ਡਗਾ ਲੱਗਿਆ ਢੋਲੇ ‘ਤੇ…

ਕਵਾਂਟਲੇਨ ਯੂਨੀਵਰਸਿਟੀ ਵਿਚ ਭੰਗੜੇ ਦੀ ਕੋਰਸ
ਜਗਜੀਤ ਸਿੰਘ ਸੇਖੋਂ
ਪੰਜਾਬ ਤੋਂ ਇਲਾਵਾ ਕੈਨੇਡਾ ਅਤੇ ਅਮਰੀਕਾ ਵਿਚ ਭੰਗੜੇ ਦੀ ਹਰਮਨਪਿਆਰਤਾ ਪਿਛਲੇ ਸਾਲਾਂ ਕੁਝ ਦੌਰਾਨ ਛਾਲਾਂ ਮਾਰਦੀ ਵਧ ਰਹੀ ਹੈ। ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਇਨ੍ਹਾਂ ਮੁਲਕਾਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮੇਲਿਆਂ ਵਿਚ ਭੰਗੜੇ ਦੇ ਮੁਕਾਬਲੇ ਹੋਣੇ ਆਮ ਗੱਲ ਹੋ ਗਈ ਹੈ। ਪੰਜਾਬੀ ਅਤੇ ਭਾਰਤੀ ਵਿਦਿਆਰਥੀਆਂ ਤੋਂ ਇਲਾਵਾ ਮੇਜ਼ਬਾਨ ਮੁਲਕ ਅਤੇ ਹੋਰ ਮੁਲਕਾਂ ਦੇ ਵਿਦਿਆਰਥੀ ਵੀ ਭੰਗੜੇ ਵਿਚ ਦਿਲਚਸਪੀ ਦਿਖਾ ਰਹੇ ਹਨ।

ਇਸੇ ਦੌਰਾਨ ਖਬਰ ਆਈ ਹੈ ਕਿ ਕੈਨੇਡਾ ਦੀ ਕਵਾਂਟਲੇਨ ਪੋਲੀਟੈਕਨਿਕ ਯੂਨੀਵਰਸਿਟੀ ਸੰਸਾਰ ਦੀ ਪਹਿਲੀ ਅਜਿਹੀ ਯੂਨੀਵਰਸਿਟੀ ਬਣ ਗਈ ਹੈ ਜਿਥੇ ਪੋਸਟ ਗ੍ਰੈਜੂਏਸ਼ਨ ਪੱਧਰ ਉਤੇ ਭੰਗੜਾ ਕੋਰਸ ਸ਼ੁਰੂ ਕੀਤਾ ਗਿਆ ਹੈ।
ਯੂਨੀਵਰਸਿਟੀ ਨੇ ਆਪਣੇ ਇਸ ਕੋਰਸ ਲਈ ਦੋ ਪੰਜਾਬੀ ਨੌਜਵਾਨਾਂ ਗੁਰਪ੍ਰੀਤ ਸਿਆਨ ਅਤੇ ਰਮਨ ਭੁੱਲਰ ਨੂੰ ਬਤੌਰ ਇੰਸਰੱਕਟਰ ਨਿਯੁਕਤ ਕੀਤਾ ਹੈ। ਬ੍ਰਿਟਿਸ਼ ਕੋਲੰਬੀਆ ਵਿਚ ਪੈਂਦੀ ਇਸ ਯੂਨੀਵਰਸਿਟੀ ਵਿਚ ਭੰਗੜੇ ਨੂੰ ਸਭਿਆਚਾਰਕ ਸਿਖਲਾਈ ਪ੍ਰੋਗਰਾਮ ਦਾ ਹਿੱਸਾ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਢੋਲ ਨੂੰ ਵੀ ਕੋਰਸ ਵਿਚ ਸ਼ਾਮਲ ਕਰਨ ਦੀ ਚਰਚਾ ਹੈ। ਯਾਦ ਰਹੇ ਕਿ ਗੁਰਪ੍ਰੀਤ ਸਿਆਨ ਹੁਣ ਤੱਕ ਬਹੁਤ ਸਾਰੇ ਭੰਗੜਾ ਮੁਕਾਬਲਿਆਂ ਵਿਚ ਸ਼ਾਮਲ ਹੋ ਚੁੱਕਾ ਹੈ ਅਤੇ ਰਮਨ ਭੁੱਲਰ ਤਬਲਾ, ਢੋਲਕ ਆਦਿ ਸਾਜ਼ ਵਜਾਉਣ ਦਾ ਮਾਹਰ ਹੈ। ਦੋਵੇਂ ਕੈਨੇਡਾ ਵਿਚ ਕਈ ਸਾਲਾਂ ਤੋਂ ਵੱਖ-ਵੱਖ ਪੱਧਰ ‘ਤੇ ਭੰਗੜਾ ਅਤੇ ਢੋਲ ਸਮੇਤ ਹੋਰ ਸਾਜ਼ ਸਿਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਭੰਗੜੇ ਦੀ ਸਿਖਲਾਈ ਤੋਂ ਇਲਾਵਾ ਭੰਗੜੇ ਅਤੇ ਪੰਜਾਬੀ ਸੰਗੀਤ ਦਾ ਇਤਿਹਾਸ ਵੀ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ। ਦੱਸਣਾ ਬਣਦਾ ਹੈ ਕਿ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾæ ਸਲਵਾਡੋਰ ਫੈਰੇਰਾਸ ਖੁਦ ਭੰਗੜੇ ਦੇ ਪ੍ਰਸੰਸਕ ਹਨ। ਉਨ੍ਹਾਂ ਭੰਗੜੇ ਦਾ ਇਹ ਕੋਰਸ ਸ਼ੁਰੂ ਕਰਦਿਆਂ ਕਿਹਾ ਹੈ ਕਿ ਇਸ ਨਾਲ ਵਿਦਿਆਰਥੀਆਂ ਨੂੰ ਪੰਜਾਬੀ ਸਭਿਆਚਾਰ ਨਾਲ ਜੁੜਨ ਦਾ ਮੌਕਾ ਮਿਲੇਗਾ। ਭੰਗੜੇ ਦੇ ਜੋਸ਼ੀਲੇਪਣ ਅਤੇ ਤੇਜ਼ ਵੇਗ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭੰਗੜੇ ਨਾਲ ਅਜਿਹੀ ਊਰਜਾ ਪੈਦਾ ਹੁੰਦੀ ਹੈ ਕਿ ਸਭ ਰੁਮਾਂਚਿਤ ਹੋ ਉਠਦੇ ਹਨ।
ਕਿਹਾ ਜਾਂਦਾ ਹੈ ਕਿ ਭੰਗੜੇ ਦੀ ਪੈਦਾਇਸ਼ ਸਾਂਝੇ ਪੰਜਾਬ ਦੇ ਮਾਝਾ ਖਿੱਤੇ ਵਿਚ ਹੋਈ। ਇਸ ਦੀਆਂ ਜੜ੍ਹਾਂ ਸਿਆਲਕੋਟ, ਗੁਜਰਾਂਵਾਲਾ, ਸ਼ੇਖੂਪੁਰਾ, ਗੁਜਰਾਤ ਅਤੇ ਗੁਰਦਾਸਪੁਰ ਵਿਚ ਮੰਨੀਆਂ ਗਈਆਂ ਹਨ। ਵੰਡ ਤੋਂ ਬਾਅਦ ਭੰਗੜੇ ਦੀ ਪੈਦਾਇਸ਼ ਵਾਲਾ ਬਹੁਤਾ ਹਿੱਸਾ ਪਾਕਿਸਤਾਨ ਵਿਚ ਰਹਿ ਗਿਆ ਹੈ, ਪਰ ਅੱਜ ਇਹ ਸੰਸਾਰ ਪੱਧਰ ‘ਤੇ ਛਾ ਰਿਹਾ ਹੈ। -0-
_____________________________
ਮਾਹਿਰ ਦੱਸਦੇ ਹਨ ਕਿ 1990 ਤੋਂ ਬਾਅਦ, ਜਦੋਂ ਤੋਂ ਪਰਵਾਸੀਆਂ ਵਿਚ ਭੰਗੜੇ ਦਾ ਵਧੇਰੇ ਸ਼ੌਕ ਜਾਗਿਆ ਹੈ, ਪੱਛਮ ਦੇ ਵੱਖ-ਵੱਖ ਨਾਚਾਂ ਨਾਲ ਸੁਮੇਲ ਤੋਂ ਭੰਗੜੇ ਦਾ ਵੱਖਰੀ ਤਰ੍ਹਾਂ ਦਾ ਰੰਗ ਸਾਹਮਣੇ ਆ ਰਿਹਾ ਹੈ। ਉਂਜ, ਭੰਗੜਚੀਆਂ ਦੇ ਲਿਬਾਸ ਜਿਸ ਵਿਚ ਪੱਗ, ਕੁੜਤਾ, ਚਾਦਰਾ ਅਤੇ ਰੁਮਾਲ ਅਹਿਮ ਅੰਗ ਹਨ, ਵਿਚ ਕੋਈ ਤਬਦੀਲੀ ਨਹੀਂ ਆਈ ਹੈ। ਭੰਗੜਾ ਮੇਲਿਆਂ ਦੇ ਪਿੜ ਵਿਚੋਂ ਨਿਕਲ ਕੇ ਕਾਲਜਾਂ ਯੂਨੀਵਰਸਿਟੀਆਂ ਦੀਆਂ ਸਟੇਜਾਂ ਤੋਂ ਹੁੰਦਾ ਹੋਇਆ ਸੰਸਾਰ ਵਿਚ ਸੱਭਿਆਚਾਰਕ ਵੰਨਗੀ ਵਜੋਂ ਪਛਾਣ ਬਣਾ ਚੁੱਕਾ ਹੈ। ਹੁਣ ਤਾਂ ਮੇਲਿਆਂ ਵਿਚ ਭੰਗੜਾ ਪਾਉਂਦੀਆਂ ਕੁੜੀਆਂ ਵੀ ਦਿਸ ਪੈਂਦੀਆਂ ਹਨ।