ਗੁਲਜ਼ਾਰ ਸਿੰਘ ਸੰਧੂ
ਭਾਰਤੀ ਮਾਰਕਸਵਾਦੀ ਪਾਰਟੀ ਦਾ ਸਾਬਕਾ ਜਨਰਲ ਸਕੱਤਰ ਹਰਕਿਸ਼ਨ ਸਿੰਘ ਸੁਰਜੀਤ Ḕਕਿੰਗ ਮੇਕਰḔ ਵਜੋਂ ਵੀ ਜਾਣਿਆ ਜਾਂਦਾ ਸੀ ਤੇ ਸਿਆਸਤ ਦੇ ਚਾਣਕੀਆ ਵਜੋਂ ਵੀ। ਇਹ ਬਹੁ-ਰੰਗੀ ਤੇ ਬਹੁ-ਚਰਚਿਤ ਹਸਤੀ ਕਿਵੇਂ ਤੇ ਕਦੋਂ ਬਣੀ, ਜਾਣਨ ਲਈ ਸਾਥੀ ਸੁਰਜੀਤ ਦੀਆਂ ਆਪਣੀਆਂ ਰਚਨਾਵਾਂ ਦਾ ਪਾਠ ਕਰਨਾ ਜ਼ਰੂਰੀ ਹੈ। ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਪ੍ਰਕਾਸ਼ਨ ਤੇ ਅਖਬਾਰ ਦੇਸ਼ ਸੇਵਕ ਨੇ ਰਲ ਕੇ ਇਨ੍ਹਾਂ ਰਚਨਾਵਾਂ ਦੀ ਚੋਣ ਤੇ ਸੰਪਾਦਨ ਕਰਕੇ ਇਹ ਕੰਮ ਸੌਖਾ ਕਰ ਦਿੱਤਾ ਹੈ।
ਹਰ ਸਫਲ ਆਦਮੀ ਦੀ ਸਫਲਤਾ ਪਿੱਛੋਂ ਕਿਸੇ ਔਰਤ ਦਾ ਹੱਥ ਹੁੰਦਾ ਹੈ ਪਰ ਸੁਰਜੀਤ ਦੀ ਸੰਖੇਪ ਜੀਵਨੀ ਪੜ੍ਹਿਆਂ ਪਤਾ ਲੱਗਦਾ ਹੈ ਕਿ ਉਸ ਨੂੰ ਬਲ ਦੇਣ ਵਾਲੀ ਉਸ ਦੀ ਮਾਤਾ ਗੁਰਬਚਨ ਕੌਰ ਹੀ ਨਹੀਂ, ਉਸ ਦੀ ਪਤਨੀ ਪ੍ਰੀਤਮ ਕੌਰ ਵੀ ਸੀ। ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਰੁੱਝੇ ਪਿਤਾ ਹਰਨਾਮ ਸਿੰਘ ਨੂੰ ਤਾਂ ਦੇਸ਼ ਤੇ ਦੇਸ਼ ਤੋਂ ਬਾਹਰ ਕਿਧਰੇ ਵੀ ਚੈਨ ਨਹੀਂ ਮਿਲਿਆ ਪਰ ਮਾਤਾ ਜੀ ਨੇ ਹੌਸਲਾ ਨਹੀਂ ਹਾਰਿਆ। ਉਹ ਆਪਣੇ ਪਤੀ ਵੱਲੋਂ ਖੇਤੀ ਵਾਲੀ ਜੱਦੀ ਜ਼ਮੀਨ ਗਹਿਣੇ ਪਾਉਣ ਦੇ ਬਾਵਜੂਦ ਆਪਣੇ ਨੌਜਵਾਨ ਪੁੱਤਰ ਨੂੰ ਖੁਦ ਜਲਸੇ ਜਲੂਸਾਂ ਵਿਚ ਲੈ ਕੇ ਜਾਂਦੀ ਸੀ।
ਜਲੰਧਰ ਵਿਚ ਨੌਜਵਾਨ ਸੁਰਜੀਤ ਨੂੰ ਡਾæ ਸੈਫੁਦੀਨ ਕਿਚਲੂ, ਡਾæ ਸੱਤਪਾਲ ਤੇ ਬੱਬਰ ਅਕਾਲੀ ਆਗੂ ਮਾਸਟਰ ਮੋਤਾ ਸਿੰਘ ਦੇ ਭਾਸ਼ਣਾਂ ਨੇ ਏਨਾ ਪ੍ਰਭਾਵਤ ਕੀਤਾ ਕਿ ਸੁਰਜੀਤ ਖੁਦ ਉਨ੍ਹਾਂ ਵਰਗਾ ਹੋ ਕੇ ਜ਼ਿਲਾ ਕਾਂਗਰਸ ਕਮੇਟੀ, ਜਲੰਧਰ ਦਾ ਸੈਕਟਰੀ ਥਾਪਿਆ ਗਿਆ। ਉਸ ਨੂੰ ਗੁਪਤਵਾਸ ਵੀ ਕਰਨਾ ਪਿਆ ਤੇ ਜੇਲ੍ਹ ਦੇ ਹਰ ਤਰ੍ਹਾਂ ਦੇ ਤਸੀਹੇ ਝੱਲਣੇ ਪਏ। ਪਤਨੀ ਪ੍ਰੀਤਮ ਕੌਰ ਨੇ ਵੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਉਵੇਂ ਹੀ ਔਖਿਆਂ ਹੋ ਕੇ ਕੀਤਾ ਜਿਵੇਂ ਗੁਰਬਚਨ ਕੌਰ ਨੇ ਹਰਕਿਸ਼ਨ ਸਿੰਘ ਦਾ ਕੀਤਾ ਸੀ। ਇਸ ਪਿਛੋਕੜ ਵਾਲੇ ਸੁਰਜੀਤ ਨੇ ਪੰਜਾਬ ਦੇ ਕਾਲੇ ਦਿਨਾਂ ਦੀ ਹਨੇਰੀ ਵਿਚ ਸੰਤ ਭਿੰਡਰਾਂਵਾਲੇ ਦੀ ਵੱਖਵਾਦੀ ਲਹਿਰ ਦਾ ਉਦੋਂ ਡੱਟ ਕੇ ਮੁਕਾਬਲਾ ਕੀਤਾ ਜਦੋਂ ਆਪਣੇ ਆਪ ਨੂੰ ਬੱਬਰਾਂ ਦੇ ਸਾਨੀ ਕਹਿਣ ਵਾਲੇ ਵੱਡੇ ਅਕਾਲੀ ਵੀ ਪੈਰ ਘਸੀਟਣ ਲਗ ਪਏ ਸਨ।
ਪ੍ਰਸ਼ਨ-ਉਤਰ ਰੂਪ ਵਿਚ ਲਿਖੀਆਂ ਸੁਰਜੀਤ ਦੀਆਂ ਇਹ ਰਚਨਾਵਾਂ ਚੇਤਨਾ ਤੇ ਜਾਗ੍ਰਿਤੀ ਦੇ ਫਲਸਫੇ ਨੂੰ ਹੀ ਉਜਾਗਰ ਨਹੀਂ ਕਰਦੀਆਂ, ਆਦਰਸ਼ਵਾਦ ਤੇ ਵਿਰੋਧੀ ਵਿਕਾਸ ਪਦਾਰਥਵਾਦ ਨਾਲ ਸਬੰਧਤ ਇਤਿਹਾਸ ਦੀਆਂ ਜੜ੍ਹਾਂ ਵੀ ਫਰੋਲਦੀਆਂ ਹਨ। ਪੁਸਤਕ 1913 ਦੀ ਗਦਰ ਪਾਰਟੀ ਲਹਿਰ ਤੇ 1920-25 ਦੀ ਗੁਰਦੁਆਰਾ ਸੁਧਾਰ ਲਹਿਰ ਦੇ ਹਾਂ ਪੱਖੀ ਅੰਸ਼ਾਂ ਉਤੇ ਵੀ ਚਾਨਣਾ ਪਾਉਂਦੀ ਹੈ, ਖਾਸ ਕਰਕੇ ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ ਮਹਿਤਾਬ ਸਿੰਘ, ਸਰਦੂਲ ਸਿੰਘ ਕਵੀਸ਼ਰ, ਮੰਗਲ ਸਿੰਘ ਤੇ ਸਰਦੂਲ ਸਿੰਘ ਲਾਇਲਪੁਰੀ ਦੇ ਯੋਗਦਾਨ ਬਾਰੇ। ਉਸ ਵੇਲੇ ਪ੍ਰੋਲਤਾਰੀ ਰੁਝਾਨਾਂ ਨੂੰ ਉਭਾਰਨਾ ਕਿੰਨਾ ਜ਼ਰੂਰੀ ਸੀ, ਇਹ ਵੀ ਰਾਜਿਆਂ ਤੇ ਜਗੀਰਦਾਰਾਂ ਦੇ ਪ੍ਰਸੰਗ ਵਿਚ ਯੂਨੀਅਨਿਸਟ ਪਾਰਟੀ ਦੇ ਸਰ ਸਿਕੰਦਰ ਹਯਾਤ ਖ਼ਾਂ ਦੇ ਹਾਂ-ਪੱਖੀ ਰੁਝਾਨ ਬਾਰੇ ਵੀ। ਸਾਰੀ ਉਮਰ ਕੇਸਾਧਾਰੀ ਰਹੇ ਹਰਕਿਸ਼ਨ ਸਿੰਘ ਸੁਰਜੀਤ ਨੇ ਸਿੱਖ ਫਲਸਫੇ ਦੇ ਉਨ੍ਹਾਂ ਬੁਨਿਆਦੀ ਸਰੋਕਾਰਾਂ ਦਾ ਪੱਲਾ ਨਹੀਂ ਛੱਡਿਆ ਜਿਹੜੇ ਸਮੁੱਚੇ ਭਾਈਚਾਰੇ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹਨ, ਗੁਰੂ ਗੋਬਿੰਦ ਸਿੰਘ ਵਲੋਂ ਸਥਾਈ ਫੌਜੀ ਤਾਕਤ ਦੀ ਉਸਾਰੀ ਤੇ ਦੇਹਧਾਰੀ ਗੁਰੂ ਪ੍ਰਥਾ ਦੀ ਸਮਾਪਤੀ ਤੱਕ।
ਇਹ ਰਚਨਾਵਾਂ ਸਮੇਂ ਦੀ ਧੂੜ ਥੱਲੇ ਦੱਬ ਰਹੀ ਖੁਸ਼-ਹੈਸੀਅਤੀ ਟੈਕਸ ਵਿਰੋਧੀ ਜਾਗ੍ਰਿਤੀ ਦਾ ਵਿਸ਼ਲੇਸ਼ਣ ਪੇਸ਼ ਕਰਨ ਸਮੇਂ ਸੀæਪੀæਆਈæ (ਐਮ) ਦੇ ਪੋਲਿਟ ਬਿਊਰੋ ਮੈਂਬਰ ਤੇ ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਐਸ਼ ਰਾਮਾਚੰਦਰਨ ਪਿੱਲੇ ਤੇ ਸਾਥੀ ਏæਕੇæ ਗੋਪਾਲਨ ਵਲੋਂ ਮਿਲੇ ਉਤਸ਼ਾਹ ਤੇ ਰਜਨੀ ਪਾਮ ਦੱਤ ਵਲੋਂ ਹਰਕਿਸ਼ਨ ਸਿੰਘ ਸੁਰਜੀਤ ਨੂੰ ਲੰਡਨ ਵਿਖੇ ਦਿੱਤੀ ਗਈ ਸੇਧ ਨੂੰ ਵੀ ਨਹੀਂ ਵਿਸਾਰਦੀ। ਮੂਲ ਮੰਤਵ ਕਿਸਾਨ ਸਭਾ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਅੱਗੇ ਤੋਰਨ ਦਾ ਦਰਸਾਇਆ ਗਿਆ ਹੈ।
ਪਹਿਲੀ ਤੇ ਦੂਜੀ ਸੰਸਾਰ ਜੰਗ ਵਿਚ ਅਗਾਂਹਵਧੂ ਤਾਕਤਾਂ ਵਲੋਂ ਪਾਏ ਗਏ ਯੋਗਦਾਨ ਤੋਂ ਬਿਨਾਂ ਸ਼ਹੀਦ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਤੋਂ ਪ੍ਰਾਪਤ ਹੋਈ ਸ਼ਕਤੀ ਦਾ ਵਰਣਨ ਵੀ ਇਨ੍ਹਾਂ ਰਚਨਾਵਾਂ ਵਿਚ ਖੂਬ ਮਿਲਦਾ ਹੈ। ਪੁਸਤਕ ਐਮਰਜੈਂਸੀ ਤੇ ਰਾਜੀਵ ਗਾਂਧੀ ਦੀ ਹੱਤਿਆ ਤੱਕ ਦੇ ਭਾਰਤੀ ਇਤਿਹਾਸ ਉਤੇ ਚਾਨਣਾ ਪਾਉਂਦੀ ਹੈ। ਥੋੜ੍ਹੇ ਬਹੁਤ ਦੁਹਰਾਓ ਦੇ ਬਾਵਜੂਦ ਪੁਸਤਕ ਪੜ੍ਹਨ ਵਾਲੀ ਹੈ। ਪ੍ਰਕਾਸ਼ਕਾਂ ਦਾ ਉਦਮ ਪ੍ਰਸ਼ੰਸਾ ਦਾ ਹੱਕਦਾਰ ਹੈ। ਪੜ੍ਹੋ ਤੇ ਮਾਣੋ!
ਮੁਸਲਮਾਨੀ, ਫਿਰੰਗੀ ਤੇ ਭਾਰਤੀ ਮੀਲ ਪੱਥਰ: ਚੰਡੀਗੜ੍ਹ ਤੋਂ ਦਿੱਲੀ ਨੂੰ ਦਿਨ ਵੇਲੇ ਸਫਰ ਕਰਨਾ ਬੜੀਆਂ ਵਿਸੰਗਤੀਆਂ ਪੇਸ਼ ਕਰਦਾ ਹੈ ਜੇ ਤੁਸੀਂ ਗੱਡੀ ਖੁਦ ਨਾ ਚਲਾ ਰਹੇ ਹੋਵੋ। ਸੜਕ ਦੇ ਦੋਵੇਂ ਪਾਸੇ ਲੱਗੇ ਰੁੱਖਾਂ, ਬੂਟਿਆਂ ਤੇ ਫਸਲਾਂ ਦੀ ਗੱਲ ਤਾਂ ਛੱਡੋ, ਮੀਲ ਪੱਥਰ ਵੀ ਠੀਕ ਸੇਧ ਦੇਣ ਵਾਲੇ ਨਹੀਂ। ਅੰਗਰੇਜ਼ੀ ਰਾਜ ਵੇਲੇ ਦੇ ਮੀਲ ਪੱਥਰ ਹੁਣ ਵੇਲਾ ਵਹਾ ਚੁੱਕੇ ਹਨ। ਮੀਲ ਪੱਥਰ ਹੈ ਹੀ ਨਹੀਂ, ਫਰਲਾਂਗੀ ਬੁਰਜੀਆਂ ਵੀ ਉਗੜ-ਦੁਗੜੀਆਂ ਤੇ ਬੇ-ਤਰਤੀਬੀਆਂ ਹਨ। ਕਿਧਰੇ ਕਿਧਰੇ 2, 4, 6, 8 ਵਾਲੀਆਂ ਦੋਬੁਰਜੀਆਂ ਬਰੋ-ਬਰਾਬਰ ਖੜ੍ਹੀਆਂ ਹਨ। ਫਿਰੰਗੀ ਰਾਜ ਵੇਲੇ ਕੋਈ ਸੰਕੇਤ ਭੁਲੇਖਾ ਪਾਊ ਨਹੀਂ ਸੀ। ਪਿਛਲੇ ਸਮਿਆਂ ਵਿਚ ਭਾਰਤ ਸਰਕਾਰ ਦੀ ਨੈਸ਼ਨਲ ਹਾਈਵੇ ਅਥਾਰਟੀ ਨੇ ਜਿਹੜੇ ਦੂਰੀ ਦੱਸਣ ਵਾਲੇ ਫੱਟੇ ਲਾਏ ਹਨ, ਅਗਲੇ ਸ਼ਹਿਰ ਜਾਂ ਕਸਬੇ ਦੀ ਦੂਰੀ ਨੂੰ ਫਰੰਗੀ ਰਾਜ ਦੇ ਮੀਲ ਪੱਥਰਾਂ ਨਾਲੋਂ ਅਠ-ਦਸ ਕਿਲੋਮੀਟਰ ਘੱਟ ਵੱਧ ਦਸਦੇ ਹਨ। ਫਰੰਗੀ ਰਾਜ ਦੇ ਮੀਲ ਪੱਥਰਾਂ ਨੂੰ ਜੜ੍ਹੋਂ ਪੁਟਿਆਂ ਮਾਮਲਾ ਕਾਫੀ ਸਪਸ਼ਟ ਹੋ ਜਾਂਦਾ ਹੈ। ਸਾਡੀ ਸਰਕਾਰ ਨੂੰ ਕਰਜ਼ਨ ਰੋਡ ਦਾ ਨਾਂ ਕਸਤੂਰਬਾ ਗਾਂਧੀ ਮਾਰਗ ਰੱਖਣਾ ਤਾਂ ਆਉਂਦਾ ਹੈ ਪਰ ਆਮ ਆਦਮੀ ਨੂੰ ਗੁਮਰਾਹ ਕਰਨ ਵਾਲੇ ਮੀਲ ਪੱਥਰ ਬਦਲਣੇ ਨਹੀਂ ਆਉਂਦੇ। ਏਨਾ ਸ਼ੁਕਰ ਹੈ ਕਿ ਇਨ੍ਹਾਂ ਨੇ ਸ਼ੇਰਸ਼ਾਹ ਸੂਰੀ ਦੀਆਂ ਬੁਰਜੀਆਂ ਨਹੀਂ ਢਾਹੀਆਂ ਜਿਹੜੀਆਂ ਅਗਲੇ ਸ਼ਹਿਰ ਤੇ ਕਸਬੇ ਦੀ ਦੂਰੀ ਤਾਂ ਨਹੀਂ ਦਸਦੀਆਂ ਪਰ ਹਰ ਨਵੇਂ ਮੁਸਾਫਰ ਨੂੰ ਭਟਕਣ ਤੋਂ ਜ਼ਰੂਰ ਰੋਕਦੀਆਂ ਹਨ। ਇਸ ਦੌੜ ਵਿਚ ਜੇ ਮੈਂ ਸ਼ੇਰਸ਼ਾਹ ਸੂਰੀ ਨੂੰ ਸਭ ਤੋਂ ਵੱਧ ਸਿਆਣਾ ਤੇ ਜੇਤੂ ਕਹਿ ਦਿਆਂ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। ਉਹ ਪੇਸ਼ਾਵਰ ਤੋਂ ਕਲਕੱਤੇ ਤੱਕ ਅਜਿਹੀਆਂ ਸੇਧਾਂ ਕਰ ਗਿਆ ਜਿਹੜੀਆਂ ਪੰਜ ਸੌ ਸਾਲ ਤੋਂ ਉਵੇਂ ਹੀ ਕਾਇਮ ਹਨ।
ਅੰਤਿਕਾ: ਨਿਰਮਲ ਦੱਤ
ਹੁਣ ਇਰਾਦੇ ਕਲਮ ਦੇ ਨਾ-ਪਾਕ ਨੇ
ਰੰਗ ਦੇ ਸਭ ਖਾਬ ਕੇਵਲ ਖਾਕ ਨੇ।
ਨਾ ਤਾਂ ਤਸਵੀਰਾਂ ‘ਚੋਂ ਲੱਭਣ ਮੂਰਤਾਂ
ਨਾ ਹੀ ਕਿਧਰੇ ਫਿਕਰਿਆਂ ਵਿਚ ਵਾਕ ਨੇ।