ਗੁਰਚਰਨ ਸਿੰਘ ਜੈਤੋ
ਫੋਨ: 331-321-1759
ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਦੂਜੀ ਵਿਸ਼ਵ ਜੰਗ ਵਿਚ ਜਰਮਨੀ ਦੀ ਨਾਜ਼ੀ ਸਰਕਾਰ ਨੇ ਕੋਈ ਸੱਠ ਲੱਖ ਯਹੂਦੀਆਂ ਨੂੰ ਬੜੀ ਬੇਰਹਿਮੀ ਨਾਲ ਮਾਰਿਆ ਸੀ। ਯਹੂਦੀਆਂ ਨੂੰ ਬੰਦੀ ਬਣਾ ਕੇ ਪਹਿਲਾਂ ਉਨ੍ਹਾਂ ਤੋਂ ਜੰਗਲ ਸਾਫ਼ ਕਰਵਾਏ ਗਏ ਤੇ ਫੇਰ ਉਨ੍ਹਾਂ ਤੋਂ ਉਨ੍ਹਾਂ ਨੂੰ ਹੀ ਮਾਰਨ ਲਈ ਮੌਤ ਦੇ ਕੈਂਪ ਬਣਵਾਏ ਗਏ। ਕੈਂਪਾਂ ਦੁਆਲੇ ਕੰਡਿਆਲੀ ਵਾੜ ਲਵਾਈ ਗਈ ਤੇ ਅੰਦਰ ਲੱਕੜ ਦੇ ਢਾਰੇ ਉਸਾਰੇ ਗਏ ਜਿਨ੍ਹਾਂ ਵਿਚ ਯਹੂਦੀਆਂ ਨੂੰ ਮਾਰਨ ਤੋਂ ਪਹਿਲਾਂ ਕੈਦ ਕੀਤਾ ਜਾਂਦਾ ਸੀ।
ਉਨ੍ਹਾਂ ਕੈਂਪਾਂ ਵਿਚ ਗੈਸ ਚੈਂਬਰ ਬਣਾਏ ਗਏ ਜਿੱਥੇ ਬਹੁਤ ਸਾਰੇ ਯਹੂਦੀਆਂ ਨੂੰ ਇਕੱਠੇ ਲਿਜਾ ਕੇ ਜ਼ਹਿਰੀਲੀ ਗੈਸ ਛੱਡ ਕੇ ਮਾਰ ਦਿੱਤਾ ਜਾਂਦਾ। ਲਾਸ਼ਾਂ ਸਾੜਨ ਲਈ ਵੱਡੀਆਂ ਵੱਡੀਆਂ ਭੱਠੀਆਂ ਬਣਾਈਆਂ ਗਈਆਂ ਜੋ ਦਿਨ ਰਾਤ ਚਲਦੀਆਂ ਰਹਿੰਦੀਆਂ। ਇੰਜ ਆਦਮੀ, ਔਰਤਾਂ ਅਤੇ ਬੱਚੇ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਵੱਡੀਆਂ ਭੱਠੀਆਂ ‘ਚ ਸਾੜ ਦਿੱਤਾ ਜਾਂਦਾ।
ਜਦੋਂ 1939 ਵਿਚ ਦੂਜੀ ਵਿਸ਼ਵ ਜੰਗ ਸ਼ੁਰੂ ਹੋਈ ਤਾਂ ਨਾਜ਼ੀ ਜਰਮਨ ਫੌਜਾਂ ਨੇ ਗੁਆਂਢੀ ਦੇਸ਼ਾਂ ‘ਤੇ ਹਮਲੇ ਕੀਤੇ। ਨਾਜ਼ੀ ਫੌਜਾਂ ਪੋਲੈਂਡ ਦੇ ਸ਼ਹਿਰ ਵਾਰਸਾ ਪਹੁੰਚ ਗਈਆਂ ਤੇ ਉਥੇ ਰਹਿੰਦੇ ਯਹੂਦੀਆਂ ਨੂੰ ਬੰਦੀ ਬਣਾਉਣਾ ਸ਼ੁਰੂ ਕਰ ਦਿਤਾ। ਨਾਜ਼ੀਆਂ ਨੇ ਸ਼ਹਿਰ ਦੇ ਇਕ ਹਿੱਸੇ ਦੀ ਘੇਰਾਬੰਦੀ ਕਰਕੇ ਚਾਰੇ ਪਾਸੇ ਲੋਹੇ ਦੇ ਗੇਟ ਲਾ ਕੇ ਯਹੂਦੀ ਬਸਤੀਆਂ ਬਣਾ ਦਿੱਤੀਆਂ। ਉਨ੍ਹਾਂ ਬਸਤੀਆਂ ਵਿਚ ਯਹੂਦੀ ਪਰਿਵਾਰਾਂ ਨੂੰ ਤਾੜ ਦਿਤਾ ਗਿਆ। ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਦੀ ਰਸਦ ਬੰਦ ਕਰ ਦਿਤੀ ਗਈ। ਜੇ ਕੋਈ ਬਿਮਾਰ ਹੋ ਜਾਂਦਾ ਤਾਂ ਉਸ ਨੂੰ ਦਵਾਈ ਨਹੀਂ ਸੀ ਦਿਤੀ ਜਾਂਦੀ। ਬਿਮਾਰੀਆਂ ਫੈਲਣ ਲੱਗ ਪਈਆਂ ਤੇ ਲੋਕ ਬਿਮਾਰ ਹੋ ਕੇ ਮਰਨ ਲਗ ਪਏ।
ਲੋਕਾਂ ਦੀ ਬੁਰੀ ਹਾਲਤ ਦੇਖ ਕੇ ਇਕ ਨਿੱਕੀ ਜਿਹੀ ਔਰਤ ਇਰੀਨਾ ਸੈਂਡਲਰ ਨੇ ਹਿੰਮਤ ਕਰਕੇ ਆਪਣੇ ਜੀਵਨ ਦਾ ਵੱਡਾ ਫੈਸਲਾ ਕੀਤਾ। ਉਹ ਲੋਕਾਂ ਦੀ ਮਦਦ ਕਰਨ ਲਈ ਆਪਣੀ ਜਾਨ ਦਾ ਫਿਕਰ ਛੱਡ ਕੇ ਲੋਕਾਂ ਨੂੰ ਬਚਾਉਣ ਦਾ ਹਰ ਹੀਲਾ ਵਰਤਣ ਲਗ ਪਈ। ਪੋਲੈਂਡ ਦੇ ਵਾਰਸਾ ਸ਼ਹਿਰ ਵਿਚ ਉਹ 15 ਫਰਵਰੀ 1910 ਵਾਲੇ ਦਿਨ ਪੈਦਾ ਹੋਈ ਸੀ ਤੇ 98 ਸਾਲ ਦੀ ਉਮਰ ਭੋਗ ਕੇ 12 ਮਈ 2008 ਵਾਲੇ ਦਿਨ ਗੁਜ਼ਰ ਗਈ। ਜੀਵਨ ਵਿਚ ਕਈ ਕੰਮ ਉਹ ਅਜਿਹੇ ਕਰ ਗਈ ਕਿ ਸੁਣ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ!
ਇਰੀਨਾ ਛੋਟੇ ਕੱਦ ਦੀ ਪਰ ਵੱਡੇ ਦਿਲ ਵਾਲੀ ਸਮਾਜ ਸੇਵਕਾ ਸੀ, ਜਿਸ ਦੀ ਉਮਰ ਅਜੇ ਤੀਹ ਸਾਲ ਵੀ ਨਹੀਂ ਸੀ ਹੋਈ, ਜਦੋਂ ਉਹਨੇ ਇਹ ਖਤਰਨਾਕ ਕੰਮ ਸ਼ੁਰੂ ਕੀਤੇ। ਉਸ ਨੇ ਕੁਝ ਹੋਰ ਔਰਤਾਂ ਨੂੰ ਇੱਕਠਾ ਕਰਕੇ ਨਾਜ਼ੀਆਂ ਤੋਂ ਜਾਨ ਬਚਾ ਕੇ ਹਜ਼ਾਰਾਂ ਯਹੂਦੀ ਬੱਚਿਆਂ ਨੂੰ ਮੌਤ ਦੇ ਮੂੰਹੋਂ ਕੱਢ ਲਿਆਂਦਾ। ਉਸ ਨੇ ਕਈ ਔਰਤਾਂ ਤੇ ਕੁੜੀਆਂ ਨੂੰ ਆਪਣੀ ਮਦਦ ਕਰਨ ਲਈ ਪ੍ਰੇਰਿਆ। ਬਹੁਤੀਆਂ ਕੁੜੀਆਂ ਤਾਂ ਅਜੇ ਸੋਲਾਂ-ਅਠਾਰਾਂ ਸਾਲਾਂ ਦੀਆਂ ਹੀ ਸਨ। ਉਨ੍ਹਾਂ ਨੇ ਇਕੱਠੇ ਹੋ ਕੇ ਉਸ ਜ਼ਾਲਮ ਬਸਤੀ ਵਿਚੋਂ ਬੱਚਿਆਂ ਨੂੰ ਚੋਰੀ ਬਾਹਰ ਕੱਢਿਆ। ਦੁੱਧ ਪੀਂਦੇ ਬੱਚਿਆਂ ਨੂੰ ਕੂੜਾ ਢੋਣ ਵਾਲੀਆਂ ਗੱਡੀਆਂ ਵਿਚ ਤੇ ਵੱਡੇ ਬੱਚਿਆਂ ਨੂੰ ਬੋਰੀਆਂ ਵਿਚ ਲੁਕੋ ਕੇ ਸੁਰਖਿਅਤ ਥਾਂਈਂ ਪਹੁੰਚਾਇਆ। ਕੁਝ ਹੋਰ ਵੱਡੇ ਬੱਚਿਆਂ ਨੂੰ ਸ਼ਹਿਰ ਦੇ ਹੇਠਾਂ ਬਣੇ ਗੰਦੇ ਨਾਲਿਆਂ ਦੀਆਂ ਵੱਡੀਆਂ ਪਾਈਪਾਂ ਵਿਚੋਂ ਤੋਰਦਿਆਂ ਸ਼ਹਿਰ ਦੇ ਬਾਹਰ ਪਿੰਡਾਂ ਥਾਂਵਾਂ ‘ਤੇ ਸੁਰਖਿਅਤ ਰਖਿਆ। ਇਨ੍ਹਾਂ ਔਰਤਾਂ ਨੇ ਬੱਚਿਆਂ ਨੂੰ ਬਚਾਉਣ ਲਈ ਕਈ ਖੁਫੀਆ ਰਾਹ ਵੀ ਲੱਭੇ ਤੇ ਨਵੇਂ ਰਾਹ ਵੀ ਬਣਾ ਲਏ। ਹਰ ਪਲ ਉਨ੍ਹਾਂ ਲਈ ਜਾਨ ਲੇਵਾ ਸੀ। ਬੱਚਿਆਂ ਦੀ ਜਾਨ ਬਚਾਉਣ ਲਈ ਉਨ੍ਹਾਂ ਨੇ ਬੱਚਿਆਂ ਲਈ ਕੈਥੋਲਿਕ ਇਸਾਈ ਧਰਮ ਦੇ ਝੂਠੇ ਸਰਟੀਫਿਕੇਟ ਵੀ ਆਪ ਬਣਾਏ ਤਾਂ ਕਿ ਜੇ ਬੱਚੇ ਫੜੇ ਵੀ ਜਾਣ ਤਾਂ ਉਨ੍ਹਾਂ ਨੂੰ ਇਸਾਈ ਸਮਝ ਕੇ ਛੱਡ ਦਿਤਾ ਜਾਵੇ। ਜਨਮ ਸਰਟੀਫਿਕੇਟਾਂ ‘ਤੇ ਉਨ੍ਹਾਂ ਵੱਡੇ ਜਰਮਨ ਸਰਕਾਰੀ ਅਫਸਰਾਂ ਅਤੇ ਇਸਾਈ ਪਾਦਰੀਆਂ ਦੇ ਝੂਠੇ ਦਸਤਖਤ ਵੀ ਕੀਤੇ। ਅਜਿਹਾ ਕਰਨ ਪਿਛੋਂ ਉਹ ਬੱਚਿਆਂ ਨੂੰ ਸ਼ਹਿਰ ਤੋਂ ਬਾਹਰ ਬਣਾਏ ਯਤੀਮਖਾਨਿਆਂ ਵਿਚ ਛੱਡ ਆਉਂਦੀਆਂ।
ਉਨ੍ਹਾਂ ਔਰਤਾਂ ਦੀ ਇਹ ਯੋਜਨਾ ਬੜੀ ਖਤਰਨਾਕ ਸੀ। ਉਨ੍ਹਾਂ ਨੂੰ ਕਿਸੇ ਵੇਲੇ ਵੀ ਪਤਾ ਲਗਣ ਪਿਛੋਂ ਜਰਮਨ ਨਾਜ਼ੀ ਫੌਜੀ ਫੜ ਕੇ ਮਾਰ ਸਕਦੇ ਸਨ। ਸ਼ਹਿਰ ਵਿਚ ਤਸਕਰ, ਗੁੰਡੇ, ਲੁਟੇਰੇ ਤੇ ਧੋਖੇਬਾਜ਼ ਹਰਲ ਹਰਲ ਕਰਦੇ ਫਿਰਦੇ ਸਨ। ਖਾਸ ਕਰ ਯਹੂਦੀ ਬਸਤੀਆਂ ‘ਤੇ ਹਮੇਸ਼ਾ ਉਨ੍ਹਾਂ ਦੀ ਨਜ਼ਰ ਰਹਿੰਦੀ। ਜਿਹੜੇ ਯਹੂਦੀ, ਬਸਤੀਆਂ ਵਿਚੋਂ ਨਿਕਲ ਕੇ ਬਾਹਰ ਆਉਂਦੇ, ਉਨ੍ਹਾਂ ਨੂੰ ਫੜ ਕੇ ਉਹ ਬੰਦੀ ਬਣਾ ਲੈਂਦੇ ਤੇ ਨਾਜ਼ੀਆਂ ਦੇ ਹਵਾਲੇ ਕਰਕੇ ਇਨਾਮ ਪ੍ਰਾਪਤ ਕਰਦੇ।
ਇਰੀਨਾ ਨੂੰ ਅਹਿਸਾਸ ਸੀ ਕਿ ਜੇ ਕਿਸੇ ਯਹੂਦੀ ਬੱਚੇ ਨੂੰ ਨਾਜ਼ੀ ਫੌਜੀ ਫੜ੍ਹ ਲਵੇਗਾ ਤਾਂ ਆਪਣੀ ਤਸੱਲੀ ਲਈ ਉਹ ਬੱਚੇ ਨੂੰ ਇਸਾਈ ਪ੍ਰਾਰਥਨਾ ਕਰਨ ਲਈ ਜ਼ਰੂਰ ਕਹੇਗਾ। ਜੇ ਬੱਚਾ ਪ੍ਰਾਰਥਨਾ ਨਹੀਂ ਕਰ ਸਕੇਗਾ ਤਾਂ ਬੱਚੇ ਦੀ ਜਾਨ ਖਤਰੇ ਵਿਚ ਪੈ ਜਾਵੇਗੀ। ਇਸ ਲਈ ਪਹਿਲਾਂ ਉਹ ਬੱਚਿਆਂ ਦੇ ਨਾਂ ਬਦਲ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਨਵੇਂ ਇਸਾਈ ਨਾਂ ਯਾਦ ਕਰਵਾਉਂਦੀ ਤੇ ਫੇਰ ਇਸਾਈ ਪ੍ਰਾਰਥਨਾ ਯਾਦ ਕਰਵਾਉਂਦੀ। ਰਾਤਾਂ ਨੂੰ ਜਾ ਕੇ ਇਰੀਨਾ ਦੀਆਂ ਸਾਥਣਾਂ ਬੱਚਿਆਂ ਨੂੰ ਪ੍ਰਾਰਥਨਾ ਯਾਦ ਕਰਵਾਉਂਦੀਆਂ ਤੇ ਉਨ੍ਹਾਂ ਨੂੰ ਇਹ ਵੀ ਸਿਖਾਉਂਦੀਆਂ ਕਿ ਜੇ ਉਹ ਗਿਰਜੇ ਵਿਚ ਲਿਜਾਏ ਜਾਣ ਤਾਂ ਓਥੇ ਜਾ ਕੇ ਕੀ ਕੀ ਤੇ ਕਿਵੇਂ ਕਰਨਗੇ ਅਤੇ ਕਿਹੋ ਜਿਹਾ ਵਰਤਾਰਾ ਕਰਨਾ ਜ਼ਰੂਰੀ ਹੋਵੇਗਾ।
ਇਕ ਬੱਚੇ ਨੇ ਵੱਡਾ ਹੋਣ ਮਗਰੋਂ ਦਸਿਆ ਕਿ ਕਿਵੇਂ ਉਹ ਔਰਤਾਂ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਕੇ ਸਾਰਾ ਕੁਝ ਸਿਖਾਉਂਦੀਆਂ ਸਨ ਤਾਂ ਕਿ ਉਨ੍ਹਾਂ ਦੀ ਜਾਨ ਬਚ ਸਕੇ। ਬੱਚਿਆਂ ਨੂੰ ਇਹ ਵੀ ਸਿਖਾਇਆ ਜਾਂਦਾ ਕਿ ਜੇ ਬਸਤੀ ‘ਚ ਨਾਜ਼ੀ ਫੌਜਾਂ ਆ ਜਾਣ ਤਾਂ ਉਨ੍ਹਾਂ ਨੇ ਭੱਜ ਕੇ ਲੁਕਣਾ ਕਿਥੇ ਹੈ। “ਮੈਂ ਤਾਂ ਝੱਟ ਭੱਜ ਕੇ ਪੜਛੱਤੀ ‘ਚ ਬਣੀ ਛੋਟੀ ਲੱਕੜ ਦੀ ਅਲਮਾਰੀ ਵਿਚ ਲੁਕ ਜਾਇਆ ਕਰਦਾ ਸਾਂ।”
ਵਿਲੀਅਮ ਡੋਨਾਟ ਨਾਂ ਦਾ ਮੁੰਡਾ ਉਨ੍ਹਾਂ ਮੁਸੀਬਤਾਂ ਤੋਂ ਬਚਦਾ ਬਚਾਉਂਦਾ ਨਿਊ ਯਾਰਕ ਪਹੁੰਚ ਕੇ ਇਕ ਕਾਮਯਾਬ ਵਪਾਰੀ ਬਣ ਗਿਆ ਸੀ। ਉਸ ਨੇ ਦੱਸਿਆ ਕਿ ਉਸ ਨੂੰ ਜਦੋਂ ਇਸਾਈ ਬਣਾਇਆ ਗਿਆ ਤਾਂ ਉਹ ਹਰ ਵੇਲੇ ਪਰਵਰਦਿਗਾਰ ਨੂੰ ਯਾਦ ਕਰਕੇ ਪ੍ਰਾਰਥਨਾ ਕਰਦਾ ਰਹਿੰਦਾ। ਜੇ ਕੋਈ ਉਸ ਨੂੰ ਰੋਟੀ ਦੀ ਇਕ ਬੁਰਕੀ ਵੀ ਦਿੰਦਾ ਤਾਂ ਉਸ ਦੇ ਹੱਥ ਪ੍ਰਾਰਥਨਾ ਲਈ ਆਪਣੇ ਆਪ ਜੁੜ ਜਾਂਦੇ ਤੇ ਉਹ ਇਸਾਈਆਂ ਵਾਲੀ ਪ੍ਰਾਰਥਨਾ ਕਰਨ ਲਗ ਪੈਂਦਾ! ਉਸ ਨੇ ਕਿਹਾ ਕਿ ਉਹ ਜੀਸਸ ਅਗੇ ਆਪਣੇ ਪਾਪ ਬਖਸ਼ਾਉਣ ਲਈ ਦਿਨ ਵਿਚ ਕਈ ਵਾਰ ਪ੍ਰਾਰਥਨਾ ਇਹ ਕਹਿ ਕੇ ਕਰਿਆ ਕਰਦਾ ਸੀ ਉਸ ਨੂੰ ਯਹੂਦੀ ਹੀ ਕਿਉਂ ਪੈਦਾ ਕੀਤਾ ਗਿਆ! ਕੀ ਅਣਆਈ ਮੌਤ ਯਹੂਦੀਆਂ ਦੇ ਹਿੱਸੇ ਹੀ ਆਈ ਸੀ? ਕੀ ਉਹ ਇਨਸਾਨ ਨਹੀਂ ਸਨ?
ਇਰੀਨਾ ਤੇ ਉਹਦੀਆਂ ਸਾਥਣਾਂ ਬਚਾਏ ਗਏ ਬੱਚਿਆਂ ਦੇ ਪੂਰੇ ਵੇਰਵੇ ਗੁਪਤ ਤਰੀਕੇ ਨਾਲ ਇਕ ਸੂਚੀ ਵਿਚ ਨੋਟ ਕਰਕੇ ਰਖਦੀਆਂ। ਬੱਚਿਆਂ ਦੇ ਯਹੂਦੀ ਨਾਂਵਾਂ ਦੀ ਸੂਚੀ ਇਸ ਲਈ ਤਿਆਰ ਕੀਤੀ ਜਾਂਦੀ ਤਾਂ ਕਿ ਅਰਸੇ ਪਿਛੋਂ, ਕਦੇ ਲੜਾਈ ਖਤਮ ਹੋਣ ਪਿਛੋਂ ਜੇ ਉਹ ਬੱਚੇ ਆਪਣੇ ਮਾਂ ਪਿਓ ਨੂੰ ਮਿਲ ਜਾਣ ਤਾਂ ਇਹ ਸੂਚੀ ਇਕ ਦਸਤਾਵੇਜ਼ੀ ਸਬੂਤ ਵਜੋਂ ਕੰਮ ਕਰੇਗੀ। ਡੋਨਾਟ ਨਾਂ ਦੇ ਬੱਚੇ ਦੇ ਮਾਂ ਪਿਓ ਖੁਸ਼ਕਿਸਮਤੀ ਨਾਲ ਨਾਜ਼ੀਆਂ ਹੱਥੋਂ ਬਚ ਨਿਕਲੇ ਸਨ। ਇੰਜ ਇਸ ਪਰਿਵਾਰ ਦੀਆਂ ਖੁਸ਼ੀਆਂ ਕਈ ਦਹਾਕਿਆਂ ਪਿੱਛੋਂ ਪਰਤ ਆਈਆਂ ਸਨ।
1942 ਵਿਚ ਹਾਲਾਤ ਬਹੁਤ ਵਿਗੜ ਗਏ। ਹਰ ਰੋਜ਼ ਹਜ਼ਾਰਾਂ ਯਹੂਦੀ ਇਕੱਠੇ ਕਰਕੇ ਟਰੈਬਲਿੰਕਾ ਨਾਂ ਦੇ ਕੈਂਪ ਵਿਚ ਲਿਜਾ ਕੇ ਮਾਰ ਦਿੱਤੇ ਜਾਂਦੇ ਸਨ। ਇਹ ਕੈਂਪ ਵਾਰਸਾ ਤੋਂ ਕੁਝ ਮੀਲ ਦੂਰ ਸੀ। ਇਹ ਹਾਲਾਤ ਦੇਖਦਿਆਂ ਸੈਂਡਲਰ ਤੇ ਉਹਦੀਆਂ ਸਾਥਣਾਂ ਨੇ ਯਹੂਦੀ ਮਾਪਿਆਂ ਨੂੰ ਆਪਣੇ ਬੱਚੇ ਉਨ੍ਹਾਂ ਦੇ ਹਵਾਲੇ ਕਰਨ ਲਈ ਕਹਿਣਾ ਤੇ ਮਨਾਉਣਾ ਸ਼ੁਰੂ ਕੀਤਾ। ਜਦੋਂ ਸੈਂਡਲਰ ਮਾਪਿਆਂ ਨੂੰ ਆਪਣੇ ਬੱਚੇ ਦੇਣ ਲਈ ਕਹਿੰਦੀ ਤਾਂ ਅਜਿਹਾ ਸੋਗਮਈ ਮਾਹੌਲ ਬਣ ਜਾਂਦਾ ਕਿ ਦਿਲ ਦਹਿਲ ਜਾਂਦੇ। ਇਨ੍ਹਾਂ ਹਾਦਸਿਆਂ ਬਾਰੇ ਸੈਂਡਲਰ ਨੂੰ ਮਗਰੋਂ ਜਾ ਕੇ ਸੱਠ ਸਾਲ ਤਕ ਵੀ ਡਰਾਉਣੇ ਸੁਪਨੇ ਆਉਂਦੇ ਰਹੇ। ਉਹ ਰਾਤਾਂ ਨੂੰ ਉਭੜਵਾਹੇ ਉਠ ਕੇ ਬਹਿ ਜਾਂਦੀ ਤੇ ਆਪਣੀਆਂ ਅੱਖਾਂ ਵਿਚ ਆਏ ਅੱਥਰੂ ਪੂੰਝਦੀ ਰਹਿੰਦੀ। ਬਹੁਤੇ ਮਾਂ ਪਿਓ ਕਿਸੇ ਵੀ ਹਾਲਤ ਵਿਚ ਆਪਣੇ ਬੱਚੇ ਉਸ ਦੇ ਹਵਾਲੇ ਕਰਨ ਲਈ ਤਿਆਰ ਨਹੀਂ ਸਨ ਹੁੰਦੇ। ਉਨ੍ਹਾਂ ਦਾ ਸਭ ਤੋਂ ਪਹਿਲਾ ਸਵਾਲ ਇਹੋ ਹੁੰਦਾ, ਕੀ ਭਰੋਸਾ ਸੀ ਕਿ ਬੱਚੇ ਜਿਉਂਦੇ ਰਹਿਣਗੇ? ਸੈਂਡਲਰ ਜਵਾਬ ਦਿੰਦੀ ਕਿ ਇਸ ਦਾ ਕੋਈ ਭਰੋਸਾ ਨਹੀਂ ਸੀ ਤੇ ਉਹ ਕਹਿੰਦੀ ਕਿ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਹੁਣੇ ਮੈਂ ਇਸ ਬਸਤੀ ਵਿਚੋਂ ਜਿਉਂਦੀ ਜਾਗਦੀ ਅਜ ਘਰ ਵਾਪਸ ਪਰਤਾਂਗੀ ਵੀ ਕਿ ਨਹੀਂ!
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਰੀਨਾ ਤੇ ਉਹਦੀਆਂ ਸਾਥਣਾਂ ਯਹੂਦੀਆਂ ਦੀ ਮਦਦ ਕਰਕੇ ਬੜੇ ਖਤਰਨਾਕ ਕੰਮ ਕਰ ਰਹੀਆਂ ਸਨ। ਇਕ ਥਾਂ ਤੋਂ ਦੂਜੇ ਥਾਂ ਹਥਿਆਰ ਲੈ ਕੇ ਜਾਣ, ਤਹਿਖਾਨਿਆਂ ਵਿਚ ਲੁਕ ਕੇ ਨਾਜ਼ੀਆਂ ਦੇ ਵਿਰੋਧ ਵਿਚ ਇਸ਼ਤਿਹਾਰ ਛਾਪਣ, ਜਰਮਨਾਂ ਦੇ ਵਿਰੋਧ ਵਿਚ ਸਕੀਮਾਂ ਘੜਨ ਵਗੈਰਾ ਨੂੰ ਏਨਾ ਖਤਰਨਾਕ ਨਹੀਂ ਸੀ ਸਮਝਿਆ ਜਾਂਦਾ ਜਿੰਨਾ ਕਿਸੇ ਯਹੂਦੀ ਨੂੰ ਲੁਕੋਣਾ ਜਾਂ ਉਸ ਦੀ ਮਦਦ ਕਰਨਾ! ਕਿਸੇ ਦੇ ਘਰ ਵਿਚ ਯਹੂਦੀ ਦਾ ਹੋਣਾ ਇਕ ਟਾਈਮ ਬੰਬ ਵਾਂਗ ਸੀ। ਪਤਾ ਨਹੀਂ ਕਿਹੜੇ ਵੇਲੇ ਨਾਜ਼ੀ ਪੁਲਿਸ ਛਾਪਾ ਮਾਰ ਕੇ ਫੜ ਲਵੇ ਤੇ ਉਸੇ ਵੇਲੇ ਸਭ ਨੂੰ ਉਥੇ ਹੀ ਗੋਲੀ ਮਾਰ ਦੇਵੇ! ਉਹ ਤਾਂ ਸਾਰੇ ਟੱਬਰ ਨੂੰ ਤੇ ਉਸ ਯਹੂਦੀ ਨੂੰ ਗੋਲੀ ਮਾਰਨ ਵਿਚ ਕੋਈ ਦੇਰ ਨਹੀਂ ਸਨ ਕਰਦੇ। ਇਰੀਨਾ ਦੀ ਇਕ ਸਾਥਣ ਨੇ ਇਕ ਵਾਰੀ ਇਕ ਛੋਟੇ ਬੱਚੇ ਨੂੰ ਜਦੋਂ ਬਚਾਉਣਾ ਚਾਹਿਆ ਤਾਂ ਉਸ ਨੂੰ ਮੌਤ ਕੁਝ ਸਕਿੰਟ ਦੂਰ ਖੜ੍ਹੀ ਮਿਲੀ। ਉਸ ਨੇ ਕਿਹਾ, “ਗਲੀ ਤਾਂ ਬੰਦ ਸੀ ਸੋ ਮੈਂ ਸੋਚਿਆ ਕਿ ਲੋਹੇ ਦੇ ਗੇਟ ਵਿਚੋਂ ਲੰਘ ਜਾਵਾਂਗੀ, ਜਿਹੜਾ ਮੇਰੇ ਸਾਹਮਣੇ ਬੰਦ ਹੋਣ ਹੀ ਵਾਲਾ ਸੀ। ਬੱਚਾ ਮੈਂ ਕੁੱਛੜ ਵਿਚ ਲੁਕੋਇਆ ਹੋਇਆ ਸੀ। ਮੈਂ ਭੱਜ ਕੇ ਜਿਉਂ ਹੀ ਗੇਟ ਦੇ ਬਾਹਰ ਨਿਕਲੀ ਤਾਂ ਉਹ ਬੰਦ ਹੋ ਗਿਆ। ਕੁਝ ਸਕਿੰਟਾਂ ਦੀ ਦੇਰੀ ਮੇਰੇ ਲਈ ਤੇ ਬੱਚੇ ਲਈ ਜਾਨ ਲੇਵਾ ਸਾਬਤ ਹੋ ਸਕਦੀ ਸੀ।”
ਸੈਂਡਲਰ ਨੂੰ ਅੱਜ ਵੀ ਉਹ ਗੱਲਾਂ ਇੰਜ ਯਾਦ ਸਨ ਜਿਵੇਂ ਕਲ੍ਹ ਵਾਪਰੀਆਂ ਹੋਣ ਕਿ ਕਿਵੇਂ ਇਕ ਦਿਨ ਜਰਮਨ ਫੌਜੀ ਅਚਾਨਕ ਉਹਦੇ ਘਰ ਵੜ ਆਏ ਸਨ। ਉਹ 20 ਅਕਤੂਬਰ 1943 ਦਾ ਦਿਨ ਸੀ। ਉਹ ਯਹੂਦੀ ਬੱਚਿਆਂ ਦੀ ਲਿਸਟ ਲੁਕੋਣਾ ਚਾਹੁੰਦੀ ਸੀ ਜਿਸ ਵਿਚ ਉਨ੍ਹਾਂ ਦੇ ਯਹੂਦੀ ਨਾਂ ਦਰਜ ਸਨ। ਉਹਨੇ ਜਦੋਂ ਖਿੜਕੀ ‘ਚੋਂ ਦੇਖਿਆ ਤਾਂ ਦੋ ਜਰਮਨ ਸਿਪਾਹੀ ਗਲੀ ਵਿਚੋਂ ਲੰਘ ਰਹੇ ਸਨ, ਤੇ ਕਈ ਫੌਜੀ ਉਹਦੇ ਘਰ ਦੀਆਂ ਪੌੜੀਆਂ ਚੜ੍ਹਦੇ ਆ ਰਹੇ ਸਨ। ਐਨ ਅਖੀਰਲੇ ਪਲ ਉਹਨੇ ਉਹ ਲਿਸਟ ਆਪਣੀ ਸਾਥਣ ਨੂੰ ਦਿੱਤੀ ਜਿਸ ਨੇ ਉਸ ਨੂੰ ਆਪਣੀ ਬੁੱਕਲ ਵਿਚ ਲੁਕੋ ਲਿਆ। ਨਾਜ਼ੀ ਫੌਜੀ ਇਰੀਨਾ ਨੂੰ ਫੜ ਕੇ ਪੈਵੀਐਕ ਜੇਲ੍ਹ ਵਿਚ ਲੈ ਗਏ। ਫੌਜੀਆਂ ਨੇ ਉਸ ਤੋਂ ਉਸ ਦੇ ਕੰਮਾਂ ਤੇ ਸਾਥੀਆਂ ਬਾਰੇ ਪੁੱਛਗਿੱਛ ਕੀਤੀ, ਪਰ ਇਰੀਨਾ ਨੇ ਕੁਝ ਵੀ ਦਸਣ ਤੋਂ ਨਾਂਹ ਕਰ ਦਿੱਤੀ। ਉਸ ਉਤੇ ਬਹੁਤ ਤਸ਼ੱਦਦ ਕੀਤਾ ਗਿਆ। ਜਦੋਂ ਉਸ ਨੂੰ ਮਾਰਨ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੇ ਸਾਥੀਆਂ ਨੇ ਫੌਜੀਆਂ ਨੂੰ ਰਿਸ਼ਵਤ ਦੇ ਕੇ ਛੁਡਾ ਲਿਆ ਤੇ ਉਹਦੀ ਜਾਨ ਬਚਾ ਲਈ।
ਇਰੀਨਾ ਤੇ ਉਹਦੇ ਸਾਥੀਆਂ ਨੇ ਆਪਣਾ ਕੰਮ ਜਾਰੀ ਰਖਿਆ। ਪੋਲੈਂਡ ਵਿਚ ਨਾਜ਼ੀ ਵਿਰੋਧੀ ਸੰਸਥਾਵਾਂ ਤੇ ਯਤੀਮਖਾਨੇ ਉਨ੍ਹਾਂ ਦੀ ਮਦਦ ਕਰਦੇ ਰਹੇ। ਉਨ੍ਹਾਂ ਨੇ 2500 ਯਹੂਦੀ ਬੱਚਿਆਂ ਦੀ ਜਾਨ ਬਚਾਈ। ਦੂਜੀ ਵਿਸ਼ਵ ਜੰਗ ਖਤਮ ਹੋਈ ਤਾਂ ਪੋਲੈਂਡ ‘ਤੇ ਕਮਿਊਨਿਸਟਾਂ ਨੇ ਕਬਜ਼ਾ ਕਰ ਲਿਆ ਤੇ ਦਹਾਕਿਆਂ ਬੱਧੀ ਉਥੋਂ ਸੈਂਡਲਰ ਦੀ ਕੋਈ ਖਬਰ ਬਾਹਰ ਨਾ ਆਈ। ਅਮਰੀਕਾ ਤੋਂ ਕੁਝ ਪੱਤਰਕਾਰਾਂ ਨੇ ਸੈਂਡਲਰ ਨੂੰ ਲੱਭ ਕੇ ਉਸ ਨਾਲ ਮੁਲਕਾਤ ਕੀਤੀ ਤੇ ਉਸ ਦੀਆਂ ਗੱਲਾਂ ਰਿਕਾਰਡ ਕੀਤੀਆਂ। ਉਸ ਦੀ ਇੰਟਰਵਿਊ ਦੀਆਂ ਫਿਲਮਾਂ ਵੀ ਬਣੀਆਂ।
ਸੈਂਡਲਰ ਦੇ ਜੀਵਨ ਦਾ ਨਿਰਮਲ ਵਿਸਥਾਰ ਤੇ ਉਸ ਦੇ ਕੀਤੇ ਕੰਮ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਮਨੁਖ ਵਿਚ ਨੈਤਿਕ ਚੰਗਿਆਈ ਦੀ ਕੋਈ ਸੀਮਾ ਨਹੀਂ! ਜਦੋਂ ਕੋਈ ਨੈਤਿਕਤਾ ਦੀਆਂ ਬੁਲੰਦੀਆਂ ਛੁਹਣਾ ਚਾਹੇ ਤਾਂ ਜਾਨ ਦੀ ਪਰਵਾਹ ਨਹੀਂ ਕਰਦਾ ਤੇ ਇਕ ਅਜਿਹਾ ਇਤਿਹਾਸ ਸਿਰਜ ਜਾਂਦਾ ਹੈ ਜਿਸ ਨੂੰ ਯਾਦ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਉਸ ਤੋਂ ਸਬਕ ਲੈਂਦੀਆਂ ਰਹਿੰਦੀਆਂ ਹਨ। ਸੈਂਡਲਰ ਵੀ ਇਕ ਅਜਿਹਾ ਇਤਿਹਾਸ ਸਿਰਜ ਗਈ!