਿਚ ਲੱਗੇ ਹੋਏ ਹਨ। ਜਿਹੜੇ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਹਨ ਅਤੇ ਧਰਮ ਦਾ ਕੰਮ ਕਰਦੇ ਹਨ, ਉਹ ਆਪਣੀ ਧਰਮ ਦੀ ਕਮਾਈ ਇਸ ਲਈ ਗੁਆ ਲੈਂਦੇ ਹਨ ਕਿਉਂਕਿ ਇਸ ਦੇ ਬਦਲੇ ਮੁਕਤੀ ਮੰਗਦੇ ਹਨ। ਕਈ ਆਪਣੇ ਆਪ ਨੂੰ ਜਤੀ ਅਖਵਾਉਂਦੇ ਹਨ ਪਰ ਜਤੀ ਹੋਣ ਦੀ ਜੁਗਤ ਨਹੀਂ ਜਾਣਦੇ ਅਤੇ ਘਰ-ਘਾਟ ਛੱਡ ਬੈਠਦੇ ਹਨ:
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥
ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ॥
ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ॥
ਮੂਰਖ ਪੰਡਤਿ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ॥
ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ॥
ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ॥ (ਪੰਨਾ ੪੬੮-੬੯)
ਅਗਲੀ ਪਉੜੀ ਵਿਚ ਭਾਈ ਗੁਰਦਾਸ ਦੱਸਦੇ ਹਨ ਕਿ ਫਿਰ ਸਿੱਧਾਂ ਦੇ ਮਨ ਵਿਚ ਗੁਰੂ ਨਾਨਕ ਸਾਹਿਬ ਬਾਰੇ ਇਹ ਵਿਚਾਰ ਆ ਗਿਆ ਕਿ ਕਿਸੇ ਤਰ੍ਹਾਂ ਇਹ ਨੌਜੁਆਨ ਉਨ੍ਹਾਂ ਦੇ ਯੋਗ ਮੱਤ ਵਿਚ ਆ ਜਾਵੇ, ਉਨ੍ਹਾਂ ਦੇ ਫਲਸਫੇ ਨੂੰ ਅਪਨਾ ਲਵੇ। ਉਹ ਗੁਰੂ ਨਾਨਕ ਦੀ ਵਿਚਾਰ-ਚਰਚਾ ਦਾ ਬਹੁਤ ਅਸਰ ਕਬੂਲਦੇ ਹਨ ਅਤੇ ਸੋਚਦੇ ਹਨ ਕਿ ਜੇ ਇਸ ਤਰ੍ਹਾਂ ਦਾ ਜ਼ਹੀਨ ਅਤੇ ਸਮਝਦਾਰ ਉਨ੍ਹਾਂ ਦੇ ਮੱਤ ਵਿਚ ਆ ਜਾਵੇ ਤਾਂ ਉਨ੍ਹਾਂ ਦੇ ਪੰਥ ਨੂੰ ਇਸ ਕਲਿਯੁਗ ਦੇ ਸਮੇਂ ਵਿਚ ਸਾਰੇ ਸੰਸਾਰ ਵਿਚ ਚਮਕਾ ਸਕਦਾ ਹੈ। ਗੁਰੂ ਦੀ ਪ੍ਰੀਖਿਆ ਲੈਣ ਲਈ ਇੱਕ ਨਾਥ ਨੇ ਭਿਖਿਆ ਮੰਗਣ ਵਾਲਾ ਆਪਣਾ ਖੱਪਰ ਗੁਰੂ ਨਾਨਕ ਨੂੰ ਫੜ੍ਹਾ ਕੇ ਕਿਹਾ ਕਿ ਪਾਣੀ ਲੈ ਕੇ ਆਉ ਅਤੇ ਗੁਰੂ ਨਾਨਕ ਪਾਣੀ ਲੈਣ ਚਲੇ ਗਏ। ਸਿੱਧਾਂ ਦੀ ਕਰਾਮਾਤਾਂ ਵਿਖਾਉਣ ਵਿਚ ਮਸ਼ਹੂਰੀ ਰਹੀ ਹੈ (ਬਾਬੇ ਨਾਨਕ ਦਾ ਸਥਾਪਤ ਕੀਤਾ ਧਰਮ ਕਰਾਮਾਤਾਂ ਨੂੰ Ḕਅਵਰਾ ਸਾਦḔ ਕਹਿੰਦਾ ਹੈ)। ਬਾਬਾ ਨਾਨਕ ਜਦੋਂ ਪਾਣੀ ਲੈਣ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਜਲ ਦੇ ਸਰੋਤ ਵਿਚ ਪਾਣੀ ਦੀ ਥਾਂ ਹੀਰੇ, ਰਤਨ, ਜਵਾਹਰਾਤ ਪਏ ਹਨ। ਗੁਰੂ ਜਾਣੀ ਜਾਣ ਸਨ, ਸਿੱਧਾਂ ਬਾਰੇ ਸਭ ਕੁਝ ਜਾਣਦੇ ਸਨ। ਸਤਿਗੁਰ ਨਾਨਕ ਤਾਂ ਆਪ ਅਪਹੁੰਚ ਅਤੇ ਪੂਰਨ ਪੁਰਖ ਸਨ। ਇਸ ਲਈ ਉਨ੍ਹਾਂ ਦੀ ਬਰਾਬਰੀ ਸਿੱਧ ਕਿਵੇਂ ਕਰ ਸਕਦੇ ਸੀ? ਗੁਰੂ ਦੀ ਤਾਬ ਝੱਲਣੀ ਕਿਸੇ ਵਾਸਤੇ ਵੀ ਅਸਾਨ ਨਹੀਂ ਸੀ। ਗੁਰੂ ਸਾਹਿਬ ਬਿਨਾ ਵਿਚਲਤ ਹੋਏ ਬੜੇ ਠਰੰਮੇ ਨਾਲ ਵਾਪਸ ਆ ਗਏ ਅਤੇ ਸਿੱਧਾਂ ਨੂੰ ਸਤਿਕਾਰ ਨਾਲ ਕਿਹਾ ਕਿ ਉਥੇ ਤਾਲ ਵਿਚ ਕੋਈ ਪਾਣੀ ਨਹੀਂ ਹੈ।
ਭਾਈ ਗੁਰਦਾਸ ਕਹਿੰਦੇ ਹਨ, ਇਸ ਤਰ੍ਹਾਂ ਸ਼ਬਦ ਭਾਵ ਵਿਚਾਰ-ਚਰਚਾ ਨਾਲ ਗੁਰੂ ਨਾਨਕ ਨੇ ਸਿੱਧਾਂ ਦੇ ਟੋਲੇ ਨੂੰ ਜਿੱਤ ਲਿਆ ਅਤੇ ਆਪਣਾ ਨਿਰਾਲਾ ਪੰਥ ਸਥਾਪਤ ਕੀਤਾ। ਗੁਰੂ ਨਾਨਕ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਸ ਕਲਿਯੁਗ ਦੇ ਸਮੇਂ ਵਿਚ ਯੋਗ-ਆਸਣਾਂ ਰਾਹੀਂ ਨਹੀਂ ਬਲਕਿ ਪਰਮਾਤਮਾ ਨੂੰ ਪਾਉਣ ਦਾ ਰਸਤਾ ਉਸ ਦੇ ਨਾਮ ਦਾ ਸਿਮਰਨ ਕਰਨ ਵਿਚ ਹੈ:
ਸਿਧੀ ਮਨੋ ਬੀਚਾਰਿਆ ਕਿਵੈ ਦਰਸਨੁ ਏ ਲੇਵੈ ਬਾਲਾ।
ਐਸਾ ਜੋਗੀ ਕਲੀ ਮਹਿ ਹਮਰੇ ਪੰਥੁ ਕਰੇ ਉਜਿਆਲਾ।
ਖਪਰੁ ਦਿਤਾ ਨਾਥ ਜੀ ਪਾਣੀ ਭਰਿ ਲੈਵਣਿ ਉਠਿ ਚਾਲਾ।
ਬਾਬਾ ਆਇਆ ਪਾਣੀਐ ਢਿਠੇ ਰਤਨ ਜਵਾਹਰ ਲਾਲਾ।
ਸਤਿਗੁਰ ਅਗਮ ਅਗਾਧਿ ਪੁਰਖੁ ਕੇਹੜਾ ਝਲੇ ਗੁਰੂ ਦੀ ਝਾਲਾ।
ਫਿਰਿ ਆਇਆ ਗੁਰ, ਨਾਥ ਜੀ ਪਾਣੀ ਠਉੜ ਨਾਹੀ ਉਸਿ ਤਾਲਾ।
ਸਬਦਿ ਜਿਤੀ ਸਿਧਿ ਮੰਡਲੀ ਕੀਤੋਸੁ ਅਪਣਾ ਪੰਥੁ ਨਿਰਾਲਾ।
ਕਲਿਜੁਗਿ ਨਾਨਕ ਨਾਮੁ ਸੁਖਾਲਾ॥੩੧॥
ਅਗਲੀ ਪਉੜੀ ਵਿਚ ਭਾਈ ਗੁਰਦਾਸ ਗੁਰੂ ਨਾਨਕ ਦੀ ਮੱਕੇ ਦੀ ਯਾਤਰਾ ਦਾ ਜ਼ਿਕਰ ਕਰਦੇ ਹਨ। ਗੁਰੂ ਨਾਨਕ ਦਾ ਮਕਸਦ ਲੋਕਾਂ ਨੂੰ ਕਰਾਮਾਤ ਦਿਖਾਉਣਾ ਨਹੀਂ ਬਲਕਿ ਧਰਮ ਦੀ ਅਸਲੀਅਤ ਦਾ ਗਿਆਨ ਦੇਣਾ ਸੀ। ਭਾਈ ਗੁਰਦਾਸ ਅਨੁਸਾਰ ਜਗਤ-ਬਗੀਚੇ ਦੇ ਮਾਲਕ ਗੁਰੂ ਨਾਨਕ ਨੇ ਮੱਕੇ ਜਾਣ ਦੀ ਤਿਆਰੀ ਵਿਚ ਨੀਲੇ ਰੰਗ ਦੇ ਕਪੜੇ ਪਹਿਨ ਲਏ। ਹੱਥ ਵਿਚ ਸੋਟਾ ਫੜ ਲਿਆ, ਕੱਛ ਵਿਚ ਕਿਤਾਬ ਦੇ ਲਈ ਅਤੇ ਲੋਟਾ (ਮੁਸਲਮਾਨ ਨਮਾਜ਼ ਤੋਂ ਪਹਿਲਾਂ ਵੁਜੂ ਕਰਨ ਲਈ ਰੱਖਦੇ ਹਨ), ਫੂੜੀ ਲੈ ਕੇ ਤੁਰ ਪਏ। ਬਾਬਾ ਨਾਨਕ ਜਾ ਕੇ ਮਸਜਿਦ ਵਿਚ ਬੈਠ ਗਏ ਜਿੱਥੇ ਹਾਜੀ ਹੱਜ ਗੁਜ਼ਾਰਨ ਜਾਂਦੇ ਹਨ। ਜਦੋਂ ਰਾਤ ਪਈ ਤਾਂ ਮਹਿਰਾਬ (ਮਸੀਤ ਦੀ ਉਹ ਡਾਟ ਜੋ ਖਾਨਾ ਕਾਬਾ ਵੱਲ ਹੁੰਦੀ ਹੈ) ਵੱਲ ਪੈਰ ਪਸਾਰ ਕੇ ਪੈ ਗਏ। ਜੀਵਣ ਨਾਮ ਦੇ ਕਾਜ਼ੀ ਨੇ ਲੱਤ ਦੀ ਠੋਕਰ ਮਾਰੀ ਕਿ ਕਿਹੜਾ ਕਾਫਰ ਬੇਅਦਬੀ ਕਰ ਰਿਹਾ ਹੈ ਜੋ ਮੱਕੇ ਵੱਲ ਪੈਰ ਪਸਾਰ ਕੇ ਸੁੱਤਾ ਹੈ। ਉਸ ਅਨੁਸਾਰ ਖੁਦਾ ਦੇ ਘਰ ਵੱਲ ਪੈਰ ਕਰਕੇ ਸੌਣਾ ਪਾਪ ਹੈ ਅਤੇ ਇਹ ਪਾਪ ਕੌਣ ਕਮਾ ਰਿਹਾ ਹੈ? ਆਪਣੇ ਵੱਲੋਂ ਉਸ ਨੇ ਪੈਰ ਦੂਜੇ ਪਾਸੇ ਕਰਨ ਲਈ ਬਾਬੇ ਨੂੰ ਟੰਗ ਤੋਂ ਫੜ ਕੇ ਖਿੱਚਿਆ ਅਤੇ ਉਸ ਨੂੰ ਮੱਕਾ ਘੁੰਮਦਾ ਜਾਪਿਆ ਅਰਥਾਤ ਜਿਸ ਪਾਸੇ ਉਹ ਪੈਰ ਕਰੇ ਤਾਂ ਉਸ ਨੂੰ ਮੱਕਾ ਉਸੇ ਪਾਸੇ ਵੱਲ ਘੁੰਮਦਾ ਨਜ਼ਰ ਆਵੇ। ਆਖਰ ਉਹ ਹੈਰਾਨ ਹੋ ਕੇ ਗੁਰੂ ਨਾਨਕ ਨੂੰ ਨਮਸਕਾਰ ਕਰਨ ਲੱਗਾ। ਗੁਰੂ ਨਾਨਕ ਦਾ ਮਕਸਦ ਇਥੇ ਇਹ ਸਮਝਾਉਣਾ ਸੀ ਕਿ ਖੁਦਾ ਹਰ ਥਾਂ ਵੱਸਦਾ ਹੈ, ਉਹ ਕਿਸੇ ਇੱਕ ਥਾਂ ‘ਤੇ ਮਹਿਦੂਦ ਨਹੀਂ ਹੈ, ਇੱਕ ਵਿਆਪਕ ਹਸਤੀ ਹੈ:
ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ।
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸੱਲਾ ਧਾਰੀ।
ਬੈਠਾ ਜਾਇ ਮਸੀਤ ਵਿਚਿ ਜਿਥੈ ਹਾਜੀ ਹਜਿ ਗੁਜਾਰੀ।
ਜਾ ਬਾਬਾ ਸੁਤਾ ਰਾਤਿ ਨੋ ਵਲਿ ਮਹਰਾਬੇ ਪਾਇ ਪਸਾਰੀ।
ਜੀਵਣਿ ਮਾਰੀ ਲਤਿ ਦੀ ਕੇਹੜਾ ਸੁਤਾ ਕੁਫਰ ਕੁਫਾਰੀ।
ਲਤਾ ਵਲਿ ਖੁਦਾਇ ਦੇ ਕਿਉ ਕਰਿ ਪਇਆ ਹੋਇ ਬਜਿਗਾਰੀ।
ਟੰਗੋਂ ਪਕੜਿ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ।
ਹੋਇ ਹੈਰਾਨੁ ਕਰੇਨਿ ਜੁਹਾਰੀ॥੩੨॥