ਰੱਬ ਹੁਣ ਬੰਦਿਆਂ ਵਿਚ ਨਹੀਂ ਵਸਦਾ?

ਐਸ਼ ਅਸ਼ੋਕ ਭੌਰਾ
ਫੋਨ: 510-415-3315
ਔਖੇ ਰਾਹਾਂ ਤੋਂ ਲੰਘਣ ਵਾਲਿਆਂ ਨੇ ਹੀ ਦੂਜਿਆਂ ਨੂੰ ਦੱਸਣਾ ਹੁੰਦਾ ਹੈ ਕਿ ਔਖੇ ਪੈਂਡੇ ਕਿੰਜ ਤੈਅ ਕਰੀਦੇ ਨੇ? ਇਸੇ ਲਈ ਦੁਖੀ, ਉਦਾਸ ਤੇ ਚਿੰਤਿਤ ਲੋਕ ਹੀ ਦੁਨੀਆਂ ਨੂੰ ਗਿਆਨ ਦੇ ਕੇ ਗਏ ਨੇ ਕਿ ਜ਼ਿੰਦਗੀ ਸੁਖਾਲੀ ਕਿਵੇਂ ਕੱਟੀ ਜਾਵੇ? ਜੇਠ-ਹਾੜ ਦੀਆਂ ਧੁੱਪਾਂ ਵਿਚ ਜਦੋਂ ਗੁਲਮੋਹਰ ਖਿੜਦਾ ਹੈ ਤਾਂ ਹਰ ਇਕ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਗਰਮੀ ‘ਚ ਸਿਰਫ ਤਪਦੇ ਮਾਰੂਥਲ ਨੂੰ ਹੀ ਯਾਦ ਨਹੀਂ ਰੱਖੀਦਾ? ਅੱਜ ਕੱਲ ਉਦਾਸ ਗੀਤ ਇਸ ਕਰਕੇ ਚੰਗੇ ਲੱਗਣ ਲੱਗ ਪਏ ਹਨ ਕਿਉਂਕਿ ਉਦਾਸੀ ਕੱਪੜਿਆਂ ਤੋਂ ਪਹਿਲਾਂ ਸਰੀਰ ਨਾਲ ਚਿੰਬੜ ਗਈ ਹੁੰਦੀ ਹੈ।

ਡੇਰਿਆਂ ਦੀ ਗਿਣਤੀ ਇਸ ਕਰਕੇ ਵਧ ਗਈ ਹੈ ਕਿ ਇਨ੍ਹਾਂ ਨੂੰ ਛਤਰੀ ਸਿਆਸਤਦਾਨਾਂ ਨੇ ਦਿੱਤੀ ਹੋਈ ਹੈ। ਫਿਕਰਾਂ ਤੇ ਤਣਾਓ ‘ਚ ਜਕੜੇ ਲੋਕ ਇੱਥੋਂ ਰੱਬ ਲੱਭਣ ਲੱਗ ਪਏ ਹਨ, ਇਹ ਭੰਬਲਭੂਸਾ ਨੇਤਾਵਾਂ ਨੇ ਤਾਂ ਪਾਇਆ ਹੋਇਆ ਹੈ ਕਿ ਲੋਕ ਸਮਝ ਹੀ ਨਾ ਸਕਣ ਕਿ ਰੱਬ ਬਣਨ ਦੀ ਇੱਛਾ ਤਾਂ ਉਨ੍ਹਾਂ ਦੇ ਆਪਣੇ ਅੰਦਰ ਪੈਦਾ ਹੋ ਚੁੱਕੀ ਹੁੰਦੀ ਹੈ। ਡੇਰਿਆਂ ‘ਤੇ ਲੋਕ ਮੱਥਾ ਰਗੜ ਰਹੇ ਹਨ, ਤਰਲੇ ਮਿੰਨਤਾਂ, ਹਾੜ੍ਹੇ ਕੱਢੇ ਜਾ ਰਹੇ ਹਨ, ਇਹ ਲੁਕਿਆ ਕਿੱਥੇ ਰਹਿ ਗਿਆ ਹੈ? ਕਾਂ ਨੇ ਚਿੜੀ ਦੇ ਮੂੰਹ ‘ਚੋਂ ਰੋਟੀ ਦਾ ਟੁੱਕ ਖੋਹਿਆ ਤਾਂ ਉਹ ਗੁੱਸੇ ‘ਚ ਬੋਲੀ, “ਕੰਜਰਾ ਤੂੰ ਨਾ ਬੰਦਾ ਬਣਿਆ!” ਕਾਂ ਅੱਗੋਂ ਹੀਂ ਹੀਂ ਕਰਕੇ ਬੋਲਿਆ, “ਭਲੀਏ ਮਾਣਸੇ ਉਹ ਕਿਹੜਾ ਬੰਦੇ ਬਣ ਗਏ ਹਨ!” ਚਿੜੀ ਹੈਰਾਨ ਹੋਈ ਕਹਿਣ ਲੱਗੀ, “ਅੱਗ ਲੱਗਣਿਆਂ ਉਹ ਕੌਣ?” ਕਾਂ ਨੇ ਮਸ਼ਕਰੀ ਲਹਿਜ਼ੇ ‘ਚ ਕਿਹਾ, “ਮੂਰਖੇ ਜਹਾਨ ਦੀਏ ਜਿਨ੍ਹਾਂ ਨੂੰ ਬੰਦੇ ਵੋਟਾਂ ਪਾਉਂਦੇ ਨੇ” ਤੇ ਚਿੜੀ ਭੁੱਖਣ-ਭਾਣੀ ਉਦਾਸ ਹੋ ਕੇ ਫਿਰ ਉਸੇ ਡੇਰੇ ‘ਤੇ ਜਾ ਬੈਠੀ ਜਿੱਥੋਂ ਉਹ ਰੋਟੀ ਦਾ ਟੁੱਕ ਲੈ ਕੇ ਆਈ ਸੀ ਅਤੇ ਲੋਕੀ ਰੱਬ ਤੋਂ ਪੁੱਛਣ ਲਈ ਅੱਗੇ ਹੱਥ ਜੋੜ ਕੇ ਬੈਠੇ ਸਨ, “ਐਤਕੀਂ ਵੋਟ ਕਿਹਨੂੰ ਪਾਈਏ?” ਧਰਮ ਪਸਰ ਤਾਂ ਰਿਹਾ ਹੈ ਪਰ ਰੱਬ ਤੋਂ ਲੋਕਾਂ ਦਾ ਵਿਸ਼ਵਾਸ ਉਠ ਰਿਹਾ ਹੈ। ਸੀਰੀਆ ‘ਚ ਧਰਮ ਦੇ ਨਾਂ ‘ਤੇ ਖੂਨ ਕਿਵੇਂ ਡੁੱਲ੍ਹ ਰਿਹਾ ਹੈ? ਆਈæ ਐਸ਼ ਕੀ ਕਰ ਰਹੀ ਹੈ? ਇਰਾਕ ‘ਚ ਕੀ ਹੋ ਕੇ ਹਟਿਆ ਹੈ? ਪੂਰੀ ਦੁਨੀਆਂ ‘ਚ ਧਰਮ ਦੇ ਪੈਰੋਕਾਰ ਗੋਲੀਆਂ ਨਾਲ ਨਿਹੱਥੇ ਲੋਕਾਂ ਨੂੰ ਭੁੰਨ ਰਹੇ ਹਨ, ਬਾਰੂਦ ਦੇ ਢੇਰ ‘ਤੇ ਬੈਠਾ ਵਿਸ਼ਵ ਵਿਗਿਆਨਕ ਯੁੱਗ ‘ਚ ਵੀ ਕਹਿਣ ਲੱਗ ਪਿਆ ਹੈ, “ਹੁਣ ਤਾਂ ਰੱਬ ਹੀ ਰਾਖਾ!” ਸਰਕਾਰਾਂ ਪਰਜਾ ਨੂੰ ਤੀਰਥ ਯਾਤਰਾਵਾਂ ਤਾਂ ਕਰਵਾਉਣ ਲੱਗ ਪਈਆਂ ਹਨ ਕਿ ਸਾਡੇ ਹੱਥ ਖੜੇ ਨੇ, ਦੁੱਖ ਰੱਬ ਨੂੰ ਹੀ ਦੱਸੋ। ਹਾਲੇ ਕਲਯੁਗ ਹੋਰ ਫੈਲੇਗਾ? ਜੇ ‘ਹਾਂ’ ‘ਚ ਉਤਰ ਹੈ ਤਾਂ ‘ਨਾਂਹ’ ਰੱਬ ਦੇ ਇਸ ਵਰਤਾਰੇ ‘ਤੇ ਵੀ ਨਹੀਂ ਕਰ ਸਕੋਗੇ!

—-

“ਨੀਂ ਰੱਖੀਏ ਅਹੁ ਵੇਖ ਲਾਲਿਆਂ ਦੀ ਸ਼ਕੁੰਤਲਾ ਸਵਰਗ ‘ਚ ਘੁੰਮਦੀ ਆ।”
“ਨੀ ਭਜਨੀਏ ਇੱਥੇ ਵੀ ਨ੍ਹੇਰ ਆਇਆ ਪਿਆ, ਧਰਤੀ ‘ਤੇ ਇਨ੍ਹਾਂ ਕੋਈ ਚੰਗਾ ਕੰਮ ਨ੍ਹੀਂ ਕੀਤਾ, ਸੁੱਖ ਸਾਰੇ ਮਾਣੇ ਤੇ ਚੌੜੀ ਹੋ ਕੇ ਸਵਰਗ ‘ਚ ਵੇਖ ਕਿੱਦਾਂ ਥਾਣੇਦਾਰ ਵਾਂਗੂ ਗੇੜੇ ਮਾਰਦੀ ਫਿਰਦੀ ਆ?”
“ਅੱਗ ਲੱਗਣੀ ਨੇ ਰੱਬ ਦਾ ਵੀ ਮੂੰਹ ਬੰਦ ਕਰ ਦਿੱਤਾ ਹੋਣੈ।”
“ਆਹੋ ਜਾਂ ਪੈਸਿਆਂ ਨਾਲ ਜੇਬ ਭਰ ਦਿੱਤੀ ਹੋਣੀ ਐ। ਸੁਨੱਖੀ ਹੇਠਾਂ ਵੀ ਬਥੇਰੀ ਸੀ, ਨਿੱਖਰੀ ਹੁਣ ਵੀ ਫਿਰਦੀ ਐ, ਇੱਥੇ ਵੀ ਕੋਈ ਘਾਲਾ ਮਾਲਾ ਈ ਲੱਗਦੈ।”
“ਅਸੀਂ ਦੁਖੀ ਆਈਆਂ, ਇਥੇ ਵੀ ਨਰਕ ‘ਚ ਤੁੰਨ’ਤਾ। ਅਹੁ ਵੇਖ ਰੱਬ ਨੇ ਕਚਹਿਰੀ ਲਾਈ ਹੋਈ ਐ, ਸ਼ਿਕਾਇਤਾਂ ਸੁਣਦੈ ਘੁੱਗੂ ਜਿਹਾ ਬਣ ਕੇ, ਚੱਲ ਆਪਾਂ ਵੀ ਪਿੱਟ ਸਿਆਪਾ ਕਰੀਏ।”
“ਨ੍ਹੀ ਰੱਬ ਨੂੰ ਕਾਹਨੂੰ ਏਦਾਂ ਬੋਲਦੀ ਐਂ, ਫਿਰ ਵੀ ਇਨਸਾਫ ਦਾ ਬਾਦਸ਼ਾਹ ਹੈ।”
“ਸੁਆਹ ਬਾਦਸ਼ਾਹ! ਅਸੀਂ ਹੇਠਾਂ ਕੀ ਕਰ ਦਿੱਤਾ ਜਿਹੜਾ ਉਪਰ ਸਾਨੂੰ ਆਉਂਦੀਆਂ ਨੂੰ ਫਿਰ ਨਰਕ ਵਿਚ ਦੁੱਖ ਝੱਲਣ ਲਈ ਬਿਠਾ ਦਿੱਤਾ।”
ਤੇ ਦੋਵੇਂ ਜਣੀਆਂ ਰੱਬ ਦੀ ਕਚਹਿਰੀ ‘ਚ ਜਾ ਖੜੀਆਂ ਹੋਈਆਂ। ਰੱਬ ਗੁੱਸੇ ‘ਚ ਬੋਲਿਆ, “ਤੁਸੀਂ ਕੌਣ ਹੋ? ਇੱਥੇ ਕਿੱਦਾਂ ਆਈਆਂ?”
“ਮੇਰਾ ਨਾਂ ਭਜਨੀ ਐ।”
“ਮੇਰਾ ਨਾਂ ਰੱਖੀ ਐ।”
“ਨਾ ਕੋਈ ਸਲਾਮ, ਨਾ ਕੋਈ ਦੁਆ, ਤੁਹਾਨੂੰ ਪਤਾ ਨਹੀਂ ਇਹ ਰੱਬ ਦੀ ਕਚਹਿਰੀ ਐ?”
“ਪਤਾ ਐ ਕਿ ਰੱਬ ਦੀ ਕਚਹਿਰੀ ਐ, ਕੋਈ ਸੰਗਤ ਦਰਸ਼ਨ ਤਾਂ ਨਹੀਂ? ਨਾਲੇ ਥੱਲੇ ਵੀ ਨਰਕ ਭੋਗਦੀਆਂ ਆਈਆਂ, ਹੁਣ ਵੀ ਸਿੱਧੀਆਂ ਨਰਕ ‘ਚ, ਸਾਡਾ ਕੀ ਵਿਗਾੜ ਲਏਂਗਾ, ਨਰਕ ਤੋਂ ਪਰ੍ਹੇ ਤਾਂ ਕੁਝ ਨ੍ਹੀਂ?”
“ਚੱਲ ਗੱਲ ਦੱਸੋ ਕੀ ਐ?”
ਭਜਨੀ ਹੋ ਗਈ ਸ਼ੁਰੂ, “ਮੇਰੇ ਘਰ ਵਾਲੇ ਦਾ ਨਾਮ ਫੱਕਰ ਸਿਹੁੰ ਸੀ, ਸੁਭਾਅ ਵੀ ਫੱਕਰਾਂ ਵਰਗਾ ਤੇ ਕੰਮ ਵੀ ਫੱਕਰਾਂ ਵਾਲੇ ਕਰਦਾ ਸੀ। ਮਰ ਗਿਆ ਤੇਰਾ ਸਤਾਇਆ।”
“ਥੋੜਾ ਚੱਜ ਨਾਲ ਬੋਲ, ਮੇਰੀ ਤੱਕੜੀ ਤੇਰਾਂ ਤੇਰਾਂ ਤੋਲਦੀ ਐ।”
“ਪਾਂਸਕ ਪਈ ਐ ਤੇਰੀ ਤੱਕੜੀ ‘ਚ, ਨਹੀਂ ਤੋਲਦੀ ਤੇਰਾਂ ਤੇਰਾਂ, ਸੌਦਾ ਘੱਟ ‘ਤੇ ਵੱਟੇ ਵੱਧ ਪਾਈ ਫਿਰਦਾਂ, ਵੱਡਾ ਰੱਬ ਬਣਕੇ ਬੈਠਾਂ ਏਥੇ।”
“ਹੱਦ ਹੋ ਗਈ! ਪਹਿਲੀ ਵਾਰ ਜਨਾਨੀ ਵੇਖੀ ਏਦਾਂ ਬੋਲਦੀ।”
“ਹੈਹਾ ਰੱਬਾ! ਤੇਰਾ ਕੱਖ ਨਾ ਰਹੇ, ਤੂੰ ਵੀ ਏਥੇ ਤੀਵੀਆਂ ਤੇ ਬੰਦਿਆਂ ‘ਚ ਫਰਕ ਪਾਈ ਬੈਠਾਂ? ਭਰੀ ਪਈ ਆਂ, ਬੋਲਾਂ ਨਾ ਤਾਂ ਕੀ ਕਰਾਂ?”
“ਤੂੰ ਗੱਲ ਦੱਸ ਕੀ ਐ?”
“ਸੁਣ ਫਿਰ। ਮੇਰੇ ਸਹੁਰੇ ਦੇ ਕਿੱਲੇ ਸੀਗੇ ਬਾਰਾਂ। ਚਾਰ ਸੀ ਉਹਦੇ ਪੁੱਤ। ਜ਼ਮੀਨ ਵੰਡੀ ਗਈ। 3 ਕਿੱਲੇ ਮੇਰੇ ਘਰ ਵਾਲੇ ਫੱਕਰ ਸਿਹੁੰ ਨੂੰ ਆਏ। ਬੜੀ ਸੋਹਣੀ ਜ਼ਿੰਦਗੀ ਚੱਲ ਰਹੀ ਸੀ। ਕਦੀ ਸਬਜ਼ੀ ਬੀਜ ਲਈ, ਕਦੇ ਕੁਝ ਬੀਜ ਲਿਆ, ਕਦੇ ਕੁਝ।”
“ਫਿਰ ਹੋਇਆ ਕੀ ਸੀ?”
“ਦੋ ਸਾਲ ਪਹਿਲਾਂ ਨਰਮਾ ਬੀਜ ਲਿਆ। ਤੇਰਾ ਪਾਲਤੂ ਕੁੱਤਿਆਂ ਵਾਂਗੂ ਪਾਲਿਆ ਮੱਛਰ ਗਰਮੀਆਂ ‘ਚ ਤਾਂ ਸਾਰਿਆਂ ਨੂੰ ਵੱਢ ਵੱਢ ਖਾਂਦਾ ਹੀ ਸੀ, ਇਕ ਨਵੇਂ ਰੰਗ ਦਾ ਤੂੰ ਹੋਰ ਮੱਛਰ ਪੈਦਾ ਕਰ’ਤਾ।”
“ਕਿਹੜਾ? ਮੇਰੇ ਤਾਂ ਧਿਆਨ ‘ਚ ਨ੍ਹੀਂ।”
“ਉਹ ਰੱਬਾ ਭੋਲਾ ਨਾ ਬਣ! ਚਿੱਟਾ ਮੱਛਰ! ਘਰ ਘਰ ਪੁੱਛ ਜ਼ਿਮੀਂਦਾਰਾਂ ਨੂੰ, ਚਿੱਟਾ ਮੱਛਰ ਕਹਿੰਦੇ ਕੀਹਨੂੰ ਆ? ਤੂੰ ਕਹਿੰਨੈ ਮੈਨੂੰ ਪਤਾ ਨ੍ਹੀਂ। ਪਹਿਲਾ ਮੱਛਰ ਸਾਨੂੰ ਖਾਂਦਾ ਸੀ ਤੇ ਇਹ ਚਿੱਟਾ ਮੱਛਰ ਸਾਡਾ ਨਰਮਾ ਖਾ ਗਿਆ। ਹੇਠਾਂ ਵੱਡਿਆਂ ਦੇ ਤਾਂ ਦੋਵੇਂ ਹੱਥਾਂ ‘ਚ ਲੱਡੂ ਫੜਾਏ ਹੋਏ ਆ ਤੇ ਆਪਣੇ ਹੱਥ ਜ਼ੁਲਮ ਦੀ ਤਲਵਾਰ ਫੜੀ ਬੈਠਾਂ।”
“ਡੀ ਡੀ ਟੀ ਛਿੜਕਾ ਕੇ ਦੂਜਾ ਮੱਛਰ ਮਰ ਜਾਂਦਾ, ਇਹ ਨ੍ਹੀਂ ਮਾਰ ਹੋਇਆ?”
“ਡੀ ਡੀ ਟੀ ਦਾ ਨ੍ਹੀਂ ਮੈਨੂੰ ਪਤਾ। ਪਰ ਬਹਿ ਗਿਆ ਬੇੜਾ ਚਿੱਟੇ ਝੱਗੇ ਵਾਲੇ ਦਾ, ਲੀਡਰ ਬਣੀ ਫਿਰਦਾ ਸੀ, ਬਥੇਰੀ ਦਵਾਈ ਛਿੜਕਾਈ, ਹਾਏ ਓਏ ਰੱਬਾ ਦਵਾਈ ਨਕਲੀ ਨਿੱਕਲੀ! ਤੂੰ ਚੜ੍ਹਾਉਂਦਾਂ ਨਿੰਮ ‘ਤੇ ਕਰੇਲੇ, ਚਿੱਟੇ ਮੱਛਰ ਪੈਦਾ ਕਰਦਾਂ, ਉਪਰੋਂ ਲੀਡਰਾਂ ਦੀ ਮਦਾਦ ਕਰਦਾਂ ਤੇ ਸਾਨੂੰ ਚੁੱਕ ਕੇ ਨਰਕ ‘ਚ ਸੁੱਟਦੈਂ।”
“ਚੱਲ ਜੇ ਨਰਮਾ ਮਰ ਗਿਆ ਤਾਂ ਫੱਕਰ ਸਿੰਘ ਕਾਹਤੋਂ ਮਰ ਗਿਆ?”
“ਬੱਲੇ ਓ ਭੋਲਿਆ ਪੰਛੀਆ। ਮਾਰ ਕੇ ਪੁੱਛਦਾਂ ਏ, ਸੱਟਾਂ ਕਿੱਥੇ ਕਿੱਥੇ ਲੱਗੀਆਂ? ਜਦ ਨਰਮਾ ਈ ਮਰ ਗਿਆ ਤਾਂ ਬੈਂਕ ਤੋਂ ਲਿਆ ਕਰਜ਼ਾ ਮੋੜ ਨਾ ਹੋਇਆ, ਮਹਿੰਗੀਆਂ ਦਵਾਈਆਂ ਨੇ ਖੂਨ ਪੀ ਲਿਆ, ਦੱਸ ਫੱਕਰ ਸਿਹੁੰ ਕੀ ਕਰਦਾ?”
“ਕੀ ਕੀਤਾ ਓਹਨੇ?”
“ਤੜਕੇ ਖੇਤਾਂ ‘ਚ ਕਿੱਕਰ ਨਾਲ ਤੋਰੀ ਵਾਂਗ ਲਮਕਦਾ ਵੇਖਿਆ, ਉਜੜ ਗਿਆ ਸਾਡਾ ਘਰ। ਬਣੀ ਬੈਠਾ ਵੱਡਾ ਰੱਬ! ਸੁਣਦਾ ਨ੍ਹੀਂ ਗਰੀਬਾਂ ਦੀ, ਸਾਡੀ ਵਾਰ ਨੂੰ ਤੇਰੇ ਕੰਨ ਬੋਲੇ ਆ?”
“ਨਾ ਮਰਿਆ ਕਾਹਤੋਂ?”
“ਤੇਰੇ ਜਣਦੇ ਬੈਂਕ ਆਲੇ ਤੰਗ ਕਰਦੇ ਸੀ। ਦੇਹ ਗੱਡੀ ‘ਤੇ ਗੱਡੀ, ਖਾਕੀ ਵਰਦੀਆਂ ਵਾਲੇ ਨਾਲ, ਕਹਿੰਦੇ ਚੁੱਕ ਲੈਣਾ, ਉਨ੍ਹਾਂ ਦੇ ਚੁੱਕਣ ਤੋਂ ਡਰਦਾ ਸੀ ਤੈਂ ਹੀ ਚੁੱਕ ਲਿਆ। ਆਂਹਦਾ ਕਿੱਦਾਂ ਮਰ ਗਿਆ? ਰੱਬਾ ਜੇ ਤੇਰਾ ਕੋਈ ਪੁੱਤ ਏਦਾਂ ਮਰੇ, ਫੇਰ ਤੈਨੂੰ ਪਤਾ ਲੱਗੇ ਕਿ ਜ਼ਿੰਮੀਦਾਰ ਮਰਦੇ ਕਿੱਦਾਂ ਆ? ਭਲਾ ਜਿਹਦੇ ਸਿਰ ਦਾ ਸਾਈਂ ਦੁਖੀ ਹੋ ਕੇ 50-60 ਸਾਲ ਦੀ ਉਮਰੇ ਮਰ ਜਾਏ, ਉਹਦੇ ਜਿਊਣ ਦਾ ਕੋਈ ਹੱਜ ਹੈ? ਹਉਕਿਆਂ ‘ਚ ਮਹੀਨੇ ਕੁ ਬਾਅਦ ਮੇਰੀਆਂ ਅੱਖਾਂ ਮੀਚ ਹੋ ਗਈਆਂ ਤੇ ਹੋ ਗਈ ਤੈਨੂੰ ਪਿਆਰੀ। ਹੇਠਾਂ ਉਤਰ ਫਿਰ ਤੈਨੂੰ ਪਤਾ ਲੱਗੇ ਕਿ ਜ਼ਿਮੀਂਦਾਰਾਂ ਨਾਲ ਹੁੰਦੀ ਕੀ ਕੀ ਐ? ਦੋ ਬਲੂੰਗੜਿਆਂ ਵਰਗੇ ਪੁੱਤ ਛੱਡ ਆਈ ਆਂ। ਤੂੰ ਹੀ ਜਾਣੇਂ ਉਨ੍ਹਾਂ ਦਾ ਕੀ ਬਣੂੰ?”
“ਚੱਲ ਹੁਣ ਚੁੱਪ ਕਰ ਰੱਖੀ ਦੀ ਗੱਲ ਸੁਣ ਲੈਣ ਦੇ ਮੈਨੂੰ।”
“ਹਾਂ ਤੂੰ ਦੱਸ ਰੱਖੀਏ, ਤੇਰਾ ਕੀ ਦੁਖਦਾ?”
“ਰੱਬਾ ਸਿਰ ਵੀ ਦੁਖਦਾ, ਢਿੱਡ ਵੀ ਦੁਖਦਾ, ਲੁੱਟ ਕੇ ਲਿਆਇਆਂ ਮੈਨੂੰ।”
“ਮੈਂ ਕਿੱਦਾਂ ਲੁੱਟਿਆ?”
“ਸੁਣ ਫਿਰ, ਮੇਰਾ ਪਤੀ ਸੀ ਗਿਆਨ ਚੰਦ, ਸ਼ਰੀਫ, ਸਿੱਧਾ ਸਾਦਾ ਬੰਦਾ, ਦਿਹਾੜੀਆਂ ਕਰਦਾ।”
“ਰੋਟੀ ਨ੍ਹੀਂ ਮਿਲਦੀ ਸੀ ਫਿਰ?”
“ਰੋਟੀ ਮਿਲਦੀ ਹੁੰਦੀ ਤਾਂ ਤੇਰੇ ਸਾਹਮਣੇ ਅੱਜ ਸਿਆਪਾ ਨਾ ਕਰਦੀ।”
“ਪਾਪੀਆ, ਦਿਹਾੜੀ ਕਰ ਕਰ ਧੀ ਪਾਲੀ, ਪੁੱਤ ਪਾਲਿਆ, ਸੌ ਰੁਪਏ ਦਿਹਾੜੀ ਨਾਲ ਤਾਂ ਰੋਟੀ ਨਹੀਂ ਚੱਲਦੀ ਸੀ, ਸੁਸਾਇਟੀ ਤੋਂ ਕਰਜ਼ਾ ਚੁੱਕਿਆ, ਫਿਰ ਧੀ ਵਿਆਹੀ, ਤੇਰਾ ਬਹਿ ਗਿਆ ਬੇੜਾ, ਜਿਹੜਾ ਜੁਆਈ ਟੱਕਰਿਆ ਉਹ ਚਿੱਟਾ ਪੀਵੇ।”
“ਭਜਨੀ ਤਾਂ ਚਿੱਟੇ ਮੱਛਰ ਦੀ ਗੱਲ ਕਰਦੀ ਸੀ, ਇਹ ਹੋਰ ਚਿੱਟਾ ਕੀ ਐ?”
“ਲੈ ਜਿੱਦਾਂ ਕਿਤੇ ਪਤਾ ਈ ਨ੍ਹੀਂ ਹੁੰਦਾ? ਹੇਠਾਂ ਚੱਲ ਕੇ ਤਾਂ ਵੇਖ, ਤੇਰਾ ਨਾਂ ਕੋਈ ਨ੍ਹੀਂ ਲੈਂਦਾ, ਚਿੱਟਾ ਈ ਚਿੱਟਾ ਹੋਈ ਪਈ ਐ। ਚਿੱਟੇ ਲੀੜਿਆਂ ਵਾਲੇ ਚਿੱਟਾ ਵੇਚਦੇ ਆ। ਕੋਠੇ ਜਿੱਡਾ ਮੇਰਾ ਜੁਆਈ ਚਿੱਟਾ ਪੀ ਕੇ ਮਰ ਗਿਆ, ਧੀ ਦੇ ਸਿਰ ‘ਤੇ ਤੈਂ ਚਿੱਟੀ ਚੁੰਨੀ ਦੇ’ਤੀ, ਅੱਗ ਲੱਗਣਾ ਜੁਆਈ ਮੇਰੇ ਪੁੱਤ ਨੂੰ ਚਿੱਟਾ ਪੀਣ ਲਾ ਗਿਆ, ਸੌ ਡੂਢ ਸੌ ਰੁਪਿਆ ਦਿਹਾੜੀ, 7-8 ਸੌ ਦਾ ਰੋਜ਼ ਚਿੱਟਾ ਪੀਣ ਲੱਗ ਪਿਆ। ਤੂੰ ਦੱਸ ਫਿਰ ਗਿਆਨ ਚੰਦ ਕੀ ਕਰਦਾ?”
“ਕੀ ਕੀਤਾ ਫਿਰ ਓਹਨੇ?”
“ਕਰਨਾ ਕੀ ਸੀ? ਉਹਨੇ ਵੀ ਲੈ ਲਿਆ ਚਿੱਟਾ ਕੱਫਣ। ਸਲਫਾਸ ਖਾ ਲਈ ਤੇ ਪਾਪੀਆ ਜਿਹੜੀ ਇਕ ਗੋਲੀ ਬਚਦੀ ਸੀ ਉਹ ਮੈਂ ਖਾ ਕੇ ਆ ਗਈ ਹਾਂ ਤੇਰੇ ਕੋਲ।”
“ਤੇਰੇ ਪੁੱਤ ਦਾ ਕੀ ਬਣੇਗਾ, ‘ਕੱਲਾ ਰਹਿ ਗਿਆ?”
“ਜਿੱਦਾਂ ਕਿਤੇ ਤੈਨੂੰ ਮੇਰੇ ਪੁੱਤ ਦਾ ਬਹੁਤ ਫਿਕਰ ਹੁੰਦਾ ਐ। ਮੈਂ ‘ਕੱਲੀ ਮਾਂ ਨਹੀਂ, ਕਿਤੇ ਪੌੜੀਆਂ ਲਾ ਕੇ ਹੇਠਾਂ ਤਾਂ ਉਤਰ, ਘਰ ਘਰ ਮਾਂਵਾਂ ਚਿੱਟੇ ਦਾ ਪਿਛੋਂ, ਪਹਿਲਾਂ ਤੇਰਾ ਸਿਆਪਾ ਕਰਦੀਆਂ। ਕਰ ਲੈ ਪੁੱਤਾਂ ਦਾ ਖਿਆਲ ਜੇ ਆਪਣੀ ਗੱਦੀ ਬਚਾਉਣੀ ਆ।”
“ਅੱਛਾ! ਏਨਾ ਨ੍ਹੇਰ ਪਿਆ ਹੋਇਐ।”
“ਤੈਂ ਪਾਇਆ ਰੱਬਾ, ਤੈਂ ਪਾਇਆ।”
“ਮੈਂ ਕਿੱਦਾਂ ਪਾਇਆ?”
“ਐਥੇ ਕਿਹੜਾ ਤੂੰ ਕੋਈ ਫਰਕ ਨਹੀਂ ਪਾਇਆ? ਹਾਅ ਜਿਹੜੀ ਲਾਲਿਆਂ ਦੀ ਸ਼ਕੁੰਤਲਾ ਤੁਰੀ ਫਿਰਦੀ ਐ। ਇਹਨੇ ਹੇਠਾਂ ਏਦਾਂ ਦਾ ਕੀ ਕੰਮ ਕੀਤਾ ਜਿਹਨੂੰ ਤੂੰ ਸਵਰਗ ‘ਚ ਰੱਖਿਐ।”
“ਕਰਾਉਨਾਂ ਚੈਕ ਮੈਂ ਇਹਦਾ ਰਿਕਾਰਡ।”
“ਤੈਂ ਕੀ ਕਰਾਉਣਾ, ਮੈਂ ਦੱਸਦੀ ਆਂ। ਇਹਦੇ ਸਹੁਰੇ ਦਾ ਨਾਂ ਸੀ ਭਗਵਾਨ ਦਾਸ। ਪਿੰਡ ‘ਚ ਕਰਿਆਨੇ ਦੀ ਟੁੱਟੀ ਜਿਹੀ ਦੁਕਾਨ ਕਰਦਾ ਸੀ। ਉਹਦਾ ਸੀ ਇਕ ਮੁੰਡਾ ਪਿਆਰੇ ਲਾਲ। ਉਹਨੇ ਸ਼ਹਿਰ ‘ਚ ਆੜ੍ਹਤ ਦੀ ਦੁਕਾਨ ਪਾ ਲਈ। ਜ਼ਿਮੀਂਦਾਰ ਲੁੱਟ ਲੁੱਟ ਖਾਧੇ, ਫੁੱਟਬਾਲ ਵਰਗੀ ਗੋਗੜ ਸੀ ਉਹਦੀ। ਮੂਲ ਰੁਪਿਆ ਹੁੰਦਾ, ਵਿਆਜ ਪਾ ਕੇ 3-3 ਵਸੂਲ ਕਰਦਾ। ਐਂ ਫੈਲਿਆ ਕਤੀਰੇ ਗੂੰਦ ਵਾਂਗੂ। ਪਿਆਰੇ ਲਾਲ ਨੇ ਤਿੰਨ ਜੰਮੇ, ਇਕ ਐਮ ਐਲ ਏ ਆ, ਦੂਜਾ ਚੇਅਰਮੈਨ, ਤੀਜਾ ਰਿਸ਼ਵਤ ਦੇ ਕੇ ਕਾਨੂੰਗੋ ਲਾ ਲਿਆ। ਆਪ ਆੜ੍ਹਤ ‘ਚ ਲੁੱਟਦੈ ਜ਼ਿਮੀਂਦਾਰਾਂ ਨੂੰ ਤੇ ਕਾਨੂੰਗੋ ਜ਼ਿਮੀਂਦਾਰਾਂ ਤੋਂ ਇੰਤਕਾਲ ਕਰਵਾਉਣ ਤੇ ਫਰਦਾਂ ਬਣਾਉਣ ਦੇ ਪੈਸੇ ਲੈਂਦਾ। ਹਾਅ ਜਿਹੜੀ ਸ਼ਕੁੰਤਲਾ, ਇਹ ਪੁਆੜੇ ਦੀ ਜੜ੍ਹ। ਗਰੀਬ ਨੂੰ ਘਰ ਨਾ ਵੜਨ ਦਿੰਦੀ ਅਖੇ ਅਸੀਂ ਭਿੱਟੇ ਜਾਵਾਂਗੇ। ਇਹ ਜਾਤ-ਪਾਤ ਦੇ ਵਾਜੇ ਵਜਾ ਕੇ ਆਈ ਆ, ਇਹ ਸਵਰਗ ਵਿਚ ਕਿੱਦਾਂ ਬੈਠੀ ਆ।”
“ਮੈਂ ਪੁੱਛਿਆ ਸੀ ਆਪਣੇ ਪੀ ਏ ਨੂੰ ਕਿ ਇਹਨੂੰ ਸਵਰਗ ਕਿੱਦਾਂ ਅਲਾਟ ਕੀਤਾ? ਉਹ ਆਂਹਦਾ ਇਹ ਰੋਜ਼ ਗਊ ਨੂੰ ਪੇੜਾ ਦਿੰਦੀ ਸੀ।”
ਤੇ ਮਾਰੀ ਰੱਖੀ ਨੇ ਪੱਟਾਂ ‘ਤੇ ਦੁਹੱਥੜੀ, “ਓਹ ਰੱਬਾ! ਤੂੰ ਅੰਨਾ ਹੋ ਗਿਐਂ, ਤੈਨੂੰ ਖਰੇ ਖੋਟੇ ਦਾ ਕੋਈ ਫਰਕ ਨਹੀਂ ਪਤਾ? ਇਹ ਸਾਰੇ ਪਾਪ ਗਾਂ ਨੂੰ ਪੇੜਾ ਦੇਣ ਨਾਲ ਧੋਤੇ ਗਏ? ਜੇ ਤੂੰ ਸੱਚੀਂ ਰੱਬ ਐਂ ਤਾਂ ਹੇਠਾਂ ਦੀਆਂ ਖਬਰਾਂ ਵੇਖ, ਇਹ ਗਊ ਰਾਖੇ ਗਰੀਬਾਂ ਨਾਲ ਕਰ ਕੀ ਰਹੇ ਆ? ਇਹ ਪੇੜਿਆਂ ਦੇ ਪੁਆੜੇ ਤੇਰੇ ਦਰਬਾਰ ‘ਚ ਵੀ ਪਏ ਹੋਏ ਆ।”
“ਚੱਲ ਤੁਸੀਂ ਖਫਾ ਨਾ ਹੋਵੋ। ਮੈਂ ਆਪਣੇ ਪੀ ਏ ਨੂੰ ਬੁਲਾਉਨਾਂ ਹੁਣੇ ਈ, ਗ੍ਰਹਿ ਮੰਤਰੀ ਨੂੰ ਵੀ। ਉਨ੍ਹਾਂ ਨੂੰ ਪੁੱਛਦਾਂ, ਇਨ੍ਹਾਂ ਬੀਬੀਆਂ ਨੂੰ ਨਰਕ ਕਿਉਂ ਦਿੱਤਾ ਤੇ ਸ਼ਕੁੰਤਲਾ ਨੂੰ ਸਵਰਗ ਕਿਉਂ?”
“ਬੱਲੇ ਓ ਤੇਰੇ! ਬੰਨ੍ਹ ਦੇ ਸਾਡੀ ਗੁੱਤ ਨਾਲ ਰਾਮ ਤੋਰੀ, ਪਾ ਲੈ ਸਾਡੇ ਅੱਖੀਂ ਘੱਟਾ, ਕੱਖ ਨ੍ਹੀਂ ਕਰਨਾ ਤੈਂ ਤੇ ਜੇ ਹੁਣ ਨਾ ਕੀਤਾ ਤਾਂ ਪਰਲੋ ਆਏਗੀ ਹੀ ਆਏਗੀ।”
“ਤੁਹਾਨੂੰ ਕਹਿ ਤਾਂ ਦਿੱਤਾ ਕਿ ਮੈਂ ਆਪਣੇ ਪੀ ਏ ਤੇ ਗ੍ਰਹਿ ਮੰਤਰੀ ਨੂੰ ਪੁੱਛਦਾਂ ਸਭ ਕੁਝ।”
“ਕੱਖ ਨ੍ਹੀਂ ਹੋਣਾ! ਕੱਖ ਨ੍ਹੀਂ ਤੈਂ ਕਰਨਾ!”
“ਇਹ ਭਜਨੀਏ, ਇਹ ਰੱਖੀਏ, ਯਕੀਨ ਕਰੋ ਮੈਂ ਫਿਰ ਵੀ ਰੱਬ ਆਂ।”
“ਤੂੰ ਕਲਯੁਗੀ ਰੱਬ ਐਂ, ਪਰਿਵਾਰ ਪਾਲਦੈਂ, ਅਖੇ ਪੀ ਏ ਨੂੰ ਪੁੱਛਦਾਂ, ਗ੍ਰਹਿ ਮੰਤਰੀ ਨੂੰ ਸੱਦਦਾਂ, ਸਾਨੂੰ ਸਭ ਪਤੈ।”
“ਰੱਬ ਦੇ ਘਰ ਦਾ ਨ੍ਹੀਂ ਕਿਸੇ ਨੂੰ ਪਤਾ! ਭੋਲੀਓ।”
“ਓਹ ਕਿੱਦਾਂ ਨ੍ਹੀਂ ਪਤਾ? ਤੇਰਾ ਪਰਦਾ ਚੁੱਕਣ ਲੱਗੀਆਂ ਅਸੀਂ। ਪੀ ਏ ਤੇਰਾ ਸਾਲਾ ਆ ਤੇ ਗ੍ਰਹਿ ਮੰਤਰੀ ਜੀਜਾ, ਤੂੰ ਨ੍ਹੀਂ ਇਨਸਾਫ ਦੇ ਸਕਦਾ। ਚੱਲ ਛੱਡ! ਸਾਨੂੰ ਤਾਂ ਨਰਕ ‘ਚ ਈ ਰਹਿਣ ਦੇ, ਪਰ ਇਕ ਗੱਲ ਦਾ ਜਵਾਬ ਦੇਹ।”
“ਦੱਸੋ ਕਿਹੜੀ?”
“ਸਾਰੀ ਦੁਨੀਆਂ ਕਹਿੰਦੀ ਆ ਰੱਬ ਬੰਦਿਆਂ ‘ਚ ਵਸਦੈ। ਪਰ ਹੁਣ ਨ੍ਹੀਂ ਲੱਗਦਾ।”
“ਤੁਹਾਨੂੰ ਅਕਲ ਨ੍ਹੀਂ, ਵੋਟਾਂ ਪਾਉਣ ਵੇਲੇ ਪਊਆ ਲੈ ਲੈਂਦੇ ਆ, ਭੁੱਕੀ ਲੈ ਲੈਂਦੇ ਆ, ਪੈਸੇ ਲੈ ਲੈਂਦੇ ਆ, ਤੇ ਕੁੱਟ ਖਾਵੇ ਰੱਬ। ਜਿਹੜਾ ਕਰੂ ਉਹ ਭਰੂ, ਭਰੋ ਹੁਣ।”
“ਰੱਬਾ ਜੇ ਸਾਡੇ ਤੋਂ ਈ ਵੋਟਾਂ ਪੈ ਜਾਂਦੀਆਂ, ਤੂੰ ਤਾਂ ਹਰ ਬੰਦੇ ਦੇ ਹਿਰਦੇ ‘ਚ ਵਸਦੈਂ, ਇਨ੍ਹਾਂ ਲੀਡਰਾਂ ਦੇ ਈ ਕੋਈ ਮਨ ਸਮੱਤਿਆ ਪਾ ਦੇ।”
“ਜਾਓ ਬੀਬੀਓ ਚਲੇ ਜਾਓ। ਤੁਹਾਨੂੰ ਨ੍ਹੀਂ ਸਮਝ ਲੱਗਣੀ, ਕੀ ਕੀ ਦੱਸਾਂ?”
“ਖੋਲ੍ਹ ਕੇ ਦੱਸ?”
“ਅਕਲ ਦੀਓ ਅੰਨ੍ਹੀਓ, ਮੈਂ ਬੰਦਿਆਂ ‘ਚ ਵਸਦਾਂ, ਲੀਡਰਾਂ ‘ਚ ਨ੍ਹੀਂ।”
ਤੇ ਸੁੱਤੀ ਪਈ ਪੋਤੀ ਨੇ ਰਾਮ ਰੱਖੀ ਨੂੰ ਹਲੂਣ ਕੇ ਉਠਾ ਦਿੱਤਾ, “ਦਾਦੀ ਮਾਂ ਤਾਜ਼ੀ ਡਬਲ ਰੋਟੀ ਭਾਈ ਵੇਚਦਾ ਬਾਹਰ, ਉਹ ਲੈ ਦੇ।”
“ਅੱਗ ਲੱਗੇ ਤੇਰੀ ਡਬਲ ਰੋਟੀ ਨੂੰ, ਕਰ ਲੈਣ ਦਿੰਦੀ ਤਾਂ ਰੱਬ ਨਾਲ ਕੁਪੱਤ ਮੈਨੂੰ। ਚੱਲ ਵੱਢਾਂ ਤੇਰਾ ਵੀ ਫਾਹਾ।”
ਤੇ ਚੁੰਨੀ ਦੇ ਲੜ ਨਾਲੋਂ ਰੁਪਈਏ ਦਾ ਸਿੱਕਾ ਖੋਲ੍ਹ ਕੇ ਪੋਤੀ ਨੂੰ ਦਾਦੀ ਡਬਲ ਰੋਟੀ ਲੈ ਕੇ ਦੇਣ ਲਈ ਬਾਹਰ ਨਿਕਲੀ। ਪਹੁ ਫੁੱਟਦੀ ਨੂੰ ਗਜ਼ਾ ਕਰਨ ਵਾਲਾ ਫਕੀਰ ਗਾ ਰਿਹਾ ਸੀ:
ਜੱਗ ਵਿਚ ਰੱਬ ਨੇ ਬਣਾਏ ਬੰਦੇ ਇੱਕੋ ਜਿਹੇ
ਨੱਕ, ਕੰਨ, ਅੱਖ, ਮੁੱਖ ਇਕ ਪ੍ਰਕਾਰ ਦਾ,
ਸੂਰਜ ਨ੍ਹੀਂ ਕਹਿੰਦਾ
ਧੁੱਪੇ ਬੈਠੇ ਨਾ ਚਮਾਰ ਕੋਈ,
ਚੰਦ ਵੀ ਨ੍ਹੀਂ ਕੱਲਿਆਂ ਬ੍ਰਾਹਮਣਾ ਨੂੰ ਠਾਰ੍ਹਦਾ।
ਇਹ ਅੱਗ, ਪੌਣ, ਪਾਣੀ
ਸੁੱਖ ਦਿੰਦੇ ਸਾਰੇ ਇਕੋ ਜਿਹਾ,
ਇਹ ਧਰਤੀ ਨ੍ਹੀਂ ਕਹਿੰਦੀ
ਭਾਰ ਲੱਗੇ ਘੁਮਿਆਰ ਦਾ।
ਫਿਰ ਕਿਉਂ ਹਨੇਰ ਏਨਾ
ਆਇਆ ਏ ਜਹਾਨ ਉਤੇ,
ਬੰਦੇ ਤਾਈਂ ਬੰਦਾ ਕੁੱਤੇ ਵਾਂਗੂੰ ਦੁਰਕਾਰਦਾ।
“ਦਾਦੀ ਮਾਂ ਇਹ ਬਾਬਾ ਕਹਿੰਦਾ ਰੱਬ ਨੇ ਸਾਰੇ ਬੰਦੇ ਇੱਕੋ ਜਿਹੇ ਬਣਾਏ ਆ! ਪਰ ਤੂੰ ਕਿੰਨੀ ਸੋਹਣੀ ਆਂ, ਬਾਬਾ ਕੂਲ ਕੱਟਾ ਕਾਲਾ! ਫੇਰ ਇੱਕੋ ਜਿਹੇ ਤਾਂ ਨ੍ਹੀਂ ਹੋਏ ਨਾ?”
“ਭੋਲੀਏ ਧੀਏ, ਹਾਲੇ ਤੈਨੂੰ ਕੁਝ ਨ੍ਹੀਂ ਪਤਾ।”
“ਪਤਾ ਦਾਦੀ ਮਾਂ, ਕੱਲ੍ਹ ਮੇਰੀ ਸਕੂਲੇ ਮੈਡਮ ਵੀ ਕਹਿੰਦੀ ਸੀ, ਧਰਤੀ ‘ਤੇ ਸਾਰੇ ਬੰਦੇ ਰੱਬ ਨੇ ਬਣਾਏ ਆ। ਭਲਾ ਤੈਨੂੰ ਵੀ ਰੱਬ ਨੇ ਬਣਾਇਆ!”
“ਹਾਂ! ਮੈਨੂੰ ਰੱਬ ਨੇ ਬਣਾਇਆ।”
“ਮੈਨੂੰ ਵੀ?”
“ਜਦ ਸਾਰਿਆਂ ਨੂੰ ਰੱਬ ਬਣਾਉਂਦਾ, ਤੈਨੂੰ ਵੀ ਤਾਂ ਰੱਬ ਨੇ ਈ ਬਣਾਇਆ ਆ।”
“ਪਰ ਦਾਦੀ ਮਾਂ, ਰੱਬ ਕੋਲ ਪਹਿਲਾਂ ਬੰਦੇ ਬਣਾਉਣ ਵਾਲੀਆਂ ਪੁਰਾਣੀਆਂ ਮਸ਼ੀਨਾਂ ਹੋਣੀਆਂ, ਹੁਣ ਕੰਪਿਊਟਰ ਹੋਊ ਪੱਕਾ!”
“ਨੀ ਚਲਾਕੋ, ਤੈਨੂੰ ਕਿੱਦਾਂ ਪਤਾ?”
“ਲੈ! ਪਤਾ ਕਿੱਦਾਂ ਨ੍ਹੀਂ? ਤੂੰ ਬੁੜੀ ਐਂ ਤੈਨੂੰ ਪੁਰਾਣੀ ਮਸ਼ੀਨ ਨਾਲ ਬਣਾਇਆ, ਮੈਂ ਵੇਖ ਨਿੱਕੀ ਜਿਹੀ ਬੱਚੀ ਕਿੰਨੀ ਸੋਹਣੀ, ਮੈਨੂੰ ਕੰਪਿਊਟਰ ਨਾਲ ਬਣਾਇਆ। ਤੂੰ ਬੁੱਢੀ, ਮੈਂ ਬੱਚੀ ਤੇ ਰੱਬ ਕੋਲ ਪੱਕਾ ਮੋਬਾਈਲ ਵੀ ਹੋਊ।”
“ਦਾਦੀ ਮਾਂ ਹੋਰ ਪ੍ਰੇਸ਼ਾਨ ਹੋ ਗਈ ਸੀ ਕਿ ਇਸ ਬਾਲੜੀ ਨੂੰ ਕਿਵੇਂ ਦੱਸਾਂ ਕਿ ਧੀਏ ਬੁੱਢੀ ਤੂੰ ਵੀ ਹੋਵੇਂਗੀ, ਕਦੀ ਮੈਂ ਵੀ ਤੇਰੇ ਵਰਗੀ ਸੀ। ਜਦ ਤੂੰ ਮੇਰੇ ਵਰਗੀ ਹੋਵੇਂਗੀ ਤਾਂ ਮੈਂ ਇਸ ਧਰਤੀ ‘ਤੇ ਨਹੀਂ ਹੋਵਾਂਗੀ। ਇਹਨੂੰ ਕੀ ਦੱਸਾਂ ਕਿ ਰੱਬ ਕੋਲ ਕੰਪਿਊਟਰ ਹੈ ਜਾਂ ਨਹੀਂ? ਪਰ ਇਹਨੂੰ ਰੱਬ ਦੀਆਂ ਵਧੀਕੀਆਂ ਤੇ ਸ਼ੈਤਾਨੀਆਂ ਪਤਾ ਨਹੀਂ ਕਿੰਨੀਆਂ ਕੁ ਸਹਿਣੀਆਂ ਪੈਣਗੀਆਂ। ਚਲੋ ਮਾਸਟਰ ਤੇ ਮੈਡਮਾਂ ਇਹ ਤਾਂ ਹਾਲੇ ਦੱਸੀ ਜਾਂਦੇ ਨੇ ਕਿ ਰੱਬ ਬੰਦਿਆਂ ‘ਚ ਵਸਦੈ, ਪਰ ਮੈਂ ਸਾਰੀ ਉਮਰ ਕਿਸੇ ਬੰਦੇ ‘ਚ ਰੱਬ ਨਹੀਂ ਵੇਖਿਆ।”
___________________________
ਗੱਲ ਬਣੀ ਕਿ ਨਹੀਂ
ਸੱਟਾਂ ਕਿੱਦਾਂ ਲੱਗੀਆਂ ਨੇæææ?
ਚੀਕਾਂ ਮਾਰੇ ਵਿਲ੍ਹਕੇ ਪੁੰਨੂ, ਨਹੀਂ ਸੁਣਦਾ ਕੋਈ ਸ਼ੋਰ ਤੇਰਾ।
ਤੂੰ ਸੱਸੀਏ ਫਿਰ ਕਦ ਜਾਗੇਂਗੀ, ਲੁੱਟਿਆ ਗਿਆ ਭੰਬੋਰ ਤੇਰਾ।
ਕੋਈ ਮਿਰਜ਼ੇ ਦੀਆਂ ਕਾਨੀਆਂ ਏਥੇ, ਸਾਹਿਬਾਂ ਭੰਨ੍ਹਦੀ ਦੇਖੀ ਨਹੀਂ,
ਨਾ ਜੱਟਾ ਹੁਣ ਚੰਦੜਾਂ ਮੂਹਰੇ, ਚਲਣਾ ਏ ਕੋਈ ਜ਼ੋਰ ਤੇਰਾ।
ਭੁੱਖ ਦੇ ਛੈਣੇ ਘਰ ਵਿਚ ਛਣਕਣ, ਮੰਦਰੀਂ ਟੱਲ ਵਜਾਉਂਦੇ ਲੋਕ।
ਬੇਸੁਰੀਆਂ ਲਾ ਲਾ ਕੇ ਹੇਕਾਂ, ਪੱਕੇ ਰਾਗ ਸੁਣਾਉਂਦੇ ਲੋਕ।
ਡੱਬੂ ਚੜ੍ਹ ਕੇ ਕੰਧਾਂ ਉਤੇ ਬੱਕਰੇ ਰੋਜ਼ ਬੁਲਾਉਂਦੇ ਨੇ।
ਬੀਬੇ ਬੰਦਿਆਂ ਦੇ ਕਿੱਸੇ, ਹੁਣ ਜਾਨੀ ਚੋਰ ਸੁਣਾਉਂਦੇ ਨੇ।
ਦਿਨ ਛੁਪਦਾ ਤਾਂ ਗੋਤੇ ਪੈਂਦੇ, ਘਰ ਨੂੰ ਨ੍ਹੇਰ ਡਰਾਉਂਦਾ ਏ।
ਵਿਰਲੀ ਕੋਈ ਮਾਂ ਜਿਹਦਾ ਪੁੱਤ, ਜਿਵੇਂ ਤੋਰਿਆ ਆਉਂਦਾ ਏ।
ਵਿਹੜੇ ਵਿਚੋਂ ਧੁੱਪ ਗੁਆਚੀ, ਰੁੱਖਾਂ ਹੇਠਾਂ ਛਾਂ ਨਹੀਂ ਹੈ।
ਦਿਲ ਨੂੰ ਪੁੱਛੋ ਉਜੜਿਆ ਕਿਹੜਾ, ਅੱਜ ਕੱਲ੍ਹ ਸ਼ਹਿਰ ਗਰਾਂ ਨਹੀਂ ਹੈ।
ਲੋਕੀਂ ਸਮਝਣ ਲੀਡਰ ਬੋਲਣ, ਹੈ ਨਿਰੀਆਂ ਤਸਵੀਰਾਂ ਨੇ।
ਇਨ੍ਹਾਂ ਦੇ ਉਤੇ ਫੇਰ ਭਰੋਸਾ ਕਰ ਲੈਣਾ ਤਕਦੀਰਾਂ ਨੇ।
ਪੈਰ ਪੈਰ ‘ਤੇ ਕੰਡੇ ਖਿਲਰੇ ਕੋਹ ਕੋਹ ਉਤੇ ਠੱਗੀਆਂ ਨੇ।
ਮਾਰ ਕੇ ਲੋਕੀਂ ਪੁੱਛਦੇ ‘ਭੌਰੇ’ ਸੱਟਾਂ ਕਿੱਦਾਂ ਲੱਗੀਆਂ ਨੇ?