ਚੰਡੀਗੜ੍ਹ: ਅਗਲੇ ਵਰ੍ਹੇ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਆਮ ਆਦਮੀ ਪਾਰਟੀ (ਆਪ) ਦੀਆਂ ਸਰਗਰਮੀਆਂ ਨੇ ਸੂਬੇ ਦਾ ਸਿਆਸੀ ਪਿੜ ਮਘਾ ਦਿੱਤਾ ਹੈ। ਆਪ ਵਲੋਂ ਪਹਿਲ ਕਰਦਿਆਂ 19 ਉਮੀਦਵਾਰਾਂ ਦੀ ਸੂਚੀ ਨੇ ਰਵਾਇਤੀ ਧਿਰਾਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ। ਇਸ ਨਵੀਂ ਪਾਰਟੀ ਵੱਲੋਂ 18 ਹੋਰ ਉਮੀਦਵਾਰਾਂ ਦੀ ਸੂਚੀ ਵੀ ਤਿਆਰ ਕਰ ਲਈ ਗਈ ਹੈ। ਆਪ ਦੀ ਪਹਿਲੀ ਸੂਚੀ ਉਤੇ ਭਾਵੇਂ ਵਿਵਾਦ ਉਠੇ ਹਨ, ਪਰ ਪਾਰਟੀ ਕੋਲ ਇਸ ਵਿਰੋਧ ਨਾਲ ਨਜਿੱਠਣ ਲਈ ਕਾਫੀ ਸਮਾਂ ਹੈ ਤੇ ਮੁੱਖ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵੀ ਇਸ ਰਣਨੀਤੀ ਨੂੰ ਚੁਣੌਤੀ ਸਮਝ ਰਹੀਆਂ ਹਨ।
ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦਾ ਦਾਅਵਾ ਹੈ ਕਿ ਪਾਰਟੀ ਵੱਲੋਂ ਉਨ੍ਹਾਂ ਦੇ ਕਹਿਣ ‘ਤੇ ਹੀ 26 ਵਿਚੋਂ ਸੱਤ ਸੀਟਾਂ ਉਤੇ ਟਿਕਟਾਂ ਦਾ ਐਲਾਨ ਰੋਕ ਕੇ ਸਿਰਫ 19 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।
ਚੇਤੇ ਰਹੇ ਕਿ ਆਪ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਵੀ ਇਹ ਪਹਿਲ ਵਿਖਾਈ ਸੀ ਤੇ ਉਸ ਨੂੰ ਚੋਖਾ ਫਾਇਦਾ ਹੋਇਆ ਸੀ। ਪੰਜਾਬ ਦੀ ਸਿਆਸਤ ਵਿਚ ਇਹ ਪਹਿਲੀ ਵਾਰ ਹੈ ਜਦੋਂ ਚੋਣਾਂ ਤੋਂ ਇੰਨਾ ਸਮਾਂ ਪਹਿਲਾਂ ਉਮੀਦਵਾਰਾਂ ਦੀ ਚੋਣ ਕੀਤੀ ਹੋਈ ਹੈ। 2014 ਦੀਆਂ ਲੋਕ ਸਭਾ ਚੋਣਾਂ ਤੇ ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਐਨ ਮੌਕੇ ‘ਤੇ ਉਮੀਦਵਾਰ ਐਲਾਨ ਕੇ ਵੱਡਾ ਸਿਆਸੀ ਨੁਕਸਾਨ ਝੱਲਿਆ ਸੀ, ਪਰ ਇਸ ਵਾਰ ਆਪ ਦੀ ਰਣਨੀਤੀ ਉਨ੍ਹਾਂ ਨੂੰ ਚੁੱਭ ਰਹੀ ਹੈ। ਆਪ ਦੀ ਪਹਿਲ ਦਾ ਹੀ ਸਿੱਟਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਵੀ ਜ਼ਿਆਦਾਤਰ ਹਲਕਿਆਂ ਤੋਂ ਉਮੀਦਵਾਰਾਂ ਦੀ ਚੋਣ ਕਰ ਲਈ ਗਈ ਹੈ ਤੇ ਅਗਲੇ ਕੁੱਝ ਦਿਨਾਂ ਵਿਚ ਐਲਾਨ ਕਰ ਦਿੱਤਾ ਜਾਵੇਗਾ। ਉਧਰ, ਕਾਂਗਰਸ ਵੀ ਉਮੀਦਵਾਰਾਂ ਦੇ ਐਲਾਨ ਬਾਰੇ ਹਾਈ ਕਮਾਨ ਦੇ ਸੰਪਰਕ ਵਿਚ ਹੈ।
ਆਪ ਦੇ ਉਮੀਦਵਾਰ: ਐਡਵੋਕੇਟ ਹਰਜੋਤ ਸਿੰਘ ਬੈਂਸ (ਉਮਰ 25 ਸਾਲ ) ਹਲਕਾ ਸਾਹਨੇਵਾਲ, ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ (36) ਮੁਹਾਲੀ, ਕੁਲਤਾਰ ਸਿੰਘ ਸੰਧਵਾਂ (40) ਕੋਟਕਪੂਰਾ, ਐਚæਐਸ਼ ਫੂਲਕਾ (60) ਦਾਖਾ, ਜਸਵੀਰ ਸਿੰਘ ਸੇਖੋਂ ਉਰਫ ਜੱਸੀ ਸੇਖੋਂ (46) ਧੂਰੀ, ਸੱਜਣ ਸਿੰਘ ਚੀਮਾ (59) ਸੁਲਤਾਨਪੁਰ ਲੋਧੀ, ਅਹਿਬਾਬ ਸਿੰਘ ਗਰੇਵਾਲ (38) ਲੁਧਿਆਣਾ-ਪੱਛਮੀ, ਡਾਕਟਰ ਇੰਦਰਬੀਰ ਸਿੰਘ ਨਿੱਝਰ (60) ਅੰਮ੍ਰਿਤਸਰ-ਦੱਖਣ, ਸਮਰਬੀਰ ਸਿੰਘ ਸਿੱਧੂ (25) ਫ਼ਾਜ਼ਿਲਕਾ, ਰਾਜਪ੍ਰੀਤ ਸਿੰਘ ਰੰਧਾਵਾ (51) ਅਜਨਾਲਾ, ਜਗਦੀਪ ਸਿੰਘ ਬਰਾੜ (48) ਸ੍ਰੀ ਮੁਕਤਸਰ ਸਾਹਿਬ, ਗੁਰਦਿੱਤ ਸਿੰਘ ਸੇਖੋਂ (45) ਫ਼ਰੀਦਕੋਟ, ਰਾਜ ਕੁਮਾਰ (59) ਬਲਾਚੌਰ, ਗੁਰਵਿੰਦਰ ਸਿੰਘ ਸ਼ਾਮਪੁਰਾ (60) ਫਤਿਹਗੜ੍ਹ ਚੂੜੀਆਂ, ਗੁਰਪ੍ਰੀਤ ਸਿੰਘ ਲਾਪਰਾਂ (36) ਰਿਜ਼ਰਵ ਹਲਕਾ ਪਾਇਲ, ਰੁਪਿੰਦਰ ਕੌਰ ਰੂਬੀ (28) ਬਠਿੰਡਾ-ਦਿਹਾਤੀ, ਅਮਰਜੀਤ ਸਿੰਘ (38) ਰੂਪਨਗਰ, ਸੰਤੋਖ ਸਿੰਘ ਸਲਾਣਾ (48) ਰਿਜ਼ਰਵ ਹਲਕਾ ਬੱਸੀ ਪਠਾਣਾਂ, ਮੋਹਨ ਸਿੰਘ ਫਲੀਆਂਵਾਲਾ (60) ਫਿਰੋਜ਼ਪੁਰ-ਦਿਹਾਤੀ ਉਮੀਦਵਾਰ ਬਣਾਇਆ ਗਿਆ ਹੈ।