ਦਿਓਲ ਪਰਿਵਾਰ ਵਿਚੋਂ ਅਭੈ ਦਿਓਲ ਅਜਿਹਾ ਇਕੱਲਾ ਕਲਾਕਾਰ ਹੈ, ਜਿਸ ਨੇ ਆਪਣੀ ਅਦਾਕਾਰੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ। ਤਕਰੀਬਨ ਇਕ ਦਹਾਕਾ ਪਹਿਲਾਂ ਉਸ ਨੇ ਫਿਲਮਸਾਜ਼ ਇਮਤਿਆਜ਼ ਅਲੀ ਦੀ ਫਿਲਮ ‘ਸੋਚਾ ਨਾ ਥਾ’ (2005) ਨਾਲ ਫਿਲਮ ਜਗਤ ਵਿਚ ਪੈਰ ਧਰਿਆ ਸੀ। ਉਦੋਂ ਤੋਂ ਲੈ ਕੈ ਹੁਣ ਤੱਕ ਉਸ ਨੇ ਲਗਾਤਾਰ, ਲੀਕ ਤੋਂ ਹਟਵੀਆਂ ਫਿਲਮਾਂ ਕੀਤੀਆਂ ਹਨ। ਉਹ ਆਖਦਾ ਹੈ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣੀਆਂ ਅੱਜ ਦੇ ਦੌਰ ਵਿਚ ਸਭ ਤੋਂ ਮੁਸ਼ਕਿਲ ਕੰਮ ਹੈ, ਪਰ ਇਸ ਦੇ ਬਾਵਜੂਦ ਉਹ ਫਾਰਮੂਲਾ ਫਿਲਮਾਂ ਨੂੰ ਪਹਿਲ ਨਹੀਂ ਦਿੰਦਾ।
ਉਹ ਆਖਦਾ ਹੈ ਕਿ ਉਹ ਉਹੀ ਫਿਲਮਾਂ ਕਰਦਾ ਹੈ ਜਿਸ ਦੇ ਕਿਰਦਾਰ ਜਾਂ ਫਿਲਮ ਦੀ ਕਹਾਣੀ ਨਾਲ ਉਸ ਦਾ ਕੋਈ ਲਾਗਾ-ਦੇਗਾ ਹੁੰਦਾ ਹੈ। 10-10 ਖਲਨਾਇਕਾਂ ਨੂੰ ਕੁੱਟਣਾ, ਕੁੜੀਆਂ ਪਿਛੇ ਭੱਜੇ ਫਿਰਨਾ ਉਸ ਦੇ ਲਈ ਸਹਿਜ ਵਰਤਾਰਾ ਨਹੀਂ ਹੈ। ਉਹ ਚਾਹੁੰਦਾ ਹੀ ਨਹੀਂ ਕਿ ਉਹ ਅਜਿਹੀਆਂ ਫਿਲਮਾਂ ਦਾ ਹਿੱਸਾ ਬਣੇ। ਯਾਦ ਰਹੇ ਕਿ ਅਭੈ ਦਿਓਲ ਨੇ ‘ਏਕ ਚਾਲੀਸ ਕੀ ਲਾਸਟ ਲੋਕਲ’, ‘ਮਨੋਰਮਾ ਸਿਕਸ ਫੀਟ ਅੰਡਰ’, ‘ਓਏ ਲੱਕੀ! ਲੱਕੀ ਓਏ!’, ‘ਦੇਵ ਡੀ’, ‘ਆਇਸ਼ਾ’, ‘ਜ਼ਿੰਦਗੀ ਨਾ ਮਿਲੇਗੀ ਦੁਬਾਰਾ’, ‘ਸ਼ੰਘਾਈ’, ‘ਚੱਕਰਵਿਊ’, ‘ਰਾਂਝਨਾ’, ‘ਵਨ ਬਾਈ ਟੂ’ ਵਰਗੀਆਂ ਲੀਕ ਤੋਂ ਹਟਵੀਆਂ ਫਿਲਮਾਂ ਕੀਤੀਆਂ ਹਨ। ਛੇਤੀ ਹੀ ਉਸ ਦੀ ਨਵੀਂ ਫਿਲਮ ‘ਹੈਪੀ ਭਾਗ ਜਾਏਗੀ’ ਰਿਲੀਜ਼ ਹੋ ਰਹੀ ਹੈ। ‘ਰੌਕ ਦਿ ਸ਼ਾਦੀ’ ਅਤੇ ‘ਬਾਊਂਟੀ ਹੰਟਰ’ ਫਿਲਮਾਂ ਦੀ ਤਿਆਰੀ ਚੱਲ ਰਹੀ ਹੈ। ਅਭੈ ਦਿਓਲ ਦਾ ਕਹਿੰਦਾ ਹੈ- “ਸਾਡੇ ਨਾਲ ਸਾਡੀ ਪਰੰਪਰਾ ਇੰਨੀ ਜ਼ਿਆਦਾ ਚਿੰਬੜੀ ਹੋਈ ਹੈ ਕਿ ਅਸੀਂ ਇਸ ਨੂੰ ਛੱਡਣ ਬਾਰੇ ਸੋਚ ਵੀ ਨਹੀਂ ਰਹੇ ਹਾਂ। ਇਸੇ ਕਰ ਕੇ ਕੋਈ ਵੀ ਨਵੀਂ ਗੱਲ ਛੇਤੀ ਕੀਤੇ ਪਰਵਾਨ ਨਹੀਂ ਕੀਤੀ ਜਾ ਰਹੀ।” ਇਕ ਗੱਲ ਉਹ ਬੜੇ ਧੜੱਲੇ ਨਾਲ ਕਹਿੰਦਾ ਹੈ, ਕਿ ਬਦਲਵਾਂ ਸਿਨਮਾ (ਆਲਟਰਨੇਟਿਵ ਸਿਨਮਾ ਜਿਸ ਨੂੰ ਸਾਰਥਕ ਸਿਨਮਾ ਵੀ ਕਿਹਾ ਜਾਂਦਾ ਹੈ) ਸਰਕਾਰ ਦੀ ਇਮਦਾਦ ਤੋਂ ਬਗੈਰ ਉਚੀ ਉਡਾਣ ਨਹੀਂ ਭਰ ਸਕਦਾ। ਅਜਿਹੀਆਂ ਫਿਲਮਾਂ ਦਾ ਤਾਂ ਖਰਚ ਪੂਰਾ ਹੋਣ ਦਾ ਡਰ ਲੱਗਿਆ ਰਹਿੰਦਾ ਹੈ। ਅਜਿਹੇ ਹਾਲਾਤ ਵਿਚ ਉਲਟੇ ਰੁਖ ਉਡਣਾ ਭਾਵੇਂ ਔਖਾ ਹੁੰਦਾ ਹੈ, ਪਰ ਇਸ ਵਰਗਾ ਅਨੰਦ ਕੋਈ ਹੋਰ ਨਹੀਂ। ਇਸ ਨਾਲ ਤੁਹਾਡੀ ਸੀਮਾ ਅਤੇ ਸਮਰੱਥਾ ਵੀ ਜ਼ਾਹਰ ਹੁੰਦੀ ਹੈ। ਇਸੇ ਕਰ ਕੇ ਤਾਂ ਅਭੈ ਵਰਗਾ ਕੋਈ ਹੋਰ ਨਹੀਂ ਹੈ! ਅਭੈ ਦਿਓਲ ਦੀ ਨਵੀਂ ਫਿਲਮ ‘ਹੈਪੀ ਭਾਗ ਜਾਏਗੀ’ ਉਸ ਦੀ ਪਲੇਠੀ ਫਿਲਮ ‘ਸੋਚਾ ਨਾ ਥਾ’ ਅਤੇ ‘ਜ਼ਿੰਦਗੀ ਨਾ ਮਿਲੇਗੀ ਦੁਬਾਰਾ’ ਦੀ ਹੀ ਅਗਲੀ ਕੜੀ ਹੈ। ਫਿਲਮ ਦੀ ਵਧੇਰੇ ਸ਼ੂਟਿੰਗ ਅੰਮ੍ਰਿਤਸਰ ਦੀ ਹੈ। ਅਭੈ ਦਿਓਲ ਨੂੰ ਆਸ ਹੈ ਕਿ ਲੋਕ ਇਸ ਫਿਲਮ ਨੂੰ ਪਸੰਦ ਕਰਨਗੇ ਅਤੇ ਇਸ ਨਾਲ ਲੀਕ ਤੋਂ ਹਟਵੀਆਂ ਫਿਲਮਾਂ ਨੂੰ ਹੱਲਾਸ਼ੇਰੀ ਮਿਲੇਗੀ। -0