ਭਾਰਤੀ ਗਣਤੰਤਰ ਦੇ ਜਸ਼ਨ ਇਕ ਵਾਰ ਫਿਰ ਵੱਡੇ ਪੱਧਰ ‘ਤੇ ਮਨਾਏ ਗਏ। ਇਕ ਵਾਰ ਫਿਰ ਭਾਸ਼ਨਾਂ ਦੀ ਲੜੀ ਚੱਲੀ, ਤੇ ਮੁੜ ਉਹੀ ਦਾਅਵੇ, ਉਹੀ ਵਾਅਦੇ! ਪੰਜਾਬ ਐਤਕੀਂ ਫਿਰ ਪਰੇਡ ਵਾਲੀਆਂ ਝਾਕੀਆਂ ਵਿਚੋਂ ਗੈਰ-ਹਾਜ਼ਰ ਰਿਹਾ। ਪਿਛਲੀ ਵਾਰ ਵੀ ਪੰਜਾਬ ਸਰਕਾਰ ਇਸ ਪਰੇਡ ਲਈ ਬਹੁਤਾ ਉਤਸੁਕ ਨਹੀਂ ਸੀ, ਪਰ ਇਹ ਮਾਮਲਾ ਮੀਡੀਆ ਵਿਚ ਰਤਾ ਟੇਢੇ ਢੰਗ ਨਾਲ ਉਭਰਨ ਨਾਲ ਤੱਤ-ਭੜੱਥੇ ‘ਚ ਝਾਕੀ ਤਿਆਰ ਕਰਵਾਈ ਗਈ। ਉਂਜ, ਇਹ ਹਾਜ਼ਰੀ ਜਾਂ ਗੈਰ-ਹਾਜ਼ਰੀ ਕੋਈ ਬਹੁਤਾ ਮਾਇਨਾ ਨਹੀਂ ਰੱਖਦੀ, ਕਿਉਂਕਿ ਹਰ ਸਾਲ ਇਹ ਸਾਰੇ ਸਮਾਗਮ ਬੱਧੇ-ਰੁੱਧੇ ਹੀ ਸਿਰੇ ਚੜ੍ਹਦੇ ਹਨ; ਨਿਰੀ ਰਸਮ, ਜਿਸ ਤੋਂ ਕਿਸੇ ਨੇ ਕੁਝ ਲੈਣਾ-ਦੇਣਾ ਨਾ ਹੋਵੇ। ਜਿਨ੍ਹਾਂ ਮਸਲਿਆਂ ਨਾਲ ਆਵਾਮ ਦਾ ਕੋਈ ਲੈਣਾ-ਦੇਣਾ ਹੈ, ਉਸ ਬਾਰੇ ਮਾੜੀ-ਮੋਟੀ ਗੱਲ ਕਰਨ ਦਾ ਵੀ ਸ਼ਾਇਦ ਕਿਸੇ ਕੋਲ ਸਮਾਂ ਨਹੀਂ। ਪੰਜ ਸਾਲ ਬਾਅਦ ਸਰਕਾਰ ਤਾਂ ਬਣ ਹੀ ਜਾਣੀ ਹੁੰਦੀ ਹੈ, ਲੋਕਾਂ ਨੇ ਵੋਟਾਂ ਵੀ ਪਾਉਣੀਆਂ ਹੀ ਪਾਉਣੀਆਂ ਹਨ, ਭਾਵੇਂ ਕਿਸੇ ਨੂੰ ਵੀ ਪਾਉਣ! ਇਕ ਗੱਲ ਤਾਂ ਜ਼ਰੂਰ ਹੈ ਕਿ ਪਿਛਲੇ ਛੇ ਦਹਾਕਿਆਂ ਦੌਰਾਨ ਭਾਰਤ, ਸੰਸਾਰ ਦੀ ਪਰ੍ਹਿਆ ਵਿਚ ਖੜ੍ਹ ਕੇ ਗੱਲ ਕਰਨ ਜੋਗਾ ਹੋ ਗਿਆ ਹੈ। ਸ਼ਕਤੀਸ਼ਾਲੀ ਕੇਂਦਰ ਵਜੋਂ ਉਭਰ ਰਹੇ ਭਾਰਤ ਦੀ ਕਹਾਣੀ ਹੁਣ ਸੰਸਾਰ ਦੇ ਕਈ ਖੇਤਰਾਂ ਵਿਚ ਪੈਣ ਲੱਗੀ ਹੈ। ਨਹੀਂ ਤਾਂ ਇਕ ਸਦੀ ਪਹਿਲਾਂ ਅਮਰੀਕਾ ਦੀ ਧਰਤੀ ਉਤੇ ਪੁੱਜੇ ਭਾਰਤੀਆਂ ਨੂੰ ਆਪਣੇ ਦੇਸ਼ ਦੀ ਗੁਲਾਮੀ ਬਾਰੇ ਸੋਚ ਕੇ ਜਿਹੜੀ ਆਰ ਚੁੱਭੀ ਸੀ, ਉਸ ਨੇ ਇਤਿਹਾਸ ਦਾ ਮੁਹਾਣ ਮੋੜਨ ਦਾ ਵੱਡਾ ਯਤਨ ਕੀਤਾ ਸੀ। ਉਸ ਵੇਲੇ ਗਦਰ ਦੀ ਸੁਲਘੀ ਚੰਗਿਆੜੀ ਅੱਜ ਤੱਕ ਮਘ ਰਹੀ ਹੈ ਅਤੇ ਮੈਦਾਨ-ਏ-ਜੰਗ ਵਿਚ ਜੂਝਣ ਵਾਲਿਆਂ ਲਈ ਚਾਨਣ ਮੁਨਾਰਾ ਬਣੀ ਹੋਈ ਹੈ। ਇਹ ਗੱਲ ਵੱਖਰੀ ਹੈ ਕਿ ਘਰ ਵਿਚ ਇਸ ਕਹਾਣੀ ਦੇ ਨਾਇਕਾਂ ਨੂੰ ਹੁਣ ਬਹੁਤ ਵਾਰ ਖਲਨਾਇਕ ਬਣਾ ਕੇ ਵੀ ਪੇਸ਼ ਕੀਤਾ ਜਾਂਦਾ ਹੈ।
ਨਾਇਕਾਂ ਦੇ ਖਲਨਾਇਕਾਂ ਵਿਚ ਵਟ ਜਾਣ ਦਾ ਆਖਰ ਰਾਜ਼ ਕੀ ਹੈ? ਇਸ ਦੀ ਪੁਣ-ਛਾਣ ਲਈ ਪਿਛਲੇ ਸਮੇਂ ਦੀ ਸਿਆਸਤ ਉਤੇ ਨਿਗ੍ਹਾ ਮਾਰਨੀ ਪਵੇਗੀ। ਭਾਰਤ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਿਆਸਤ ਵਿਚ ਬਹੁਤ ਸਾਰੀਆਂ ਸਿਫਤੀ ਤਬਦੀਲੀਆਂ ਹੋਈਆਂ ਹਨ। ਪਿਛਲੇ ਇਕ ਦਹਾਕੇ ਦੌਰਾਨ ਤਾਂ ਇਸ ਤਬਦੀਲੀ ਨੇ ਇੰਨੀ ਤੇਜ਼ੀ ਫੜੀ ਹੈ ਕਿ ਸਭ ਉਂਗਲਾਂ ਮੂੰਹ ਵਿਚ ਦੇਈ ਖੜ੍ਹੇ ਸੋਚ ਰਹੇ ਹਨ। ਪਹਿਲਾਂ ਨਹਿਰੂ-ਗਾਂਧੀ ਪਰਿਵਾਰ ਉਤੇ ਪਰਿਵਾਰਵਾਦ ਫੈਲਾਉਣ ਦੇ ਦੋਸ਼ ਲੱਗਦੇ ਸਨ ਅਤੇ ਇਹ ਮੁੱਦਾ ਕਈ ਵਾਰ ਚੋਣ ਮੁੱਦਾ ਵੀ ਬਣਿਆ ਪਰ ਪਰਿਵਾਰਵਾਦ ਦਾ ਵਿਰੋਧ ਕਰਨ ਵਾਲੇ ਵੱਖ ਵੱਖ ਸੂਬਿਆਂ ਦੇ ਲੀਡਰ ਅੱਜ ਆਪ ਉਸੇ ਰਾਹ ਪੈ ਚੁੱਕੇ ਹਨ। ਤਕਰੀਬਨ ਹਰ ਸੂਬੇ ਵਿਚ ਭਾਈ-ਭਤੀਜਾਵਾਦ ਹੁਣ ਸਿਆਸਤ ਉਤੇ ਭਾਰੀ ਪੈ ਗਿਆ ਹੈ। ਇਸ ਨੇ ਗਿਣਵੇਂ-ਚੁਣਵੇਂ ਪਰਿਵਾਰਾਂ ਦੀ ਧਾਂਕ ਜਮਾਈ ਹੈ ਅਤੇ ਇਨ੍ਹਾਂ ਨੂੰ ਪੈਸੇ ਪੱਖੋਂ ਵੀ ਮਾਲਾਮਾਲ ਕੀਤਾ ਹੈ। ਪਰਿਵਾਰਵਾਦ ਅਤੇ ਪੈਸੇ ਦੇ ਜ਼ੋਰ ਨੇ ਅਗਾਂਹ ਸਿਆਸਤ ਦੀ ਅਪਰਾਧ ਜਗਤ ਨਾਲ ਪੀਡੀ ਸਾਂਝ ਪੁਆ ਦਿੱਤੀ ਹੈ। ਰਹਿੰਦੀ ਕਸਰ ਨਵੇਂ ਅਮੀਰ ਹੋਏ ਅਤੇ ਤੇਜ਼-ਤਰਾਰ ਤਬਕੇ ਨੇ ਕੱਢ ਦਿੱਤੀ। ਇਕ ਸਰਵੇਖਣ ਦੱਸਦਾ ਹੈ ਕਿ ਇਕੱਲੇ ਪੰਜਾਬ ਵਿਚ ਹੀ ਨਹੀਂ, ਮੁਲਕ ਭਰ ਵਿਚ ਹੋਰ ਬਹੁਤ ਥਾਂਈਂ ਪ੍ਰਾਪਰਟੀ ਡੀਲਰ ਆਗੂ ਬਣ ਰਹੇ ਹਨ। ਸਿਆਸਤ ਵਿਚ ਪ੍ਰਾਪਰਟੀ ਡੀਲਰਾਂ ਦੀ ਇਸ ਘੁਸਪੈਠ ਨੇ ਉਨ੍ਹਾਂ ਦਾ ਕਾਰੋਬਾਰ ਤਾਂ ਵਧਾਇਆ ਹੀ ਹੈ, ਆਵਾਮ ਅਤੇ ਆਮ ਆਗੂਆਂ ਨੂੰ ਵੀ ਹਾਸ਼ੀਏ ਉਤੇ ਧੱਕ ਦਿੱਤਾ ਹੈ। ਪੰਜਾਬ ਵਿਚ ਇਨ੍ਹਾਂ ਨਵੇਂ ਉਠੇ ਲੀਡਰਾਂ ਦੀ ‘ਸਿਆਸੀ ਸਰਗਰਮੀ’ ਪਿਛਲੇ ਕੁਝ ਮਹੀਨਿਆਂ ਤੋਂ ਸਾਰਾ ਸੰਸਾਰ ਦੇਖ ਰਿਹਾ ਹੈ ਕਿ ਕਿਸ ਤਰ੍ਹਾਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾ ਰਿਹਾ ਹੈ। ਇਸ ਤੋਂ ਵੀ ਵੱਡੀ ਗੱਲ, ਇਨ੍ਹਾਂ ਦੀ ਜਿਸ ਤਰ੍ਹਾਂ ਪੁਸ਼ਤ-ਪਨਾਹੀ ਕੀਤੀ ਜਾ ਰਹੀ ਹੈ, ਉਸ ਤੋਂ ਆਉਣ ਵਾਲੇ ਸਮੇਂ ਦੀ ਭਿਆਨਕਤਾ ਦੀ ਸੂਹ ਮਿਲ ਜਾਂਦੀ ਹੈ। ਇਹ ਅਸਲ ਵਿਚ ਹਨੇਰਗਰਦੀ ਵੱਲ ਜਾਂਦਾ ਰਾਹ ਹੀ ਤਾਂ ਹੈ।
ਇਸ ਹਨੇਰਗਰਦੀ ਦੀਆਂ ਜੜ੍ਹਾਂ ਜਮਹੂਰੀਅਤ ਦੀ ਅਣਹੋਂਦ ਵਿਚ ਹਨ। ਭਾਰਤ ਵਿਚ ਅਖੌਤੀ ਜਮਹੂਰੀਅਤ ਦੇ ਕਸੀਦੇ ਤਾਂ ਭਾਵੇਂ ਨਿੱਤ ਦਿਨ ਪੜ੍ਹੇ ਜਾਂਦੇ ਹਨ ਪਰ ਜਮਹੂਰੀਅਤ ਦੀ ਅਣਹੋਂਦ ਕਰ ਕੇ ਭਾਰਤੀ ਆਵਾਮ ਨੂੰ ਜਿਸ ਬਿਖੜੇ ਪੈਂਡੇ ਤੋਂ ਲੰਘਣਾ ਪੈ ਰਿਹਾ ਹੈ, ਉਸ ਬਾਰੇ ਗੱਲ ਕਰ ਕੇ ਕੋਈ ਰਾਜ਼ੀ ਨਹੀਂ। ਗੈਰਜਮਹੂਰੀ ਪ੍ਰਬੰਧ ਕਾਰਨ ਹੀ ਮੁਲਕ ਦੇ ਵੱਖ ਵੱਖ ਹਿੱਸਿਆਂ ਵਿਚ ਵੱਸਦੀਆਂ ਵੱਖ ਵੱਖ ਕੌਮੀਅਤਾਂ ਦਾ ਅੱਜ ਸਾਹ ਘੁੱਟਿਆ ਪਿਆ ਹੈ। ਮਜ਼ਦੂਰ ਤਬਕਾ ਉਂਜ ਹੀ ਹਾਲੋਂ-ਬੇਹਾਲ ਹੈ। ਕਰਜ਼ਾਈ ਹੋ ਰਹੇ ਕਿਸਾਨਾਂ ਦੀ ਖਬਰਸਾਰ ਕੋਈ ਨਹੀਂ ਲੈ ਰਿਹਾ। ਹਾਂ, ਸਨਅਤਕਾਰਾਂ ਦੀ ਅੱਜਕੱਲ੍ਹ ਚਾਂਦੀ ਹੈ। ਉਨ੍ਹਾਂ ਨੂੰ ਵੱਖ ਵੱਖ ਸਹੂਲਤਾਂ ਨਾਲ ਛੋਟਾਂ ਵੀ ਮਿਲ ਰਹੀਆਂ ਹਨ। ਹੁਣ ਤਾਂ ਸਿਆਸਤਦਾਨਾਂ ਅਤੇ ਸਨਅਤਕਾਰਾਂ ਦੀ ਆਪਸੀ ਸਕੀਰੀ ਇੰਨੀ ਪੀਡੀ ਪੈ ਚੁੱਕੀ ਹੈ ਕਿ ਹਰ ਦੂਜਾ ਲੀਡਰ ਕਿਸੇ ਨਾ ਕਿਸੇ ਨਾਮੀ ਕੰਪਨੀ ਨਾਲ, ਕਿਸੇ ਨਾ ਕਿਸੇ ਰੂਪ ਵਿਚ ਜੁੜਿਆ ਹੋਇਆ ਹੈ। ਸਿਤਮ ਵਾਲੀ ਗੱਲ ਇਹ ਕਿ ਜਮਹੂਰੀਅਤ ਦਾ ਖਾਜਾ ਬਣੇ ਆਮ ਲੋਕਾਂ ਨੂੰ ਇਸ ਤਾਲਮੇਲ ਬਾਰੇ ਕੋਈ ਖਬਰ ਨਹੀਂ ਹੈ। ਆਮ ਲੋਕਾਂ ਦੀ ਅਗਿਆਨਤਾ ਇਨ੍ਹਾਂ ਅਮੀਰਾਂ ਲਈ ਸੋਨੇ ਉਤੇ ਸੁਹਾਗਾ ਸਾਬਤ ਹੋਈ ਹੈ। ਭਾਰਤੀ ਜਮਹੂਰੀਅਤ ਅਤੇ ਗਣਤੰਤਰ ਅਸਲ ਵਿਚ ਇਨ੍ਹਾਂ ਸ਼ਾਹੀ ਲੋਕਾਂ ਦੇ ਹੀ ਰਾਸ ਆਇਆ ਹੈ। ਅੱਜ ਸਿਆਸੀ ਪਾਰਟੀਆਂ ਹੀ ਪ੍ਰਾਈਵੇਟ ਕੰਪਨੀਆਂ ਨਹੀਂ ਬਣੀਆਂ, ਮੁਲਕ ਵੀ ਉਸੇ ਰਾਹ ਵੱਲ ਵਧ ਰਿਹਾ ਜਾਪਦਾ ਹੈ। ਦੂਜੇ ਬੰਨੇ, ਸੰਸਾਰ ਪੱਧਰ ਉਤੇ ਭਾਰਤ ਦਾ ਡੰਕਾ ਵੱਜ ਰਿਹਾ ਹੈ; ਘਰੇ ਸਿਆਸੀ ਆਗੂਆਂ ਦਾ ਪ੍ਰਤਾਪ ਹੈ; ਹੁਣ ਜੇ ਕੋਈ ਆਮ ਬੰਦੇ ਦੀ ਗੁਰਬਤ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਗੌਲਣ ਵਾਲਾ ਕੋਈ ਨਹੀਂ ਹੈ। ਲੜਾਕੂ ਧਿਰਾਂ ਲੜ ਲੜ ਹੰਭ ਰਹੀਆਂ ਹਨ। ਇਨ੍ਹਾਂ ਦਾ ਕਿਸੇ ਪਾਸੇ ਪੈਰ ਨਹੀਂ ਅੜ ਰਿਹਾ। ਮੁੱਖ ਸਿਆਸੀ ਧਿਰਾਂ ਮੰਨ ਹੀ ਚੁੱਕੀਆਂ ਹਨ ਕਿ ਹੁਣ ਕਿਸੇ ਪਾਸਿਓਂ ਕੋਈ ਵੱਡੀ ਵੰਗਾਰ ਨਹੀਂ ਹੈ। ਇਹ ਉਸ ਗਣਤੰਤਰ ਦੀ ਕਹਾਣੀ ਹੈ ਜਿਸ ਦੀ ਉਮਰ ਅਜੇ ਛੇਆਂ ਦਹਾਕਿਆਂ ਦੀ ਹੈ।
Leave a Reply