ਅਦਾਕਾਰ ਨਸੀਰੂਦੀਨ ਸ਼ਾਹ ਬਣਿਆ ਸਵਾਲ

ਅਦਾਕਾਰ ਨਸੀਰੂਦੀਨ ਸ਼ਾਹ ਵੱਲੋਂ ਫਿਲਮ ਜਗਤ ਦੇ ਪਹਿਲੇ ਸੁਪਰ ਸਟਾਰ ਰਾਜੇਸ਼ ਖੰਨਾ ਨੂੰ ‘ਕਮਜ਼ੋਰ ਅਦਾਕਾਰ’ ਆਖਣ ਨਾਲ ਸ਼ੁਰੂ ਹੋਇਆ ਵਿਵਾਦ ਠੱਲ੍ਹ ਨਹੀਂ ਰਿਹਾ। ਰਾਜੇਸ਼ ਖੰਨਾ ਦੀ ਧੀ ਟਵਿੰਕਲ ਖੰਨਾ ਅਤੇ ਕੁਝ ਹੋਰ ਲੋਕਾਂ ਵੱਲੋਂ ਨਸੀਰੂਦੀਨ ਦੀ ਨੁਕਤਾਚੀਨੀ ਤੋਂ ਬਾਅਦ ਉਸ ਨੇ ਭਾਵੇਂ ਰਸਮੀ ਤੌਰ ‘ਤੇ ਮੁਆਫ਼ੀ ਮੰਗ ਲਈ ਹੈ, ਪਰ ਨਾਲ ਹੀ ਕਹਿ ਸੁਣਾਇਆ ਹੈ ਕਿ ਉਹ ਆਪਣੇ ਬਿਆਨ ਉਤੇ ਕਾਇਮ ਹੈ।

ਉਸ ਮੁਤਾਬਕ, ਉਸ ਨੇ ਮੁਆਫ਼ੀ ਇਸ ਕਰ ਕੇ ਮੰਗੀ ਕਿਉਂਕਿ ਉਸ ਦੀ ਟਿੱਪਣੀ ਨਾਲ ਘਰਵਾਲਿਆਂ ਦਾ ਦਿਲ ਦੁਖਿਆ ਹੈ ਅਤੇ ਉਸ ਦਾ ਮਕਸਦ ਘਰਵਾਲਿਆਂ ਦਾ ਦਿਲ ਦੁਖਾਣਾ ਨਹੀਂ ਸੀ, ਬਲਕਿ ਫਿਲਮ ਸਨਅਤ ਵਿਚ ਆਏ ਨਿਘਾਰ ਦੀ ਨਿਸ਼ਾਨਦੇਹੀ ਕਰਨਾ ਸੀ। ਉਸ ਨੇ ਫਿਰ ਸਪਸ਼ਟ ਸਵਾਲ ਕੀਤਾ ਹੈ ਕਿ ਕਿਸੇ ਦੀ ਚੰਗੀ ਜਾਂ ਮਾੜੀ ਅਦਾਕਾਰੀ ਦਾ ਮੀਟਰ ਸਿਰਫ਼ ਭੀੜ ਹੀ ਹੁੰਦਾ ਹੈ? ਯਾਦ ਰਹੇ ਕਿ ਨਸੀਰੂਦੀਨ ਦੀ ਨੁਕਤਾਚੀਨੀ ਕਰਦਿਆਂ ਪਟਕਥਾ ਲੇਖਕ ਸਲੀਮ ਖਾਨ ਨੇ ਕਿਹਾ ਸੀ ਕਿ ਰਾਜੇਸ਼ ਖੰਨਾ ਦੇ ਘਰ ਅੱਗੇ ਉਸ ਦੇ ਪੁੱਤਰ (ਸਲਮਾਨ ਖਾਨ) ਨਾਲੋਂ ਵੀ ਵੱਧ ਭੀੜ ਜੁੜਦੀ ਹੁੰਦੀ ਸੀ।
ਨਸੀਰੂਦੀਨ ਨੇ ਕਿਹਾ ਹੈ ਕਿ ਉਸ ਦੀ ਟਿੱਪਣੀ ਨੂੰ ਲੋਕਾਂ ਨੇ ਬਿਨਾਂ ਵਜ੍ਹਾ ਰਾਜੇਸ਼ ਖੰਨਾ ਦੇ ਮਾਣ-ਸਨਮਾਨ ਨਾਲ ਜੋੜ ਲਿਆ ਹੈ ਅਤੇ ਇਹ ਲੋਕ ਵਾਰ-ਵਾਰ ਇਕ ਹੀ ਸਵਾਲ ਉਠਾ ਰਹੇ ਹਨ। ਮੇਰਾ ਸਵਾਲ ਹੈ ਕਿ ਰਾਜੇਸ਼ ਖੰਨਾ ਦਾ ਫਿਲਮ ਸਨਅਤ ਨੇ ਕਿੰਨਾ ਕੁ ਮਾਣ-ਸਨਮਾਨ ਕੀਤਾ? ਰਾਜੇਸ਼ ਖੰਨਾ ਦੇ ਆਖਰੀ ਸਮੇਂ ਬਾਰੇ ਟਿੱਪਣੀ ਕਰਦਿਆਂ ਨਸੀਰੂਦੀਨ ਨੇ ਪੁੱਛਿਆ ਕਿ ਰਾਜੇਸ਼ ਖੰਨਾ ਨੇ ਆਪਣੇ ਆਖਰੀ ਸਮੇਂ ਦੌਰਾਨ ਬਹੁਤ ਮਾੜੀਆਂ ਫਿਲਮਾਂ ਕੀਤੀਆਂ ਅਤੇ ਫਿਰ ਫਿਲਮ ਸਨਅਤ ਨੇ ਉਸ ਨੂੰ ਵਗਾਹ ਮਾਰਿਆ। 1970 ਦੇ ਦਹਾਕੇ ਦੇ ਹਵਾਲੇ ਨਾਲ ਨਸੀਰ ਨੇ ਕਿਹਾ ਕਿ ਸਾਹਿਤਕ ਚੋਰੀ ਇਸ ਸਮੇਂ ਹੀ ਸ਼ੁਰੂ ਹੋਈ ਸੀ। ਉਸ ਵੇਲੇ ਦੇਵ ਅਨੰਦ, ਰਾਜ ਕਪੂਰ ਅਤੇ ਦਲੀਪ ਕੁਮਾਰ ਤਿੱਕੜੀ ਦੀ ਖਿੱਚ ਢਿੱਲੀ ਪੈ ਰਹੀ ਸੀ ਅਤੇ ਰਾਜੇਸ਼ ਖੰਨਾ ਦੇ ਨਾਲ ਜੌਇ ਮੁਖਰਜੀ, ਵਿਸ਼ਵਜੀਤ ਚੈਟਰਜੀ ਵਰਗੇ ਔਸਤ ਦਰਜੇ ਦੇ ਕਲਾਕਾਰ ਪਾਪੂਲਰ ਹੋ ਰਹੇ ਸਨ। ਇਸ ਸੂਰਤੇਹਾਲ ਵਿਚ ਫਿਲਮ ਸਨਅਤ ਨੂੰ ਕਿਸੇ ਆਈਕਨ ਦੀ ਜ਼ਰੂਰਤ ਸੀ ਅਤੇ ਇਹ ਜ਼ਰੂਰਤ ਰਾਜੇਸ਼ ਖੰਨਾ ਨੇ ਪੂਰੀ ਕਰ ਦਿੱਤੀ। ਇਸ ਤਰ੍ਹਾਂ ਫਿਲਮ ਸਨਅਤ ਨੇ ਪਹਿਲਾਂ ਰਾਜੇਸ਼ ਖੰਨਾ ਨੂੰ ਬਣਾਇਆ, ਫਿਰ ਖੂਬ ਇਸਤੇਮਾਲ ਕੀਤਾ ਅਤੇ ਜਦੋਂ ਉਹ ਪੈਸਾ ਬਣਾਉਣ ਵਾਲੀ ਮਸ਼ੀਨ ਨਾ ਰਿਹਾ ਤਾਂ ਪਰ੍ਹਾਂ ਵਗਾਹ ਮਾਰਿਆ। ਰਾਜੇਸ਼ ਖੰਨਾ ਚਾਹੁੰਦਾ ਤਾਂ ਇਸ ਤੋਂ ਬਚ ਸਕਦਾ ਸੀ, ਪਰ ਉਸ ਨੇ ਇਸ ਬਾਰੇ ਸੋਚਿਆ ਤਕ ਨਹੀਂ। -0-